ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ 5 ਮਹੀਨੇ ਬਾਅਦ ਉਨ੍ਹਾਂ ਦਾ ਗੀਤ ‘ਵਾਰ’ ਬੀਤੇ ਦਿਨੀ ਰਿਲੀਜ਼ ਹੋਇਆ। ਜਿਸ ਨੂੰ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ। ਮੂਸੇਵਾਲਾ ਦੇ ਧਾਰਮਿਕ ਗਾਣੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਰਿਲੀਜ਼ ਕੀਤਾ ਗਿਆ।ਸਿੱਧੂ ਮੂਸੇਵਾਲਾ ਦੇ ਗੀਤ ‘ਵਾਰ’ ਨੂੰ ਰਿਲੀਜ਼ ਹੁੰਦੇ ਹੀ 50 ਮਿੰਟਾਂ ‘ਚ 1.6 ਮਿਲੀਅਨ ਦੇ ਕਰੀਬ ਦੇਖਿਆ ਗਿਆ। ਇਸ ਗੀਤ ਦੇ ਲਗਾਤਾਰ ਵਿਊਜ਼ ਵਧ ਰਹੇ ਹਨ। ਦੱਸ ਦਈਏ ਕਿ 24 ਘੰਟਿਆਂ ‘ਚ ਸਿੱਧੂ ਮੂਸੇਵਾਲਾ ਦੀ ‘ਵਾਰ’ ਦੇ 11 ਮਿਲੀਆਨ ਵਿਊਜ਼ ਹੋ ਗਏ ਹਨ। ਇਸ ਗੀਤ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਇਹ ਦੂਜਾ ਗੀਤ ਹੈ। ਇਸ ਤੋਂ ਪਹਿਲਾਂ ਜੂਨ ਮਹੀਨੇ ‘ਚ ਉਨ੍ਹਾਂ ਦਾ ਗੀਤ ‘ਐੱਸ. ਵਾਈ. ਐੱਲ’ ਰਿਲੀਜ਼ ਹੋਇਆ ਸੀ, ਜਿਸ ਨੂੰ ਲੈ ਕੇ ਸਿਆਸਤ ਕਾਫ਼ੀ ਗਰਮਾ ਗਈ ਸੀ। ਹਾਲਾਂਕਿ ਬਾਅਦ ‘ਚ ਵਿਵਾਦ ਵਧਣ ‘ਤੇ ਇਸ ਗੀਤ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ ਸੀ।

ਦੱਸਣਯੋਗ ਹੈ ਕਿ ਇਸ ਗੀਤ ਦੀ ਰਿਲੀਜ਼ ਤੋਂ ਠੀਕ ਪਹਿਲਾਂ ਮੂਸੇਵਾਲਾ ਦੇ ਮਾਤਾ-ਪਿਤਾ ਕਾਫ਼ੀ ਭਾਵੁਕ ਨਜ਼ਰ ਆਏ। ਉਹ ਬੀਤੇ ਦਿਨ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਰੂਬਰੂ ਹੋਏ ਸਨ। ਮੂਸੇਵਾਲਾ ਦੇ ਫ਼ੈਨਜ਼ ਵੱਡੀ ਗਿਣਤੀ ‘ਚ ਉਨ੍ਹਾਂ ਦੇ ਮਾਪਿਆਂ ਨੂੰ ਮਿਲਣ ਮੂਸਾ ਪਿੰਡ ਪਹੁੰਚੇ ਸਨ। ਇਸ ਮੌਕੇ ਸਿੱਧੂ ਦੀ ਮਾਂ ਚਰਨ ਕੌਰ ਨੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੱਚੇ ‘ਤੇ ਮਾਣ ਹੈ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਉਸ ਦਾ ਫ਼ੈਨ ਸੀ। ਦੂਜੇ ਪਾਸੇ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ਼ ਮਿਲੇ।

ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਨੇ ਮਰਨ ਤੋਂ ਪਹਿਲਾਂ ਕਈ ਗੀਤ ਰਿਕਾਰਡ ਕੀਤੇ ਸਨ, ਜੋ ਹਾਲੇ ਤੱਕ ਰਿਲੀਜ਼ ਹੋਣੇ ਬਾਕੀ ਹਨ। ਸਿੱਧੂ ਦੇ ਮਰਨ ਉਪਰੰਤ ਹੁਣ ਤੱਕ ਉਨ੍ਹਾਂ ਦੇ ਗੀਤ ‘ਐੱਸ. ਵਾਈ. ਐੱਲ’ ਤੇ ‘ਵਾਰ’ ਹੀ ਰਿਲੀਜ਼ ਹੋਏ ਹਨ।

LEAVE A REPLY

Please enter your comment!
Please enter your name here