ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਫੇਸਬੁੱਕ ਪੋਸਟ ਰਾਹੀਂ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਸਲਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇਹ ਜਾਣਕਾਰੀ ਮੁੰਬਈ ਪੁਲਸ ਦੇ ਹਵਾਲੇ ਨਾਲ ਸਾਹਮਣੇ ਆਈ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਧਮਕੀ ਮਗਰੋਂ ਸਲਮਾਨ ਨੂੰ ਮੁੰਬਈ ਪੁਲਸ ਵਲੋਂ ਪਹਿਲਾਂ ਹੀ ਵਾਈ-ਪਲੱਸ ਸੁਰੱਖਿਆ ਦਿੱਤੀ ਹੋਈ ਹੈ।
ਬੀਤੇ ਐਤਵਾਰ ਗਿੱਪੀ ਗਰੇਵਾਲ ਦੇ ਕੈਨੇਡਾ ਦੇ ਵੈਨਕੂਵਰ ’ਚ ਵ੍ਹਾਈਟ ਰਾਕ ਏਰੀਆ ਸਥਿਤ ਘਰ ’ਤੇ ਫਾਇਰਿੰਗ ਕੀਤੀ ਗਈ ਸੀ। ਲਾਰੈਂਸ ਬਿਸ਼ਨੋਈ ਗੈਂਗ ਨੇ ਫੇਸਬੁੱਕ ’ਤੇ ਇਕ ਪੋਸਟ ਦੇ ਜ਼ਰੀਏ ਦਾਅਵਾ ਕੀਤਾ ਕਿ ਇਹ ਗੋਲ਼ੀਬਾਰੀ ਉਸ ਨੇ ਕਰਵਾਈ ਹੈ। ਉਸ ਨੇ ਅੱਗੇ ਲਿਖਿਆ ਕਿ ਇਹ ਫਾਇਰਿੰਗ ਸਲਮਾਨ ਖ਼ਾਨ ਲਈ ਵੀ ਸੰਦੇਸ਼ ਹੈ। ਉਸ (ਸਲਮਾਨ) ਨੂੰ ਵਹਿਮ ਹੈ ਕਿ ਦਾਊਦ ਉਸ ਦੀ ਮਦਦ ਕਰ ਦੇਵੇਗਾ, ਪਰ ਉਸ ਨੂੰ ਕੋਈ ਨਹੀਂ ਬਚਾ ਸਕਦਾ।
ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ਪੋਸਟ ਵਿਚ ਗਿੱਪੀ ਗਰੇਵਾਲ ਨੂੰ ਕਿਹਾ, “ਤੂੰ ਸਿੱਧੂ ਮੂਸੇਵਾਲਾ ਦੇ ਮਰਨ ‘ਤੇ ਬਹੁਤ ਓਵਰਐਕਟਿੰਗ ਕੀਤੀ ਹੈ। ਤੈਨੂੰ ਸਭ ਪਤਾ ਸੀ ਕਿ ਇਹ ਕਿੰਨਾ ਹੰਕਾਰਿਆ ਬੰਦਾ ਸੀ ਤੇ ਕਿਹੜੇ-ਕਿਹੜੇ ਕ੍ਰਿਮੀਨਲ ਬੰਦਿਆ ਦੇ ਸੰਪਰਕ ਵਿਚ ਸੀ। ਜਦੋਂ ਤਕ ਵਿੱਕੀ ਮਿੱਢੂਖੇੜਾ ਜਿਉਂਦਾ ਸੀ ਤੂੰ ਅੱਗੇ ਪਿੱਛੇ ਤੁਰਿਆ ਫ਼ਿਰਦਾ ਸੀ, ਬਾਅਦ ‘ਚ ਸਿੱਧੂ ਦਾ ਜ਼ਿਆਦਾ ਦੁੱਖ ਹੋ ਗਿਆ ਤੈਨੂੰ। ਰਡਾਰ ‘ਚ ਆ ਗਿਆ ਤੂੰ ਵੀ ਹੁਣ ਦੱਸਦੇ ਹਾਂ ਤੈਨੂੰ ਹੁਣ ਧੱਕਾ ਕੀ ਹੁੰਦਾ। ਇਹ ਟ੍ਰੇਲਰ ਦਿਖਾਇਆ ਤੈਨੂੰ ਅਜੇ ਫ਼ਿਲਮ ਛੇਤੀ ਹੀ ਆਵੇਗੀ, ਤਿਆਰ ਰਹਿ। ਕਿਸੇ ਵੀ ਦੇਸ਼ ‘ਚ ਭੱਜ ਲਓ ਚੇਤੇ ਰੱਖਿਓ ਮੌਤ ਨੰ ਕਿਸੇ ਜਗ੍ਹਾ ਦਾ ਵੀਜ਼ਾ ਨਹੀਂ ਲੈਣਾ ਪੈਂਦਾ ਇੰਨੇ ਜਿੱਥੇ ਆਉਣਾ ਆ ਹੀ ਜਾਣਾ।”
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਾਰਚ ‘ਚ ਸਲਮਾਨ ਨੂੰ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਵੱਲੋਂ ਧਮਕੀ ਭਰਿਆ ਮੇਲ ਮਿਲਿਆ ਸੀ। ਇਸ ਨੂੰ ਲੈ ਕੇ ਮੁੰਬਈ ਪੁਲਸ ਨੇ ਸਲਮਾਨ ਦੇ ਘਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਸੀ ਅਤੇ ਮਾਮਲਾ ਵੀ ਦਰਜ ਕੀਤਾ ਸੀ।