ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ (4 ਜੂਨ) ਹਰਿਆਣਾ ਦੌਰੇ ‘ਤੇ ਸਨ। ਉਨ੍ਹਾਂ ਨੇ ‘ਸੰਗਠਨ ਨਿਰਮਾਣ ਪ੍ਰੋਗਰਾਮ’ ਤਹਿਤ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾਈ ਮੁੱਖ ਦਫ਼ਤਰ ਵਿਖੇ ਸੂਬਾਈ ਆਗੂਆਂ ਅਤੇ ਨਿਗਰਾਨਾਂ ਨਾਲ ਲਗਭਗ 3 ਘੰਟੇ ਮੀਟਿੰਗ ਕੀਤੀ। ਰਾਹੁਲ ਗਾਂਧੀ ਲਗਭਗ 8 ਮਹੀਨੇ ਪਹਿਲਾਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਤੋਂ ਬਾਅਦ ਪਹਿਲੀ ਵਾਰ ਸੂਬਾਈ ਦਫ਼ਤਰ ਗਏ ਸਨ।
RCB ਦੀ ਜਿੱਤ ‘ਤੇ ਖੁਸ਼ ਹੋਈ ਫਿਲਮ ਇੰਡਸਟਰੀ, ਫਿਲਮੀ ਸਿਤਾਰਿਆਂ ਨੇ ਦਿੱਤੀ ਵਧਾਈ
ਕਾਂਗਰਸ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨੇ ਮੀਟਿੰਗ ਵਿੱਚ ਕਿਹਾ ਕਿ ਸੰਗਠਨ ਬਣਾਉਣ ਵਿੱਚ ਕਿਸੇ ਵੀ ਨੇਤਾ ਦੀ ਸਿਫਾਰਸ਼ ਕੰਮ ਨਹੀਂ ਕਰੇਗੀ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਮੀਨ ‘ਤੇ ਅਜਿਹੇ ਵਰਕਰ ਲੱਭਣੇ ਚਾਹੀਦੇ ਹਨ ਜੋ ਕਾਂਗਰਸ ਲਈ ਕੰਮ ਕਰਦੇ ਹਨ, ਕਿਸੇ ਨੇਤਾ ਲਈ ਨਹੀਂ।
ਨਾਲ ਹੀ ਰਾਹੁਲ ਗਾਂਧੀ ਨੇ ਪਹਿਲਾਂ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ, ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ, ਰਾਜ ਸਭਾ ਮੈਂਬਰ ਰਣਦੀਪ ਸੁਰਜੇਵਾਲਾ ਸਮੇਤ 17 ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ। ਲਗਭਗ ਡੇਢ ਘੰਟੇ ਤੱਕ ਚੱਲੀ ਇਸ ਮੀਟਿੰਗ ਤੋਂ ਬਾਅਦ, ਉਨ੍ਹਾਂ ਨੇ ਸੂਬੇ ਵਿੱਚ ਪਾਰਟੀ ਦੇ ਸੰਗਠਨ ਨੂੰ ਸਥਾਪਤ ਕਰਨ ਲਈ ਹਾਈਕਮਾਨ ਦੁਆਰਾ ਨਿਯੁਕਤ ਕੀਤੇ ਗਏ 22 ਜ਼ਿਲ੍ਹਾ ਆਬਜ਼ਰਵਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀ ਫੀਡਬੈਕ ਲਈ।
ਜ਼ਿਕਰਯੋਗ ਹੈ ਕਿ ਇਸਤੋਂ ਬਾਅਦ ਦੁਪਹਿਰ ਲਗਭਗ 2:30 ਵਜੇ, ਉਹ ਕੁਮਾਰੀ ਸ਼ੈਲਜਾ ਅਤੇ ਰਣਦੀਪ ਸੁਰਜੇਵਾਲਾ ਦੇ ਨਾਲ ਚੰਡੀਗੜ੍ਹ ਹਵਾਈ ਅੱਡੇ ਲਈ ਰਵਾਨਾ ਹੋ ਗਏ। ਪ੍ਰਦੇਸ਼ ਇੰਚਾਰਜ ਬੀ.ਕੇ. ਹਰੀ ਪ੍ਰਸਾਦ ਸ਼ਾਮ 4 ਵਜੇ ਰਾਹੁਲ ਗਾਂਧੀ ਨੇ ਮੀਟਿੰਗ ਵਿੱਚ ਜੋ ਕਿਹਾ, ਉਸ ਬਾਰੇ ਪ੍ਰੈਸ ਕਾਨਫਰੰਸ ਕਰਨਗੇ।
ਦੱਸ ਦਈਏ ਕਿ ਹਰਿਆਣਾ ਵਿੱਚ ਕਾਂਗਰਸ ਦਾ 11 ਸਾਲਾਂ ਤੋਂ ਕੋਈ ਸੰਗਠਨ ਨਹੀਂ ਹੈ। ਇਸਦਾ ਸਭ ਤੋਂ ਵੱਡਾ ਕਾਰਨ ਧੜੇਬੰਦੀ ਹੈ। ਸੀਨੀਅਰ ਆਗੂਆਂ ਵਿੱਚ ਆਪਸੀ ਲੜਾਈ ਕਾਰਨ 2024 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਰਾਹੁਲ ਗਾਂਧੀ ਨੇ ਇਸ ਹਾਰ ‘ਤੇ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਸੀ।