ਚੰਡੀਗੜ੍ਹ, 26 ਅਗਸਤ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਫੂਡ ਇੰਸਪੈਕਟਰਾਂ (Food inspectors) ਨੂੰ ਲੈਪਟਾਪ ਦੇ ਕੇ ਹਾਈਟੈਕ ਕੀਤਾ ਜਾ ਰਿਹਾ ਹੈ ।
ਕੀ ਦੱਸਿਆ ਕੈਬਨਿਟ ਮੰਤਰੀ ਪੰਜਾਬ ਨੇ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ (Punjab Government) ਵਲੋਂ ਜੋ ਫੂਡ ਇੰਸਪੈਕਟਰਾਂ ਨੂੰ ਲੈਪਟਾਪ ਦੇ ਕੇ ਹਾਈਟੈਕ ਕਰਨ ਦਾ ਬੀੜਾ ਚੁੱਕਿਆ ਗਿਆ ਹੈ ਦੇ ਲਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਡਿਜ਼ੀਟਲ ਪਹਿਲ ਕਦਮੀ ਲਈ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ । ਉਕਤ ਕਦਮ ਤਕਨਾਲੋਜੀ ਦੇ ਨਵੇਂ ਯੁੱਗ ਨਾਲ ਕਦਮ ਮਿਲਾ ਕੇ ਚੱਲਣ ਦੀ ਦਿਸ਼ਾ ਵਿੱਚ ਇੱਕ ਮਿਸਾਲੀ ਕਦਮ ਹੈ ।
ਡਿਜ਼ੀਟਲ ਪਹਿਲਕਦਮੀ ਨੂੰ ਦੱਸਿਆ ਗਿਆ ਇਤਿਹਾਸਕ ਫ਼ੈਸਲਾ
ਵਿਭਾਗ ਦੀ ਇੰਸਪੈਕਟਰ ਯੂਨੀਅਨ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਇਸ ਕਦਮ ਨੂੰ ਇੱਕ ਇਤਿਹਾਸਿਕ ਫ਼ੈਸਲਾ ਕਰਾਰ ਦਿੱਤਾ, ਜਿਸ ਨਾਲ ਇੰਸਪੈਕਟਰ ਹੁਣ ਵਧੇਰੇ ਸਟੀਕਤਾ ਅਤੇ ਪਾਰਦਰਸ਼ਿਤਾ ਨਾਲ ਆਪਣੀ ਡਿਊਟੀ ਨਿਭਾਉਣ ਦੇ ਯੋਗ ਬਣ ਜਾਣਗੇ, ਕਿਉਂਜੋ ਉਹ ਜ਼ਮੀਨੀ ਪੱਧਰ ’ਤੇ ਵਿਭਾਗ ਦੇ ਅਸਲ ਸਿਪਾਹੀ ਹਨ । ਮੰਤਰੀ ਨੇ ਅੱਗੇ ਕਿਹਾ ਕਿ ਇਹ ਫ਼ੈਸਲਾ ਇਸ ਲਈ ਵੀ ਅਹਿਮ ਹੋ ਜਾਂਦਾ ਹੈ ਕਿਉਂਕਿ ਇੰਸਪੈਕਟਰ ਹੇਠਲੇ ਪੱਧਰ ’ਤੇ ਖਰੀਦ ਪ੍ਰਕਿਰਿਆ ਨਾਲ ਜੁੜੇ ਕਿਸਾਨਾਂ, ਆੜ੍ਹਤੀਆਂ ਅਤੇ ਹੋਰ ਭਾਈਵਾਲਾਂ ਨਾਲ ਸਿੱਧਾ ਰਾਬਤਾ ਕਾਇਮ ਕਰਦੇ ਹਨ ।
ਇੰਸਪੈਕਟਰਾਂ ਲਈ ਸਫਰੀ ਭੱਤੇ ਨੂੰ ਵੀ ਦਿੱਤੀ ਗਈ ਹੈ ਮਨਜ਼ੂਰੀ
ਮੰਤਰੀ ਨੇ ਇੰਸਪੈਕਟਰਾਂ ਲਈ ਸਫਰੀ ਭੱਤਾ (ਕਨਵੇਐਂਸ ਅਲਾਊਂਸ) ਨੂੰ ਵੀ ਮਨਜ਼ੂਰੀ ਦਿੱਤੀ ਤਾਂ ਜੋ ਉਨ੍ਹਾਂ ਨੂੰ ਮੰਡੀਆਂ ਦਾ ਦੌਰਾ ਕਰਨ ਅਤੇ ਖਾਸ ਤੌਰ ’ਤੇ ਖਰੀਦ ਕਾਰਜਾਂ ਦੌਰਾਨ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਵਿੱਚ ਕੋਈ ਦਿੱਕਤ ਨਾ ਆਵੇ । ਵਿਭਾਗ ਦੇ ਦਫ਼ਤਰਾਂ ਦੇ ਸੁਚਾਰੂ ਅਤੇ ਸੁਚੱਜੇ ਕੰਮਕਾਜ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਮਜ਼ਬੂਤ ਬੁਨਿਆਦੀ ਢਾਂਚੇ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਸ੍ਰੀ ਕਟਾਰੂਚੱਕ ਨੇ ਇਨਫਰਾਸਟ੍ਰਕਚਰ ਅਲਾਊਂਸ ਨੂੰ ਵੀ ਪ੍ਰਵਾਨਗੀ ਦਿੱਤੀ, ਜਿਸ ਨਾਲ ਇੰਸਪੈਕਟਰ ਆਪਣੇ ਦਫ਼ਤਰਾਂ ਵਿੱਚ ਵਧੀਆ ਮਿਆਰ ਦਾ ਫ਼ਰਨੀਚਰ ਯਕੀਨੀ ਬਣਾ ਸਕਣਗੇ ਅਤੇ ਦਫ਼ਤਰੀ ਮਾਹੌਲ ਹੋਰ ਬਿਹਤਰ ਬਣ ਸਕੇਗਾ ।
ਅਨਾਜ ਵੰਡ ਮਾਮਲੇ ਵਿਚ ਕੋਈ ਲਾਪ੍ਰਵਾਹੀ ਨਹੀਂ ਕੀਤੀ ਜਾਵੇਗੀ ਬਰਦਾਸ਼ਤ
ਕੈਬਨਿਟ ਮੰਤਰੀ (Cabinet Minister) ਨੇ ਇੰਸਪੈਕਟਰਾਂ ਨੂੰ ਸਮਾਜ ਦੇ ਗਰੀਬ ਵਰਗਾਂ ਲਈ ਆਉਂਦਾ ਅਨਾਜ ਉਨ੍ਹਾਂ ਤੱਕ ਹਰ ਹਾਲਤ ਵਿੱਚ ਪਹੁੰਚਣਾ ਯਕੀਨੀ ਬਣਾਉਣ ਲਈ ਵੀ ਪ੍ਰੇਰਿਆ । ਸ੍ਰੀ ਕਟਾਰੂਚੱਕ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਡਾਇਰੈਕਟਰ ਵਰਿੰਦਰ ਕੁਮਾਰ ਸ਼ਰਮਾ, ਪਨਗਰੇਨ ਦੇ ਵਧੀਕ ਪ੍ਰਬੰਧ ਨਿਰਦੇਸ਼ਕ ਕਮਲ ਕੁਮਾਰ ਗਰਗ, ਵਧੀਕ ਨਿਰਦੇਸ਼ਕ ਡਾ. ਅੰਜੁਮਨ ਭਾਸਕਰ ਅਤੇ ਅਜੈਵੀਰ ਸਿੰਘ ਸਰਾਓ ਮੌਜੂਦ ਸਨ ।









