ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ਬਾਰੇ ਗੋਸ਼ਟੀ ਆਯੋਜਿਤ

0
62
Punjab Language Department

ਪਟਿਆਲਾ, 9 ਅਕਤੂਬਰ 2025 : ਭਾਸ਼ਾ ਵਿਭਾਗ ਪੰਜਾਬ (Language Department Punjab) ਵੱਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਅੱਜ ਇੱਥੇ ਭਾਸ਼ਾ ਭਵਨ ਵਿਖੇ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ਬਾਰੇ ‘ਪ੍ਰਮਾਣਿਕ ਸ਼ਬਦ-ਜੋੜ : ਇੱਕ ਸੰਵਾਦ’ (Authentic spelling: A dialogue) ਵਿਸ਼ੇ ਤਹਿਤ ਇੱਕ ਰੋਜ਼ਾ ਗੋਸ਼ਟੀ ਕਰਵਾਈ ਗਈ ।

‘ਪ੍ਰਮਾਣਿਕ ਸ਼ਬਦ-ਜੋੜ: ਇੱਕ ਸੰਵਾਦ’ ਵਿਸ਼ੇ ਤਹਿਤ ਵਿਦਵਾਨਾਂ ਨੇ ਕੀਤੀਆਂ ਨਿੱਠ ਕੇ ਵਿਚਾਰਾਂ

ਜਿਸ ਦੌਰਾਨ ਪੰਜਾਬੀ ਦੇ ਨਾਮਵਰ ਵਿਦਵਾਨਾਂ ਨੇ ਸ਼ਬਦ-ਜੋੜਾਂ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ’ਤੇ ਚਰਚਾ ਕੀਤੀ । ਗੋਸ਼ਟੀ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ. ਸੁਖਵਿੰਦਰ ਸਿੰਘ ਸੰਘਾ ਨੇ ਅਤੇ ਦੂਸਰੇ ਸੈਸ਼ਨ ਦੀ ਪ੍ਰਧਾਨਗੀ ਡਾ. ਜੋਗਾ ਸਿੰਘ ਨੇ ਕੀਤੀ। ਗੋਸ਼ਟੀ ਦੌਰਾਨ ਸ਼ਬਦ-ਜੋੜਾਂ ਬਾਰੇ ਚਾਰ ਪੱਖ ਉੱਭਰਕੇ ਸਾਹਮਣੇ ਆਏ । ਜਿਨ੍ਹਾਂ ਵਿੱਚ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ’ਚ ਇਕਸਾਰਤਾ ਲਿਆਉਣ, ਜਿੱਥੇ ਪੈਰ ਬਿੰਦੀ ਅਰਥਾਂ ’ਚ ਫਰਕ ਨਹੀਂ ਪਾਉਂਦੀ ਉੱਥੇ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ, ਜੋ ਸ਼ਬਦ ਪੰਜਾਬੀ ਕੋਲ ਹਨ ਉਨ੍ਹਾਂ ਦੀ ਥਾਂ ਹੋਰਨਾਂ ਭਾਸ਼ਾਵਾਂ ਦੇ ਸ਼ਬਦ ਵਰਤਣ ਤੋਂ ਸੰਕੋਚ ਕਰਨ ਅਤੇ ਡਾ. ਹਰਕੀਰਤ ਸਿੰਘ ਵਾਲੇ ਕੋਸ਼ ਨੂੰ ਲੋੜੀਂਦੀਆਂ ਸੋਧਾਂ ਕਰਕੇ ਮੰਨ ਲੈਣਾ ਚਾਹੀਦਾ ਹੈ ।

ਭਾਸ਼ਾ ਇੱਕ ਗਤੀਸ਼ੀਲ ਵਰਤਾਰਾ ਹੈ ਅਤੇ ਇਸ ਵਿੱਚ ਤਬਦੀਲੀਆਂ ਹੋਣੀਆਂ ਸੁਭਾਵਿਕ ਹਨ : ਡਾਇਰੈਕਟਰ

ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ (Director Jaswant Singh Zafar) ਨੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਭਾਸ਼ਾ ਇੱਕ ਗਤੀਸ਼ੀਲ ਵਰਤਾਰਾ ਹੈ ਅਤੇ ਇਸ ਵਿੱਚ ਤਬਦੀਲੀਆਂ ਹੋਣੀਆਂ ਸੁਭਾਵਿਕ ਹਨ । ਇਨ੍ਹਾਂ ਤਬਦੀਲੀਆਂ ’ਤੇ ਵਿਦਵਾਨਾਂ ਦੌਰਾਨ ਸਹਿਮਤੀ ਅਸਹਿਮਤੀ ਹੋਣੀ ਸੁਭਾਵਿਕ ਹੈ ਪਰ ਬਦਲਾਅ ਬਾਰੇ ਵਿਚਾਰ ਚਰਚਾ ਹੁੰਦੀ ਰਹਿਣੀ ਚਾਹੀਦੀ ਹੈ । ਖੋਜ ਅਫ਼ਸਰ ਸਤਪਾਲ ਸਿੰਘ ਚਹਿਲ ਨੇ ਗੋਸ਼ਟੀ ਦੀ ਰੂਪ-ਰੇਖਾ ਤੇ ਲੋੜ ਬਾਰੇ ਜਾਣਕਾਰੀ ਦਿੱਤੀ ।

ਗੋਸ਼ਟੀ ਦੀ ਸ਼ੁਰੂਆਤ ਕਰਦਿਆਂ ਜਗਤਾਰ ਸਿੰਘ ਸੋਖੀ ਨੇ ਉਠਾਏ ‘ਪੰਜਾਬੀ ਸ਼ਬਦ-ਜੋੜਾਂ ਦੇ ਚੋਣਵੇਂ ਨਿਯਮਾਂ’ ਸਬੰਧੀ ਦੋ ਅਹਿਮ ਮੁੱਦੇ

ਗੋਸ਼ਟੀ ਦੀ ਸ਼ੁਰੂਆਤ ਕਰਦਿਆਂ ਜਗਤਾਰ ਸਿੰਘ ਸੋਖੀ ਨੇ ‘ਪੰਜਾਬੀ ਸ਼ਬਦ-ਜੋੜਾਂ ਦੇ ਚੋਣਵੇਂ ਨਿਯਮਾਂ’ (‘Selective Rules of Punjabi Spelling’) ਸਬੰਧੀ ਦੋ ਅਹਿਮ ਮੁੱਦੇ ਉਠਾਏ। ਪਹਿਲਾ ਡਿਜੀਟਲ ਸਾਧਨਾਂ ਦੀ ਆਮਦ ਸਦਕਾ ਅਸੀਂ ਬਹੁਤ ਕਾਹਲੀ ’ਚ ਲਿਖਦੇ ਹਾਂ ਜਿਸ ਕਰਕੇ ਬਹੁਤ ਸਾਰੇ ਅੱਖਰ ਲਿਖਣ ਦੀ ਘੌਲ਼ ਕਰ ਜਾਂਦੇ ਹਾਂ ਤੇ ਸ਼ਬਦਾਂ ’ਚ ਵਿਗਾੜ ਪੈਦਾ ਹੋ ਜਾਂਦਾ ਹੈ । ਇਸੇ ਤਰ੍ਹਾਂ ਹੀ ਗੂਗਲ ਟਰਾਂਸਲੇਟਰ ਆਦਿ ਰਾਹੀਂ ਅਨੁਵਾਦ ਕਰਨ ਸਮੇਂ ਵੀ ਵਾਕ ਬਣਤਰ ਵਿਗੜ ਜਾਂਦੀ ਹੈ ।

ਅਜੋਕੇ ਦੌਰ ’ਚ ਸ਼ੁੱਧ ਪੰਜਾਬੀ ਸਿੱਖਣ ਵਾਲਿਆਂ ਦੀ ਗਿਣਤੀ ਬਹੁਤ ਘਟ ਗਈ ਹੈ

ਇਸੇ ਕਰਕੇ ਅਜੋਕੇ ਦੌਰ ’ਚ ਸ਼ੁੱਧ ਪੰਜਾਬੀ ਸਿੱਖਣ ਵਾਲਿਆਂ ਦੀ ਗਿਣਤੀ ਬਹੁਤ ਘਟ ਗਈ ਹੈ । ਇੱਕ ਸਰਵੇਖਣ ਮੁਤਾਬਕ ਅੱਠਵੀਂ ਜਮਾਤ ਤੱਕ ਦੇ ਸਿਰਫ਼ ਤਿੰਨ ਫ਼ੀਸਦੀ ਵਿਿਦਆਰਥੀ ਹੀ ਸ਼ੁੱਧ ਪੰਜਾਬੀ ਲਿਖਦੇ ਹਨ । ਡਾ. ਆਸ਼ਾ ਕਿਰਨ ਨੇ ‘ਪੰਜਾਬੀ ਭਾਸ਼ਾ ਵਿੱਚ ਦੂਜੀਆਂ ਭਾਸ਼ਾਵਾਂ ਤੋਂ ਆਈ ਸ਼ਬਦਾਵਲੀ ਦੇ ਸ਼ਬਦ-ਜੋੜ’ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਭਾਸ਼ਾ ਸੁਚੇਤ ਰੂਪ ’ਚ ਲਿਆ ਜਾਣ ਵਾਲਾ ਵਰਤਾਰਾ ਹੈ ਅਤੇ ਇਸ ਦੇ ਲਹਿਜ਼ੇ ਵਿੱਚ ਵਖਰੇਵਾਂ ਹੋਣਾ ਸੁਭਾਵਿਕ ਹੈ ।

ਭਾਸ਼ਾ ਦੇ ਉਚਾਰਨ ’ਚ ਹੋਣ ਵਾਲੀਆਂ ਭਿੰਨਤਾਵਾਂ ਨੂੰ ਰੋਕਿਆ ਨਹੀਂ ਜਾ ਸਕਦਾ ਹੈ

ਉਨ੍ਹਾਂ ਕਿਹਾ ਭਾਸ਼ਾ ਦੇ ਉਚਾਰਨ ’ਚ ਹੋਣ ਵਾਲੀਆਂ ਭਿੰਨਤਾਵਾਂ ਨੂੰ ਰੋਕਿਆ ਨਹੀਂ ਜਾ ਸਕਦਾ ਹੈ ਪਰ ਲਿਖਤੀ ਰੂਪ ਲਈ ਸਾਨੂੰ ਜ਼ਰੂਰ ਇਕਮੱਤ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਭਾਸ਼ਾ ਤੋਂ ਆਉਣ ਵਾਲੇ ਸ਼ਬਦਾਂ ਨੂੰ ਲਿਖਣ ਤੇ ਉਚਾਰਨ ਸਬੰਧੀ ਸੁਚੇਤ ਹੋਣਾ ਜ਼ਰੂਰੀ ਹੈ ਅਤੇ ਪੰਜਾਬੀ ਸ਼ਬਦ-ਜੋੜਾਂ ’ਚ ਦੂਸਰੀਆਂ ਭਾਸ਼ਾਵਾਂ ਤੋਂ ਆਏ ਸ਼ਬਦਾਂ ਨਾਲ ਸਬੰਧਤ ਸਮੱਸਿਆਵਾਂ ਵਧੇਰੇ ਹਨ ।

ਸੁਲੱਖਣ ਸਰਹੱਦੀ ਨੇ ਦਿੱਤਾ ‘ਫ਼ਾਰਸੀ ਵੱਲੋਂ ਆਈਆਂ ਪੈਰੀਂ ਬਿੰਦੀਆਂ ਨੂੰ ਅਣਵਿਗਆਨਕ ਤੇ ਫ਼ਜ਼ੂਲ’ ਕਰਾਰ

ਸੁਲੱਖਣ ਸਰਹੱਦੀ ਨੇ ‘ਫ਼ਾਰਸੀ ਵੱਲੋਂ ਆਈਆਂ ਪੈਰੀਂ ਬਿੰਦੀਆਂ ਨੂੰ ਅਣਵਿਗਆਨਕ ਤੇ ਫ਼ਜ਼ੂਲ’ ਕਰਾਰ ਦਿੰਦਿਆਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਅਕਾਦਮਿਕ ਸੰਸਥਾ ਵੱਲੋਂ ਕਰਵਾਏ ਗਏ ਖੋਜ ਕਾਰਜ ’ਚ ਕਿਧਰੇ ਵੀ ਬਿੰਦੀਆਂ ਦੀ ਆਮਦ ਸਬੰਧੀ ਕੋਈ ਪ੍ਰਮਾਣ ਨਹੀਂ ਮਿਲਦਾ । ਫਿਰ ਵੀ ਅਸੀਂ ਅੰਨੇਵਾਹ ਇਨ੍ਹਾਂ ਦੀ ਵਰਤੋਂ ਕਰ ਰਹੇ ਹਾਂ ਅਤੇ ਇਹ ਪੰਜਾਬੀ ਬੋਲੀ ਦਾ ਉਚਾਰਨ ਵਿਗਾੜ ਰਹੀਆਂ ਹਨ ।

ਪੰਜਾਬੀ ਭਾਸ਼ਾ ਕੋਲ ਆਪਣੇ 35 ਅੱਖਰ ਹਨ ਜੋ ਹਰ ਤਰ੍ਹਾਂ ਦੀ ਧੁਨੀ ਦੇ ਸਮਰੱਥ ਹਨ

ਸਰਹੱਦੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਕੋਲ ਆਪਣੇ 35 ਅੱਖਰ ਹਨ ਜੋ ਹਰ ਤਰ੍ਹਾਂ ਦੀ ਧੁਨੀ ਦੇ ਸਮਰੱਥ ਹਨ । ਇਸ ਕਰਕੇ ਬਿੰਦੀਆਂ ਲਗਾਕੇ ਹੋਰ ਵਰਣ ਪੈਦਾ ਕਰਨ ਦੀ ਜ਼ਰੂਰਤ ਨਹੀਂ । ਡਾ. ਪਰਮਜੀਤ ਸਿੰਘ ਢੀਂਗਰਾ ਨੇ ‘ਪੰਜਾਬੀ ਸ਼ਬਦ-ਜੋੜ ਮਸਲੇ, ਚੁਣੌਤੀਆਂ ਤੇ ਇਨ੍ਹਾਂ ਦੇ ਹੱਲ’ ਵਿਸ਼ੇ ਦੇ ਬੋਲਦਿਆਂ ਕਿਹਾ ਕਿ ਭਾਸ਼ਾ ਵਿੱਚ ਨਿਰੰਤਰ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ । ਇਨ੍ਹਾਂ ਨੂੰ ਮਸਲਾ ਨਹੀਂ ਸਗੋਂ ਚੁਣੌਤੀਆਂ ਵਜੋਂ ਲੈਣਾ ਚਾਹੀਦਾ ਹੈ ਕਿਉਂਕਿ ਬਦਲਾਅ ਦੀ ਬਦੌਲਤ ਹੀ ਭਾਸ਼ਾ ਵਿਕਾਸ ਕਰਦੀ ਹੈ ।

ਲੋੜ ਹੈ ਮੀਡੀਆ ’ਚ ਸ਼ੁੱਧ ਸ਼ਬਦ-ਜੋੜ ਵਰਤੇ ਜਾਣ

ਉਨ੍ਹਾਂ ਕਿਹਾ ਕਿ ਲੋੜ ਹੈ ਮੀਡੀਆ ’ਚ ਸ਼ੁੱਧ ਸ਼ਬਦ-ਜੋੜ ਵਰਤੇ ਜਾਣ ਅਤੇ ਵਿਦਅਕ ਸੰਸਥਾਵਾਂ ਵੱਲੋਂ ਪੜ੍ਹਾਈ ਜਾਂਦੀ ਪੰਜਾਬੀ ਦੀਆਂ ਕਿਤਾਬਾਂ ਦੀ ਭਾਸ਼ਾ ਵੱਲ ਖਾਸ ਤੌਰ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ । ਇਸ ਸੈਸ਼ਨ ਦੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਸੁਖਵਿੰਦਰ ਸਿੰਘ ਸੰਘਾ ਨੇ ‘ਪੰਜਾਬੀ ਧੁਨੀ ਵਿਉਂਤ ਅਤੇ ਗੁਰਮੁਖੀ ਲਿਪੀ ਬਾਰੇ ਸ਼ਬਦ-ਜੋੜਾਂ ਦੇ ਪ੍ਰਸੰਗ ਵਿੱਚ ਬੋਲਦਿਆ ਕਿਹਾ ਕਿ ਭਾਸ਼ਾ ਵਿਿਗਆਨਿਕ ਤੌਰ ’ਤੇ ਸ਼ਬਦ ਜੋੜ ਪ੍ਰਮਾਣਿਕ ਨਹੀਂ ਹੋ ਸਕਦੇ ਸਗੋਂ ਪ੍ਰਵਾਨਿਤ ਹੋ ਸਕਦੇ ਹਨ ਕਿਉਂਕਿ ਹਰੇਕ ਭਾਸ਼ਾ ਦੇ ਸ਼ਬਦਾਂ ’ਚ ਨਿਰੰਤਰ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ ।

ਕਈ ਭਾਸ਼ਾਵਾਂ ਦੀਆਂ ਇੱਕ ਤੋਂ ਵੱਧ ਲਿਪੀਆਂ ਹਨ ਅਤੇ ਕਈ ਲਿਪੀਆਂ ’ਚ ਬਹੁਤ ਸਾਰੀਆਂ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ

ਉਨ੍ਹਾਂ ਇੱਕ ਚਿੰਨ੍ਹ ਇੱਕ ਧੁਨੀ ਦੇ ਸਿਧਾਂਤ ’ਤੇ ਜ਼ੋਰ ਦਿੱਤਾ । ਉਨ੍ਹਾਂ ਕਿਹਾ ਕਿ ਕਈ ਭਾਸ਼ਾਵਾਂ ਦੀਆਂ ਇੱਕ ਤੋਂ ਵੱਧ ਲਿਪੀਆਂ ਹਨ ਅਤੇ ਕਈ ਲਿਪੀਆਂ ’ਚ ਬਹੁਤ ਸਾਰੀਆਂ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ । ਪੰਜਾਬੀ ਵੀ ਭਾਵੇਂ ਦੋ ਲਿਪੀਆਂ ’ਚ ਲਿਖੀ ਜਾ ਰਹੀ ਹੈ ਪਰ ਗੁਰਮੁਖੀ ਲਿਪੀ ਇਸ ਲਈ ਸਭ ਤੋਂ ਢੁਕਵੀਂ ਤੇ ਵਿਿਗਆਨਿਕ ਹੈ । ਗੁਰਮੁਖੀ ਲਿਪੀ ਨੇ ਇਤਿਹਾਸਿਕ ਤੇ ਧਾਰਮਿਕ ਵਿਰਾਸਤ ਵੀ ਸੰਭਾਲੀ ਹੋਈ ਹੈ ਅਤੇ ਇਹ ਸੁਚੇਤ ਪੱਧਰ ’ਤੇ ਪੰਜਾਬੀ ਲਈ ਹੀ ਘੜੀ ਗਈ ਸੀ । ਡਾ. ਸੰਘਾ ਨੇ ਕਿਹਾ ਕਿ ਹੋਰਨਾਂ ਭਾਸ਼ਾਵਾਂ ਤੋਂ ਸ਼ਬਦ ਲੈਣੇ ਚਾਹੀਦੇ ਹਨ ਪਰ ਵਿਅਕਾਰਣ ਤੇ ਧੁਨੀ ਨਹੀਂ ਲੈਣੀ ਚਾਹੀਦੀ । ਇਸ ਸੈਸ਼ਨ ਦਾ ਮੰਚ ਸੰਚਾਲਨ ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਕੀਤਾ ।

ਡਾ. ਸੁਖਵਿੰਦਰ ਸਿੰਘ ਨੇ ਕੀਤੇ ਆਪਣੇ ਪਰਚੇ ‘ਪੰਜਾਬੀ ਸ਼ਬਦ-ਜੋੜਾਂ ਦੀ ਸਥਿਤੀ, ਸਰਵੇਖਣ ਤੇ ਮੁਲਾਂਕਣ’ ਰਾਹੀਂ ਅਜੋਕੇ ਸੰਚਾਰ ਸਾਧਨਾਂ ’ਚ ਪੰਜਾਬੀ ਸ਼ਬਦ-ਜੋੜਾਂ ਦੀ ਵਰਤੋਂ ਸਬੰਧੀ ਵਿਚਾਰ ਪੇਸ਼

ਗੋਸ਼ਟੀ ਦੇ ਦੂਸਰੇ ਸੈਸ਼ਨ ਦੌਰਾਨ ਡਾ. ਸੁਖਵਿੰਦਰ ਸਿੰਘ ਨੇ ਆਪਣੇ ਪਰਚੇ ‘ਪੰਜਾਬੀ ਸ਼ਬਦ-ਜੋੜਾਂ ਦੀ ਸਥਿਤੀ, ਸਰਵੇਖਣ ਤੇ ਮੁਲਾਂਕਣ’ ਰਾਹੀਂ ਅਜੋਕੇ ਸੰਚਾਰ ਸਾਧਨਾਂ ’ਚ ਪੰਜਾਬੀ ਸ਼ਬਦ-ਜੋੜਾਂ ਦੀ ਵਰਤੋਂ ਸਬੰਧੀ ਵਿਚਾਰ ਪੇਸ਼ ਕੀਤੇ । ਪੰਜਾਬੀ ਮੀਡੀਆ ’ਚ ਗਲਤ ਸ਼ਬਦ-ਜੋੜ ਪਰੋਸਣ ਸਬੰਧੀ ਉਨ੍ਹਾਂ ਕਿਹਾ ਕਿ ਸਾਡੇ ਮੀਡੀਏ ’ਚ ਮਾਹਿਰ ਲੋਕਾਂ ਦੀ ਘਾਟ ਕਾਰਨ ਸ਼ਬਦ-ਜੋੜਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਉਨ੍ਹਾਂ ਵੱਖ-ਵੱਖ ਸੋਸ਼ਲ ਸਾਈਟਸ ’ਤੇ ਪਰੋਸੀ ਜਾ ਰਹੀ ਗੈਰ-ਮਿਆਰੀ ਸਮੱਗਰੀ ’ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ।

ਸਾਡੇ ਵਿਿਦਆਰਥੀਆਂ ਨੂੰ ਸ਼ੁੱਧ ਪੰਜਾਬੀ ਸ਼ਬਦ-ਜੋੜ ਪੜ੍ਹਨ ਨੂੰ ਨਾ ਮਿਲਣ ਕਾਰਨ ਭਾਸ਼ਾ ਵਿੱਚ ਉਨ੍ਹਾਂ ਦੀ ਨੀਂਹ ਕਮਜ਼ੋਰ ਹੋ ਰਹੀ ਹੈ

‘ਸਕੂਲ ਪੱਧਰ ’ਤੇ ਸ਼ਬਦ-ਜੋੜਾਂ ਸਬੰਧੀ ਸਮੱਸਿਆਵਾਂ’ ਬਾਰੇ ਬੋਲਦਿਆਂ ਰਬਿੰਦਰ ਸਿੰਘ ਰੱਬੀ ਨੇ ਕਿਹਾ ਕਿ ਸਾਡੇ ਵਿਿਦਆਰਥੀਆਂ ਨੂੰ ਸ਼ੁੱਧ ਪੰਜਾਬੀ ਸ਼ਬਦ-ਜੋੜ ਪੜ੍ਹਨ ਨੂੰ ਨਾ ਮਿਲਣ ਕਾਰਨ ਭਾਸ਼ਾ ਵਿੱਚ ਉਨ੍ਹਾਂ ਦੀ ਨੀਂਹ ਕਮਜ਼ੋਰ ਹੋ ਰਹੀ ਹੈ ਕਿਉਂਕਿ ਬਹੁਤ ਸਾਰੇ ਅਜੋਕੇ ਅਧਿਆਪਕ ਵੀ ਸਹੀ ਅਗਵਾਈ ਨਾ ਮਿਲਣ ਕਰਕੇ ਸ਼ਬਦ-ਜੋੜਾਂ ਸਬੰਧੀ ਸਪੱਸ਼ਟ ਨਹੀਂ ਹਨ । ਉਨ੍ਹਾਂ ਕਿਹਾ ਕਿ ਵਡੇਰੀ ਉਮਰ ’ਚ ਜਾ ਕੇ ਕਿਸੇ ਦੀ ਵੀ ਭਾਸ਼ਾ ਨੂੰ ਸ਼ੁੱਧ ਕਰਨਾ ਬਹੁਤ ਔਖਾ ਹੋ ਜਾਂਦਾ ਹੈ । ਇਸ ਕਰਕੇ ਲੋੜ ਹੈ ਸਕੂਲਾਂ ਵਿੱਚ ਪਾਠਕ੍ਰਮ ਦੇ ਸਮਾਂਤਰ ਸ਼ਬਦ-ਜੋੜਾਂ ਵੱਲ ਵੀ ਧਿਆਨ ਦਿੱਤਾ ਜਾਵੇ ।

Read More : ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਮੰਨੀ ਆਪਣੀ ਗਲਤੀ

LEAVE A REPLY

Please enter your comment!
Please enter your name here