ਕੈਨੇਡਾ, 11 ਜੂਨ 2026 : ਕੈਨੇਡਾ (Canada) ਦੇ ਸ਼ਹਿਰ ਸਰੀ ਦੀ ਅਦਾਲਤ ਵਲੋਂ ਪੰਜਾਬੀ ਮੂਲ ਦੇ ਤਿੰਨ ਨੌਜਵਾਨਾਂ ਨੂੰ ਵੱਖ-ਵੱਖ ਦੋਸ਼ਾਂ ਤਹਿਤ ਵੱਖ-ਵੱਖ ਸਜਾਵਾਂ (Punishments) ਸੁਣਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹਨ ਇਹ ਤਿੰਨੋ ਜਣੇ
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸਰੀ ਵਿਖੇ ਜੋ ਅਦਾਲਤ (Court) ਵਲੋਂ ਤਿੰਨ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਸਜਾਵਾਂ ਸੁਣਾਈਆਂ ਗਈਆਂ ਹਨ ਵਿਚ ਤਨਵੀਰ ਸਿੰਘ, ਦਇਆਜੀਤ ਸਿੰਘ ਬਿਲਿੰਗ ਅਤੇ ਹਰਜੋਤ ਸਿੰਘ ਸ਼ਾਮਲ ਹਨ । ਦੱਸਣਯੋਗ ਹੈ ਕਿ ਉਕਤ ਤਿੰਨਾਂ ਨੂੰ ਚਾਰ ਮਹੀਨੇ ਪਹਿਲਾਂ ਸਰੀ ਦੇ ਕਰੈਸੈਂਟ ਬੀਚ ਖੇਤਰ ਵਿਚ ਇਕ ਘਰ ’ਤੇ ਗੋਲੀਬਾਰੀ ਕਰਨ ਅਤੇ ਅੱਗ ਲਾਉਣ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ । ਭਾਰਤੀ ਮੂਲ ਦੇ ਤਿੰਨ ਨੌਜਵਾਨਾਂ ਨੇ ਜੱਜ ਅੱਗੇ ਆਪਣੇ ਗੁਨਾਹ ਕਬੂਲ ਕਰ ਲਏ ਹਨ, ਜਿਸ ਕਾਰਨ ਉਨ੍ਹਾਂ ਨੂੰ ਆਮ ਨਾਲੋਂ ਘੱਟ ਕੈਦ ਦੀ ਸਜ਼ਾ ਸੁਣਾਈ ਗਈ ਹੈ ।
ਕਿਸ ਨੂੰ ਕਿੰਨੀ ਸੁਣਾਈ ਗਈ ਹੈ ਸਜ਼ਾ
ਅਦਾਲਤ ਵਲੋਂ ਤਨਵੀਰ ਸਿੰਘ (19) ਨੂੰ ਪੰਜ ਸਾਲ ਕੈਦ, ਦਇਆਜੀਤ ਸਿੰਘ ਬਿਲਿੰਗ (21) ਨੂੰ 27 ਮਹੀਨੇ ਅਤੇ ਹਰਜੋਤ ਸਿੰਘ (21) ਨੂੰ 25 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ । ਘਟਨਾ ਜੋ ਕਿ ਫ਼ਰਵਰੀ ਮਹੀਨੇ ਵਾਪਰੀ ਸੀ ਤੋਂ ਤੁਰੰਤ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਤਿੰਨਾਂ ਨੂੰ ਘਟਨਾ ਵਾਲੀ ਥਾਂ ਦੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਸੀ । ਤਿੰਨਾਂ ਨੇ ਆਪਣਾ ਗੁਨਾਹ ਮੰਨਦੇ ਹੋਏ ਅਤੇ ਅੱਗੇ ਤੋਂ ਕਿਸੇ ਵੀ ਤਰ੍ਹਾਂ ਦੇ ਅਪਰਾਧ ਤੋਂ ਤੋਬਾ ਕਰਦਿਆਂ ਜੱਜ ਅੱਗੇ ਆਪਣੇ ਕੀਤੇ ਉੱਤੇ ਅਫ਼ਸੋਸ ਪ੍ਰਗਟ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਕੀਤੇ ਗੁਨਾਹਾਂ ਦੀ ਬਣਦੀ ਵੱਧ ਤੋਂ ਵੱਧ ਸਜ਼ਾ ਦੀ ਥਾਂ ਲਿਹਾਜ਼ ਕਰਦਿਆਂ ਅੱਧੀ ਤੋਂ ਵੀ ਘੱਟ ਸਜ਼ਾ ਸੁਣਾਈ ਗਈ ।
ਕੀ ਆਖਣਾ ਹੈ ਪੁਲਸ ਦਾ
ਸਰੀ ਪੁਲਸ ਦਾ ਆਖਣਾ ਹੈ ਕਿ ਇਹ ਮੁਲਜ਼ਮ ਰੰਗਦਾਰੀ, ਹਥਿਆਰਾਂ ਦੀ ਵਰਤੋਂ ਅਤੇ ਸੰਗਠਤ ਅਪਰਾਧ ਨਾਲ ਜੁੜੇ ਮਾਮਲਿਆਂ ਵਿਚ ਜਾਂਚ ਦੇ ਘੇਰੇ ਵਿਚ ਹਨ। ਸੂਚੀ ਵਿਚ ਹੰਸਪ੍ਰੀਤ ਸਿੰਘ, ਹਰਸ਼ਦੀਪ ਸਿੰਘ, ਹਰਜੋਤ ਸਿੰਘ, ਤਨਵੀਰ ਸਿੰਘ, ਲਵਬੀਰ ਸਿੰਘ, ਦਇਆਜੀਤ ਬਿਲਿੰਗ ਅਤੇ ਪ੍ਰਭਜੋਤ ਸਿੰਘ ਦੇ ਨਾਂ ਸ਼ਾਮਲ ਸਨ ।
ਗੈਰ-ਕਾਨੂੰਨੀ ਗਤੀਵਿਧੀਆਂ ਦੀ ਮਿਲ ਰਹੀਆਂ ਸੀ ਲਗਾਤਾਰ ਸਿ਼ਕਾਇਤਾਂ
ਪੁਲਸ ਮੁਤਚਾਬਕ ਇਨ੍ਹਾਂ ਦੀਆਂ ਗਤੀਵਿਧੀਆਂ ਨੂੰ ਲੈ ਕੇ ਲਗਾਤਾਰ ਸਿ਼ਕਾਇਤਾਂ ਮਿਲ ਰਹੀਆਂ ਸਨ । ਇਸੇ ਕਾਰਨ ਕੈਨੇਡੀਅਨ ਜਨਤਾ ਤੋਂ ਜਾਣਕਾਰੀ ਇਕੱਠੀ ਕਰਨ ਲਈ ਤਸਵੀਰਾਂ ਜਨਤਕ ਕੀਤੀਆਂ ਗਈਆਂ ਸਨ । ਮਾਮਲੇ ਵਿਚ ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀ. ਬੀ. ਐੱਸ. ਏ.) ਨੇ ਵੀ ਕਾਰਵਾਈ ਕਰਦਿਆਂ ਕੁਝ ਨੌਜਵਾਨਾਂ ਨੂੰ ਡਿਪੋਰਟ ਕੀਤਾ ਹੈ । ਲਵਬੀਰ ਤੇ ਪ੍ਰਭਜੋਤ ਨੂੰ ਕੈਨੇਡਾ ਤੋਂ ਬਾਹਰ ਭੇਜਿਆ ਜਾ ਚੁੱਕਾ ਹੈ ।









