Home Blog Page 2423

PM ਮੋਦੀ ਨੇ ਟੋਕੀਓ ਪੈਰਾਲੰਪਿਕਸ ਖਿਡਾਰੀਆਂ ਨਾਲ ਕੀਤੀ ਮੁਲਾਕਾਤ

0

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2020 ਟੋਕੀਓ ਪੈਰਾਲੰਪਿਕਸ ‘ਚ ਹਿੱਸਾ ਲੈਣ ਵਾਲੇ ਭਾਰਤੀ ਦਲ ਨਾਲ ਮੁਲਾਕਾਤ ਕੀਤੀ।

ਮੁਲਾਕਾਤ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਦੱਸ ਦਈਏ ਕਿ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਟੋਕੀਓ ਪੈਰਾਲੰਪਿਕ ਖੇਡਾਂ ਤੋਂ ਪਰਤੇ ਭਾਰਤ ਦੇ ਤਮਗਾ ਜੇਤੂਆਂ ਨੂੰ ਸਨਮਾਨਿਤ ਕੀਤਾ ਤੇ ਉਮੀਦ ਜਤਾਈ ਕਿ ਦੇਸ਼ ਦੇ ਪੈਰਾ ਐਥਲੀਟ 2024 ‘ਚ ਪੈਰਿਸ ਵਿਚ ਇਸ ਰਿਕਾਰਡ ਪ੍ਰਦਰਸ਼ਨ ਨੂੰ ਤੋੜ ਦੇਣਗੇ। ਭਾਰਤ ਦੇ ਪੈਰਾ ਖਿਡਾਰੀਆਂ ਨੇ ਟੋਕੀਓ ਖੇਡਾਂ ਵਿਚ ਦੇਸ਼ ਲਈ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ 19 ਤਮਗੇ ਜਿੱਤੇ, ਜਿਸ ਵਿਚ ਭਾਰਤ 5 ਸੋਨ, 8 ਚਾਂਦੀ ਤੇ 6 ਕਾਂਸੀ ਤਮਗੇ ਸ਼ਾਮਲ ਹਨ।

Income Tax ਨਾਲ ਜੁੜੇ ਮਾਮਲੇ ‘ਚ ਮੁੱਖ ਮੰਤਰੀ ਕੈਪਟਨ ਨੂੰ ਮਿਲੀ ਵੱਡੀ ਰਾਹਤ

0

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਮਦਨ ਟੈਕਸ ਨਾਲ ਜੁੜੇ ਮਾਮਲੇ ਵਿੱਚ ਵੱਡੀ ਰਾਹਤ ਮਿਲੀ ਹੈ। ਪੰਜਾਬ – ਹਰਿਆਣਾ ਹਾਈਕੋਰਟ ਨੇ ਕੈਪਟਨ ਦੇ ਖਿਲਾਫ ਲੁਧਿਆਣਾ ਕੋਰਟ ਵਿੱਚ ਆਮਦਨ ਟੈਕਸ ਵਿਭਾਗ ਦੇ ਕੇਸ ਦਾ ਰਿਕਾਰਡ ਈਡੀ ਨੂੰ ਸੌਂਪੇ ਜਾਣ ਦੇ ਆਦੇਸ਼ਾਂ ‘ਤੇ ਰੋਕ ਲਗਾ ਦਿੱਤੀ ਹੈ। ਹਾਈਕੋਰਟ ਨੇ ਇਸ ਮਾਮਲੇ ‘ਚ ਆਮਦਨ ਕਰ ਵਿਭਾਗ ਅਤੇ ਈਡੀ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 4 ਅਕਤੂਬਰ ਨੂੰ ਜਵਾਬ ਦੇਣ ਨੂੰ ਕਿਹਾ ਹੈ।

ਜਸਟਿਸ ਜੀਐਸ ਸੰਧਾਵਾਲੀਆ ਨੇ ਇਹ ਆਦੇਸ਼ ਕੈਪਟਨ ਵੱਲੋਂ ਦਰਜ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਦਿੱਤਾ। ਦੱਸ ਦਈਏ ਕਿ, ਆਮਦਨ ਕਰ ਵਿਭਾਗ ਦੀ ਸ਼ਿਕਾਇਤ ‘ਤੇ 2016 ਤੋਂ ਲੁਧਿਆਣਾ ਦੀ ਅਦਾਲਤ ਵਿੱਚ ਇਹ ਕੇਸ ਚੱਲ ਰਿਹਾ ਹੈ। ਇਸ ਕੇਸ ਵਿੱਚ ਈਡੀ ਨੇ ਜਾਂਚ ਲਈ ਅਦਾਲਤ ਤੋਂ ਇਸ ਕੇਸ ਦੇ ਰਿਕਾਰਡ ਨੂੰ ਜਾਂਚ ਕਰਨ ਲਈ ਇਜਾਜ਼ਤ ਮੰਗੀ ਸੀ। ਈਡੀ ਦੀ ਇਸ ਮੰਗ ਨੂੰ ਸਵੀਕਾਰ ਕਰਦੇ ਹੋਏ ਲੁਧਿਆਣਾ ਦੀ ਅਦਾਲਤ ਨੇ ਪਿਛਲੇ ਸਾਲ 18 ਸਤੰਬਰ ਨੂੰ ਇਸ ਦੀ ਇਜਾਜ਼ਤ ਦੇ ਦਿੱਤੀ ਸੀ। ਕੈਪਟਨ ਨੇ ਇਸ ਫੈਸਲੇ ਦੇ ਖਿਲਾਫ ਅਪੀਲ ਕੀਤੀ ਤਾਂ ਇਸ ਨੂੰ ਵਧੀਕ ਸੈਸ਼ਨ ਜੱਜ ਨੇ ਰੱਦ ਕਰ ਦਿੱਤਾ। ਅਪੀਲ ਦੇ ਖਾਰਜ ਹੋਣ ਤੋਂ ਬਾਅਦ ਕੈਪਟਨ ਨੇ ਲੁਧਿਆਣਾ ਦੀ ਜਿੱਲ੍ਹਾ ਅਦਾਲਤ ਦੇ ਆਦੇਸ਼ ਨੂੰ ਹਾਈਕੋਰਟ ‘ਚ ਚੁਣੋਤੀ ਦਿੰਦੇ ਹੋਏ ਮੰਗ ਦਰਜ ਕੀਤੀ।

ਦਰਜ਼ ਪਟੀਸ਼ਨ ਵਿੱਚ ਹਾਈਕੋਰਟ ਨੂੰ ਦੱਸਿਆ ਗਿਆ ਹੈ ਕਿ ਇਸ ਕੇਸ ਦਾ ਰਿਕਾਰਡ ਈਡੀ ਨੂੰ ਸੌਂਪੇ ਜਾਣ ਦੇ ਆਦੇਸ਼ ਪੂਰੀ ਤਰ੍ਹਾਂ ਤੋਂ ਗਲਤ ਹੈ। ਮੰਗ ਵਿੱਚ ਇਸ ਆਦੇਸ਼ਾਂ ਨੂੰ ਰੱਦ ਕੀਤੇ ਜਾਣ ਦੀ ਹਾਈਕੋਰਟ ਤੋਂ ਮੰਗ ਕੀਤੀ ਗਈ। ਹਾਈਕੋਰਟ ਨੇ ਮੰਗ ‘ਤੇ ਸੁਣਵਾਈ ਕਰਦੇ ਹੋਏ ਲੁਧਿਆਣਾ ਕੋਰਟ ਦੇ ਇਸ ਆਦੇਸ਼ ‘ਤੇ ਮਾਮਲੇ ਦੀ ਅਗਲੀ ਸੁਣਵਾਈ ਤੱਕ ਰੋਕ ਲਗਾਉਂਦੇ ਹੋਏ ਆਮਦਨ ਕਰ ਵਿਭਾਗ ਅਤੇ ਈਡੀ ਨੂੰ ਨੋਟਿਸ ਜਾਰੀ ਕਰ ਜਵਾਬ ਮੰਗ ਲਿਆ ਹੈ।

ਕਰਨਾਲ : ਕਿਸਾਨਾਂ ਦਾ ਪ੍ਰਦਰਸ਼ਨ ਜਾਰੀ, ਮੋਬਾਈਲ ਇੰਟਰਨੈਟ – SMS ਸੇਵਾ ਰਾਤ 12 ਵਜੇ ਤੱਕ ਬੰਦ

0

ਕਰਨਾਲ: ਕਰਨਾਲ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਵੀਰਵਾਰ ਨੂੰ ਵੀ ਜਾਰੀ ਹੈ। ਕਿਸਾਨਾਂ ਅਤੇ ਪ੍ਰਸ਼ਾਸਨ ਦੇ ਵਿੱਚ ਮੰਗਲਵਾਰ ਨੂੰ ਹੋਈ ਬੇਨਤੀਜਾ ਗੱਲਬਾਤ ਤੋਂ ਬਾਅਦ ਬੁੱਧਵਾਰ ਦੀ ਬੈਠਕ ਵਿੱਚ ਵੀ ਕੋਈ ਹੱਲ ਨਹੀਂ ਨਿਕਲਿਆ। ਜਿਸ ਤੋਂ ਬਾਅਦ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ। ਉਥੇ ਹੀ ਇਸ ਵਿੱਚ, ਹਰਿਆਣਾ ਸਰਕਾਰ ਨੇ ਕਰਨਾਲ ਵਿੱਚ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ, ਗਲਤ ਸੂਚਨਾ ਦੇ ਪ੍ਰਸਾਰ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਮੋਬਾਈਲ, ਇੰਟਰਨੈਟ ਅਤੇ ਐਸਐਮਐਸ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਆਦੇਸ਼ ਅੱਜ ਰਾਤ 11 59 ਵਜੇ ਤੱਕ ਲਾਗੂ ਰਹੇਗਾ।

ਦੱਸ ਦਈਏ ਕਿ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਅਗਵਾਈ ਵਿੱਚ ਹਜ਼ਾਰਾਂ ਕਿਸਾਨ ਸਕੱਤਰੇਤ ਦੇ ਬਾਹਰ ਧਰਨੇ ‘ਤੇ ਬੈਠੇ ਹਨ। ਕਿਸਾਨਾਂ ਦੀ ਮੰਗ ਹੈ ਕਿ ਐਸਡੀਐਮ ਆਯੂਸ਼ ਸਿਨਹਾ ਵਿਰੁੱਧ ਕਾਰਵਾਈ ਕੀਤੀ ਜਾਵੇ, ਇਸ ਤੋਂ ਘੱਟ ਕੁੱਝ ਵੀ ਮਨਜ਼ੂਰ ਨਹੀਂ ਹੈ। ਹਾਲਾਂਕਿ, ਪ੍ਰਸ਼ਾਸਨ ਨੇ ਅਜੇ ਤੱਕ ਉਨ੍ਹਾਂ ਦੀ ਮੰਗ ਮੰਨਣ ਤੋਂ ਇਨਕਾਰ ਕੀਤਾ ਹੈ।

ਰਾਣਾ ਸੋਢੀ ਵੱਲੋਂ ਸੋਨ ਤਮਗ਼ਾ ਜੇਤੂ ਨੀਰਜ ਚੋਪੜਾ ਅਤੇ ਪੈਰਾ ਏਸ਼ੀਅਨ ਖੇਡਾਂ ਦੇ ਕਾਂਸੀ ਤਮਗ਼ਾ ਜੇਤੂ ਗੁਰਲਾਲ ਸਿੰਘ ਨੂੰ ਨਕਦ ਪੁਰਸਕਾਰਾਂ ਨਾਲ ਕੀਤਾ ਸਨਮਾਨਤ

0

ਮੁੱਖ ਮੰਤਰੀ ਵੱਲੋਂ ਤਮਗ਼ਾ ਜੇਤੂ ਤੇ ਹੋਰ ਖਿਡਾਰੀਆਂ ਨੂੰ ਪਿਛਲੇ ਮਹੀਨੇ 28.36 ਕਰੋੜ ਰੁਪਏ ਨਾਲ ਕੀਤਾ ਗਿਆ ਸੀ ਸਨਮਾਨਤ

ਚੰਡੀਗੜ੍ਹ : ਪੰਜਾਬ ਦੇ ਖੇਡ ਮੰਤਰੀ ਰਾਣਾ ਗਰਮੀਤ ਸਿੰਘ ਸੋਢੀ ਨੇ ਟੋਕੀਉ ਉਲੰਪਿਕ ਖੇਡਾਂ ਵਿੱਚ ਸੋਨ ਤਮਗ਼ਾ ਜਿੱਤਣ ਵਾਲੇ ਜੈਵਲਿਨ ਥਰੋਅਰ ਨੀਰਜ ਚੋਪੜਾ ਅਤੇ ਜਕਾਰਤਾ ਪੈਰਾ-ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਜੇਤੂ ਗੁਰਲਾਲ ਸਿੰਘ ਨੂੰ ਅੱਜ ਇੱਥੇ ਨਕਦ ਪੁਰਸਕਾਰਾਂ ਨਾਲ ਸਨਮਾਨਤ ਕੀਤਾ।ਪੰਜਾਬ ਭਵਨ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਰਾਣਾ ਸੋਢੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਐਲਾਨ ਮੁਤਾਬਕ ‘ਗੋਲਡਨ ਬੁਆਏ’ ਨੀਰਜ ਚੋਪੜਾ ਨੂੰ 2.51 ਕਰੋੜ ਰੁਪਏ ਦੀ ਰਾਸ਼ੀ ਦਾ ਚੈੱਕ ਸੌਂਪਿਆ ਅਤੇ 2018 ਵਿੱਚ ਜਕਾਰਤਾ ਵਿਖੇ ਹੋਈਆਂ ਪੈਰਾ-ਏਸ਼ੀਆਈ ਖੇਡਾਂ ਵਿੱਚ ਸਾਈਕਲਿੰਗ ਵਿੱਚ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਗੁਰਲਾਲ ਸਿੰਘ ਨੂੰ 50 ਲੱਖ ਰੁਪਏ ਦੇ ਚੈੱਕ ਭੇਟ ਕੀਤਾ।

ਸਮਾਗਮ ਦੌਰਾਨ ਆਪਣੇ ਸੰਬੋਧਨ ਦੌਰਾਨ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਲੰਪਿਕਸ ਵਿੱਚ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਪੰਜਾਬ ਦੇ ਹਾਕੀ ਖਿਡਾਰੀਆਂ ਸਣੇ ਉਲੰਪਿਕ ਵਿੱਚ ਹਿੱਸਾ ਲੈਣ ਵਾਲੇ ਬਾਕੀ ਖਿਡਾਰੀਆਂ ਨੂੰ ਕੁੱਲ 28.36 ਕਰੋੜ ਰੁਪਏ ਦੀ ਰਾਸ਼ੀ ਨਾਲ ਪਹਿਲਾਂ ਹੀ ਸਨਮਾਨਤ ਕੀਤਾ ਜਾ ਚੁੱਕਾ ਹੈ ਪਰ ਉਦੋਂ ਨੀਰਜ ਚੋਪੜਾ ਜ਼ਰੂਰੀ ਰੁਝੇਵਿਆਂ ਕਾਰਨ ਪਹੁੰਚ ਨਹੀਂ ਸਨ ਸਕੇ, ਜਿਨ੍ਹਾਂ ਨੂੰ ਅੱਜ ਨਕਦ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਨਕਦ ਰਾਸ਼ੀ ਖੁਣੋਂ ਰਹਿ ਗਏ ਪੈਰਾ ਖਿਡਾਰੀ ਗੁਰਲਾਲ ਸਿੰਘ ਨੂੰ ਵੀ ਰਾਸ਼ੀ ਦਾ ਚੈੱਕ ਸੌਂਪਿਆ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਦੇਸ਼ ਦੇ ਖਿਡਾਰੀ 2024 ਦੀਆਂ ਪੈਰਿਸ ਉਲੰਪਿਕਸ ਵਿੱਚ ਇਸ ਤੋਂ ਵੀ ਵੱਧ ਤਮਗ਼ੇ ਦੇਸ਼ ਦੀ ਝੋਲੀ ਪਾਉਣਗੇ।

ਖੇਡ ਮੰਤਰੀ ਨੇ ਐਲਾਨ ਕੀਤਾ ਕਿ ਅਗਲੇ ਦਿਨਾਂ ਦੌਰਾਨ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਵੀ ਵਿਸ਼ੇਸ਼ ਸਮਾਗਮ ਕਰਵਾ ਕੇ ਇਨਾਮ ਤਕਸੀਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨਵੀਂ ਖੇਡ ਨੀਤੀ ਰੰਗ ਲਿਆ ਰਹੀ ਹੈ ਅਤੇ ਪੰਜਾਬ ਮੁੜ ਖੇਡਾਂ ਵਿੱਚ ਆਪਣੇ ਚੋਟੀ ਦੇ ਸਥਾਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ।ਦੱਸ ਦੇਈਏ ਕਿ ਪਿਛਲੇ ਮਹੀਨੇ ਟੋਕੀਉ ਉਲੰਪਿਕ ਖੇਡਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਪੰਜਾਬੀ ਖਿਡਾਰੀਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਗਦ ਇਨਾਮ ਰਾਸ਼ੀ ਨਾਲ ਸਨਮਾਨਤ ਕੀਤਾ ਗਿਆ ਸੀ। ਇਸ ਸਮਾਗਮ ਦੌਰਾਨ ਟੋਕੀਉ ਉਲੰਪਿਕਸ ਵਿੱਚ ਕਾਂਸੀ ਦਾ ਤਮਗ਼ਾ ਜੇਤੂ 10 ਪੁਰਸ਼ ਹਾਕੀ ਖਿਡਾਰੀਆਂ ਮਨਪ੍ਰੀਤ ਸਿੰਘ (ਕਪਤਾਨ), ਹਰਮਨਪ੍ਰੀਤ ਸਿੰਘ (ਉਪ ਕਪਤਾਨ), ਮਨਦੀਪ ਸਿੰਘ, ਹਾਰਦਿਕ ਸਿੰਘ, ਰੁਪਿੰਦਰ ਪਾਲ ਸਿੰਘ, ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ, ਵਰੁਣ ਕੁਮਾਰ ਤੇ ਸਿਮਰਨਜੀਤ ਸਿੰਘ ਨੂੰ 2.51-2.51 ਕਰੋੜ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।

ਇਸੇ ਤਰ੍ਹਾਂ ਭਾਰਤੀ ਮਹਿਲਾ ਹਾਕੀ ਟੀਮ ਦੀਆਂ 2 ਖਿਡਾਰਨਾਂ ਗੁਰਜੀਤ ਕੌਰ ਤੇ ਰੀਨਾ ਖੋਖਰ, ਭਾਰਤੀ ਪੁਰਸ਼ ਹਾਕੀ ਟੀਮ ਦੇ ਰਾਖਵੇਂ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਅਤੇ ਇਕ ਫਾਈਨਲਿਸਟ ਅਥਲੀਟ ਕਮਲਪ੍ਰੀਤ ਕੌਰ ਨੂੰ 50-50 ਲੱਖ ਰੁਪਏ ਅਤੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਛੇ ਹੋਰ ਖਿਡਾਰੀਆਂ ਅਥਲੀਟ ਤੇਜਿੰਦਰ ਪਾਲ ਸਿੰਘ ਤੂਰ ਤੇ ਗੁਰਪ੍ਰੀਤ ਸਿੰਘ, ਨਿਸ਼ਾਨੇਬਾਜ਼ ਅੰਗਦਵੀਰ ਸਿੰਘ ਬਾਜਵਾ ਤੇ ਅੰਜੁਮ ਮੌਦਗਿਲ, ਮੁੱਕੇਬਾਜ਼ ਸਿਮਰਨਜੀਤ ਕੌਰ ਅਤੇ ਪੈਰਾ ਬੈਡਮਿੰਟਨ ਖਿਡਾਰਨ ਪਲਕ ਕੋਹਲੀ ਨੂੰ 21-21 ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪ੍ਰਮੁੱਖ ਸਕੱਤਰ ਖੇਡਾਂ ਸ੍ਰੀ ਰਾਜ ਕਮਲ ਚੌਧਰੀ, ਡਾਇਰੈਕਟਰ ਖੇਡਾਂ ਸ੍ਰੀ ਡੀ.ਪੀ.ਐਸ. ਖਰਬੰਦਾ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਲੈਫ਼ਟੀਨੈਂਟ ਜਨਰਲ (ਸੇਵਾ-ਮੁਕਤ) ਡਾ. ਜਗਬੀਰ ਸਿੰਘ ਚੀਮਾ, ਰਜਿਸਟਰਾਰ ਕਰਨਲ ਨਵਜੀਤ ਸਿੰਘ ਸੰਧੂ, ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਚੇਅਰਮੈਨ ਸ੍ਰੀ ਕਰਨ ਗਿਲਹੋਤਰਾ, ਹਾਕੀ ਉਲੰਪੀਅਨ ਅਜੀਤ ਸਿੰਘ, ਤੇਨਜ਼ਿੰਗ ਨੌਰਗੇ ਐਵਾਰਡੀ ਕਰਨਲ ਸਰਫ਼ਰਾਜ਼ ਸਿੰਘ ਅਤੇ ਸੰਯੁਕਤ ਡਾਇਰੈਕਟਰ ਸ੍ਰੀ ਕਰਤਾਰ ਸਿੰਘ ਸਣੇ ਸਮੂਹ ਪੰਜਾਬੀ ਉਲੰਪਿਕ ਖਿਡਾਰੀ ਵੀ ਹਾਜ਼ਰ ਸਨ।

ਅਸਿੱਧੇ ਢੰਗ ਨਾਲ ਕਾਲੇ ਕਾਨੂੰਨਾਂ ਦੀ ਵਕਾਲਤ ਛੱਡ ਕੇ ਕਿਸਾਨਾਂ ਦੇ ਸਵਾਲਾਂ ਦਾ ਸਿੱਧਾ ਜਵਾਬ ਦੇਣ ਬਾਦਲ: ਹਰਪਾਲ ਸਿੰਘ ਚੀਮਾ

0

ਕਿਹਾ, ਬਾਦਲਾਂ ਦੀ ਚਿੱਠੀ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਕਹਿਣ ਦੀ ਥਾਂ ਕਿਸਾਨਾਂ ਨੂੰ ਹੀ ਤਾਅਨੇ- ਮਿਹਣੇ ਮਾਰਨ ਵਾਲੀ

ਬਾਦਲਾਂ ਦਾ ਦਿਲ ਅੱਜ ਵੀ ਭਾਜਪਾ ਵਿੱਚ ਧੜਕਦਾ, ਤੋੜ ਵਿਛੋੜਾ ਸਿਰਫ਼ ਦਿਖਾਵੇ ਮਾਤਰ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨੂੰ ਲਿਖੀ ‘ਤਾਅਨੇ ਮਾਰਕਾ ਚਿੱਠੀ’ ਦੀ ਸਖ਼ਤ ਅਲੋਚਨਾ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ, ‘ਬਾਦਲਾਂ ਦਾ ਦਿਲ ਅੱਜ ਵੀ ਭਾਜਪਾ ਵਿੱਚ ਧੜਕਦਾ ਹੈ ਕਿਉਂਕਿ ਚਿੱਠੀ ਦਾ ਹਰ ਸ਼ਬਦ ਅਤੇ ਹਰ ਅਰਥ ਕਿਸਾਨਾਂ ਦੀ ਥਾਂ ਨਰਿੰਦਰ ਮੋਦੀ ਸਰਕਾਰ ਦੀ ਪੈਰਵੀਂ ਕਰਦਾ ਹੈ।’ ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਹੜੀ ਚਿੱਠੀ ਬਾਦਲ ਪਰਿਵਾਰ ਨੇ ਸਾਬਕਾ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਰਾਹੀਂ ਕਿਸਾਨ ਜਥੇਬੰਦੀਆਂ ਨੂੰ ਭੇਜੀ ਹੈ, ਉਸ ‘ਚ ਕਿਤੇ ਵੀ ਖੇਤੀ ਕਾਨੂੰਨਾਂ ਨੂੰ ਕਾਲੇ ਕਾਨੂੰਨ ਨਹੀਂ ਕਿਹਾ ਗਿਆ, ਸਗੋਂ ਝੂਠ -ਤੁਫ਼ਾਨ ਅਤੇ ਪੰਜਾਬ ਦੇ ਮੌਜ਼ੂਦਾ ਹਲਾਤ ਲਈ ਕਿਸਾਨਾਂ ਨੂੰ ਹੀ ਤਾਅਨੇ- ਮਿਹਣੇ ਹੀ ਮਾਰੇ ਗਏ ਹਨ।

ਚੀਮਾ ਨੇ ਕਿਹਾ ਕਿ ਕੋਰਾ ਝੂਠ ਮਾਰਦਿਆਂ ਚਿੱਠੀ ‘ਚ ਇਹ ਦਾਅਵਾ ਕਿਸੇ ਦੇ ਵੀ ਗਲੇ ਨਹੀਂ ਉਤਰ ਰਿਹਾ ਕਿ ਬਾਦਲ ਪਰਿਵਾਰ ਅਤੇ ਪਾਰਟੀ ਨੇ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਸਰਕਾਰ ‘ਤੇ ਕਈ ਵਾਰ ਦਬਾਅ ਬਣਾਇਆ ਹੈ। ਉਨਾਂ ਮੁਤਾਬਕ ਆਰਡੀਨੈਂਸ ‘ਤੇ ਹਰਸਿਮਰਤ ਕੌਰ ਬਾਦਲ ਦੇ ਦਸਤਖ਼ਤ, ਸਰਬ ਪਾਰਟੀ ਬੈਠਕ ‘ਚ ਸੁਖਬੀਰ ਬਾਦਲ ਦੀ ਵਕਾਲਤ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਗੁਣਗਾਣ ਵੀਡੀਓ ਕਿਸੇ ਨੂੰ ਭੁੱਲ ਨਹੀਂ ਸਕਦੇ। ਇਸ ਲਈ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਖ਼ੁਦ ਦੇਣ ਨਾ ਕਿ ਪ੍ਰੋ. ਚੰਦੂਮਾਜਰਾ ਸਮੇਤ 3 ਹੋਰ ਆਗੂਆਂ ਨੂੰ ਬਲੀ ਦਾ ਬੱਕਰਾ ਬਣਾਇਆ ਜਾਵੇ।

ਕਿਸਾਨਾਂ ‘ਤੇ ਦੋਸ਼ ਲਾਉਂਦੀਆਂ ਸਤਰਾਂ ਬਾਰੇ ਚੀਮਾ ਨੇ ਦੱਸਿਆ ਕਿ ਬਾਦਲਾਂ ਨੇ ਚਿੱਠੀ ‘ਚ ਲਿਖਿਆ ਹੈ, ”ਪਹਿਲਾਂ ਲੋਕਲ ਬਾਡੀਜ਼ ਦੀਆਂ ਚੋਣਾ ਸਮੇਂ ਅਸੀਂ (ਬਾਦਲ) ਆਸ ਕਰਦੇ ਸੀ ਕਿ ਆਪ (ਕਿਸਾਨ) ਪੰਜਾਬ ਸਰਕਾਰ ਨੂੰ ਚੋਣ ਅਖਾੜੇ ਵਿੱਚ ਜਾਣ ਤੋਂ ਰੋਕਣ ਦੀ ਅਪੀਲ ਕਰੋਗੇ, ਪ੍ਰੰਤੂ ਨਹੀਂ ਕੀਤੀ। ਇਹ ਤੁਹਾਡੀ ਨੀਤੀ ਦਾ ਹਿੱਸਾ ਹੋਵੇਗਾ।” ਚੀਮਾ ਨੇ ਕਿਹਾ ਕਿ ਚਿੱਠੀ ਵਿੱਚ ਕਿਤੇ ਵੀ ਸਰਲ ਅਤੇ ਸਪੱਸ਼ਟ ਸ਼ਬਦਾਂ ‘ਚ ਇਹ ਨਹੀਂ ਲਿਖਿਆ ਕਿ ਅਕਾਲੀ ਦਲ ਬਾਦਲ ਖੇਤੀ ਬਾਰੇ ਕਾਲੇ ਕਾਨੂੰਨਾਂ ਦਾ ਡੱਟ ਕੇ ਵਿਰੋਧ ਕਰਦਾ ਹੈ ਅਤੇ ਇਹ ਕਾਨੂੰਨ ਦੇਸ਼ ਦੇ ਖੇਤੀ ਖੇਤਰ ਅਤੇ ਅੰਨਦਾਤਾ ਦੀ ਹੋਂਦ ਲਈ ਖ਼ਤਰਾ ਹਨ। ਉਲਟਾ ਬੀਬਾ ਹਰਸਿਮਰਤ ਕੌਰ ਬਾਦਲ ਦੇ ਉਨਾਂ ਲ਼ਫ਼ਜ਼ਾਂ, ‘ਉਹ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਸਮਝਾਉਣ ‘ਚ ਅਸਫ਼ਲ ਰਹੇ ਹਨ’ ਨੂੰ ਹੀ ਗੋਲਮੋਲ ਸ਼ਬਦਾਵਲੀ ਰਾਹੀਂ ਦੁਹਰਾਇਆ ਗਿਆ ਹੈ। ਚੀਮਾ ਨੇ ਬਾਦਲਾਂ ਦੇ ਇਸ ਦਾਅਵੇ ਨੂੰ ਵੀ ਰੱਦ ਕੀਤਾ ਕਿ ਬੀਬਾ ਬਾਦਲ ਵੱਲੋਂ ਕੇਂਦਰੀ ਮੰਤਰੀ ਤੋਂ ਅਸਤੀਫ਼ਾ ਦੇਣ ਕਰਕੇ ਹੀ ਕਿਸਾਨੀ ਸੰਘਰਸ਼ ਰਾਸ਼ਟਰੀ ਪੱਧਰ ‘ਤੇ ਮਸ਼ਹੂਰ ਹੋਇਆ ਹੈ। ਚਿੱਠੀ ‘ਚ ਲਿਖਿਆ,” ਕੇਂਦਰੀ ਵਜਾਰਤ ਵਿੱਚੋਂ ਅਸਤੀਫ਼ੇ ਦੇ ਕੇ ਸੰਘਰਸ਼ ਨੂੰ ਰਾਸ਼ਟਰੀ ਪੱਧਰ ‘ਤੇ ਹੁਲਾਰਾ ਦਿੱਤਾ।”

‘ਆਪ’ ਆਗੂ ਨੇ ਕਿਹਾ ਕਿ ਇਸ ਚਿੱਠੀ ਵਿੱਚ ਫਿਰ ਇਹੋ ਦੁਹਰਾਅ ਰਹੇ ਹਨ ਕਿ ਉਨਾਂ ਸਰਕਾਰ ‘ਚ ਹੁੰਦਿਆਂ ਕੇਂਦਰ ਸਰਕਾਰ ਨੂੰ ਬਹੁਤ ਸਮਝਾਇਆ ਕਿ ਸਰਕਾਰ ਕਿਸਾਨਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਅਜਿਹਾ ਕੋਈ ਕਾਨੂੰਨ ਪਾਸ ਨਾ ਕਰੇ। ਚਿੱਠੀ ਦੀ ਇਸ ਸ਼ਬਦਾਵਲੀ ਦਾ ਮਤਲਬ ਹੈ ਕਿ ਅੱਜ ਵੀ ਬਾਦਲ ਐਂਡ ਕੰਪਨੀ ਮਾਰੂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਡੱਟ ਕੇ ਬੋਲਣ ਤੋਂ ਟਾਲਾ ਵੱਟ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਬਾਦਲ ਪਰਿਵਾਰ ਖੁੱਦ ਕਾਰਪੋਰੇਟ ਸੋਚ ਦੇ ਪਹਿਰੇਦਾਰ ਹਨ, ਮੋਦੀ ਭਗਤ ਹਨ ਅਤੇ ਭਾਜਪਾ ਨਾਲ ਮੁੱੜ ਸੱਤਾ ਸਾਂਝ ਦੀ ਗੰਢਤੁੱਪ ਕੀਤੀ ਹੋਈ ਹੈ। ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸਿੱਖ ਸੰਗਤ ਵੱਲੋਂ ਸੰਘਰਸ਼ੀਲ ਕਿਸਾਨਾਂ ਦੀ ਕੀਤੀ ਸੇਵਾ ਨੂੰ ਬਾਦਲ ਦਲ ਵਾਲੇ ਆਪਣੀ ਝੋਲੀ ਪਾਉਣ ਦਾ ਕੋਝਾ ਯਤਨ ਚਿੱਠੀ ਵਿੱਚ ਕਰ ਰਹੇ ਹਨ। ਉਨਾਂ ਮਨਜਿੰਦਰ ਸਿੰਘ ਸਿਰਸਾ ਨੂੰ ਸਵਾਲ ਕੀਤਾ, ”ਸਿੱਖ ਸੰਗਤ ਨੂੰ ਦੱਸਿਆ ਜਾਵੇ ਕਿ ਕਿਸਾਨਾਂ ਦੀ ਸੇਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਜਾਂ ਬਾਦਲ ਐਂਡ ਕੰਪਨੀ ਨੇ ਕੀਤੀ ਹੈ?”

ਕਿਸਾਨਾਂ ਵੱਲੋਂ ਰੈਲੀਆਂ ਦੌਰਾਨ ਬਾਦਲਾਂ ਨੂੰ ਸਵਾਲ ਪੁੱਛਣ ਨੂੰ ਸ਼ਰਾਰਤੀ ਤੱਤਾਂ ਨਾਲ ਜੋੜਨ ਦੀ ਸੋਚੀ- ਸਮਝੀ ਭਾਸ਼ਾ ਮੁੜ ਚਿੱਠੀ ‘ਚ ਪੇਸ਼ ਕੀਤੀ ਗਈ ਹੈ। ਲਿਖਿਆ ਹੈ, ”ਠੀਕ ਹੈ ਕਿ ਕਿਸੇ ਵੀ ਸਿਆਸੀ ਲੋਕਾਂ ਜਾਂ ਧਿਰ ਤੋਂ ਲੋਕ ਸਵਾਲ ਪੁੱਛਣ ਦਾ ਹੱਕ ਰੱਖਦੇ ਹਨ। ਪਰ ਤਰੀਕਾ ਸਹੀ ਹੋਣਾ ਚਾਹੀਦਾ ਹੈ, ਮਨਸਾ ਸੁਆਲ ਦੇ ਜਵਾਬ ਹਾਸਲ ਕਰਨ ਦਾ ਹੋਣਾ ਚਾਹੀਦਾ। ਰੌਲੇ ਰੱਪੇ ਅਤੇ ਇੱਕਠੀ ਭੀੜ ਵਿੱਚ ਕੋਈ ਸ਼ਰਾਰਤੀ ਅਨਸਰ ਕਿਸੇ ਪਾਰਟੀ ਦਾ ਮੋਹਰਾ ਬਣਕੇ ਕਲੇਸ਼ ਖੜਾ ਕਰ ਸਕਦਾ ਹੈ।” ਹਰਪਾਲ ਸਿੰਘ ਚੀਮਾ ਨੇ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਕਾਲੇ ਖੇਤੀ ਕਾਨੂੰਨਾਂ ਦੇ ਗੁਣਗਾਨ ਕਰਨ ਦੀਆਂ ਕਾਰਵਾਈਆਂ ਇਤਿਹਾਸ ਦੇ ਪੰਨਿਆਂ ‘ਤੇ ਕਾਲੇ ਅੱਖ਼ਰਾਂ ਵਿੱਚ ਦਰਜ ਹਨ।

ਹਰਸਿਮਰਤ ਕੌਰ ਬਾਦਲ ਨੇ ਕੇਂਦਰ ਤੋਂ ਕਣਕ ਦੇ ਭਾਅ ‘ਚ 40 ਦੀ ਥਾਂ 150 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਨ ਦੀ ਕੀਤੀ ਮੰਗ

0

ਕੇਂਦਰ ਸਰਕਾਰ ਨੇ ਅੱਜ ਕਣਕ ਅਤੇ ਸਰ੍ਹੋਂ ਸਮੇਤ ਛੇ ਹਾੜ੍ਹੀ ਦੀਆਂ ਫਸਲਾਂ ਦੇ ਘੱਟੋ -ਘੱਟ ਸਮਰਥਨ ਮੁੱਲ (ਐਮਐਸਪੀ) ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਸਾਲ 2022-23 ਲਈ ਕਣਕ ਦੇ ਐਮਐਸਪੀ ਨੂੰ 40 ਰੁਪਏ ਪ੍ਰਤੀ ਕੁਇੰਟਲ ਵਧਾ ਕੇ 2015 ਰੁਪਏ ਕਰ ਦਿੱਤਾ ਹੈ।

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸਦਾ ਵਿਰੋਧ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਉੱਤੇ ਕੇਂਦਰ ਸਰਕਾਰ ਨੂੰ ਕਣਕ ਦੇ ਭਾਅ ਵਿੱਚ 40 ਰੁਪਏ ਵਾਧਾ ਵਾਪਸ ਲੈ ਕੇ 150 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ ਹੈ ।

ਹਰਸਿਮਰਤ ਕੌਰ  ਬਾਦਲ ਨੇ ਟਵਿੱਟਰ ਉੱਤੇ ਕਿਹਾ ਕਿ ਭਾਰਤ ਸਰਕਾਰ ਨੂੰ ਕਿਸਾਨਾਂ ਨੂੰ ਉਨ੍ਹਾਂ ਦੇ ਉਚਿਤ ਬਕਾਏ ਦੇਣੇ ਚਾਹੀਦੇ ਹਨ ਅਤੇ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਵਿੱਚ ਕੁਇੰਟਲ ਪਿੱਛੇ 40 ਰੁਪਏ ਕੀਤਾ ਵਾਧਾ ਵਾਪਸ ਲੈ ਕੇ 150 ਰੁਪਏ ਕਰਨਾ ਚਾਹੀਦਾ ਹੈ। ਖੇਤੀ ਲਾਗਤਾਂ ਵਿੱਚ ਵਾਧੇ ਅਤੇ ਕਾਰਪੋਰੇਟਾਂ ਨੂੰ ਲਾਭ ਪਹੁੰਚਾਉਣ ਵਾਲੇ 3 ਖੇਤੀਬਾੜੀ ਕਾਨੂੰਨ ਲਾਗੂ ਹੋਣ ਕਾਰਨ ਕਿਸਾਨ ਤਣਾਅ ਵਿੱਚ ਹਨ। ਭਾਰਤ ਸਰਕਾਰ ਨੂੰ 2022 ਤੱਕ ਖੇਤੀ ਆਮਦਨ ਦੁੱਗਣੀ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਨਿਰਪੱਖ ਐਮਐਸਪੀ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ।

ਕਰਨਾਲ ਵਿਖੇ ਕਿਸਾਨ ਮੋਰਚੇ ਦੌਰਾਨ ਸ਼੍ਰੋਮਣੀ ਕਮੇਟੀ ਦੇਵੇਗੀ ਲੋੜੀਂਦੀਆਂ ਸੇਵਾਵਾਂ’ – ਬੀਬੀ ਜਗੀਰ ਕੌਰ

0

ਸ਼੍ਰੋਮਣੀ ਕਮੇਟੀ ਮੈਂਬਰ ਤੇ ਸਕੱਤਰ ਪੱਧਰ ਦੇ ਅਧਿਕਾਰੀ ਸੇਵਾਵਾਂ ਦੀ ਕਰਨਗੇ ਨਿਗਰਾਨੀ

ਅੰਮ੍ਰਿਤਸਰ : ਭਾਰਤ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਸੰਘਰਸ਼ਸ਼ੀਲ ਕਿਸਾਨਾਂ ਵੱਲੋਂ ਹਾਲ ਹੀ ਵਿਚ ਕਰਨਾਲ ਵਿਖੇ ਲਗਾਏ ਗਏ ਮੋਰਚੇ ਦੌਰਾਨ ਸ਼੍ਰੋਮਣੀ ਕਮੇਟੀ ਲੰਗਰ ਅਤੇ ਹੋਰ ਲੋੜੀਂਦੀਆਂ ਸੇਵਾਵਾਂ ਦੇਵੇਗੀ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿੱਲੀ ਤੋਂ ਬਾਅਦ ਹਰਿਆਣਾ ਦੇ ਕਰਨਾਲ ਵਿਖੇ ਕਿਸਾਨ ਮੋਰਚੇ ਵੱਲੋਂ ਕੀਤੇ ਜਾ ਰਹੇ ਸੰਘਰਸ਼ ਵਿਚ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਸਹਿਯੋਗੀ ਹੈ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਉੱਪ ਦਫ਼ਤਰ ਕੁਰੂਕਸ਼ੇਤਰ ਅਤੇ ਹਰਿਆਣਾ ਰਾਜ ਵਿਚਲੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਤੁਰੰਤ ਪ੍ਰਭਾਵ ਤੋਂ ਕਾਰਜਸ਼ੀਲ ਹੋਣ ਲਈ ਆਖਿਆ ਗਿਆ ਹੈ।

ਇਸ ਤੋਂ ਇਲਾਵਾ ਹਰਿਆਣਾ ਨਾਲ ਲਗਦੀ ਸਰਹੱਦ ਦੇ ਨਜ਼ਦੀਕੀ ਗੁਰਦੁਆਰਾ ਤੋਂ ਵੀ ਅਮਲਾ ਭੇਜਿਆ ਗਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕਿਸਾਨਾਂ ਨੂੰ ਲੰਗਰ, ਚਾਹ ਪਾਣੀ ਅਤੇ ਰਹਿਣ ਸਹਿਣ ਦੇ ਪ੍ਰਬੰਧ ਕਰਕੇ ਦਿੱਤੇ ਜਾਣਗੇ, ਜਿਸ ਦੀ ਨਿਗਰਾਨੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਸਕੱਤਰ ਪੱਧਰ ਦਾ ਅਧਿਕਾਰੀ ਕਰੇਗਾ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਧਰਨੇ ਦੌਰਾਨ ਕਿਸਾਨਾਂ ਨੂੰ ਲੰਗਰ ਅਤੇ ਪਾਣੀ ਦੀ ਵੱਡੀ ਲੋੜ ਹੈ, ਜਿਸ ਲਈ ਉਨ੍ਹਾਂ ਨੇ ਤੁਰੰਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਤਿੰਨ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਦੀ ਡਿਊਟੀ ਲਗਾ ਕੇ ਪ੍ਰਬੰਧ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਸਨ।

ਉਨ੍ਹਾਂ ਦੱਸਿਆ ਕਿ ਸਵੇਰ ਤੋਂ ਹੀ ਧਰਨੇ ਵਾਲੀ ਥਾਂ ’ਤੇ ਲੰਗਰ ਲਗਾ ਦਿੱਤੇ ਗਏ ਹਨ ਅਤੇ ਹੁਣ ਇਨ੍ਹਾਂ ਨੂੰ ਵਿਧੀਵਤ ਚਲਾਉਣ ਲਈ ਟੀਮਾਂ ਭੇਜੀਆਂ ਗਈਆਂ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਕਿਸਾਨ ਆਪਣੇ ਹੱਕ ਦੀ ਲੜਾਈ ਲੜ ਰਹੇ ਹਨ ਅਤੇ ਇਸ ਮੌਕੇ ਸਿੱਖ ਪੰਥ ਦੀ ਆਗੂ ਸੰਸਥਾ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਆਖਿਆ ਕਿ ਦਿੱਲੀ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਲੋੜੀਂਦੀਆਂ ਸੇਵਾਵਾਂ ਕਿਸਾਨਾਂ ਨੂੰ ਦਿੱਤੀਆਂ ਗਈਆਂ ਸਨ ਅਤੇ ਹੁਣ ਕਰਨਾਲ ਵਿਖੇ ਵੀ ਕਿਸਾਨਾਂ ਨਾਲ ਖੜ੍ਹਣ ਲਈ ਵੀ ਸ਼੍ਰੋਮਣੀ ਕਮੇਟੀ ਵਚਨਬੱਧ ਹੈ। ਉਨ੍ਹਾਂ ਹਰਿਆਣਾ ਸਰਕਾਰ ਦੀ ਸਖ਼ਤ ਅਲੋਚਨਾ ਕਰਦਿਆਂ ਕਰਨਾਲ ਵਿਖੇ ਕਿਸਾਨਾਂ ’ਤੇ ਕੀਤੇ ਗਏ ਤਸ਼ਦੱਦ ਦੀ ਨਿਖੇਧੀ ਕੀਤੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੱਸ ਸਕਦੇ ਹਨ ਕਿ ਦੇਸ਼ ਲਈ ਅੰਨ ਭੰਡਾਰ ਭਰਨ ਵਾਲਾ ਕਿਸਾਨ ਸੜਕਾਂ ’ਤੇ ਕਿਉਂ ਰੁਲ ਰਿਹਾ ਹੈ।

ਪ੍ਰਧਾਨ ਮੰਤਰੀ ਇਹ ਵੀ ਦੱਸਣ ਕੀ ਕੇਂਦਰ ਸਰਕਾਰ ਦੀ ਅੜੀ ਦੇਸ਼ ਦੇ ਹਿੱਤ ਵਿਚ ਹੈ? ਉਨ੍ਹਾਂ ਕਿਹਾ ਕਿ ਬਿਨ੍ਹਾਂ ਕਾਰਨ ਜਿੱਦ ਭਾਰਤ ਸਰਕਾਰ ਨੂੰ ਸ਼ੋਭਾ ਨਹੀਂ ਦਿੰਦੀ ਅਤੇ ਪ੍ਰਧਾਨ ਮੰਤਰੀ ਨੂੰ ਹਠੀ ਰਵੱਈਆ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨਣੀਆਂ ਚਾਹੀਦੀਆਂ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ, ਸ. ਗੁਰਨਾਮ ਸਿੰਘ ਜੱਸਲ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਤੇਜਿੰਦਰ ਸਿੰਘ ਪੱਡਾ, ਓਐਸਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਹਰਭਜਨ ਸਿੰਘ ਵਕਤਾ ਆਦਿ ਹਾਜ਼ਰ ਸਨ।

ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਨਾਲ ਰੋਡਵੇਜ਼ ਤੇ PRTC ਦੇ ਵਫ਼ਦ ਦੀ ਮੀਟਿੰਗ ਰਹੀ ਬੇਸਿੱਟਾ

0

ਰੋਡਵੇਜ਼ ਅਤੇ ਪੀਆਰਟੀਸੀ ਦੇ ਵਫ਼ਦ ਨੇ ਅੱਜ ਪੀਆਰਟੀਸੀ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਵਿੱਚ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਮੀਟਿੰਗ ਕੀਤੀ। ਇਸ ਦੌਰਾਨ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੇ ਸੰਘ ਦੇ ਮੈਂਬਰਾਂ ਨੂੰ ਆਪਣਾ ਵਿਰੋਧ ਖਤਮ ਕਰਨ ਲਈ ਕਿਹਾ, ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਇਹ ਮੀਟਿੰਗ ਬੇਸਿੱਟਾ ਰਹੀ।

ਰੇਸ਼ਮ ਗਿੱਲ ਨੇ ਕਿਹਾ ਕਿ ਆਊਂਟਸੋਰਸਿੰਗ ‘ਤੇ ਕੰਮ ਕਰਨ ਵਾਲੇ ਕਰਮਚਾਰੀਆਂ ਬਾਰੇ ਸਰਕਾਰ ਕੋਲ ਕੋਈ ਪ੍ਰਸਤਾਵ ਨਹੀਂ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਵਿਰੋਧ ਜਾਰੀ ਰਹੇਗਾ ਅਤੇ ਉਹ ਰਾਜ ਪੱਧਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਆਪਣੀ ਅਗਲੀ ਯੋਜਨਾ ਦਾ ਐਲਾਨ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਰੋਡਵੇਜ਼ ਦੀ ਹਾਲਤ ਇਹ ਹੈ ਕਿ ਇਨ੍ਹਾਂ ਬੱਸਾਂ ਨੂੰ ਚਲਾਉਣ ਲਈ ਲੋੜੀਂਦੇ ਕਰਮਚਾਰੀ ਨਹੀਂ ਹਨ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਉਹ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਵੀ ਕਰਨਗੇ।