Home Blog Page 584

ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ

0

ਚੰਡੀਗੜ੍ਹ, 31 ਮਈ 2025 – ਭਾਰਤੀ ਮੌਸਮ ਵਿਭਾਗ (IMD) ਨੇ ਅੱਜ ਪੰਜਾਬ ਵਿੱਚ ਵੀ ਮੌਸਮ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਹੈ। ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ 7 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਸੂਬੇ ਵਿੱਚ ਕੱਲ੍ਹ ਹੋਈ ਬਾਰਿਸ਼ ਅਤੇ ਤੇਜ਼ ਹਵਾਵਾਂ ਤੋਂ ਬਾਅਦ, ਵੱਧ ਤੋਂ ਵੱਧ ਤਾਪਮਾਨ ਔਸਤਨ 3.2 ਡਿਗਰੀ ਸੈਲਸੀਅਸ ਘਟ ਗਿਆ ਹੈ, ਜੋ ਕਿ ਆਮ ਨਾਲੋਂ ਘੱਟ ਹੈ।

ਜਿੱਥੇ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਸੀ, ਹੁਣ ਇੱਕ ਵਾਰ ਫਿਰ ਤਾਪਮਾਨ 40 ਡਿਗਰੀ ਤੋਂ ਹੇਠਾਂ ਆ ਗਿਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 40.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸਮਰਾਲਾ ਵਿੱਚ ਦਰਜ ਕੀਤਾ ਗਿਆ।

ਮੌਸਮ ਵਿਭਾਗ ਵੱਲੋਂ 31 ਮਈ ਦੀ ਜਾਰੀ ਕੀਤੀ ਗਈ ਚੇਤਾਵਨੀ ਵਿੱਚ ਕੁਝ ਰਾਹਤ ਮਿਲਦੀ ਜਾਪ ਰਹੀ ਹੈ। ਹਿਮਾਚਲ ਦੇ ਆਲੇ-ਦੁਆਲੇ ਦੇ ਇਲਾਕਿਆਂ ਜਿਵੇਂ ਕਿ ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਪਠਾਨਕੋਟ, ਅੰਮ੍ਰਿਤਸਰ, ਰੂਪਨਗਰ ਅਤੇ ਮੋਹਾਲੀ ਵਿੱਚ ਹਲਕੀ ਗਤੀਵਿਧੀ ਦੀ ਸੰਭਾਵਨਾ ਹੈ। ਜਿਸਦਾ ਪ੍ਰਭਾਵ 3 ਜੂਨ ਤੱਕ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਦਿਖਾਈ ਦੇਵੇਗਾ।

ਕਪੂਰਥਲਾ ‘ਚ ਲੁਟੇਰਿਆਂ ਨੇ ਦਿਨ-ਦਿਹਾੜੇ ਲੁੱਟਿਆ ਬੈਂਕ: 40 ਲੱਖ ਲੁੱਟ ਕੇ ਹੋਏ ਫਰਾਰ

0

ਕਪੂਰਥਲਾ 31 ਮਈ 2025 – ਫਗਵਾੜਾ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ 30 ਮਈ ਦੀ ਹੈ। ਦਰਅਸਲ ਇਥੇ ਐੱਚ. ਡੀ. ਐੱਫ਼. ਸੀ. ਬੈਂਕ ਨੂੰ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ 40 ਲੱਖ ਦੀ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਕਤ ਵਾਰਦਾਤ ਨੂੰ ਅੰਜਾਮ ਤਿੰਨ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ‘ਤੇ ਬੈਂਕ ਅੰਦਰ ਦਾਖ਼ਲ ਹੋ ਕੇ ਦਿੱਤਾ ਗਿਆ।

ਘਟਨਾ ਦੀ ਸੂਚਨਾ ਪਾ ਕੇ ਮੌਕੇ ਉਤੇ ਪਹੁੰਚੀ ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 40 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਡਕੈਤੀ ਦੀ ਪੁਸ਼ਟੀ ਖ਼ੁਦ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਤੋਂ ਇਲਾਵਾ ਐੱਸਐੱਸਪੀ ਗੌਰਵ ਤੂਰਾ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਿੰਨ ਨਕਾਬਪੋਸ਼ ਲੁਟੇਰੇ ਦੁਪਹਿਰ ਤਿੰਨ ਵਜੇ ਦੇ ਕਰੀਬ ਐੱਚਡੀਐੱਫਸੀ ਬੈਂਕ ਵਿੱਚ ਹਥਿਆਰਾਂ ਨਾਲ ਲੈਸ ਹੋਕੇ ਦਾਖਿਲ ਹੋ ਅਤੇ ਫਿਰ ਫਿਲਮੀ ਅੰਦਾਜ਼ ਦੇ ਵਿੱਚ ਗੰਨ ਪੁਆਂਇੰਟ ਉੱਤੇ ਵਾਰਦਾਤ ਨੂੰ ਅੰਜਾਮ ਦੇਕੇ ਫਰਾਰ ਹੋ ਗਏ।

ਐੱਸ. ਪੀ. ਨੇ ਕਿਹਾ ਕਿ ਜਿਵੇਂ ਹੀ ਡਕੈਤੀ ਦੀ ਸੂਚਨਾ ਮਿਲੀ ਪੁਲਸ ਨੇ ਮੌਕੇ ‘ਤੇ ਜਾਂਚ ਸ਼ੁਰੂ ਕਰ ਦਿੱਤੀ। ਤਿੰਨ ਲੁਟੇਰੇ ਇਕ ਕਾਰ ਵਿੱਚ ਆਏ ਸਨ ਅਤੇ ਉਨ੍ਹਾਂ ਕੋਲ ਬੰਦੂਕਾਂ ਸਨ। ਉਨ੍ਹਾਂ ਕਿਹਾ ਕਿ ਬੈਂਕ ਵਾਲੇ ਅਜੇ ਲੁੱਟੀ ਗਈ ਰਕਮ ਨੂੰ ਕਲੀਅਰ ਨਹੀਂ ਕਰ ਰਹੇ ਹਨ ਪਰ ਕਿਹਾ ਜਾ ਰਿਹਾ ਹੈ ਕਿ 40 ਲੱਖ ਲੁੱਟ ਕੇ ਲੈ ਗਏ ਹਨ। ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਉਸ ਦੇ ਆਧਾਰ ‘ਤੇ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਵੱਖ ਵੱਖ ਟੀਮਾਂ ਬਣਾ ਕੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਚਿੱਟੇ ਰੰਗ ਦੀ ਹੁੰਡਈ ਵਰਨਾ ਗੱਡੀ ਵਿੱਚ ਲੁੱਟ ਨੂੰ ਅੰਜਾਮ ਦੇ ਕੇ ਫਰਾਰ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ ਦਾ ਮਾਣ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਅੱਠ ਕੈਡਿਟ ਐਨਡੀਏ ਤੋਂ ਗ੍ਰੈਜੂਏਟ ਹੋਏ

0

* ਅਮਨ ਅਰੋੜਾ ਨੇ ਕੈਡਿਟਾਂ ਨੂੰ ਵਧਾਈ ਅਤੇ ਦੇਸ਼ ਸੇਵਾ ਵਿੱਚ ਸੁਨਿਹਰੀ ਭਵਿੱਖ ਲਈ ਦਿੱਤੀਆਂ ਸ਼ੁਭਕਾਮਨਾਵਾਂ

ਚੰਡੀਗੜ੍ਹ/ਐਸਏਐਸ ਨਗਰ, 31 ਮਈ 2025 – ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸਏਐਸ ਨਗਰ ਦੇ ਅੱਠ ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਖੜਕਵਾਸਲਾ (ਪੁਣੇ) ਤੋਂ ਗ੍ਰੈਜੂਏਟ ਹੋਏ ਹਨ। ਇਨ੍ਹਾਂ ਕੈਡਿਟਾਂ ਨੇ 148ਵੇਂ ਐਨਡੀਏ ਕੋਰਸ ਦੀ ਪਾਸਿੰਗ ਆਊਟ ਪਰੇਡ ਵਿੱਚ ਹਿੱਸਾ ਲਿਆ, ਜਿਸ ਦਾ ਨਿਰੀਖਣ ਪੀਵੀਐਸਐਮ, ਏਵੀਐਸਐਮ, ਵਾਈਐਸਐਮ, ਏਡੀਸੀ (ਸੇਵਾਮੁਕਤ), ਮਿਜ਼ੋਰਮ ਦੇ ਰਾਜਪਾਲ ਅਤੇ ਸਾਬਕਾ ਫੌਜ ਮੁਖੀ ਜਨਰਲ ਵੀਕੇ ਸਿੰਘ ਵੱਲੋਂ ਕੀਤਾ ਗਿਆ।

ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਅੱਠ ਕੈਡਿਟਾਂ- ਹੁਸ਼ਿਆਰਪੁਰ ਤੋਂ ਪਰਮਜੋਤ ਸਿੰਘ ਤੇ ਅਨੀਕੇਤ ਕਾਹੋਲ, ਸੰਗਰੂਰ ਤੋਂ ਅਰਪਿਤ ਪਰਾਸ਼ਰ, ਐਸਏਐਸ ਨਗਰ ਤੋਂ ਅਭੈ ਸਿੰਘ ਰਾਘਵ ਅਤੇ ਵਿਸ਼ੇਸ਼ ਸੂਦ, ਰੋਪੜ ਤੋਂ ਉਧੀਬੀਰ ਸਿੰਘ ਅਤੇ ਪਠਾਨਕੋਟ ਤੋਂ ਅਨੁਰਾਗ ਚੌਹਾਨ ਅਤੇ ਤਨਮਯ ਸ਼ਰਮਾ- ਨੇ ਐਨਡੀਏ ਵਿਖੇ ਤਿੰਨ ਸਾਲਾਂ ਦੀ ਸਿਖਲਾਈ ਸਫ਼ਲਤਾਪੂਰਵਕ ਪੂਰੀ ਕਰ ਲਈ ਹੈ ਅਤੇ ਹੁਣ ਉਹ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣਨ ਤੋਂ ਪਹਿਲਾਂ ਇੱਕ ਸਾਲ ਦੀ ਸਿਖਲਾਈ ਲਈ ਸਰਵਿਸ ਟ੍ਰੇਨਿੰਗ ਅਕੈਡਮੀਆਂ ਵਿੱਚ ਜਾਣਗੇ।

ਅਮਨ ਅਰੋੜਾ ਨੇ ਪਾਸ ਆਊਟ ਹੋਏ ਨੌਜਵਾਨਾਂ ਨੂੰ ਜ਼ਿੰਦਗੀ ਵਿੱਚ ਨਵੀਆਂ ਬੁਲੰਦਿਆਂ ਛੂਹਣ ਅਤੇ ਸੂਬੇ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣਨ ਦੇ ਚਾਹਵਾਨ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਵਚਨਬੱਧਤਾ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਦਿੱਤੇ ਜਾ ਰਹੇ ਸ਼ਾਨਦਾਰ ਨਤੀਜਿਆਂ ‘ਤੇ ਖੁਸ਼ੀ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।

ਇਸ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀਐਸਐਮ (ਸੇਵਾਮੁਕਤ) ਨੇ ਕੈਡਿਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ 28 ਹੋਰ ਕੈਡਿਟ ਸਰਵਿਸ ਟ੍ਰੇਨਿੰਗ ਅਕੈਡਮੀਆਂ ਵਿੱਚ ਜੁਆਇਨ ਕਰਨ ਲਈ ਆਪਣੇ ਕਾਲ-ਅੱਪ ਲੈਟਰ ਉਡੀਕ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪ੍ਰੈਪਰੇਟਰੀ ਇੰਸਟੀਚਿਊਟ ਦੇ ਤਿੰਨ ਕੈਡਿਟ ਇਸ ਸਮੇਂ ਐਨਡੀਏ, ਖੜਕਵਾਸਲਾ ਵਿਖੇ ਇੰਸਟ੍ਰੱਕਟਰ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀਆਂ ਇਹ ਪ੍ਰਾਪਤੀਆਂ ਇਸ ਸੰਸਥਾ ਅਤੇ ਪੰਜਾਬ ਲਈ ਬੇਹੱਦ ਮਾਣ ਵਾਲੀ ਗੱਲ ਹੈ।

ਗੁਜਰਾਤ IPL ਤੋਂ ਬਾਹਰ: ਮੁੰਬਈ ਇੰਡੀਅਨਜ਼ ਨੇ 20 ਦੌੜਾਂ ਨਾਲ ਹਰਾਇਆ

0

ਮੋਹਾਲੀ, 31 ਮਈ 2025 – ਮੁੰਬਈ ਇੰਡੀਅਨਜ਼ (MI) ਨੇ ਸ਼ੁੱਕਰਵਾਰ ਨੂੰ ਨਿਊ ਚੰਡੀਗੜ੍ਹ ਦੇ ਯਾਦਵਿੰਦਰਾ ਸਟੇਡੀਅਮ ਵਿੱਚ ਹੋਏ IPL-2025 ਐਲੀਮੀਨੇਟਰ ਮੈਚ ਵਿੱਚ ਗੁਜਰਾਤ ਟਾਈਟਨਸ (GT) ਨੂੰ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਨੇ 229 ਦੌੜਾਂ ਦਾ ਟੀਚਾ ਰੱਖਿਆ। ਜਦੋਂ ਕਿ ਗੁਜਰਾਤ ਦੀ ਟੀਮ ਸਿਰਫ਼ 208 ਦੌੜਾਂ ਹੀ ਬਣਾ ਸਕੀ। ਟੀਮ ਦੇ ਕਪਤਾਨ ਸ਼ੁਭਮਨ ਗਿੱਲ ਪਹਿਲੇ ਹੀ ਓਵਰ ਵਿੱਚ ਆਊਟ ਹੋ ਗਏ।

ਸ਼ੁੱਕਰਵਾਰ ਨੂੰ ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਇੰਟਰਨੈਸ਼ਨਲ ਸਟੇਡੀਅਮ ਵਿੱਚ ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 20 ਓਵਰਾਂ ਵਿੱਚ 5 ਵਿਕਟਾਂ ‘ਤੇ 228 ਦੌੜਾਂ ਬਣਾਈਆਂ। ਜਵਾਬ ਵਿੱਚ ਗੁਜਰਾਤ 20 ਓਵਰਾਂ ਵਿੱਚ 6 ਵਿਕਟਾਂ ‘ਤੇ ਸਿਰਫ਼ 208 ਦੌੜਾਂ ਹੀ ਬਣਾ ਸਕਿਆ। ਟ੍ਰੇਂਟ ਬੋਲਟ ਨੇ 2 ਵਿਕਟਾਂ ਲਈਆਂ। ਜਸਪ੍ਰੀਤ ਬੁਮਰਾਹ, ਰਿਚਰਡ ਗਲੀਸਨ, ਮਿਸ਼ੇਲ ਸੈਂਟਨਰ ਅਤੇ ਅਸ਼ਵਨੀ ਕੁਮਾਰ ਨੂੰ ਇੱਕ-ਇੱਕ ਵਿਕਟ ਮਿਲੀ। ਸਾਈ ਸੁਦਰਸ਼ਨ (80 ਦੌੜਾਂ) ਨੇ ਅਰਧ ਸੈਂਕੜਾ ਬਣਾਇਆ। ਵਾਸ਼ਿੰਗਟਨ ਸੁੰਦਰ ਨੇ 48 ਦੌੜਾਂ ਬਣਾਈਆਂ।

ਰੋਹਿਤ ਸ਼ਰਮਾ ਨੇ ਮੁੰਬਈ ਲਈ 50 ਗੇਂਦਾਂ ਵਿੱਚ 81 ਦੌੜਾਂ ਦੀ ਪਾਰੀ ਖੇਡੀ। ਉਸਨੇ 9 ਚੌਕੇ ਅਤੇ 4 ਛੱਕੇ ਮਾਰੇ। ਰੋਹਿਤ ਤੋਂ ਇਲਾਵਾ ਜੌਨੀ ਬੇਅਰਸਟੋ ਨੇ 47, ਸੂਰਿਆਕੁਮਾਰ ਯਾਦਵ ਨੇ 33, ਤਿਲਕ ਵਰਮਾ ਨੇ 25 ਅਤੇ ਕਪਤਾਨ ਹਾਰਦਿਕ ਪੰਡਯਾ ਨੇ ਅਜੇਤੂ 22 ਦੌੜਾਂ ਬਣਾਈਆਂ। ਗੁਜਰਾਤ ਵੱਲੋਂ ਪ੍ਰਸਿਧ ਕ੍ਰਿਸ਼ਨ ਅਤੇ ਸਾਈ ਕਿਸ਼ੋਰ ਨੇ 2-2 ਵਿਕਟਾਂ ਲਈਆਂ।

ਹੁਣ 1 ਜੂਨ ਨੂੰ ਮੁੰਬਈ ਦਾ ਮੁਕਾਬਲਾ ਅਹਿਮਦਾਬਾਦ ਵਿੱਚ ਪੰਜਾਬ ਨਾਲ ਹੋਵੇਗਾ। ਇਸ ਮੈਚ ਨੂੰ ਜਿੱਤਣ ਵਾਲੀ ਟੀਮ 3 ਜੂਨ ਨੂੰ ਆਈਪੀਐਲ ਫਾਈਨਲ ਵਿੱਚ ਬੰਗਲੌਰ ਦਾ ਸਾਹਮਣਾ ਕਰੇਗੀ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ: ਨਾਮਜ਼ਦਗੀਆਂ ਦੇ ਪੰਜਵੇਂ ਦਿਨ 3 ਨਾਮਜ਼ਦਗੀ ਪੱਤਰ ਹੋਏ ਦਾਖ਼ਲ

0

ਚੰਡੀਗੜ੍ਹ, 31 ਮਈ 2025 – ਪੰਜਾਬ ਵਿਧਾਨ ਸਭਾ ਦੀ 64-ਲੁਧਿਆਣਾ ਪੱਛਮੀ ਸੀਟ ਲਈ ਨਾਮਜ਼ਦਗੀਆਂ ਦੇ ਪੰਜਵੇਂ ਦਿਨ 30 ਮਈ ਨੂੰ 3 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ।

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ 64- ਲੁਧਿਆਣਾ ਪੱਛਮੀ ਸੀਟ ਲਈ ਅੱਜ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਸੰਜੀਵ ਅਰੋੜਾ ਅਤੇ ਕਾਵਿਆ ਅਰੋੜਾ (ਕਵਰਿੰਗ ਉਮੀਦਵਾਰ) ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇੱਕ ਆਜ਼ਾਦ ਉਮੀਦਵਾਰ ਚੰਦਨ ਵੱਲੋਂ ਨਾਮਜ਼ਦਗੀ ਭਰੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਤੱਕ ਕੁੱਲ 8 ਨਾਮਜ਼ਦਗੀ ਪੱਤਰ ਦਾਖ਼ਲ ਹੋ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਭਲਕੇ 31 ਮਈ ਨੂੰ ਵੀ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾ ਸਕਦੇ ਹਨ, ਜਦਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 2 ਜੂਨ ਹੈ। ਉੱਥੇ ਹੀ ਨਾਮਜ਼ਦਗੀ ਪੱਤਰਾਂ ਦੀ ਪੜਤਾਲ 3 ਜੂਨ ਨੂੰ ਕੀਤੀ ਜਾਵੇਗੀ।

10 ਲੱਖ ਰੁਪਏ ਰਿਸ਼ਵਤ ਲੈਂਦਾ ਚਾਰਟਰਡ ਅਕਾਊਂਟੈਂਟ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

0

ਚੰਡੀਗੜ੍ਹ 31 ਮਈ, 2025 – ਪੰਜਾਬ ਵਿਜੀਲੈਂਸ ਬਿਊਰੋ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਜ਼ੀਰੋ ਸਹਿਣਸ਼ੀਲਤਾ ਨੀਤੀ ਤਹਿਤ ਗੁਰਸੇਵਕ ਸਿੰਘ, ਚਾਰਟਰਡ ਅਕਾਊਂਟੈਂਟ (ਸੀਏ), ਜਲੰਧਰ ਨੂੰ 10 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ ਜਿਸਨੇ ਜਲੰਧਰ ਵਿਖੇ ਤਾਇਨਾਤ ਇੱਕ ਸੀਜੀਐਸਟੀ ਅਧਿਕਾਰੀ ਦੇ ਨਾਮ ਉੱਪਰ ਕਥਿਤ ਤੌਰ ਤੇ ਰਿਸ਼ਵਤ ਮੰਗੀ ਸੀ।

ਇੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਜਲੰਧਰ ਦੇ ਰਹਿਣ ਵਾਲੇ ਇੱਕ ਫਰਮ ਦੇ ਮਾਲਕ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਸਦੀ ਫਰਮ ਵਿਰੁੱਧ ਸੀਜੀਐਸਟੀ ਐਕਟ ਅਧੀਨ ਕੀਤੀ ਜਾ ਰਹੀ ਜਾਂਚ ਵਿੱਚ ਉਸਦੀ ਮੱਦਦ ਕਰਨ ਬਦਲੇ ਉਕਤ ਚਾਰਟਰਡ ਅਕਾਊਂਟੈਂਟ (ਸੀਏ) ਨੇ ਇੱਕ ਸੀਜੀਐਸਟੀ ਅਧਿਕਾਰੀ ਦੀ ਤਰਫ਼ੋਂ ਉਸ ਤੋਂ 30 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ।

ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ ਵਿਜੀਲੈਂਸ ਬਿਊਰੋ ਦੇ ਉਡਣ ਦਸਤੇ ਨੇ ਵਿਉਂਤਬੰਦੀ ਨਾਲ ਜਾਲ ਵਿਛਾਇਆ ਜਿਸ ਦੌਰਾਨ ਉਕਤ ਮੁਲਜ਼ਮ ਸੀਏ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 10 ਲੱਖ ਰੁਪਏ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਗ੍ਰਿਫਤਾਰੀ ਤੋਂ ਉਪਰੰਤ ਉਕਤ ਸੀਏ ਵੱਲੋਂ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਇਸ ਕੇਸ ਵਿੱਚ ਸੀਜੀਐਸਟੀ ਅਧਿਕਾਰੀ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਉਕਤ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7ਏ ਅਤੇ ਬੀਐਨਐਸ ਦੀ ਧਾਰਾ 61(2) ਤਹਿਤ ਵਿਜੀਲੈਂਸ ਬਿਊਰੋ ਦੇ ਮੋਹਾਲੀ ਸਥਿਤ ਥਾਣਾ, ਫਲਾਇੰਗ ਸਕੁਐਡ-1, ਪੰਜਾਬ ਵਿਖੇ ਐਫਆਈਆਰ ਨੰਬਰ 17 ਮਿਤੀ 30-05-25 ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।

30,000 ਰੁਪਏ ਰਿਸ਼ਵਤ ਲੈਂਦਾ ਸਬ-ਇੰਸਪੈਕਟਰ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

0

ਚੰਡੀਗੜ੍ਹ, 31 ਮਈ, 2025 – ਭ੍ਰਿਸ਼ਟਾਚਾਰ ਵਿਰੁੱਧ ਆਪਣੀ ਮੁਹਿੰਮ ਜਾਰੀ ਰੱਖਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਸੀਆਈਏ ਸਟਾਫ ਜਲੰਧਰ ਵਿਖੇ ਤਾਇਨਾਤ ਪੁਲਿਸ ਸਬ-ਇੰਸਪੈਕਟਰ (ਐਸਆਈ) ਸੁਖਰਾਜ ਸਿੰਘ ਨੂੰ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।

ਇੱਥੇ ਇਸ ਬਾਰੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਸੈਦਪੁਰ ਕਲਾਂ ਦੇ ਵਸਨੀਕ ਅਤੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਦੇ ਮਾਲਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਹੈ।

ਸ਼ਿਕਾਇਤ ਮੁਤਾਬਕ ਐਸਆਈ ਸੁਖਰਾਜ ਸਿੰਘ ਨੇ ਸ਼ਿਕਾਇਤਕਰਤਾ ਦੇ ਜਵਾਈ ਨੂੰ ਐਨਡੀਪੀਐਸ ਐਕਟ ਦੀ ਧਾਰਾ 21 ਤਹਿਤ 403 ਗ੍ਰਾਮ ਹੈਰੋਇਨ ਦੇ ਸਬੰਧ ਵਿੱਚ ਉਸ ਵੇਲੇ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ 18 ਮਈ, 2025 ਨੂੰ ਜਲੰਧਰ ਤੋਂ ਤਰਪਾਲਾਂ ਖਰੀਦਣ ਲਈ ਆਇਆ ਸੀ, ਜਿਸ ਸਬੰਧੀ ਕੇਸ ਪੁਲਿਸ ਥਾਣਾ ਡਿਵੀਜ਼ਨ ਨੰਬਰ 1 ਵਿਖੇ ਦਰਜ ਹੈ।

ਰਿਮਾਂਡ ਦੀ ਮਿਆਦ ਦੌਰਾਨ ਉਕਤ ਐਸਆਈ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਉਸਦੇ ਜਵਾਈ ਦੀ ਗੱਡੀ ਅਤੇ ਦੋ ਮੋਬਾਈਲ ਫੋਨ ਉਸਦੇ ਕਬਜ਼ੇ ਵਿੱਚ ਹਨ ਜੋ ਅਜੇ ਕੇਸ ਪ੍ਰਾਪਰਟੀ ਵਜੋਂ ਸੂਚੀਬੱਧ ਨਹੀਂ ਕੀਤੇ ਗਏ ਅਤੇ ਪੁਲਿਸ ਮੁਲਾਜ਼ਮ ਨੇ ਸ਼ਿਕਾਇਤਕਰਤਾ ਨੂੰ ਸਬੰਧਤ ਚੀਜ਼ਾਂ ਵਾਪਸ ਕਰਨ ਦਾ ਭਰੋਸਾ ਦਿੱਤਾ। ਜਦੋਂ ਸ਼ਿਕਾਇਤਕਰਤਾ ਗੱਡੀ ਅਤੇ ਮੋਬਾਈਲ ਫੋਨ ਲੈਣ ਲਈ ਪੁਲਿਸ ਥਾਣੇ ਗਿਆ ਤਾਂ ਉਕਤ ਐਸਆਈ ਨੇ ਇਹ ਚੀਜ਼ਾਂ ਵਾਪਸ ਕਰਨ ਲਈ ਉਸ ਤੋਂ 50,000 ਰੁਪਏ ਦੀ ਰਿਸ਼ਵਤ ਮੰਗੀ। ਗੱਲਬਾਤ ਉਪਰੰਤ ਉਕਤ ਮੁਲਜ਼ਮ 30,000 ਰੁਪਏ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ ਪਰ ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਸਬੰਧੀ ਪੂਰੀ ਗੱਲਬਾਤ ਰਿਕਾਰਡ ਕਰ ਲਈ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਉਕਤ ਐਸਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 30000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧ ਵਿੱਚ ਉਕਤ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ, ਜਲੰਧਰ ਰੇਂਜ ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

ਅੱਜ ਦਾ ਹੁਕਮਨਾਮਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 31-5-2025

0

ਸਲੋਕੁ ਮਃ ੩ ॥

ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥ ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥ ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥ ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥ ਮਃ ੩ ॥ ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥ ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥ ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥ ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥ ਪਉੜੀ ॥ ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥ ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥ ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥ ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥ ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥
ਸ਼ਨਿਚਰਵਾਰ, ੧੮ ਜੇਠ (ਸੰਮਤ ੫੫੭ ਨਾਨਕਸ਼ਾਹੀ) ੩੧ ਮਈ, ੨੦੨੫ (ਅੰਗ: ੬੫੦)

ਪੰਜਾਬੀ ਵਿਆਖਿਆ:
ਸਲੋਕੁ ਮਃ ੩ ॥
ਪੜ੍ਹਨਾ ਤੇ ਵਿਚਾਰਨਾ ਸੰਸਾਰ ਦਾ ਕੰਮ (ਹੀ ਹੋ ਗਿਆ) ਹੈ (ਭਾਵ, ਹੋਰ ਵਿਹਾਰਾਂ ਵਾਂਗ ਇਹ ਭੀ ਇਕ ਵਿਹਾਰ ਹੀ ਬਣ ਗਿਆ ਹੈ, ਪਰ) ਹਿਰਦੇ ਵਿਚ ਤਿ੍ਰਸ਼ਨਾ ਤੇ ਵਿਕਾਰ (ਟਿਕੇ ਹੀ ਰਹਿੰਦੇ) ਹਨ; ਅਹੰਕਾਰ ਵਿਚ ਸਾਰੇ (ਪੰਡਿਤ) ਪੜ੍ਹ ਪੜ੍ਹ ਕੇ ਥੱਕ ਗਏ ਹਨ, ਮਾਇਆ ਦੇ ਮੋਹ ਵਿਚ ਖ਼ੁਆਰ ਹੀ ਹੁੰਦੇ ਹਨ ।ਉਹ ਮਨੁੱਖ ਪੜ੍ਹਿਆ ਹੋਇਆ ਤੇ ਸਿਆਣਾ ਪੰਡਿਤ ਹੈ (ਭਾਵ, ਉਸ ਮਨੁੱਖ ਨੂੰ ਪੰਡਿਤ ਸਮਝੋ), ਜੋ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ, ਜੋ ਆਪਣੇ ਮਨ ਨੂੰ ਖੋਜਦਾ ਹੈ (ਅੰਦਰੋਂ) ਹਰੀ ਨੂੰ ਲੱਭ ਲੈਂਦਾ ਹੈ ਤੇ (ਤਿ੍ਰਸ਼ਨਾ ਤੋਂ) ਬਚਣ ਲਈ ਰਸਤਾ ਲਭ ਲੈਂਦਾ ਹੈ, ਜੋ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜੀ ਰੱਖਦਾ ਹੈ । ਹੇ ਨਾਨਕ! ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ ‘ਨਾਮ’ ਆਸਰਾ (ਰੂਪ) ਹੈ, ਉਸ ਨਾਮ ਦਾ ਵਾਪਾਰੀ ਮੁਬਾਰਿਕ ਹੈ ।੧।ਤੁਸੀਂ ਕੋਈ ਭੀ ਮਨੁੱਖ ਬ੍ਰਿਤੀ ਜੋੜ ਕੇ ਵੇਖ ਲਵੋ, ਮਨ ਨੂੰ ਕਾਬੂ ਕਰਨ ਤੋਂ ਬਿਨਾਂ ਕੋਈ ਨਹੀਂ ਸਿੱਝਿਆ (ਭਾਵ, ਕਿਸੇ ਦੀ ਘਾਲਿ ਥਾਇ ਨਹੀਂ ਪਈ); ਭੇਖ ਕਰਨ ਵਾਲੇ (ਸਾਧੂ ਭੀ) ਤੀਰਥਾਂ ਦੀ ਯਾਤ੍ਰਾ ਕਰ ਕੇ ਰਹਿ ਗਏ ਹਨ, (ਇਸ ਤਰ੍ਹਾਂ) ਇਹ ਮਨ ਮਾਰਿਆ ਨਹੀਂ ਜਾਂਦਾ ।ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਸੱਚੇ ਹਰੀ ਵਿਚ ਬ੍ਰਿਤੀ ਜੋੜੀ ਰੱਖਦਾ ਹੈ (ਇਸ ਕਰਕੇ) ਉਸ ਦਾ ਮਨ ਜੀਊਂਦਾ ਹੀ ਮੋਇਆ ਹੋਇਆ ਹੈ (ਭਾਵ, ਮਾਇਆ ਵਿਚ ਵਰਤਦਿਆਂ ਭੀ ਮਾਇਆ ਤੋਂ ਉਦਾਸ ਹੈ) । ਹੇ ਨਾਨਕ! ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕਿ (ਮਨ ਦੀ) ਹਉਮੈ (ਸਤਿਗੁਰੂ ਦੇ) ਸ਼ਬਦ ਨਾਲ ਸਾੜੀ ਜਾਏ ।੨।ਹੇ ਮੇਰੇ ਭਾਈ ਸੰਤ ਜਨੋਂ! ਇਕ ਕਿਣਕਾ ਮਾਤ੍ਰ (ਮੈਨੂੰ ਭੀ) ਹਰੀ ਦਾ ਨਾਮ ਜਪਾਵੋ । ਹੇ ਹਰੀ ਜਨੋਂ! ਹਰੀ ਦੇ ਨਾਮ ਦਾ ਸਿੰਗਾਰ ਬਣਾਵੋ, ਤੇ ਖਿਮਾ ਦੀ ਪੁਸ਼ਾਕ ਪਹਿਨੋ, ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ, ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ । ਦਿਨ ਰਾਤ ਹਰੀ ਦਾ ਨਾਮ ਸਿਮਰੋ, ਇਕ ਪਲਕ ਵਿਚ ਸਾਰੇ ਪਾਪ ਕੱਟ ਦੇਵੇਗਾ । ਜਿਸ ਗੁਰਮੁਖ ਉਤੇ ਹਰੀ ਦਇਆਲ ਹੁੰਦਾ ਹੈ, ਉਹ ਹਰੀ ਦਾ ਸਿਮਰਨ ਕਰ ਕੇ (ਸੰਸਾਰ ਤੋਂ) ਜਿੱਤ (ਕੇ) ਜਾਂਦਾ ਹੈ ।੨੧।

English Translation:
SHALOK, THIRD MEHL:
Reading and studying are just worldly pursuits, if there is thirst and corruption within. Reading in egotism, all have grown weary; through the love of duality, they are ruined. He alone is educated, and he alone is a wise Pandit, who contemplates the Word of the Guru’s Shabad. He searches within himself, and finds the true essence; he finds the Door of Salvation. He finds the Lord, the treasure of excellence, and peacefully contemplates Him. Blessed is the trader, O Nanak, who, as Gurmukh, takes the Name as his only Support. || 1 || THIRD MEHL: Without conquering his mind, no one can be successful. See this, and concentrate on it. The wandering holy men are tired of of making pilgrimages to sacred shrines; they have not been able to conquer their minds. The Gurmukh has conquered his mind, and he remains lovingly absorbed in the True Lord. O Nanak, this is how the filth of the mind is removed; the Word of the Shabad burns away the ego. || 2 || PAUREE: O Saints of the Lord, O my Siblings of Destiny, please meet with me, and implant the Name of the One Lord within me. O humble servants of the Lord, adorn me with the decorations of the Lord, Har, Har; let me wear the robes of the Lord’s forgiveness. Such decorations are pleasing to my God; such love is dear to the Lord. I chant the Name of the Lord, Har, Har, day and night; in an instant, all sins are eradicated. That Gurmukh, unto whom the Lord becomes merciful, chants the Lord’s Name, and wins the game of life. ||21||

Saturday, 18th Jayt’h (Samvat 557 Nanakshahi) 31st May, 2025 (Page: 650)

 

ਸਮਰਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਲੱਗੀ ਅੱਗ, ਹੋਇਆ ਭਾਰੀ ਨੁਕਸਾਨ

0

ਲੁਧਿਆਣਾ ਦੇ ਸਮਰਾਲਾ ਦੇ ਪਿੰਡ ਲੱਧੜਾਂ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿੱਚ ਬੀਤੀ ਰਾਤ ਇੱਕ ਰਹੱਸਮਈ ਅੱਗ ਲੱਗ ਗਈ। ਅੱਗ ਕਾਰਨ ਗ੍ਰੰਥ ਅਤੇ ਹੋਰ ਸਾਮਾਨ ਸੜ ਕੇ ਸੁਆਹ ਹੋ ਗਿਆ। ਪਿੰਡ ਵਾਸੀਆਂ ਨੂੰ ਘਟਨਾ ਬਾਰੇ ਸ਼ੁੱਕਰਵਾਰ ਸਵੇਰੇ ਪਤਾ ਲੱਗਾ।
ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਸਮਰਾਲਾ ਦੇ ਡੀਐਸਪੀ ਤਰਲੋਕ ਸਿੰਘ ਨੇ ਦੱਸਿਆ ਕਿ ਅੱਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੂਰਤੀ ਨੇੜੇ ਲੱਗੀ। ਘਟਨਾ ਦੀ ਜਾਂਚ ਲਈ, ਗੁਰਦੁਆਰੇ ਦੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਜ਼ਬਤ ਕਰ ਲਿਆ ਗਿਆ ਹੈ। ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਹੀ ਘਟਨਾ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।

ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਇੱਕ ਜਾਂਚ ਕਮੇਟੀ ਬਣਾਈ ਹੈ। ਇਹ ਕਮੇਟੀ ਆਪਣੀ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਂਪੇਗੀ। ਉਨ੍ਹਾਂ ਦੇ ਹੁਕਮ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਦੱਸ ਦਈਏ ਕਿ ਗੁਰਦੁਆਰਾ ਸਾਹਿਬ ਨੂੰ ਲੈ ਕੇ ਦੋ ਕਮੇਟੀਆਂ ਵਿਚਕਾਰ ਕੁਝ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਇਸ ਕਾਰਨ ਕਈ ਵਾਰ ਤਣਾਅਪੂਰਨ ਹਾਲਾਤ ਬਣੇ ਹਨ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਗੁਰਦੁਆਰੇ ਦੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ​​ਕਰਨ ਦੀ ਵੀ ਮੰਗ ਕੀਤੀ ਹੈ।

ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਰਾਤ ਭਰ ਦੀਵਾ ਕਿਸਨੇ ਜਗਦਾ ਰੱਖਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਇਸ ਤੋਂ ਇਲਾਵਾ, ਇਹ ਸੁਰੱਖਿਆ ਪ੍ਰਣਾਲੀ ‘ਤੇ ਵੀ ਸਵਾਲ ਖੜ੍ਹੇ ਕਰਦਾ ਹੈ।

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

0

ਸੰਗਰੂਰ: ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਅੱਜ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੇ ਸਰੀਰ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਉੱਭਾਵਾਲ ਵਿਖੇ ਅੰਤਿਮ ਸੰਸਕਾਰ ਦੌਰਾਨ ਉਨ੍ਹਾਂ ਦੀ ਦੇਹ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।  ਢੀਂਡਸਾ ਨੇ ਲੰਬੀ ਬਿਮਾਰੀ ਤੋਂ ਬਾਅਦ ਬੁੱਧਵਾਰ ਸ਼ਾਮ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ।

ਦੱਸ ਦਈਏ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਲਾਲਜੀਤ ਸਿੰਘ ਭੁੱਲਰ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਮਾਲਵਿੰਦਰ ਸਿੰਘ ਕੰਗ ਤੋਂ ਇਲਾਵਾ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਸ੍ਰੀ ਢੀਂਡਸਾ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ।

ਇਸਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਵੱਲੋਂ ਦੁਖੀ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਅਤੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ, ਸਾਬਕਾ ਕੇਂਦਰੀ ਮੰਤਰੀ ਦਾ ਉਨ੍ਹਾਂ ਦੀ ਜੱਦੀ ਪਿੰਡ ਉਭਾਵਾਲ ਵਿਖੇ ਜੱਦੀ ਜ਼ਮੀਨ ‘ਤੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।