ਚੰਡੀਗੜ੍ਹ, 18 ਅਗਸਤ 2026 : ਪੰਜਾਬ ਦੇ ਟ੍ਰਾਂਸਪੋਰਟ ਮੰਤਰੀ (Transport Minister) ਹਰਪਾਲ ਚੀਮਾ ਨੇ ਆਖਿਆ ਹੈ ਕਿ ਪੀ. ਆਰ. ਟੀ. ਸੀ. ਦੇ ਬੇੜੇ ਵਿਚ 100 ਵਿਸ਼ਵ ਪੱਧਰੀ ਜੂਨੀਅਰ ਬਸਾਂ ਸ਼ਾਮਲ ਹੋਣਗੀਆਂ ।
ਕਦੋਂ ਤੱਕ ਸ਼ਾਮਲ ਹੋਣਗੀਆਂ ਬਸਾਂ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਵਲੋਂ ਜੋ ਪੀ. ਆਰ. ਟੀ. ਸੀ. ਦੇ ਬੇੜੇ ਵਿਚ 100 ਵਿਸ਼ਵ ਪੱਧਰੀ ਜੂਨੀਅਰ ਬਸਾਂ ਸ਼ਾਮਲ ਹੋਣ ਦਾ ਆਖਿਆ ਗਿਆ ਹੈ ਦੇੇ ਚਲਦਿਆਂ ਇਹ ਬਸਾਂ ਅਧਿਕਾਰਤ ਤੌਰ `ਤੇ ਸਤੰਬਰ ਦੇ ਅੱਧ ਤੱਕ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਬੇੜੇ ‘ਚ ਸ਼ਾਮਲ ਹੋ ਜਾਣਗੀਆਂ । ਦੱਸਣਯੋਗ ਹੈ ਕਿ ਉਕਤ ਐਲਾਨ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਚੱਲ ਰਹੇ ਬੁਨਿਆਦੀ ਢਾਂਚੇ ਦੇ ਅਪਗ੍ਰੇਡੇਸ਼ਨ ਅਤੇ ਸੇਵਾ ਦੇ ਵਿਸਥਾਰ ਦਾ ਮੁਲਾਂਕਣ ਕਰਨ ਲਈ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਗਈ ਵਿਆਪਕ ਸਮੀਖਿਆ ਮੀਟਿੰਗ ਤੋਂ ਬਾਅਦ ਕੀਤਾ ।
ਪੇਂਡੂ ਖੇਤਰਾਂ `ਚ ਜਨਤਕ ਆਵਾਜਾਈ ਦੀ ਪਹੁੰਚ ਨੂੰ ਬਣਾਇਆ ਜਾਵੇਗਾ ਬਿਹਤਰ
ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ‘ਚ ਜਨਤਕ ਆਵਾਜਾਈ ਦੀ ਪਹੁੰਚ ਨੂੰ ਬਿਹਤਰ ਬਣਾਇਆ ਜਾਵੇਗਾ । ਇਹ ਮਿੰਨੀ ਬੱਸਾਂ ‘ਆਇਸ਼ਰ’ ਕੰਪਨੀ ਵੱਲੋਂ ਤਿਆਰ ਅਤੇ ਡਿਲੀਵਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਟਰਾਂਸਪੋਰਟ ਵਿਭਾਗ (Transport Department) ਨੂੰ ਖ਼ਾਸ ਤੌਰ ‘ਤੇ ਜਨਤਕ ਟਰਾਂਸਪੋਰਟ ਸੇਵਾਵਾਂ ਦੀ ਗੁਣਵੱਤਾ ਨੂੰ ਹੋਰ ਉੱਚਾ ਚੁੱਕਣ ਦੇ ਮਕਸਦ ਨਾਲ ਨਵੀਨਤਾਕਾਰੀ ਵਿਚਾਰ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਐਲਾਨ ਕੀਤਾ ਕਿ ਸੂਬੇ ਦੇ ਬੇੜੇ `ਚ 1,279 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ । ਇਸ ਨਾਲ ਸਰਕਾਰੀ ਬੱਸਾਂ ਦੀ ਗਿਣਤੀ 2,267 ਤੋਂ ਵਧ ਕੇ 3,546 ਹੋ ਜਾਵੇਗੀ, ਜੋ 20 ਸਾਲਾਂ `ਚ ਸਭ ਤੋਂ ਵੱਡਾ ਵਾਧਾ ਹੈ ।
ਕੌਣ ਕੌਣ ਸੀ ਮੀਟਿੰਗ ਵਿਚ ਮੌਜੂਦ
ਮੀਟਿੰਗ `ਚ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ‘ਚ ਸਕੱਤਰ ਟਰਾਂਸਪੋਰਟ ਵਰੁਣ ਰੂਜ਼ਮ, ਮੈਨੇਜਿੰਗ ਡਾਇਰੈਕਟਰ ਪਨਬੱਸ ਰਾਜੀਵ ਕੁਮਾਰ ਗੁਪਤਾ, ਮੈਨੇਜਿੰਗ ਡਾਇਰੈਕਟਰ ਪੀ. ਆਰ. ਟੀ. ਸੀ. ਮਨੀਸ਼ਾ ਰਾਣਾ, ਵਧੀਕ ਮੈਨੇਜਿੰਗ ਡਾਇਰੈਕਟਰ ਪੀ. ਆਰ. ਟੀ. ਸੀ. ਨਵਦੀਪ ਕੁਮਾਰ ਤੇ ਜਨਰਲ ਮੈਨੇਜਰ ਪੀ. ਆਰ. ਟੀ. ਸੀ. ਚੰਡੀਗੜ੍ਹ ਅਮਨਵੀਰ ਟਿਵਾਣਾ ਸ਼ਾਮਲ ਸਨ ।









