ਚੰਡੀਗੜ੍ਹ 12 ਜੂਨ 2026 : ਪੰਜਾਬ ਅੰਦਰ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (Department of Agriculture and Farmers Welfare) ਵਲੋਂ ਬੀਤੇ ਦਿਨਾਂ ਬਠਿੰਡਾ ਵਿਖੇ 140 ਕੁਇੰਟਨ ਦੇ ਕਰੀਬ ਗੈਰ-ਕਾਨੂੰਨੀ ਖਾਦ (Illegal fertilizer) ਜਬਤ ਕੀਤੀ ਹੈ ।
ਫਰਮ ਵਿਰੁੱਧ ਕਰ ਲਿਆ ਗਿਆ ਹੈ ਕੇਸ ਦਰਜ
ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਜੋ ਗੈਰ-ਕਾਨੂੰਨੀ ਅਤੇ ਘਟੀਆ ਖਾਦਾਂ ਦੀ ਵਿਕਰੀ ‘ਤੇ ਸਿ਼ਕੰਜਾ ਕਸਣ ਦੀ ਲੜੀ ਤਹਿਤ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਬਠਿੰਡਾ ਵਿੱਚ ਇੱਕ ਵੱਡੀ ਕਾਰਵਾਈ ਕਰਦਿਆਂ 140 ਕੁਇੰਟਲ ਗੈਰ-ਕਾਨੂੰਨੀ ਖਾਦ ਜ਼ਬਤ ਕੀਤੀ ਗਈ ਹੈ ਦੇ ਮਾਮਲੇ ਵਿਚ ਮੈਸਰਜ਼ ਕੇ. ਬੀ. ਬਾਇਓ-ਆਰਗੈਨਿਕਸ ਪ੍ਰਾਈਵੇਟ ਲਿਮਟਿਡ, ਠਾਣੇ, ਮਹਾਰਾਸ਼ਟਰ ਵਿਰੁੱਧ ਖਾਦ ਕੰਟਰੋਲ ਆਰਡਰ (ਐਫ. ਸੀ. ਓ.), 1985 ਅਤੇ ਜ਼ਰੂਰੀ ਵਸਤੂਆਂ ਐਕਟ, 1955 ਦੇ ਉਪਬੰਧਾਂ ਦੀ ਉਲੰਘਣਾ ਕਰਨ ਲਈ ਕੇਸ ਦਰਜ (Case registered) ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਥਰਮਲ ਪੁਲਸ ਸਟੇਸ਼ਨ (ਬਠਿੰਡਾ) ਵਿਖੇ ਦਰਜ ਕੇਸ ਵਿੱਚ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ਦੇ ਰਵੀ ਕੁਮਾਰ ਅਤੇ ਮਹਾਰਾਸ਼ਟਰ ਦੇ ਸੇਬਲ ਅਸ਼ਾਂਤ ਹਨੂਮੰਤ ਦਾ ਨਾਮ ਸ਼ਾਮਲ ਹੈ ।
ਖੇਤੀਬਾੜੀ ਮੰਤਰੀ ਨੇ ਕੀ ਜਾਣਕਾਰੀ ਸਾਂਝੀ ਕੀਤੀ
ਉਪਰੋਕਤ ਕਾਰਵਾਈ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Gurmeet Singh Khudiyan) ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੀ ਟੀਮ ਨੇ ਇੱਕ ਸੂਚਨਾ ਦੇ ਆਧਾਰ ‘ਤੇ ਬਠਿੰਡਾ ਦੇ ਮਲੋਟ ਰੋਡ, ਗਣਪਤੀ ਕੰਪਲੈਕਸ ਵਿਖੇ ਸਥਿਤ ਇੱਕ ਗੋਦਾਮ ‘ਤੇ ਛਾਪਾ ਮਾਰਿਆ। ਉਨ੍ਹਾਂ ਦੱਸਿਆ ਕਿ ਨਿਰੀਖਣ ਦੌਰਾਨ ਟੀਮ ਨੇ ਪਾਇਆ ਕਿ ਗੋਦਾਮ ਵਿੱਚ ਸਟੋਰ ਕੀਤੀਆਂ ਖਾਦਾਂ ਖਾਦ ਕੰਟਰੋਲ ਆਰਡਰ ਦੇ ਤਹਿਤ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀਆਂ ਸਨ ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਬੰਧਤ ਕੰਪਨੀ ਕੋਲ ਖਾਦ ਵੇਚਣ ਲਈ ਜ਼ਰੂਰੀ ਲਾਇਸੈਂਸ ਨਹੀਂ ਸੀ ਅਤੇ ਉਹ ਕੀਟਨਾਸ਼ਕਾਂ ਦੇ ਵਪਾਰ ਲਈ ਜਾਰੀ ਕੀਤੇ ਗਏ ਲਾਇਸੈਂਸ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਵੇਚ ਰਹੀ ਸੀ । ਇਹ ਕਾਰਵਾਈ ਖਾਦ ਕੰਟਰੋਲ ਆਰਡਰ, 1985 ਦੀ ਧਾਰਾ 7 ਅਤੇ 8, ਅਤੇ ਜ਼ਰੂਰੀ ਵਸਤੂਆਂ ਐਕਟ-1955 ਦੀ ਧਾਰਾ 3 ਅਤੇ 7 ਦੀ ਸਪੱਸ਼ਟ ਉਲੰਘਣਾ ਹੈ ।
ਗੈਰ-ਕਾਨੂੰਨੀ ਖਾਦਾਂ ਸੈਂਕੜੇ ਏਕੜ ਫਸਲਾਂ ਨੂੰ ਪਹੁੰਚਾ ਸਕਦੀਆਂ ਹਨ ਨੁਕਸਾਨ
ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਜ਼ਬਤ ਕੀਤੀਆਂ ਗਈਆਂ 140 ਕੁਇੰਟਲ ਗੈਰ-ਕਾਨੂੰਨੀ ਖਾਦਾਂ ਸੈਂਕੜੇ ਏਕੜ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਸਨ, ਜਿਸ ਨਾਲ ਕਿਸਾਨਾਂ ਨੂੰ ਭਾਰੀ ਵਿੱਤੀ ਨੁਕਸਾਨ ਹੋ ਸਕਦਾ ਸੀ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸੇ ਵੀ ਕੰਪਨੀ ਜਾਂ ਵਿਅਕਤੀ ਨੂੰ ਖੇਤੀਬਾੜੀ ਉਤਪਾਦਾਂ ਦੀ ਗੁਣਵੱਤਾ ਨਾਲ ਸਮਝੌਤਾ ਕਰਨ ਦੀ ਇਜਾਜ਼ਤ ਨਹੀਂ ਦੇਵੇਗੀ ਅਤੇ ਅਜਿਹੇ ਮਾਮਲਿਆਂ ਵਿੱਚ ਜ਼ੀਰੋ-ਟੌਲਰੈਂਸ ਨੀਤੀ ਅਪਣਾਈ ਜਾ ਰਹੀ ਹੈ ।
ਮੁੱਖ ਖੇਤੀਬਾੜੀ ਅਧਿਕਾਰੀਆਂ ਨੂੰ ਦਿੱਤੇ ਅਚਨਚੇਤ ਨਿਰੀਖਣ ਤੇਜ ਕਰਨ ਦੇ ਨਿਰਦੇਸ਼
ਖੇਤੀਬਾੜੀ ਮੰਤਰੀ (Minister of Agriculture) ਨੇ ਸੂਬੇ ਦੇ ਸਾਰੇ ਮੁੱਖ ਖੇਤੀਬਾੜੀ ਅਧਿਕਾਰੀਆਂ (ਸੀ. ਏ. ਓ.) ਨੂੰ ਅਚਨਚੇਤ ਨਿਰੀਖਣ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਖਾਦ ਕੰਟਰੋਲ ਆਦੇਸ਼ ਦੀ ਉਲੰਘਣਾ ਨਾ ਸਿਰਫ਼ ਇੱਕ ਕਾਨੂੰਨੀ ਅਪਰਾਧ ਹੈ, ਸਗੋਂ ਕਿਸਾਨ ਭਾਈਚਾਰੇ ਦੇ ਹਿੱਤਾਂ ਵਿਰੁੱਧ ਵੀ ਇੱਕ ਗੰਭੀਰ ਅਪਰਾਧ ਹੈ । ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੇ ਮਾਮਲਿਆਂ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ।









