ਨਵੀਂ ਦਿੱਲੀ, 24 ਨਵੰਬਰ 2026 : ਭਾਰਤ ਦੇਸ਼ ਦੇ ਗੁਆਂਢੀ ਦੇੇਸ਼ ਨੇਪਾਲ (Nepal) ਦੇ ਕੋਸ਼ੀ ਸੂਬੇ ਵਿਖੇ ਅੱਜ ਸਵੇਰ-ਸਵੇਰੇ ਹੀ ਤੇਜ ਭੂਚਾਲ (Earthquake) ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿੰਨੀ ਤੀਬਰਤਾ ਵਾਲਾ ਸੀ ਭੂਚਾਲ
ਮਿਲੀ ਜਾਣਕਾਰੀ ਅਨੁਸਾਰ ਅੱਜ ਮੰਗਲਵਾਰ ਸਵੇਰੇ ਨੇਪਾਲ ਵਿੱਚ ਜੋ ਇੱਕ ਤੇਜ਼ ਭੂਚਾਲ ਪੂਰਬੀ ਨੇਪਾਲ ਦੇ ਕੋਸ਼ੀ ਸੂਬੇ ਵਿੱਚ ਆਇਆ ਹੈ ਦੀ ਤੀਬਰਤਾ (Intensity) ਰਿਕਟਰ ਪੈਮਾਨੇ ‘ਤੇ 5.3 ਮਾਪੀ ਗਈ । ਇਸਦਾ ਪ੍ਰਭਾਵ ਭਾਰਤੀ ਸਰਹੱਦ ਤੱਕ ਮਹਿਸੂਸ ਕੀਤਾ ਗਿਆ । ਸਿੱਕਮ ਅਤੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਯੂਰਪੀਅਨ-ਮੈਡੀਟੇਰੀਅਨ ਭੂਚਾਲ ਕੇਂਦਰ ਦੇ ਅਨੁਸਾਰ ਭੂਚਾਲ ਦਾ ਕੇਂਦਰ ਜ਼ਮੀਨ ਤੋਂ ਲਗਭਗ 10 ਕਿਲੋਮੀਟਰ ਹੇਠਾਂ ਸੀ । ਭੂਚਾਲ ਤੋਂ ਬਾਅਦ ਮੌਤਾਂ, ਜ਼ਖਮੀਆਂ ਜਾਂ ਜਾਇਦਾਦ ਦੇ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ ।
ਕੀ ਸੀ ਭੂਚਾਲ ਦਾ ਕੇਂਦਰ ਬਿੰਦੂ
ਨੇਪਾਲ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 7:17 ਵਜੇ ਭੂਚਾਲ ਆਇਆ । ਇਸਦਾ ਕੇਂਦਰ ਸਿੱਕਮ ਦੇ ਗੇਜ਼ਿੰਗ ਤੋਂ ਲਗਭਗ 68 ਕਿਲੋਮੀਟਰ ਉੱਤਰ-ਪੱਛਮ ਵਿੱਚ ਪੂਰਬੀ ਨੇਪਾਲ ਦੇ ਤਾਪਲੇਜੰਗ ਜਿ਼ਲ੍ਹੇ ਵਿੱਚ ਸਿੱਕਮ ਸਰਹੱਦ ਦੇ ਨੇੜੇ ਦੱਸਿਆ ਗਿਆ । ਭੂਚਾਲ ਦੇ ਝਟਕੇ ਪੂਰਬੀ ਨੇਪਾਲ ਦੇ ਪਹਾੜੀ ਅਤੇ ਨੀਵੇਂ ਇਲਾਕਿਆਂ ਦੇ ਨਾਲ-ਨਾਲ ਭਾਰਤ ਵਿੱਚ ਸਿੱਕਮ, ਪੱਛਮੀ ਬੰਗਾਲ ਅਤੇ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਵੀ ਮਹਿਸੂਸ ਕੀਤੇ ਗਏ ।









