Home Blog Page 614

ਲੁਧਿਆਣਾ ‘ਚ ਟਰੈਕਟਰ ਸਵਾਰ ਨੇ ਦੋ ਪੈਦਲ ਯਾਤਰੀਆਂ ਨੂੰ ਕੁਚਲਿਆ

0

ਪੰਜਾਬ ਦੇ ਲੁਧਿਆਣਾ ਵਿੱਚ ਇੱਕ ਨਸ਼ੇ ਚ ਧੁਤ ਟਰੈਕਟਰ ਚਾਲਕ ਨੇ ਦੋ ਪੈਦਲ ਯਾਤਰੀਆਂ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਇੱਕ ਰਾਹਗੀਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਇੱਕ ਔਰਤ ਰਾਹਗੀਰ ਦੀ ਈਐਸਆਈ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਦੀਪਕ ਅਤੇ ਰੁਧੰਤੀ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਦੀਪਕ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਮਦਾਰਪੁਰ ਪਿੰਡ ਦਾ ਰਹਿਣ ਵਾਲਾ ਸੀ। ਹਾਦਸੇ ਤੋਂ ਲਗਭਗ 3 ਘੰਟੇ ਪਹਿਲਾਂ ਹੀ ਦੀਪਕ ਕਿਸੇ ਕੰਮ ਲਈ ਆਪਣੇ ਰਿਸ਼ਤੇਦਾਰ ਨਾਲ ਲੁਧਿਆਣਾ ਆਇਆ ਸੀ। ਇਸ ਦੌਰਾਨ, ਔਰਤ ਰੁਧੰਤੀ ਕਿਸੇ ਕੰਮ ਲਈ ਜਾ ਰਹੀ ਸੀ ਕਿ ਇਹ ਹਾਦਸਾ ਵਾਪਰ ਗਿਆ। ਰੁਧੰਤੀ ਨੂੰ ਜ਼ਖਮੀ ਹਾਲਤ ਵਿੱਚ ਈਐਸਆਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ। ਰੁਧਾਂਤੀ ਦੇ ਦੋ ਪੁੱਤਰ ਹਨ, ਸ਼ੁਭਮ ਅਤੇ ਅੰਕੁਰ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੇ ਤੁਰੰਤ ਬਾਅਦ ਲੋਕਾਂ ਨੇ ਡਰਾਈਵਰ ਵਿੱਕੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਪਿੰਡ ਲੋਹਾਰਾ ਦੇ ਰਹਿਣ ਵਾਲੇ ਵਿੱਕੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਵੰਦੇ ਭਾਰਤ ਅਤੇ ਰਾਜਧਾਨੀ ਐਕਸਪ੍ਰੈਸ ‘ਤੇ ਪਥਰਾਅ

0

ਵੰਦੇ ਭਾਰਤ ਅਤੇ ਰਾਜਧਾਨੀ ਐਕਸਪ੍ਰੈਸ ਟ੍ਰੇਨਾਂ ‘ਤੇ ਪਥਰਾਅ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਵਾਪਰੀ। ਐਤਵਾਰ ਰਾਤ ਨੂੰ ਕਰੀਬ 9 ਵਜੇ ਗੁਮਗਾਓਂ ਅਤੇ ਅਜਨੀ ਰੇਲਵੇ ਸਟੇਸ਼ਨਾਂ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਦੇ ਸੀ-4 ਕੋਚ ਅਤੇ ਰਾਜਧਾਨੀ ਐਕਸਪ੍ਰੈਸ ਦੇ ਬੀ-1 ਕੋਚ ‘ਤੇ ਪੱਥਰਬਾਜ਼ੀ ਦੀ ਘਟਨਾ ਵਾਪਰੀ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਆਰਪੀਐਫ ਨਾਗਪੁਰ ਦੇ ਸੀਨੀਅਰ ਡਿਵੀਜ਼ਨਲ ਸੁਰੱਖਿਆ ਕਮਿਸ਼ਨਰ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਰਾਤ ਵੇਲੇ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਪਰ ਉੱਥੇ ਕੋਈ ਵੀ ਸ਼ੱਕੀ ਵਿਅਕਤੀ ਨਹੀਂ ਮਿਲਿਆ।

ਕਿਉਂਕਿ ਇਹ ਘਟਨਾ ਰਾਤ ਦੇ ਹਨੇਰੇ ਵਿੱਚ ਵਾਪਰੀ ਸੀ ਅਤੇ ਯਾਤਰੀ ਵੀ ਸਹੀ ਜਗ੍ਹਾ ਨਹੀਂ ਦੱਸ ਸਕੇ, ਇਸ ਲਈ ਜਗ੍ਹਾ ਦੀ ਸਹੀ ਪਛਾਣ ਨਹੀਂ ਹੋ ਸਕੀ। ਇੱਕ ਅਧਿਕਾਰੀ ਨੇ ਕਿਹਾ ਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਪੱਥਰਬਾਜ਼ੀ ਦੀ ਘਟਨਾ ਵਿੱਚ ਕੋਈ ਵੀ ਯਾਤਰੀ ਜ਼ਖਮੀ ਨਹੀਂ ਹੋਇਆ।

ਪੰਜਾਬ ਦੇ ਇਨ੍ਹਾਂ 11 ਜ਼ਿਲ੍ਹਿਆਂ ‘ਚ ਅੱਜ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ

0

ਮੌਸਮ ਵਿਭਾਗ ਅਨੁਸਾਰ ਕੱਲ੍ਹ ਸ਼ਾਮ ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਤੋਂ ਉੱਪਰ ਦਰਜ ਕੀਤਾ ਗਿਆ। ਹਾਲਾਂਕਿ, ਪਿਛਲੇ 24 ਘੰਟਿਆਂ ਵਿੱਚ 1 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ, ਪਰ ਤਾਪਮਾਨ ਅਜੇ ਵੀ ਆਮ ਨਾਲੋਂ 1.8 ਡਿਗਰੀ ਸੈਲਸੀਅਸ ਵੱਧ ਹੈ। ਪਰ ਅੱਜ ਪੰਜਾਬ ਵਿੱਚ ਗਰਮੀ ਤੋਂ ਰਾਹਤ ਮਿਲੇਗੀ।

ਮੌਸਮ ਵਿਭਾਗ ਵੱਲੋਂ ਅੱਜ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ, ਨਵਾਂਸ਼ਹਿਰ ਅਤੇ ਪਟਿਆਲਾ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।

ਪੰਜਾਬ ‘ਚ ਅੱਜ ਤੋਂ 24 ਮਈ ਤੱਕ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਤੋਂ ਇਲਾਵਾ, 24 ਮਈ ਤੱਕ ਵੱਖ-ਵੱਖ ਜ਼ਿਲ੍ਹਿਆਂ ਵਿੱਚ ਧੂੜ ਭਰੀ ਹਨੇਰੀ, ਤੇਜ਼ ਹਵਾਵਾਂ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਖਾਸ ਕਰਕੇ ਬਠਿੰਡਾ, ਫਰੀਦਕੋਟ, ਫਾਜ਼ਿਲਕਾ ਅਤੇ ਮਾਨਸਾ ਵਰਗੇ ਜ਼ਿਲ੍ਹਿਆਂ ਨੂੰ 22 ਮਈ ਨੂੰ ਅਲਰਟ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

ਨਸ਼ਾ ਮੁਕਤੀ ਯਾਤਰਾ ਤਹਿਤ ਨਸ਼ਿਆਂ ਵਿਰੁੱਧ ਨਿਰਣਾਇਕ ਲੜਾਈ ‘ਚ ਇਕਜੁੱਟ ਹੋਏ ਵਿਧਾਇਕ

0

ਲੁਧਿਆਣਾ: ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਇੱਕ ਵੱਡੇ ਉਪਰਾਲੇ ਵਜੋਂ ਲੁਧਿਆਣਾ ਦੇ ਵਿਧਾਇਕਾਂ ਨੇ ਪੰਜਾਬ ਸਰਕਾਰ ਦੀ ਯੁੱਧ ਨਸ਼ਿਆ ਵਿਰੁੱਧ ਪਹਿਲਕਦਮੀ ਦੇ ਤਹਿਤ ਇੱਕ ਪਰਿਵਰਤਨਸ਼ੀਲ ਮੁਹਿੰਮ ਨਸ਼ਾ ਮੁਕਤੀ ਯਾਤਰਾ ਦੀ ਅਗਵਾਈ ਕੀਤੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਜ਼ਮੀਨੀ ਪੱਧਰ ਤੱਕ ਇਸ ਮੁਹਿੰਮ ਵਿੱਚ ਸ਼ਾਮਲ ਹੋਏ। ਆਪਣੇ ਸੰਬੋਧਨ ਵਿੱਚ ਵਿਧਾਇਕ ਕੁਲਵੰਤ ਸਿੰਘ ਸਿੱਧੂ, ਮਦਨ ਲਾਲ ਬੱਗਾ, ਦਲਜੀਤ ਸਿੰਘ ਭੋਲਾ ਗਰੇਵਾਲ, ਅਸ਼ੋਕ ਪਰਾਸ਼ਰ ਪੱਪੀ, ਰਜਿੰਦਰਪਾਲ ਕੌਰ ਛੀਨਾ, ਹਾਕਮ ਸਿੰਘ ਠੇਕੇਦਾਰ ਤੇ ਹੋਰਨਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਇੱਕਜੁੱਟ ਹੋ ਕੇ ਨਸ਼ਾ ਮੁਕਤੀ ਯਾਤਰਾ ਦਾ ਐਲਾਨ ਕੀਤਾ।

ਉਨ੍ਹਾਂ ਨੇ ਪੁਸ਼ਟੀ ਕੀਤੀ, “ਇਹ ਲਹਿਰ ਹਰੇਕ ਨਾਗਰਿਕ ਨੂੰ ਹੱਥ ਮਿਲਾਉਣ ਅਤੇ ਪੰਜਾਬ ਦੇ ਭਵਿੱਖ ਨੂੰ ਨਸ਼ਿਆਂ ਦੇ ਚੁੰਗਲ ਤੋਂ ਬਚਾਉਣ ਦਾ ਸੱਦਾ ਹੈ।” ਨਸ਼ਿਆਂ ਦੇ ਖਤਰੇ ਨਾਲ ਲੜਨ ਲਈ ਸਥਾਨਕ ਲੋਕਾਂ ਨੂੰ ਸਸ਼ਕਤ ਬਣਾਉਣ ਵਿੱਚ ਮੁਹਿੰਮ ਦੀ ਭੂਮਿਕਾ ‘ਤੇ ਜ਼ੋਰ ਦਿੱਤਾ। ਵਿਧਾਇਕਾਂ ਨੇ ਵਸਨੀਕਾਂ ਨੂੰ ਨਸ਼ਾ ਤਸਕਰਾਂ ਦੀ ਪੁਲਿਸ ਨੂੰ ਰਿਪੋਰਟ ਕਰਨ ਅਤੇ ਨਸ਼ਾ ਛੁਡਾਊ ਇਲਾਜ ਵੱਲ ਅਗਵਾਈ ਕਰਕੇ ਨਸ਼ੇ ਨਾਲ ਜੂਝ ਰਹੇ ਵਿਅਕਤੀਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਐਲਾਨ ਕੀਤਾ ਕਿ ਸਰਕਾਰ ਇਲਾਜ ਅਧੀਨ ਲੋਕਾਂ ਲਈ ਹੁਨਰ ਵਿਕਾਸ ਪ੍ਰੋਗਰਾਮ ਪ੍ਰਦਾਨ ਕਰਨ ਲਈ ਵਚਨਬੱਧ ਹੈ ਜਿਸ ਨਾਲ ਉਹ ਸਿਹਤਮੰਦ, ਉਤਪਾਦਕ ਜੀਵਨ ਜੀਅ ਸਕਣ ਅਤੇ ਸਮਾਜ ਵਿੱਚ ਸਹਿਜਤਾ ਨਾਲ ਮੁੜ ਜੁੜ ਸਕਣ।

ਵਿਧਾਇਕਾਂ ਨੇ ਪੰਜਾਬ ਸਰਕਾਰ ਦੇ ਹਮਲਾਵਰ ਉਪਾਵਾਂ ਨੂੰ ਉਜਾਗਰ ਕੀਤਾ ਜਿਸ ਵਿੱਚ ਤਸਕਰਾਂ ‘ਤੇ ਕਾਰਵਾਈ ਅਤੇ ਉਨ੍ਹਾਂ ਦੀਆਂ ਨਾਜਾਇਜ਼ ਜਾਇਦਾਦਾਂ ਨੂੰ ਢਾਹੁਣਾ ਸ਼ਾਮਲ ਹੈ ਜੋ ਕਿ ਨਸ਼ਿਆਂ ਦੇ ਨੈੱਟਵਰਕਾਂ ‘ਤੇ ਇੱਕ ਇਤਿਹਾਸਕ ਕਾਰਵਾਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਸ਼ਾ ਤਸਕਰਾਂ ਨੂੰ ਪੰਜਾਬ ਛੱਡਣ ਦੀ ਸਖ਼ਤ ਚੇਤਾਵਨੀ ਨੂੰ ਵੀ ਦੁਹਰਾਇਆ ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ। ਵਿਧਾਇਕਾਂ ਨੇ ਲੋਕਾਂ ਨੂੰ ਸਹੁੰ ਵੀ ਚੁਕਾਈ। ਉਨ੍ਹਾਂ ਨੂੰ ਵਿਆਪਕ ਭਾਗੀਦਾਰੀ ਅਤੇ ਅਟੁੱਟ ਵਚਨਬੱਧਤਾ ਰਾਹੀਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ਾਨਦਾਰ ਸਫਲਤਾ ਨੂੰ ਯਕੀਨੀ ਬਣਾਉਣ ਲਈ ਇਕੱਠਿਆਂ ਕੀਤਾ।

ਸਾਬਕਾ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੂੰ ਪ੍ਰੋਸਟੇਟ ਕੈਂਸਰ

0

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ 82 ਸਾਲਾਂ ਜੋਅ ਬਿਡੇਨ ਨੂੰ ਪ੍ਰੋਸਟੇਟ ਕੈਂਸਰ ਹੋਣ ਦੀ ਖਬਰ ਸਾਹਮਣੇ ਹੈ। ਇਹ ਹੁਣ ਹੱਡੀਆਂ ਤੱਕ ਫੈਲ ਚੁੱਕਾ ਹੈ। ਬਾਇਡਨ ਦੇ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।

ਬਾਇਡਨ ਦੇ ਪ੍ਰੋਸਟੇਟ ਕੈਂਸਰ ਦੀ ਖ਼ਬਰ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ – ਮੇਲਾਨੀਆ ਅਤੇ ਮੈਂ ਜੋ ਬਾਇਡਨ ਦੀ ਸੇਹਤ ਸਮੱਸਿਆ ਬਾਰੇ ਸੁਣ ਕੇ ਦੁਖੀ ਹਾਂ। ਅਸੀਂ ਜਿਲ ਅਤੇ ਉਸਦੇ ਪਰਿਵਾਰ ਲਈ ਆਪਣੀਆਂ ਪ੍ਰਾਰਥਨਾਵਾਂ ਭੇਜਦੇ ਹਾਂ, ਅਤੇ ਜੋਅ ਦੇ ਜਲਦੀ ਅਤੇ ਸਫਲ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।

ਇਸ ਦੇ ਨਾਲ ਹੀ ਅਮਰੀਕਾ ਦੀ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਕ ਪੋਸਟ ਵਿੱਚ ਲਿਖਿਆ – ਡੱਗ ਅਤੇ ਮੈਂ ਰਾਸ਼ਟਰਪਤੀ ਬਿਡੇਨ ਦੇ ਪ੍ਰੋਸਟੇਟ ਕੈਂਸਰ ਬਾਰੇ ਜਾਣ ਕੇ ਦੁਖੀ ਹਾਂ। ਜੋਅ ਇੱਕ ਯੋਧਾ ਹੈ ਅਤੇ ਸਾਨੂੰ ਪਤਾ ਹੈ ਕਿ ਉਹ ਇਸ ਚੁਣੌਤੀ ਦਾ ਸਾਹਮਣਾ ਉਸੇ ਤਾਕਤ ਅਤੇ ਆਸ਼ਾਵਾਦ ਨਾਲ ਕਰਨਗੇ ਜੋ ਹਮੇਸ਼ਾ ਉਨ੍ਹਾਂ ਦੇ ਜੀਵਨ ਅਤੇ ਅਗਵਾਈ ਨੂੰ ਪਰਿਭਾਸ਼ਿਤ ਕਰਦਾ ਹੈ। ਅਸੀਂ ਉਸਦੀ ਪੂਰੀ ਅਤੇ ਜਲਦੀ ਸਿਹਤਯਾਬੀ ਦੀ ਉਮੀਦ ਕਰਦੇ ਹਾਂ।

7 ਕਰੋੜ ਦੀ ਲਾਗਤ ਨਾਲ ਫਾਜ਼ਿਲਕਾ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਲਈ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਦੀ ਅੱਜ ਹੋਵੇਗੀ ਸ਼ੁਰੂਆਤ

0

ਫਾਜ਼ਿਲਕਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਇਆ ਕਰਵਾਉਣ ਲਈ ਵਚਨਬੱਧ ਹੈ | ਇਸੇ ਤਹਿਤ 7 ਕਰੋੜ ਦੀ ਲਾਗਤ ਨਾਲ ਫਾਜ਼ਿਲਕਾ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਲਈ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਦੀ ਅੱਜ 19 ਮਈ ਨੂੰ ਕੈਬਨਿਟ ਮੰਤਰੀ ਡਾ. ਰਾਵਜੋਤ ਸਿੰਘ ਨੀਂਹ ਪੱਥਰ ਰੱਖ ਕੇ ਕੰਮ ਦੀ ਸ਼ੁਰੂਆਤ ਕਰਵਾਉਣਗੇ। ਇਹ ਜਾਣਕਾਰੀ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦਿੱਤੀ।

ਫਾਜ਼ਿਲਕਾ ਦੇ ਵਿਧਾਇਕ ਸਵਨਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਫਾਜ਼ਿਲਕਾ ਸ਼ਹਿਰ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਲਈ ਪਾਈਪਲਾਈਨ ਪਾਉਣ ਲਈ 6.98 ਕਰੋੜ ਰੁਪਏ ਨਾਲ ਸ਼ਹਿਰ ਵਿੱਚ 20 ਕਿਲੋਮੀਟਰ ਲੰਬੀ ਪੀਣ ਦੇ ਪਾਣੀ ਦੀ ਪਾਈਪਲਾਈਨ ਵਿਛਾਈ ਜਾਵੇਗੀ ਅਤੇ ਇਸ ਨਾਲ ਲਗਭਗ 2000 ਘਰਾਂ ਤੱਕ ਪੀਣ ਦਾ ਸਾਫ ਪਾਣੀ ਪਹੁੰਚੇਗਾ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਫਾਜ਼ਿਲਕਾ ਸ਼ਹਿਰ ਦੇ ਖਾਸ ਕਰਕੇ ਬਾਹਰੀ ਇਲਾਕਿਆਂ ਅਤੇ ਸਲੰਮ ਖੇਤਰਾਂ ਵਿੱਚ ਇਸ ਰਕਮ ਨਾਲ ਪੀਣ ਦਾ ਪਾਣੀ ਪਹੁੰਚਾਉਣ ਲਈ ਪਾਈਪਲਾਈਨ ਵਿਛਾਈ ਜਾਵੇਗੀ ਅਤੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਮੁਫਤ ਪਾਣੀ ਦੇ ਕਨੈਕਸ਼ਨ ਕਰਕੇ ਦਿੱਤੇ ਜਾਣਗੇ। ਫਾਜ਼ਿਲਕਾ ਇਲਾਕੇ ਵਿੱਚ ਧਰਤੀ ਹੇਠਲਾ ਪਾਣੀ ਪੀਣ ਦੇ ਲਈ ਢੁਕਵਾਂ ਨਾ ਹੋਣ ਕਰਕੇ ਵਾਟਰ ਵਰਕਸ ਅਧਾਰਤ ਪੀਣ ਦੇ ਪਾਣੀ ਦੀ ਸਪਲਾਈ ਦੀ ਬਹੁਤ ਜਰੂਰਤ ਸੀ । ਇਹ ਮੰਗ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੇ ਲੋਕ ਕਰ ਰਹੇ ਸਨ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਗਿਆ |

ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਇਸ ਰਕਮ ਨਾਲ ਧੀਗੜਾਂ ਕਲੋਨੀ, ਨਵੀਂ ਆਬਾਦੀ, ਬਾਧਾ ਲੇਕ ਦੇ ਨੇੜੇ ਵਾਲੀ ਕਲੋਨੀ, ਫਰੀਡਮ ਫਾਈਟਰ ਰੋੜ , ਮਲੋਟ ਰੋਡ ਪੈਂਚਾਂ ਵਾਲੀ ਦੇ ਨਾਲ ਵਾਲੀ ਕਲੋਨੀ, ਫਿਰੋਜ਼ਪੁਰ ਰੋੜ ਪੁੱਲ ਦੇ ਨਾਲ ਵਾਲੀ ਕਲੋਨੀ, ਸੱਚਾ ਸੌਦਾ ਡੇਰੇ ਦੇ ਸਾਹਮਣੇ, ਸ਼੍ਰੀ ਰਾਮ ਸ਼ਰਨਮ ਆਸ਼ਰਮ ਦੇ ਨੇੜੇ ਵਾਲੀ ਕਲੋਨੀ, ਅਬੋਹਰ ਰੋਡ ਬੁਲਟ ਏਜੰਸੀ ਦੇ ਪਿੱਛੇ ਤੱਕ, ਅੰਨੀ ਦਿੱਲੀ, ਧੋਬੀ ਘਾਟ, ਮਾਧਵ ਨਗਰੀ , ਵਿਜੇ ਕਲੋਨੀ ਦੇ ਸਾਹਮਣੇ ਵਾਲੀ ਕਲੋਨੀ, ਖੱਟੀਕਾ ਮੁਹੱਲਾ ਆਦਿ ਵਿੱਚ ਪੀਣ ਦੇ ਪਾਣੀ ਦੀ ਪਾਈਪਲਾਈਨ ਵਿਛਾਈ ਜਾਵੇਗੀ।

ਬੀਤੇ ਦਿਨ ਦੀਆਂ ਚੋਣਵੀਆਂ ਖ਼ਬਰਾਂ 19-5-2025

0
Breaking

ਅਮਰੀਕਾ ਵਿੱਚ ਭਿਆਨਕ ਤੂਫਾਨ, 27 ਲੋਕਾਂ ਦੀ ਮੌਤ: 6.50 ਲੱਖ ਘਰਾਂ ਦੀ ਬਿਜਲੀ ਗੁੱਲ

ਅਮਰੀਕਾ ਵਿੱਚ ਆਏ ਭਿਆਨਕ ਤੂਫ਼ਾਨ ਕਾਰਨ ਪਿਛਲੇ 48 ਘੰਟਿਆਂ ਵਿੱਚ 27 ਲੋਕਾਂ ਦੀ ਮੌਤ ਹੋ ਗਈ। ਇਸਦਾ ਸਭ ਤੋਂ ਵੱਧ ਪ੍ਰਭਾਵ ਸੱਤ ਰਾਜਾਂ ਵਿੱਚ ਪਿਆ ਹੈ, ਜਿਨ੍ਹਾਂ ਵਿੱਚ ਮਿਸੂਰੀ ਅਤੇ ਦੱਖਣ-ਪੂਰਬੀ ਕੈਂਟਕੀ ਸ਼ਾਮਲ ਹਨ। 27 ਮੌਤਾਂ ਵਿੱਚੋਂ 18 ਕੈਂਟਕੀ ਵਿੱਚ, 7 ਮਿਸੂਰੀ ਵਿੱਚ ਅਤੇ 2 ਉੱਤਰੀ….ਹੋਰ ਪੜੋ

‘ਮੈਂ ਭਾਰਤ-ਪਾਕਿ ਪ੍ਰਮਾਣੂ ਯੁੱਧ ਰੋਕਿਆ: ਮੈਨੂੰ ਇਸਦਾ ਸਿਹਰਾ ਨਹੀਂ ਮਿਲਿਆ’: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਰੋਕਣ ਵਿੱਚ ਵੱਡੀ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਇੰਨਾ ਵੱਧ ਗਿਆ ਸੀ ਕਿ ਉਹ ਪ੍ਰਮਾਣੂ ਯੁੱਧ ਦੇ ਬਹੁਤ ਨੇੜੇ….ਹੋਰ ਪੜੋ

‘ਜੰਗਬੰਦੀ ਅਣਮਿੱਥੇ ਸਮੇਂ ਲਈ ਜਾਰੀ, ਅਫਵਾਹਾਂ ‘ਤੇ ਧਿਆਨ ਨਾ ਦਿਓ’, ਭਾਰਤ-ਪਾਕਿਸਤਾਨ ਜੰਗਬੰਦੀ ‘ਤੇ ਫੌਜ ਨੇ ਦਿੱਤਾ ਬਿਆਨ

ਭਾਰਤੀ ਫੌਜ ਨੇ ਭਾਰਤ-ਪਾਕਿਸਤਾਨ ਜੰਗਬੰਦੀ ਸਮਝੌਤੇ ਸੰਬੰਧੀ ਖ਼ਬਰਾਂ ‘ਤੇ ਇੱਕ ਬਿਆਨ ਜਾਰੀ ਕੀਤਾ ਹੈ। ਭਾਰਤੀ ਫੌਜ ਨੇ ਸਪੱਸ਼ਟ ਕੀਤਾ ਹੈ ਕਿ ਅੱਜ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨ (ਡੀਜੀਐਮਓ) ਪੱਧਰ ਦੀ ਕੋਈ ਗੱਲਬਾਤ ਤੈਅ….ਹੋਰ ਪੜੋ

ਫੌਜ ‘ਤੇ ਟਿੱਪਣੀ ਕਰਨ ‘ਤੇ ਪ੍ਰੋਫੈਸਰ ਖਾਨ ਵਿਰੁੱਧ FIR ਦਰਜ

ਹਰਿਆਣਾ ਵਿੱਚ ਫੌਜ ਦੇ ‘ਆਪ੍ਰੇਸ਼ਨ ਸਿੰਦੂਰ’ ‘ਤੇ ਟਿੱਪਣੀ ਕਰਨ ਵਾਲੇ ਪ੍ਰੋਫੈਸਰ ਅਲੀ ਖਾਨ ਮਹਿਮੂਦਾਬਾਦ ਨੂੰ ਸੋਨੀਪਤ ਪੁਲਿਸ ਨੇ ਦਿੱਲੀ ਦੇ ਗ੍ਰੇਟਰ ਕੈਲਾਸ਼ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਅਸ਼ੋਕਾ ਯੂਨੀਵਰਸਿਟੀ ਵਿੱਚ ਪੜ੍ਹਾਉਣ ਵਾਲੇ ਇਸ ਪ੍ਰੋਫੈਸਰ ਨੇ ਕਰਨਲ ਸੋਫੀਆ…ਹੋਰ ਪੜੋ

ਆਪ੍ਰੇਸ਼ਨ ਸੀਲ-13: ਨਸ਼ਾ ਤਸਕਰਾਂ ਅਤੇ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ’ਤੇ ਤਿੱਖੀ ਨਜ਼ਰ ਰੱਖਣ ਲਈ 92 ਐਂਟਰੀ/ਐਗਜ਼ਿਟ ਪੁਆਇੰਟ ਕੀਤੇ ਸੀਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ਵਿੱਚੋਂ ਨਸ਼ਿਆਂ ਦੇ ਮੁੰਕਮਲ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ 78ਵੇਂ ਦਿਨ , ਪੰਜਾਬ ਪੁਲਿਸ ਨੇ ਐਤਵਾਰ ਨੂੰ ਇੱਕ ਵਿਸ਼ੇਸ਼ ਆਪ੍ਰੇਸ਼ਨ ’ਆਪ੍ਰੇਸ਼ਨ ਸੀਲ-13’ ਚਲਾਇਆ, ਜਿਸਦਾ….ਹੋਰ ਪੜੋ

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ 19-5-2025

0

ਧਨਾਸਰੀ ਮਹਲਾ ੫ ॥

ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥ ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥੧॥ ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥ ਆਲਸੁ ਛੀਜਿ ਗਇਆ ਸਭੁ ਤਨ ਤੇ ਪ੍ਰੀਤਮ ਸਿਉ ਮਨੁ ਲਾਗਾ ॥ ਰਹਾਉ ॥ ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥ ਨਾਮ ਉਦਕੁ ਪੀਵਤ ਜਨ ਨਾਨਕ ਤਿਆਗੇ ਸਭਿ ਅਨੁਰਾਗਾ ॥੨॥੧੬॥੪੭॥

ਸੋਮਵਾਰ, ੬ ਜੇਠ (ਸੰਮਤ ੫੫੭ ਨਾਨਕਸ਼ਾਹੀ)

(ਅੰਗ: ੬੮੨)

 

ਪੰਜਾਬੀ ਵਿਆਖਿਆ

ਹੇ ਭਾਈ! ਉਸ ਮਨੁੱਖ ਨੂੰ ਬਦ-ਕਿਸਮਤ ਸਮਝੋ, ਜਿਸ ਨੂੰ ਜਿੰਦ ਦਾ ਮਾਲਕ-ਪ੍ਰਭੂ ਵਿਸਰ ਜਾਂਦਾ ਹੈ । ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਲੱਭ ਲੈਂਦਾ ਹੈ ।੧।ਹੇ ਪ੍ਰਭੂ! ਤੇਰਾ ਸੇਵਕ ਤੇਰੇ ਨਾਮ-ਰੰਗ ਵਿਚ ਟਿਕ ਕੇ (ਮਾਇਆ ਦੇ ਮੋਹ ਵਲੋਂ ਸਦਾ) ਸੁਚੇਤ ਰਹਿੰਦਾ ਹੈ । ਉਸ ਦੇ ਸਰੀਰ ਵਿਚੋਂ ਸਾਰਾ ਆਲਸ ਮੁੱਕ ਜਾਂਦਾ ਹੈ, ਉਸ ਦਾ ਮਨ, (ਹੇ ਭਾਈ!) ਪ੍ਰੀਤਮ-ਪ੍ਰਭੂ ਨਾਲ ਜੁੜਿਆ ਰਹਿੰਦਾ ਹੈ ।ਰਹਾਉ। ਹੇ ਭਾਈ! (ਉਸ ਦੇ ਸਿਮਰਨ ਦੀ ਬਰਕਤਿ ਨਾਲ) ਮੈਂ (ਭੀ) ਜਿਧਰ ਜਿਧਰ ਵੇਖਦਾ ਹਾਂ, ਉਥੇ ਉਥੇ ਪਰਮਾਤਮਾ ਹੀ ਸਾਰੇ ਸਰੀਰਾਂ ਵਿਚ ਮੌਜੂਦ ਦਿੱਸਦਾ ਹੈ ਜਿਵੇਂ ਧਾਗਾ (ਸਾਰੇ ਮਣਕਿਆਂ ਵਿਚ ਪ੍ਰੋਇਆ ਹੁੰਦਾ ਹੈ) । ਹੇ ਨਾਨਕ! ਪ੍ਰਭੂ ਦੇ ਦਾਸ ਉਸ ਦਾ ਨਾਮ-ਜਲ ਪੀਂਦਿਆਂ ਹੀ ਹੋਰ ਸਾਰੇ ਮੋਹ-ਪਿਆਰ ਛੱਡ ਦੇਂਦੇ ਹਨ ।੨।੧੬।੪੭।

 

ਲਸ਼ਕਰ-ਏ-ਤੋਇਬਾ ਦਾ ਅੱਤਵਾਦੀ ਅਬੂ ਸੈਫਉੱਲਾ ਦੀ ਹੋਈ ਮੌਤ, ਅਣਪਛਾਤੇ ਹਮਲਾਵਰਾਂ ਨੇ ਮਾਰੀ ਗੋਲੀ

0

ਲਸ਼ਕਰ-ਏ-ਤੋਇਬਾ ਅਤੇ ਜਮਾਤ ਦਾ ਅੱਤਵਾਦੀ ਰਾਜੁੱਲਾ ਨਿਜ਼ਾਮਨੀ ਉਰਫ ਅਬੂ ਸੈਫੁੱਲਾ ਮਾਰਿਆ ਗਿਆ ਹੈ। ਸੈਫੁੱਲਾ ਨੂੰ ਪਾਕਿਸਤਾਨ ਦੇ ਸਿੰਧ ਵਿੱਚ ਮਤਲੀ ਫਲਕਾਰਾ ਚੌਕ ਨੇੜੇ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ। ਹਾਲਾਂਕਿ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸਨੂੰ ਕਦੋਂ ਗੋਲੀ ਮਾਰੀ ਗਈ।

ਸੈਫ਼ੁੱਲਾ ਨੇਪਾਲ ਵਿੱਚ ਲਸ਼ਕਰ ਦੇ ਮਾਡਿਊਲ ‘ਤੇ ਕੰਮ ਕਰ ਰਿਹਾ ਸੀ। ਉਹ ਨੇਪਾਲ ਵਿੱਚ ਵਿਨੋਦ ਕੁਮਾਰ ਦੇ ਨਾਮ ਨਾਲ ਕੰਮ ਕਰਦਾ ਸੀ। ਉਸਦਾ ਵਿਆਹ ਇੱਕ ਨੇਪਾਲੀ ਔਰਤ, ਨਗਮਾ ਬਾਨੋ ਨਾਲ ਹੋਇਆ ਸੀ।

ਨਾਗਪੁਰ ਵਿੱਚ ਆਰਐਸਐਸ ਹੈੱਡਕੁਆਰਟਰ ‘ਤੇ ਹੋਏ ਹਮਲੇ ਵਿੱਚ ਸ਼ਾਮਲ ਸੀ

ਸੈਫ਼ੁੱਲਾ ਭਾਰਤ ਵਿੱਚ ਅੱਤਵਾਦੀਆਂ ਦੀ ਘੁਸਪੈਠ ਅਤੇ ਵਿੱਤੀ ਮਦਦ ਇਕੱਠੀ ਕਰਨ ਵਰਗੇ ਗੰਭੀਰ ਅਪਰਾਧ ਕਰ ਰਿਹਾ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਸੈਫੁੱਲਾ ਲਸ਼ਕਰ ਦੇ ਆਪ੍ਰੇਸ਼ਨਲ ਕਮਾਂਡਰ ਆਜ਼ਮ ਚੀਮਾ ਉਰਫ ਬਾਬਾਜੀ ਦਾ ਸਾਥੀ ਸੀ।

ਸੈਫੁੱਲਾ 2006 ਵਿੱਚ ਨਾਗਪੁਰ ਵਿੱਚ ਆਰਐਸਐਸ ਹੈੱਡਕੁਆਰਟਰ ‘ਤੇ ਹੋਏ ਹਮਲੇ ਵਿੱਚ ਸ਼ਾਮਲ ਸੀ। ਇਸ ਤੋਂ ਇਲਾਵਾ, ਉਹ 2008 ਵਿੱਚ ਉੱਤਰ ਪ੍ਰਦੇਸ਼ ਦੇ ਰਾਮਪੁਰ ਵਿੱਚ ਸੀਆਰਪੀਐਫ ਕੈਂਪ ‘ਤੇ ਹੋਏ ਅੱਤਵਾਦੀ ਹਮਲੇ ਅਤੇ 2005 ਵਿੱਚ ਆਈਆਈਐਸਸੀ ਬੰਗਲੌਰ ‘ਤੇ ਹਮਲੇ ਦੀ ਸਾਜ਼ਿਸ਼ ਦਾ ਮਾਸਟਰਮਾਈਂਡ ਸੀ।

ਆਪ੍ਰੇਸ਼ਨ ਸੀਲ-13: ਨਸ਼ਾ ਤਸਕਰਾਂ ਅਤੇ ਸ਼ਰਾਬ ਦੀ ਤਸਕਰੀ ਕਰਨ ਵਾਲਿਆਂ ’ਤੇ ਤਿੱਖੀ ਨਜ਼ਰ ਰੱਖਣ ਲਈ 92 ਐਂਟਰੀ/ਐਗਜ਼ਿਟ ਪੁਆਇੰਟ ਕੀਤੇ ਸੀਲ

0

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ਵਿੱਚੋਂ ਨਸ਼ਿਆਂ ਦੇ ਮੁੰਕਮਲ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ 78ਵੇਂ ਦਿਨ , ਪੰਜਾਬ ਪੁਲਿਸ ਨੇ ਐਤਵਾਰ ਨੂੰ ਇੱਕ ਵਿਸ਼ੇਸ਼ ਆਪ੍ਰੇਸ਼ਨ ’ਆਪ੍ਰੇਸ਼ਨ ਸੀਲ-13’ ਚਲਾਇਆ, ਜਿਸਦਾ ਉਦੇਸ਼ ਸਰਹੱਦੀ ਸੂਬੇ ਪੰਜਾਬ ਵਿੱਚ ਦਾਖਲ ਹੋਣ ਜਾਂ ਬਾਹਰ ਜਾਣ ਵਾਲੇ ਸਾਰੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਕਰਨਾ ਸੀ ਤਾਂ ਜੋ ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਦੀ ਤਸਕਰੀ ’ਤੇ ਬਾਜ਼ ਅੱਖ ਰੱਖੀ ਜਾ ਸਕੇ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਸਾਰੇ ਜ਼ਿਲਿ੍ਹਆਂ ਵਿੱਚ ਚਲਾਏ ਗਏ ਇਸ ਆਪ੍ਰੇਸ਼ਨ ਦੌਰਾਨ, ਸਰਹੱਦੀ ਜ਼ਿਲਿ੍ਹਆਂ ਦੇ ਸਾਰੇ ਐਸਐਸਪੀਜ਼ ਨੂੰ ਆਪੋ-ਆਪਣੇ ਜ਼ਿਲਿ੍ਹਆਂ ਦੀਆਂ ਸੰਵੇਦਨਸ਼ੀਲ ਅਤੇ ਸ਼ੱਕੀ ਥਾਵਾਂ ’ਤੇ ਸਾਂਝੇ ਨਾਕੇ ਲਗਾਉਣ ਅਤੇ ਗਜ਼ਟਿਡ ਅਧਿਕਾਰੀਆਂ/ਐਸਐਚਓਜ਼ ਦੀ ਨਿਗਰਾਨੀ ਹੇਠ ਸੀਲਿੰਗ ਪੁਆਇੰਟਾਂ ’ਤੇ ਮਜ਼ਬੂਤ ’ਨਾਕੇ’ ਸਥਾਪਿਤ ਕਰਨ ਲਈ ਵੱਧ ਤੋਂ ਵੱਧ ਨਫ਼ਰੀ ਜੁਟਾਉਣ ਦੇ ਨਿਰਦੇਸ਼ ਦਿੱਤੇ ਗਏ ਸਨ।
ਹੋਰ ਵੇਰਵੇ ਸਾਂਝੇ ਕਰਦਿਆਂ, ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ 10 ਜ਼ਿਲਿ੍ਹਆਂ, ਜਿੰਨਾ ਦੀਆਂ ਹੱਦਾਂ ਯੂ.ਟੀ ਚੰਡੀਗੜ੍ਹ ਸਮੇਤ 4 ਰਾਜਾਂ ਨਾਲ ਸਾਂਝੀਆਂ ਹਨ, ਦੇ ਲਗਭਗ 92 ਪ੍ਰਵੇਸ਼/ਨਿਕਾਸ ਪੁਆਇੰਟਾਂ ’ਤੇ ਇੰਸਪੈਕਟਰਾਂ/ਡੀਐਸਪੀਜ਼ ਦੀ ਨਿਗਰਾਨੀ ਹੇਠ 1000 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਨਫ਼ਰੀ ਅਤੇ ਸੁਚੱਜੇ ਤਾਲਮੇਲ ਵਾਲੇ ਮਜ਼ਬੂਤ ਨਾਕੇ ਲਗਾਏ ਗਏ ਸਨ। 10 ਅੰਤਰ-ਰਾਜੀ ਸਰਹੱਦੀ ਜ਼ਿਲਿ੍ਹਆਂ ਵਿੱਚ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਰੂਪਨਗਰ, ਐਸਏਐਸ ਨਗਰ, ਪਟਿਆਲਾ, ਸੰਗਰੂਰ, ਮਾਨਸਾ, ਹੁਸ਼ਿਆਰਪੁਰ ਅਤੇ ਬਠਿੰਡਾ ਸ਼ਾਮਲ ਹਨ।

ਪੁਲਿਸ ਟੀਮਾਂ ਵੱਲੋਂ ਨਸ਼ਿਆਂ ਵਿਰੁੱਧ ਆਪਣੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਕਾਸੋ) ਜਾਰੀ

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਦਾਖਲ ਹੋਣ/ਬਾਹਰ ਜਾਣ ਵਾਲੇ 4244 ਵਾਹਨਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 511 ਦੇ ਚਲਾਨ ਕੀਤੇ ਗਏ ਅਤੇ 39 ਨੂੰ ਕਾਰਵਾਈ ਦੌਰਾਨ ਜ਼ਬਤ ਕੀਤਾ ਗਿਆ।
ਇਸ ਤੋਂ ਇਲਾਵਾ, ਪੁਲਿਸ ਟੀਮਾਂ ਵੱਲੋਂ ਨਸ਼ਿਆਂ ਵਿਰੁੱਧ ਆਪਣੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਕਾਸੋ) ਜਾਰੀ ਹੈ, ਜਿਸ ਤਹਿਤ ਐਤਵਾਰ ਨੂੰ 490 ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਅਤੇ ਰਾਜ ਭਰ ਵਿੱਚ 109 ਐਫ. ਆਈ. ਆਰਜ਼.ਦਰਜ ਕਰਨ ਉਪਰੰਤ 136 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਨਾਲ 78 ਦਿਨਾਂ ਦੇ ਅੰਦਰ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ ਹੁਣ 11860 ਹੋ ਗਈ ਹੈ।
ਸਪੈਸ਼ਲ ਡੀਜੀਪੀ ਨੇ ਕਿਹਾ ਕਿ ਛਾਪੇਮਾਰੀ ਦੇ ਨਤੀਜੇ ਵਜੋਂ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 11.3 ਕਿਲੋਗ੍ਰਾਮ ਹੈਰੋਇਨ ਅਤੇ 3.48 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ

ਉਨ੍ਹਾਂ ਦੱਸਿਆ ਕਿ 95 ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ 1400 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਨਫਰੀ ਵਾਲੀਆਂ 200 ਤੋਂ ਵੱਧ ਪੁਲਿਸ ਟੀਮਾਂ ਨੇ ਰਾਜ ਭਰ ਵਿੱਚ ਛਾਪੇਮਾਰੀ ਕੀਤੀ ਅਤੇ ਦਿਨ ਭਰ ਚੱਲੇ ਇਸ ਆਪ੍ਰੇਸ਼ਨ ਦੌਰਾਨ 532 ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਗਈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਇੱਕ ਵਿਆਪਕ ਰਣਨੀਤੀ ਤਿਆਰ ਕੀਤੀ ਹੈ ਅਤੇ ਅਜਿਹੇ ਆਪ੍ਰੇਸ਼ਨ ਸੂਬੇ ਵਿੱਚੋਂ ਨਸ਼ੇ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹਿਣਗੇ।
ਸਪੈਸ਼ਲ ਡੀਜੀਪੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਤਿੰਨ-ਪੱਖੀ ਰਣਨੀਤੀ – ਇਨਫੋਰਸਮੈਂਟ, ਡੀ – ਅਡਿਕਸ਼ਨ ਅਤੇ ਪ੍ਰੀਵੈਨਸ਼ਨ (ਈਡੀਪੀ) – ਲਾਗੂ ਕੀਤੀ ਗਈ ਹੈ, ਜਿਸਦੇ ਤਹਿਤ ਪੰਜਾਬ ਪੁਲਿਸ ਨੇ ’ਨਸ਼ਾ ਛੁਡਾਉਣ’ ਦੇ ਹਿੱਸੇ ਵਜੋਂ ਅੱਜ 103 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਲਈ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ।