ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੀਜੀਆਈ ਚੰਡੀਗੜ੍ਹ ‘ਚ ਜੋ ਸਿਹਤ ਬੀਮਾ ਯੋਜਨਾ ਆਯੂਸ਼ਮਾਨ ਭਾਰਤ ਸਕੀਮ ਤਹਿਤ ਇਲਾਜ ਬੰਦ ਹੋ ਗਿਆ ਸੀ, ਉਹ ਕੱਲ੍ਹ ਤੋਂ ਦੁਬਾਰਾ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਲਈ ਜਿਸ ਰਾਸ਼ੀ ਕਾਰਨ ਇਹ ਇਲਾਜ ਬੰਦ ਹੋਇਆ ਸੀ। ਪੰਜਾਬ ਸਰਕਾਰ ਨੇ ਉਹ ਰਾਸ਼ੀ ਅਦਾ ਕਰ ਦਿੱਤੀ ਹੈ।

ਪੰਜਾਬ ਸਰਕਾਰ ਵੱਲੋਂ 21 ਦਸੰਬਰ 2021 ਤੋਂ ਸਿਹਤ ਬੀਮਾ ਯੋਜਨਾ ਆਯੂਸ਼ਮਾਨ ਭਾਰਤ ਤਹਿਤ 16 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ ਨਾ ਕੀਤੇ ਜਾਣ ਤੋਂ ਬਾਅਦ ਪੀਜੀਆਈ ਨੇ ਸੂਬੇ ਦੇ ਮਰੀਜ਼ਾਂ ਦਾ ਇਸ ਸਕੀਮ ਤਹਿਤ ਇਲਾਜ ਬੰਦ ਕਰ ਦਿੱਤਾ ਸੀ।

ਆਯੂਸ਼ਮਾਨ ਭਾਰਤ ਯੋਜਨਾ ਦੇ ਨੋਡਲ ਅਫਸਰ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਰਾਜ ਦੇ ਆਯੂਸ਼ਮਾਨ ਭਾਰਤ ਯੋਜਨਾ ਦੇ ਲਾਭਪਾਤਰੀ 1 ਅਗਸਤ ਤੋਂ ਇਸ ਸਕੀਮ ਦੇ ਤਹਿਤ ਲਾਭ ਲੈਣ ਦੇ ਯੋਗ ਨਹੀਂ ਹੋਣਗੇ। ਨਵੇਂ ਦਾਖਲੇ ਦੀ ਮੰਗ ਕਰਨ ਵਾਲੇ ਕਿਸੇ ਵੀ ਲਾਭਪਾਤਰੀ ਨੂੰ ਨਿਯਮਤ ਮਰੀਜ਼ਾਂ ਵਾਂਗ ਉਪਭੋਗਤਾ ਫੀਸ ਅਦਾ ਕਰਨੀ ਪਵੇਗੀ। ਦੂਜੇ ਰਾਜਾਂ ਦੇ ਲਾਭਪਾਤਰੀ ਆਮ ਵਾਂਗ ਸੇਵਾਵਾਂ ਦਾ ਲਾਭ ਲੈਂਦੇ ਰਹਿਣਗੇ।

ਆਯੂਸ਼ਮਾਨ ਭਾਰਤ – ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 20 ਅਗਸਤ 2019 ਨੂੰ ਸ਼ੁਰੂ ਕੀਤੀ ਗਈ ਸੀ। ਇਹ ਸਕੀਮ ਵਿੱਤੀ ਸੁਰੱਖਿਆ ਪ੍ਰਦਾਨ ਕਰ ਕੇ ਸਿਹਤ ਸੁਰੱਖਿਆ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ। ਇਹ ਇੱਕ ਹੱਕ ਅਧਾਰਤ ਸਿਹਤ ਬੀਮਾ ਕਵਰ ਹੈ ਜਿਸ ਵਿਚ ਪੰਜ ਲੱਖ ਰੁਪਏ ਪ੍ਰਤੀ ਪਰਿਵਾਰ, ਪ੍ਰਤੀ ਸਾਲ ਮੁਹਈਆ ਕਰਵਾਇਆ ਜਾਂਦਾ ਹੈ। ਇਸ ਸਕੀਮ ਤਹਿਤ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਨਕਦੀ ਰਹਿਤ ਅਤੇ ਕਾਗਜ਼ ਰਹਿਤ ਇਲਾਜ ਉਪਲਬਧ ਹੈ।

LEAVE A REPLY

Please enter your comment!
Please enter your name here