ਕਰਨਾਲ ਮਿੰਨੀ ਸਕੱਤਰੇਤ ਅੱਗੇ ਕਿਸਾਨਾਂ ਨੇ ਲਾਏ ਪੱਕੇ ਡੇਰੇ
ਕਰਨਾਲ : ਕਰਨਾਲ ’ਚ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਕਿਸਾਨ ਮਿੰਨੀ ਸਕੱਤਰੇਤ ਅੱਗੇ ਧਰਨਾ ਲਗਾ ਕੇ ਬੈਠ ਗਏ ਹਨ। ਵੱਡੀ ਗਿਣਤੀ ’ਚ ਕਿਸਾਨ ਕਰਨਾਲ ਪੁੱਜ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਇਹ ਘਿਰਾਓ ਜਾਰੀ ਰਹੇਗਾ। ਦੱਸ ਦਈਏ ਕਿ ਬੀਤੇ ਦਿਨ ਕਰਨਾਲ ਦੀ ਨਵੀਂ ਅਨਾਜ ਮੰਡੀ ’ਚ ਮਹਾਪੰਚਾਇਤ ਸੱਦੀ ਗਈ ਸੀ। ਕਿਸਾਨਾਂ ਅਤੇ ਕਰਨਾਲ ਪ੍ਰਸ਼ਾਸਨ ਵਿਚਾਲੇ ਹੋਈ ਬੈਠਕ ’ਚ ਕੋਈ ਹੱਲ ਨਹੀਂ ਨਿਕਲਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਮਿੰਨੀ ਸਕੱਤਰੇਤ ਦਾ ਘਿਰਾਓ ਕੀਤਾ।
ਜ਼ਿਕਰਯੋਗ ਹੈ ਕਿ 28 ਅਗਸਤ ਨੂੰ ਬਸਤਾੜਾ ਟੋਲ ਪਲਾਜ਼ਾ ਵਿਖੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਗਿਆ ਸੀ। ਦਰਅਸਲ ਭਾਜਪਾ ਦੀ ਮੀਟਿੰਗ ਦਾ ਵਿਰੋਧ ਕਰਨ ਕਿਸਾਨ ਪੁੱਜੇ ਸਨ, ਜਿਸ ਦੌਰਾਨ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਗਿਆ। ਇਸ ਲਾਠੀਚਾਰਜ ’ਚ ਕਿਸਾਨ ਸੁਸ਼ੀਲ ਕਾਜਲ ਗੰਭੀਰ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਲਾਠੀਚਾਰਜ ’ਚ ਕਈ ਕਿਸਾਨ ਜ਼ਖਮੀ ਵੀ ਹੋ ਗਏ ਸਨ। ਕਿਸਾਨ ਚਾਹੁੰਦੇ ਹਨ ਕਿ ਸ਼ਹੀਦ ਹੋਏ ਕਿਸਾਨ ਨੂੰ 25 ਲੱਖ ਰੁਪਏ ਅਤੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਜ਼ਖਮੀ ਕਿਸਾਨਾਂ ਨੂੰ 2-2 ਲੱਖ ਰੁਪਏ ਦਿੱਤੇ ਜਾਣ। ਇਸ ਤੋਂ ਇਲਾਵਾ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਜਿਸ ਨੇ ਕਿਸਾਨਾਂ ’ਤੇ ਲਾਠੀਚਾਰਜ ਕਰਨ ਦੇ ਆਦੇਸ਼ ਦਿੱਤੇ ਸਨ, ਉਸ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ।
Akshay Kumar ਦੇ ਜਨਮਦਿਨ ਤੋਂ ਇੱਕ ਦਿਨ ਪਹਿਲਾਂ ਮਾਂ Aruna Bhatia ਦਾ ਹੋਇਆ ਦਿਹਾਂਤ
ਅਕਸ਼ੈ ਕੁਮਾਰ ਦੀ ਮਾਂ ਲੰਮੇ ਸਮੇਂ ਤੋਂ ਠੀਕ ਨਹੀਂ ਸੀ। 3 ਸਤੰਬਰ ਨੂੰ ਅਰੁਣਾ ਭਾਟੀਆ ਨੂੰ ਮੁੰਬਈ ਦੇ ਹੀਰਾਨੰਦਾਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਸੀ। ਅਕਸ਼ੇ ਕੁਮਾਰ ਆਪਣੀ ਮਾਂ ਦੀ ਸਿਹਤ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਤੁਰੰਤ ਲੰਡਨ ਤੋਂ ਮੁੰਬਈ ਵਾਪਸ ਆ ਗਏ ਸਨ।
ਪਰ ਅੱਜ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਮਾਂ ਅਰੁਣਾ ਭਾਟੀਆ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਅੱਜ (8 ਸਤੰਬਰ) ਸਵੇਰੇ ਆਖਰੀ ਸਾਹ ਲਿਆ। ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨੂੰ ਇਸ ਦੁਖਦਾਈ ਖ਼ਬਰ ਬਾਰੇ ਜਾਣਕਾਰੀ ਦਿੱਤੀ ਹੈ।
She was my core. And today I feel an unbearable pain at the very core of my existence. My maa Smt Aruna Bhatia peacefully left this world today morning and got reunited with my dad in the other world. I respect your prayers as I and my family go through this period. Om Shanti 🙏🏻
— Akshay Kumar (@akshaykumar) September 8, 2021
ਅਕਸ਼ੈ ਕੁਮਾਰ, ਜਿਨ੍ਹਾਂ ਨੇ ਬੀਮਾਰ ਮਾਂ ਅਰੁਣਾ ਭਾਟੀਆ ਲਈ ਇੱਕ ਦਿਨ ਪਹਿਲਾਂ ਪ੍ਰਸ਼ੰਸਕਾਂ ਨੂੰ ਪ੍ਰਾਰਥਨਾਵਾਂ ਦੀ ਅਪੀਲ ਕੀਤੀ ਸੀ, ਨੇ ਭਰੇ ਮਨ ਨਾਲ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨੂੰ ਇਹ ਜਾਣਕਾਰੀ ਦਿੱਤੀ।
ਇੰਸਟਾਗ੍ਰਾਮ ‘ਤੇ ਇਕ ਪੋਸਟ ਸਾਂਝੀ ਕਰਦਿਆਂ, ਉਨ੍ਹਾਂ ਨੇ ਲਿਖਿਆ-‘ ਉਹ ਮੇਰੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਸੀ, ਅੱਜ ਮੈਂ ਅਸਹਿ ਦਰਦ ਵਿੱਚ ਹਾਂ … ਮੇਰੀ ਮਾਂ ਅਰੁਣਾ ਭਾਟੀਆ ਇਸ ਦੁਨੀਆਂ ਨੂੰ ਛੱਡ ਗਈ ਹੈ, ਸਾਨੂੰ ਅਜੇ ਵੀ ਤੁਹਾਡੀਆਂ ਪ੍ਰਾਰਥਨਾਵਾਂ ਦੀ ਜ਼ਰੂਰਤ ਹੈ ਕਿਉਂਕਿ ਸਾਡਾ ਪਰਿਵਾਰ ਇਸ ਸਮੇਂ ਇਸ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਹੈ।
‘ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ‘ਚ ਸਥਾਪਤ ਕੀਤੇ ਜਾਣਗੇ Broadcasting System, 1.54 ਕਰੋੜ ਰੁਪਏ ਦੀ ਗ੍ਰਾਂਟ ਜਾਰੀ’
ਪਹਿਲੇ ਪੜਾਅ ਦੇ ਸਫਲ ਮੁਲਾਂਕਣ ਤੋਂ ਬਾਅਦ ਸਾਰੇ ਸਰਕਾਰੀ ਸਕੂਲਾਂ ‘ਚ ਲਾਏ ਜਾਣਗੇ ਬਰੌਡਕਾਸਟਿੰਗ ਯੰਤਰ: ਸਿੱਖਿਆ ਮੰਤਰੀ
ਚੰਡੀਗੜ੍ਹ : ਸਕੂਲ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਮੰਗਲਵਾਰ ਨੂੰ ਕਿਹਾ ਕਿ ਸੂਬਾ ਸਰਕਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਦੀ ਕੁਸ਼ਲਤਾ ਦਾ ਵੱਧ ਤੋਂ ਵੱਧ ਲਾਭ ਲੈਣ ਦੇ ਮੱਦੇਨਜ਼ਰ ਬਰੌਡਕਾਸਟਿੰਗ ਸਿਸਟਮ (ਪ੍ਰਸਾਰਣ ਪ੍ਰਣਾਲੀ) ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ 616 ਸਕੂਲਾਂ ਵਿੱਚ ਇਹ ਪ੍ਰਸਾਰਣ ਪ੍ਰਣਾਲੀ ਸਥਾਪਤ ਕੀਤੀ ਜਾਵੇਗੀ ਅਤੇ ਸਿੱਖਿਆ ਵਿਭਾਗ ਵੱਲੋਂ ਇਸ ਸਬੰਧ ਵਿੱਚ 1.54 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਇਹ ਪ੍ਰਸਾਰਣ ਪ੍ਰਣਾਲੀ ਸਥਾਪਤ ਕਰਨ ਨਾਲ ਸਕੂਲਾਂ ਦੇ ਸਟਾਫ ‘ਤੇ ਕੰਮ ਦਾ ਬੋਝ ਘੱਟ ਹੋਵੇਗਾ ਅਤੇ ਪ੍ਰਿੰਸੀਪਲ ਵੱਲੋਂ ਇੱਕੋ ਸਮੇਂ ’ਤੇ ਸਾਰੇ ਅਧਿਆਪਕਾਂ, ਵਿਦਿਆਰਥੀਆਂ ਅਤੇ ਗੈਰ-ਅਧਿਆਪਨ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਸਕਣਗੀਆਂ।
ਬ੍ਰੌਡਕਾਸਟਿੰਗ ਸਿਸਟਮ ਅਤੇ ਇਸ ਦੇ ਲਾਭਾਂ ਬਾਰੇ ਦੱਸਦੇ ਹੋਏ ਸ੍ਰੀ ਸਿੰਗਲਾ ਨੇ ਕਿਹਾ ਕਿ ਹਰੇਕ ਸਿਸਟਮ ਦੀ ਕੀਮਤ ਲਗਭਗ 25,000 ਰੁਪਏ ਹੋਵੇਗੀ, ਜਿਸ ਵਿੱਚ ਇੱਕ ਐਂਪਲੀਫਾਇਰ, ਇੱਕ ਮਾਈਕ, ਇੱਕ ਚੋਣਵਾਂ ਕਲਾਸਰੂਮ ਮਲਟੀ-ਸਵਿਚ, ਸਪੀਕਰ ਅਤੇ ਲੋੜੀਂਦੀ ਤਾਰ ਆਦਿ ਚੀਜ਼ਾਂ ਸ਼ਾਮਲ ਹੋਣਗੀਆਂ। ਉਨਾਂ ਕਿਹਾ ਕਿ ਸਕੂਲ ਪ੍ਰਿੰਸੀਪਲ ਦੇ ਕਮਰੇ ਵਿੱਚ ਐਂਪਲੀਫਾਇਰ, ਮਾਈਕ ਅਤੇ ਚੋਣਵੇਂ ਸਵਿੱਚਬੋਰਡ ਲਗਾਏ ਜਾਣਗੇ ਅਤੇ ਸਮੇਂ-ਸਮੇਂ ਤੇ ਨਿਰਦੇਸ਼ਾਂ ਪ੍ਰਸਾਰਣ ਕਰਨ ਲਈ ਹਰੇਕ ਕਲਾਸਰੂਮ ਵਿੱਚ ਇੱਕ ਸਪੀਕਰ ਲਗਾਇਆ ਜਾਵੇਗਾ। ਉਨਾਂ ਕਿਹਾ ਕਿ ਇਸ ਨਾਲ ਪ੍ਰਿੰਸੀਪਲ ਮਿੰਟਾਂ ’ਚ ਪੂਰੇ ਸਕੂਲ ਵਿੱਚ ਲੋੜੀਂਦਾ ਸੁਨੇਹਾ ਜਾਂ ਹਦਾਇਤ ਪ੍ਰਸਾਰਿਤ ਕਰ ਸਕਣਗੇ ਜਿਸ ਨਾਲ ਸਟਾਫ ਦੇ ਸਮੇਂ ਦੀ ਬੱਚਤ ਹੋਵੇਗੀ। ਉਨਾਂ ਅੱਗੇ ਕਿਹਾ ਕਿ ਚੋਣਵੇਂ ਸਵਿੱਚਬੋਰਡ ਬ੍ਰੌਡਕਾਸਟਰ ਨੂੰ ਸੰਦੇਸ਼ ਜਾਂ ਨਿਰਦੇਸ਼ ਭੇਜਣ ਸਮੇਂ ਕੋਈ ਇੱਕ ਜਾਂ ਚੁਣਵੇਂ ਕਲਾਸਰੂਮਾਂ ‘ਚ ਵੀ ਸੁਨੇਹਾ ਪ੍ਰਸਾਰਿਤ ਕਰਨ ਦੀ ਸਹੂਲਤ ਪ੍ਰਦਾਨ ਕਰੇਗਾ।
ਸ੍ਰੀ ਸਿੰਗਲਾ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਬ੍ਰੌਡਕਾਸਟਿੰਗ ਸਿਸਟਮ ਦੀ ਲਗਾਉਣ ਤੋਂ ਬਾਅਦ ਸਕੂਲ ਦੇ ਸਟਾਫ ਤੋਂ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ, ਲੋੜੀਂਦੀਆਂ ਸੋਧਾਂ ਅਤੇ ਕਾਰਜਕੁਸ਼ਲਤਾ ’ਤੇ ਪਏ ਪ੍ਰਭਾਵਾਂ ਬਾਰੇ ਫੀਡ-ਬੈਕ ਲਿਆ ਜਾਵੇਗਾ। ਉਨਾਂ ਕਿਹਾ ਕਿ ਫੀਡਬੈਕ ਦਾ ਮੁਲਾਂਕਣ ਕਰਨ ਉਪਰੰਤ ਹੀ ਸਿੱਖਿਆ ਵਿਭਾਗ ਸਾਰੇ ਸਰਕਾਰੀ ਸਕੂਲਾਂ ਵਿੱਚ ਇਸ ਪ੍ਰਣਾਲੀ ਦੀ ਸਥਾਪਨਾ ਬਾਰੇ ਫੈਸਲਾ ਲਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਕੰਮ ਕਰ ਰਹੀ ਹੈ ਜਿਸ ਨਾਲ ਪੰਜਾਬ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਵਿੱਚੋਂ ਮੋਹਰੀ ਸੂਬੇ ਵਜੋਂ ਉੱਭਰਿਆ ਹੈ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਦੀਆਂ ਨੀਤੀਆਂ ਅਤੇ ਸੁਧਾਰਾਂ ਤੋਂ ਇਲਾਵਾ, ਸਿੱਖਿਆ ਵਿਭਾਗ ਦੇ ਸਮੁੱਚੇ ਸਟਾਫ ਦੇ ਸਹਿਯੋਗ ਅਤੇ ਸਖਤ ਮਿਹਨਤ ਸਦਕਾ ਪੰਜਾਬ ਲਈ ਦੇਸ਼ ਵਿੱਚੋਂ ਸਿਖ਼ਰਲਾ ਸਥਾਨ ਹਾਸਲ ਕਰਨਾ ਸੰਭਵ ਹੋ ਸਕਿਆ ਹੈ। ਉਨਾਂ ਕਿਹਾ ਕਿ ਸਾਡੀ ਸਰਕਾਰ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਪੰਜਾਬ ਦੇ CM ਓਲੰਪਿਕ ਮੈਡਲ ਜੇਤੂਆਂ ਨੂੰ ਅੱਜ ਦੇਣਗੇ ਸ਼ਾਹੀ ਭੋਜ
ਟੋਕੀਓ ਵਿਚ ਹੋਈਆਂ ਓਲੰਪਿਕ ਖੇਡਾਂ ਚ ਭਾਰਤੀ ਖਿਡਾਰੀਆਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਲਈ ਸਾਰੇ ਦੇਸ਼ ਵਾਸੀਆਂ ਇਨ੍ਹਾਂ ਖਿਡਾਰੀਆਂ ‘ਤੇ ਮਾਣ ਹੈ। ਅੱਜ ਟੋਕੀਓ ਵਿਚ ਸੰਪੰਨ ਹੋਈਆਂ ਓਲੰਪਿਕ ਖੇਡਾਂ ਵਿਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਸਮੇਤ ਹੋਰ ਖਿਡਾਰੀਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਤ ਨੂੰ ਸ਼ਾਹੀ ਭੋਜ ਦਿੱਤਾ ਜਾਵੇਗਾ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਕਿਹਾ ਕਿ ਕੈਪਟਨ ਖਿਡਾਰੀਆਂ ਲਈ ਖੁਦ ਪੁਲਾਅ, ਚਿਕਨ, ਆਲੂ ਤੇ ਜ਼ੀਰਾ ਰਾਈਸ ਤਿਆਰ ਕਰਨਗੇ।
From Patiala cuisine to pulao, lamb, chicken, aloo & Zarda rice, CM @capt_amarinder will prepare each of these delicacies himself to keep his promise to Punjab Olympic medal winners (& Neeraj Chopra) at the dinner he’s hosting for them tomorrow!
(file pic) pic.twitter.com/X9iOF16N5m— Raveen Thukral (@RT_MediaAdvPBCM) September 7, 2021
ਮੁੱਖ ਮੰਤਰੀ ਕੈਪਟਨ ਨੂੰ ਕੁਕਿੰਗ ਦਾ ਸ਼ੁਰੂ ਤੋਂ ਹੀ ਸ਼ੌਕ ਰਿਹਾ ਹੈ। ਉਹ ਸਮੇਂ-ਸਮੇਂ ’ਤੇ ਆਪਣੇ ਹੱਥਾਂ ਨਾਲ ਸ਼ਾਹੀ ਭੋਜ ਵੀ ਤਿਆਰ ਕਰਦੇ ਰਹੇ ਹਨ। ਉਹ ਜਦੋਂ ਵੀ ਆਪਣੇ ਫਾਰਮ ਹਾਊਸ ’ਤੇ ਜਾਂਦੇ ਹਨ ਤਾਂ ਕਈ ਵਾਰ ਆਪਣੇ ਸਹਿਯੋਗੀਆਂ ਨੂੰ ਖੁਦ ਖਾਣਾ ਤਿਆਰ ਕਰ ਕੇ ਖੁਆਉਂਦੇ ਹਨ। ਉਹ ਮਹਿਮਾਨਾਂ ਲਈ ਉਨ੍ਹਾਂ ਦੀ ਪਸੰਦ ਦੇ ਪਕਵਾਨ ਤਿਆਰ ਕਰਦੇ ਹਨ।
9 ਸਤੰਬਰ ਤੋਂ 17 ਸਤੰਬਰ ਤੱਕ ਸੂਬੇ ਭਰ ‘ਚ ਵੱਖ-ਵੱਖ ਥਾਵਾਂ ਤੇ ਲਗਾਏ ਜਾਣਗੇ ਰੁਜ਼ਗਾਰ ਮੇਲੇ
ਸੂਬਾ ਪੱਧਰੀ ਸੱਤਵੇਂ ਮੈਗਾ ਰੋਜ਼ਗਾਰ ਮੇਲਾ ਦਾ ਉਦਘਾਟਨ 9 ਸਤੰਬਰ ਨੂੰ
ਚੰਡੀਗੜ੍ਹ :ਪੰਜਾਬ ਸਰਕਾਰ ਘਰ ਘਰ ਰੋਜਗਾਰ ਮੁਹਿੰਮ ਦੇ ਤਹਿਤ ਕੋਵਿਡ-19 ਮਹਾਂਮਾਰੀ ਨਾਲ ਪੈਦਾ ਹੋਏ ਹਾਲਾਤਾਂ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਾਪਤੀ ਵਾਸਤੇ ਸਹਾਈ ਹੁੰਦੇ ਹੋਏ ਸੱਤਵੇ ਮੈਗਾ ਰੁਜ਼ਗਾਰ ਮੇਲੇ ਦਾ ਆਯੋਜਨ ਮਿਤੀ 9 ਸਤੰਬਰ 2021 ਤੋਂ 17 ਸਤੰਬਰ 2021 ਤੱਕ ਕਰਵਾਉਣ ਜਾ ਰਹੀ ਹੈ। 9 ਸਤੰਬਰ ਨੂੰ ਇਸ ਮੈਗਾ ਰੁਜ਼ਗਾਰ ਮੇਲੇ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਰਚੁਅਲ ਮਾਧਿਅਮ ਰਾਹੀਂ ਕੀਤਾ ਜਾਵੇਗਾl
ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੇਲਾ ਪੰਜਾਬ ਭਰ ਵਿੱਚ 84 ਸਥਾਨਾਂ ਤੇ ਲਗਾਇਆ ਜਾਵੇਗਾ ਜਿਸ ਵਿੱਚ 2 ਲੱਖ ਤੋਂ ਵੱਧ ਪ੍ਰਾਈਵੇਟ ਅਸਾਮੀਆਂ ਬੇਰੁਜ਼ਗਾਰ ਉਮੀਦਵਾਰਾਂ ਵਾਸਤੇ ਉਪਲੱਬਧ ਹੋਣਗੀਆਂ। ਇਸ ਮੇਲੇ ਵਿੱਚ ਹੈਵੇਲਸ, ਪੁਖਰਾਜ, ਟੈਕ ਮਹਿੰਦਰਾ, ਐਲਆਈਸੀ, ਐਚਡੀਐਫਸੀ ਬੈਂਕ, ਵਰਧਾਮਮ ਮਿਲਸ ਵਰਗੀਆਂ ਨਾਮੀ ਕੰਪਨੀਆਂ ਭਾਗ ਲੈ ਰਹੀਆਂ ਹਨ। ਮੇਲੇ ਵਿੱਚ ਭਾਗ ਲੈਣ ਵਾਸਤੇ ਉਮੀਦਵਾਰ ਆਪਣੇ ਆਪ ਨੂੰ www.pgrkam.com ਪੋਰਟਲ ਤੇ ਰਜਿਸਟਰ ਕਰਵਾ ਸਕਣਗੇ। ਮੇਲੇ ਦੇ ਸਥਾਨਾਂ ਦੀ ਜਾਣਕਾਰੀ ਆਪ ਨੂੰ ਪੋਰਟਲ ਤੇ ਪ੍ਰਾਪਤ ਹੋਵੇਗੀ।
ਮਾਰੂ ਸਮਝੌਤਿਆਂ ਨਾਲ ਲੋਕਾਂ ਅਤੇ ਸਰਕਾਰੀ ਖ਼ਜ਼ਾਨੇ ਦੀ ਹੋ ਰਹੀ ਹੈ ਲੁੱਟ : ਹਰਪਾਲ ਸਿੰਘ ਚੀਮਾ
‘ਆਪ’ ਨੇ ਮਾਰੂ ਪ੍ਰਾਈਵੇਟ ਬਿਜਲੀ ਸਮਝੌਤੇ ਰੱਦ ਕਰਨ ’ਚ ਫ਼ੇਲ ਕੈਪਟਨ ਅਮਰਿੰਦਰ ਸਿੰਘ ਦੇ ਸੂਬਾ ਭਰ ’ਚ ਪੁੱਤਲੇ ਫੂਕੇ
ਮਿਲੀਭੁਗਤ ਕਾਰਨ ਕੈਪਟਨ ਨੇ ਮਾਰੂ ਸਮਝੌਤਿਆਂ ਸੰਬੰਧੀ ਬਾਦਲਾਂ ਖਿਲਾਫ਼ ਨਹੀਂ ਕੀਤੀ ਕਾਰਵਾਈ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮਾਰੂ ਪ੍ਰਾਈਵੇਟ ਬਿਜਲੀ ਸਮਝੌਤੇ ਰੱਦ ਕਰਨ ’ਚ ਫ਼ੇਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਲੇ ਫੂਕੇ। ਅੱਜ (ਮੰਗਲਵਾਰ) ਪਟਿਆਲਾ, ਜਲੰਧਰ ਲੁਧਿਆਣਾ, ਮੋਹਾਲੀ, ਅੰਮ੍ਰਿਤਸਰ, ਰੋਪੜ ਅਤੇ ਗੁਰਦਾਸਪੁਰ ਸਮੇਤ ਸੂਬਾ ਭਰ ’ਚ ‘ਆਪ’ ਆਗੂਆਂ ਅਤੇ ਵਰਕਰਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ ਅੱਗੇ ਧਰਨੇ ਲਾ ਕੇ ਕੈਪਟਨ ਅਮਰਿੰਦਰ ਸਿੰਘ ’ਤੇ ਬਿਜਲੀ ਸਮਝੌਤੇ ਰੱਦ ਕਰਨ ਦੇ ਵਾਅਦੇ ਤੋਂ ਮੁੱਕਰਨ ਦੇ ਦੋਸ਼ ਲਾਏ ਅਤੇ ਉਨ੍ਹਾਂ ਮੁੱਖ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕੀਤੀ।
ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੱਤਾਧਾਰੀ ਕਾਂਗਰਸ ਨਿੱਜੀ ਬਿਜਲੀ ਕੰਪਨੀਆਂ ਦੇ ਨਾਲ ਬਾਦਲਾਂ ਵੱਲੋਂ ਕੀਤੇ ਪੰਜਾਬ ਮਾਰੂ ਬਿਜਲੀ ਸਮਝੌਤੇ ਰੱਦ ਕਰਨ ਤੋਂ ਭੱਜ ਗਈ ਹੈ, ਪਰ ਕਾਂਗਰਸੀ ਝੂਠੀ ਬਿਆਨਬਾਜੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਚੀਮਾ ਨੇ ਕਿਹਾ, ‘‘2017 ਦੀਆਂ ਚੋਣਾ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁੱਟਕਾ ਸਾਹਿਬ ਦੀ ਸਹੁੰ ਖਾ ਕੇ ਪੰਜਾਬ ਵਾਸੀਆ ਨਾਲ ਅਨੇਕਾਂ ਵਾਅਦੇ ਕੀਤੇ ਸਨ। ਜਿਨਾਂ ਵਿੱਚ ਮਾਰੂ ਬਿਜਲੀ ਸਮਝੌਤੇ ਰੱਦ ਕਰਨਾ ਵੀ ਸ਼ਾਮਲ ਸੀ, ਪਰ ਸੱਤਾ ਪਾ ਕੇ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦੇ ਤੋਂ ਮੁਕਰ ਗਏ ਹਨ ਅਤੇ ਉਨ੍ਹਾਂ ਪੰਜਾਬ ਵਾਸੀਆਂ ਨਾਲ ਧੋਖ਼ਾ ਕੀਤਾ ਹੈ।’’
ਕੈਪਟਨ ਅਮਰਿੰਦਰ ਸਿੰਘ ਦੀ ਅਲੋਚਨਾ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਨੇ ਚੋਣ ਰੈਲੀਆਂ ਅਤੇ ਪੰਜਾਬ ਵਿਧਾਨ ਸਭਾ ’ਚ ਮਾਰੂ ਬਿਜਲੀ ਸਮਝੌਤਿਆਂ ਬਾਰੇ ਵਾਈਟ ਪੇਪਰ ਪੇਸ਼ ਕਰਨ ਦਾ ਵਾਅਦਾ ਵੀ ਕੀਤਾ ਸੀ, ਪਰ ਬਾਦਲਾਂ ਅਤੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਮਿਲੀਭੁਗਤ ਕਾਰਨ ਕੈਪਟਨ ਨੇ ਵਾਈਟ ਪੇਪਰ ਪੇਸ਼ ਕਰਨ ਤੋਂ ਵੀ ਪਾਸਾ ਵੱਟ ਲਿਆ ਅਤੇ ਬਿਜਲੀ ਮਾਫ਼ੀਆ ਦਾ ਸਮਰਥਨ ਕਰ ਦਿੱਤਾ ਹੈ। ਇਸੇ ਮਿਲੀਭੁਗਤ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਵਾਲੇ ਬਾਦਲਾਂ ਅਤੇ ਮਜੀਠੀਆ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਚੀਮਾ ਨੇ ਦੋਸ਼ ਲਾਇਆ, ‘‘ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਪੰਜਾਬ ਦੇ ਹਿੱਤਾਂ ਨੂੰ ਨਿੱਜੀ ਬਿਜਲੀ ਕੰਪਨੀਆਂ ਕੋਲ ਉਸੇ ਤਰ੍ਹਾਂ ਵੇਚ ਦਿੱਤਾ, ਜਿਵੇਂ ਅਕਾਲੀ-ਭਾਜਪਾ ਸਰਕਾਰ ਨੇ ਵੇਚ ਕੇ ਮੋਟੀ ਦਲਾਲੀ ਪ੍ਰਾਪਤ ਕੀਤੀ ਸੀ।’’ ਉਨ੍ਹਾਂ ਸਵਾਲ ਕੀਤਾ ਕਿ ਬਾਦਲਾਂ ਦੇ ਰਾਜ ਤੋਂ ਲੈ ਕੇ ਕਾਂਗਰਸ ਦੇ ਸਾਢੇ ਚਾਰ ਸਾਲਾਂ ਦੇ ਰਾਜ ਤੱਕ ਪੰਜਾਬ ਦੇ ਲੋਕਾਂ ਅਤੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਣ ਵਾਲੀਆਂ ਕੰਪਨੀਆਂ ਤੋਂ ਹਿਸਾਬ ਕੌਣ ਲਏਗਾ?
ਚੀਮਾ ਨੇ ਕਿਹਾ ਕਿ ਜੇ ਸੱਤਾਧਾਰੀ ਕਾਂਗਰਸ ਪੰਜਾਬ ਦੀ ਹਿਤੈਸ਼ੀ ਹੁੰਦੀ ਤਾਂ ‘ਆਪ’ ਵੱਲੋਂ ਮਾਰੂ ਬਿਜਲੀ ਸਮਝੌਤੇ ਰੱਦ ਕਰਨ ਲਈ ਵਿਧਾਨ ਸਭਾ ’ਚ ਪੇਸ਼ ਕੀਤੇ ਪ੍ਰਾਈਵੇਟ ਮੈਂਬਰ ਬਿਲ ਨੂੰ ਸਵੀਕਾਰ ਕਰਦੀ ਅਤੇ ਉਸ ’ਤੇ ਚਰਚਾ ਕਰਾਉਂਦੀ। ਉਨ੍ਹਾਂ ਵਿਸ਼ਵਾਸ਼ ਦਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪਹਿਲੇ ਹੀ ਮਹੀਨੇ ’ਚ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਮਾਰੂ ਸਮਝੌਤੇ ਰੱਦ ਕੀਤੇ ਜਾਣਗੇ ਅਤੇ ਨਿੱਜੀ ਬਿਜਲੀ ਮਾਫ਼ੀਆ ਨੂੰ ਦਿੱਲੀ ਦੀ ਅਰਵਿੰਦ ਕੇਜਰਵਾਲ ਸਰਕਾਰ ਦੀ ਤਰ੍ਹਾਂ ਨੱਥ ਪਾਈ ਜਾਵੇਗੀ।















