Home Blog Page 2265

ਮੀਟਿੰਗ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਫੈਸਲਾ, 27 ਨਵੰਬਰ ਨੂੰ ਹੋਵੇਗੀ ਅਗਲੀ ਬੈਠਕ

0

ਪੀਐੱਮ ਨਰਿੰਦਰ ਮੋਦੀ ਵੱਲੋਂ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਮਗਰੋਂ ਅੱਜ ਸਿੰਘੂ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ ਦੀ ਅਹਿਮ ਬੈਠਕ ਹੋਈ। ਇਸ ਬੈਠਕ ’ਚ ਕਿਸਾਨ ਆਗੂਆਂ ਨੇ ਵੱਡਾ ਫ਼ੈਸਲਾ ਲਿਆ ਹੈ। ਇਸ ਬੈਠਕ ਮਗਰੋਂ ਕਿਸਾਨ ਮੋਰਚੇ ਵਲੋਂ ਸਾਂਝੇ ਬਿਆਨ ’ਚ ਕਿਹਾ ਗਿਆ ਕਿ ਫ਼ਿਲਹਾਲ ਸਾਡਾ ਅੰਦੋਲਨ ਜਾਰੀ ਰਹੇਗਾ। ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਰਹਿਣਗੇ। ਇਸ ਦੇ ਨਾਲ ਹੀ ਪਹਿਲਾਂ ਤੋਂ ਤੈਅ ਪ੍ਰੋਗਰਾਮਾਂ ’ਚ ਕੋਈ ਬਦਲਾਅ ਨਹੀਂ ਹੋਣਗੇ। 27 ਨਵੰਬਰ ਨੂੰ ਕਿਸਾਨ ਮੋਰਚੇ ਦੀ ਅਗਲੀ ਬੈਠਕ ਹੋਵੇਗੀ। ਇਸ ਬੈਠਕ ’ਚ ਅੰਦੋਲਨ ਦੇ ਭਵਿੱਖ ਦੀ ਰਣਨੀਤੀ ’ਤੇ ਫ਼ੈਸਲਾ ਹੋਵੇਗਾ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਹ ਆਪਣੀਆਂ ਬਾਕੀ ਦੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁੱਲ੍ਹੀ ਚਿੱਠੀ ਲਿਖਣਗੇ। ਇਸ ’ਚ ਬਿਜਲੀ ਬਿੱਲ 2020, ਐੱਮ. ਐੱਸ. ਪੀ., ਪਰਾਲੀ ’ਤੇ ਕਾਨੂੰਨ ਅਤੇ ਲਖੀਮਪੁਰ ਘਟਨਾ ਬਾਰੇ ਲਿਖਿਆ ਜਾਵੇਗਾ। ਇਸ ਤੋਂ ਇਲਾਵਾ ਕਿਸਾਨਾਂ ’ਤੇ ਦਰਜ ਮੁਕੱਦਮੇ ਵਾਪਸ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ’ਚ ਲਿਖਣਗੇ।ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਚਿੱਠੀ ’ਚ ਕੀ-ਕੀ ਹੋਰ ਮੰਗਾਂ ਹਨ, ਉਸ ਨੂੰ ਪ੍ਰੈੱਸ ’ਚ ਰਿਲੀਜ਼ ਕੀਤਾ ਜਾਵੇਗਾ।

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 22 ਨਵੰਬਰ ਨੂੰ ਲਖਨਊ ਵਿਚ ਕਿਸਾਨ ਮਹਾਪੰਚਾਇਤ ਹੋਵੇਗੀ। 26 ਨਵੰਬਰ ਨੂੰ ਕਿਸਾਨ ਅੰਦੋਲਨ ਦਾ ਇੱਕ ਸਾਲ ਪੂਰਾ ਹੋਣ ’ਤੇ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦਾ ਇਕੱਠ ਹੋਵੇਗਾ। ਉਨ੍ਹਾਂ ਨੇ ਕਿਹਾ ਕਿ 29 ਨਵੰਬਰ ਨੂੰ ਸੰਸਦ ਮਾਰਚ ਦੇ ਪ੍ਰੋਗਰਾਮ ਨੂੰ ਲੈ ਕੇ 27 ਨਵੰਬਰ ਨੂੰ ਹੋਣ ਵਾਲੀ ਬੈਠਕ ’ਚ ਫ਼ੈਸਲਾ ਲਿਆ ਜਾਵੇਗਾ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੁਲਵਿੰਦਰ ਰਿੰਕੂ ਨੂੰ ਐੱਸ.ਓ.ਆਈ. ਪੰਜਾਬ ਦਾ ਮੀਤ ਪ੍ਰਧਾਨ ਕੀਤਾ ਨਿਯੁਕਤ

0

ਨਾਭਾ ਬਲਾਕ ਦੇ ਪਿੰਡ ਮੰਡੌੜ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੁਲਵਿੰਦਰ ਸਿੰਘ ਰਿੰਕੂ ਨੂੰ ਐੱਸ.ਓ.ਆਈ. ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਕੁਲਵਿੰਦਰ ਸਿੰਘ ਦਾ ਮੂੰਹ ਮਿੱਠਾ ਕਰ ਕੇ ਪਿੰਡ ਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਮੈਂ ਪਾਰਟੀ ਲਈ ਦਿਨ ਰਾਤ ਸੇਵਾ ਕਰਾਂਗਾ ਅਤੇ ਵਿਧਾਨ ਸਭਾ ਚੋਣਾਂ ਵਿਚ ਐੱਸ.ਓ.ਆਈ. ਦਾ ਅਹਿਮ ਰੋਲ ਹੋਵੇਗਾ। ਇਸ ਮੌਕ ਰਿੰਕੂ ਨੇ ਕਾਂਗਰਸ ਪਾਰਟੀ ’ਤੇ ਸ਼ਬਦੀ ਵਾਰ ਕੀਤੇ।

ਨਵ ਨਿਯੁਕਤ ਐੱਸ. ਓ. ਆਈ ਪੰਜਾਬ ਦੇ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਰਿੰਕੂ ਨੇ ਕਿਹਾ ਕਿ ਜੋ ਮੈਨੂੰ ਪਾਰਟੀ ਵੱਲੋਂ ਇਹ ਅਹੁਦਾ ਦੇ ਕੇ ਨਵਾਜਿਆ ਹੈ ਮੈਂ ਤਨਦੇਹੀ ਨਾਲ ਨਿਭਾਵਾਂਗਾ ਅਤੇ ਆਉਣ ਵਾਲੀਆਂ ਚੋਣਾਂ ਵਿਚ ਐੱਸ.ਵਾਈ. ਵੱਲੋਂ ਪਾਰਟੀ ਨੂੰ ਜਿੱਤ ਦੀ ਦਹਿਲੀਜ਼ ਵੱਲ ਤੋਰਿਆ ਜਾਵੇਗਾ। ਇਸ ਮੌਕੇ ਕੁਲਵਿੰਦਰ ਨੇ ਕਿਹਾ ਕਿ ਚੰਨੀ ਵੱਲੋਂ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਲਈ ਵੱਖ ਵੱਖ ਪੈਂਤੜੇ ਵਰਤੇ ਜਾ ਰਹੇ ਨੇ ਪਰ ਪੰਜਾਬ ਦੇ ਲੋਕ ਕਾਂਗਰਸ ਨੂੰ ਮੂੰਹ ਨਹੀਂ ਲਗਾਉਣਗੇ।

ਇਸ ਦੇ ਨਾਲ ਹੀ ਇਸ ਮੌਕੇ ਤੇ ਐੱਸ.ਓ.ਆਈ. ਦੇ ਯੂਥ ਆਗੂ ਹਰਪ੍ਰੀਤ ਸਿੰਘ ਅਤੇ ਗਗਨ ਨੇ ਕਿਹਾ ਕਿ ਜੋ ਅਕਾਲੀ ਦਲ ਵੱਲੋਂ ਕੁਲਵਿੰਦਰ ਸਿੰਘ ਰਿੰਕੂ ਨੂੰ ਅਹੁਦਾ ਦੇ ਕੇ ਨਵਾਜਿਆ ਗਿਆ ਹੈ ਅਸੀਂ ਪਾਰਟੀ ਦਾ ਤਹਿਿਦਲੋਂ ਧੰਨਵਾਦ ਕਰਦੇ ਹਾਂ।

 

ਗੁਰਮੀਤ ਬਾਵਾ ਦੇ ਦਿਹਾਂਤ ‘ਤੇ ਸੁਖਜਿੰਦਰ ਰੰਧਾਵਾ ਤੇ ਪਰਗਟ ਸਿੰਘ ਨੇ ਪ੍ਰਗਟਾਇਆ ਦੁੱਖ

0

ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਉੱਚ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਦਿਹਾਂਤ ‘ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ। ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਗੁਰਮੀਤ ਬਾਵਾ ਉਹ ਬੁਲੰਦ ਆਵਾਜ਼ ਸੀ, ਜਿਸ ਨੇ ਆਪਣੀ ਸਾਫ਼-ਸੁਥਰੀ ਅਤੇ ਅਰਥ ਭਰਪੂਰ ਗਾਇਕੀ ਨਾਲ ਅੱਧੀ ਸਦੀ ਤੋਂ ਵੱਧ ਪੰਜਾਬੀ ਲੋਕ ਸੰਗੀਤ ਦੀ ਸੇਵਾ ਕੀਤੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਗੁਰਮੀਤ ਬਾਵਾ ਆਪਣੀ ਲੰਮੀ ਹੇਕ ਲਈ ਜਾਣੇ ਜਾਂਦੇ ਸਨ। ਪਰਗਟ ਸਿੰਘ ਨੇ ਕਿਹਾ ਕਿ ਗੁਰਮੀਤ ਬਾਵਾ ਨੇ ਪੰਜਾਬੀ ਮਾਂ ਬੋਲੀ, ਸੱਭਿਆਚਾਰ ਅਤੇ ਲੋਕ ਸੰਗੀਤ ਦੀ ਲੰਮਾ ਸਮਾਂ ਸੇਵਾ ਕੀਤੀ ਹੈ। ਇਸ ਲੋਕ ਗਾਇਕਾ ਦੇ ਤੁਰ ਜਾਣ ਨਾਲ ਪੰਜਾਬੀ ਲੋਕ ਗਾਇਕੀ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਰੰਧਾਵਾ ਅਤੇ ਪਰਗਟ ਸਿੰਘ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕਰਦਿਆਂ ਗੁਰਮੀਤ ਬਾਵਾ ਦੇ ਪਰਿਵਾਰ, ਸਾਕ-ਸਨੇਹੀਆਂ ਅਤੇ ਪ੍ਰਸੰਸਕਾਂ ਨਾਲ ਦੁੱਖ਼ ਵੀ ਸਾਂਝਾ ਕੀਤਾ।

ਅੱਜ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦਾ 77 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਗੁਰਮੀਤ ਬਾਵਾ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਅੱਜ ਅੰਮ੍ਰਿਤਸਰ ਵਿਖੇ ਉਨ੍ਹਾਂ ਨੇ ਆਖ਼ਰੀ ਸਾਹ ਲੈਂਦੇ ਹੋਏ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਿਹਾ। ਗੁਰਮੀਤ ਬਾਵਾ ਨੇ 45 ਸੈਕਿੰਡ ’ਚ ਲੰਮੀ ਹੇਕ ਲਗਾਉਣ ਦਾ ਰਿਕਾਰਡ ਆਪਣੇ ਨਾਂ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਰਾਸ਼ਟਰੀ ਐਵਾਰਡ ਸਮੇਤ ਕਈ ਹੋਰ ਸਨਮਾਨ ਵੀ ਮਿਲੇ ਸਨ।

 

ਹੜ੍ਹ ਕਾਰਨ ਆਂਧਰਾ ਪ੍ਰਦੇਸ਼ ‘ਚ ਹੋਈਆਂ ਮੌਤਾਂ ‘ਤੇ ਰਾਹੁਲ ਗਾਂਧੀ ਨੇ ਦੁੱਖ ਪ੍ਰਗਟ ਕਰਦਿਆਂ ਕਾਂਗਰਸੀ ਵਰਕਰਾਂ ਨੂੰ ਕੀਤੀ ਇਹ ਅਪੀਲ

0

ਰਾਹੁਲ ਗਾਂਧੀ ਨੇ ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਹੜ੍ਹ ਕਾਰਨ ਲੋਕਾਂ ਦੀ ਮੌਤ ’ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਪਾਰਟੀ ਵਰਕਰਾਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਅਪੀਲ ਕੀਤੀ ਹੈ।

ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,‘‘ਆਂਧਰਾ ਪ੍ਰਦੇਸ਼’ਚ ਹੜ੍ਹ ਕਾਰਨ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਲੋਕਾਂ ਪ੍ਰਤੀ ਮੇਰੀ ਹਮਦਰਦੀ ਹੈ, ਜਿਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਗੁਆ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਵਰਕਰਾਂ ਨੂੰ ਉਨ੍ਹਾਂ ਦੀ ਹਰ ਸੰਭਵ ਤਰੀਕੇ ਨਾਲ ਮਦਦ ਕਰਨ ਦੀ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਆਂਧਰਾ ਪ੍ਰਦੇਸ਼ ਦੇ ਕਡੱਪਾ, ਅਨੰਤਪੁਰ ਅਤੇ ਚਿੱਤੂਰ ਜ਼ਿਲ੍ਹਿਆਂ ’ਚ ਸ਼ਨੀਵਾਰ ਤੱਕ ਮੋਹਲੇਧਾਰ ਮੀਂਹ ਅਤੇ ਹੜ੍ਹ ਕਾਰਨ ਘੱਟੋ-ਘੱਟ 24 ਲੋਕਾਂ ਦੀ ਮੌਤ ਹੋਈ ਹੈ।

 

ਪੰਜਾਬੀ ਗਾਇਕਾ ਗੁਰਮੀਤ ਬਾਵਾ ਦਾ ਹੋਇਆ ਦਿਹਾਂਤ

0

ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 77 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਅੰਮ੍ਰਿਤਸਰ’ਚ ਆਖਰੀ ਸਾਹ ਲਏ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਸੰਗੀਤ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਨੂੰ ਰਾਸ਼ਟਰਪਤੀ ਅਵਾਰਡ ਸਮੇਤ ਕਈ ਅਵਾਰਡ ਮਿਲੇ ਸਨ। ਉਨ੍ਹਾਂ ਦਾ ਪੰਜਾਬੀ ਲੋਕ ਗਾਇਕੀ ਵਿਚ 45 ਸੈਕਿੰਡ ਦੀ ਹੇਕ ਲਾਉਣ ਦਾ ਰਿਕਾਰਡ ਸੀ।

ਕੱਲ੍ਹ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਨ੍ਹਾਂ ਦੇ ਦਿਹਾਂਤ ‘ਤੇ ਜਿੱਥੇ ਪੰਜਾਬੀ ਸੰਗੀਤ ਇੰਡਸਟਰੀ ‘ਚ ਦੁੱਖ ਦੀ ਲਹਿਰ ਹੈ। ਉੱਥੇ ਹੀ ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਚਾਨਕ ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ।

ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਵੱਡਾ ਐਲਾਨ, ਇਸ ਸਥਾਨ ਤੋਂ ਲੜਣਗੇ ਚੋਣ

0

ਪੰਜਾਬ ‘ਚ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਏ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨਾਲੋਂ ਨਾਤਾ ਪੂਰੀ ਤਰ੍ਹਾਂ ਤੋੜ ਦਿੱਤਾ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਛੱਡ ਕੇ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾ ਲਈ ਹੈ। ਕੈਪਟਨ ਵਲੋਂ ਆਪਣੇ ਫੇੱਸਬੁੱਕ ਪੇਜ਼ ‘ਪੰਜਾਬ ਦਾ ਕੈਪਟਨ’ ‘ਤੇ ਅੱਜ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਇਸ ਪੋਸਟ ’ਚ ਉਨ੍ਹਾਂ ਨੇ ਪਟਿਆਲਾ ਹਲਕੇ ਤੋਂ ਚੋਣ ਲੜ੍ਹਨ ਦਾ ਐਲਾਨ ਕਰ ਦਿੱਤਾ ਹੈ। ਇਸ ਪੋਸਟ ’ਚ ਕੈਪਟਨ ਨੇ ਲਿਖਿਆ ਕਿ ‘ਮੈਂ ਪਟਿਆਲਾ ਤੋਂ ਹੀ ਚੋਣ ਲੜ੍ਹਾਂਗਾ, ਪਟਿਆਲਾ 400 ਸਾਲਾਂ ਤੋਂ ਸਾਡੇ ਨਾਲ ਰਿਹਾ ਹੈ ਅਤੇ ਮੈਂ ਸਿੱਧੂ ਦੀ ਖ਼ਾਤਰ ਉਨ੍ਹਾਂ ਨੂੰ ਛੱਡਣ ਵਾਲਾ ਨਹੀਂ ਹਾਂ।

ਸਾਬਕਾ ਮੁੱਖ ਮੰਤਰੀ ਕੈਪਟਨ ਨੇ ਕੁਰਸੀ ਦੀ ਤਾਕਤ ਹੱਥੋਂ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਵਿਰੁੱਧ ‘ਬਗਾਵਤ’ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਜੇਕਰ ਗੱਲ ਚੋਣਾਂ ਦੀ ਕੀਤੀ ਜਾਵੇ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਹਲਕੇ ਤੋਂ ਖ਼ੁਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਕਾਰ ਕਾਟੋ-ਕਲੇਸ਼ ਅਜੇ ਤੱਕ ਖ਼ਤਮ ਨਹੀਂ ਹੋਇਆ। ਕੈਪਟਨ ਨੇ ਨਵਜੋਤ ਨੂੰ ਪਟਿਆਲਾ ਹਲਕੇ ਤੋਂ ਚੋਣ ਲੜ੍ਹਨ ਲਈ ਕਿਹਾ ਸੀ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਪਟਿਆਲਾ ਦੇ ਲੋਕ ਉਨ੍ਹਾਂ ਦੇ ਨਾਲ ਹਨ। ਨਵਜੋਤ ਸਿੱਧੂ ਦੇ ਕਹਿਣ ਜਾਂ ਉਸ ਦੀ ਖ਼ਾਤਰ ਉਹ ਪਟਿਆਲੇ ਨੂੰ ਛੱਡ ਨਹੀਂ ਸਕਦੇ।

CM ਅਸ਼ੋਕ ਗਹਿਲੋਤ ਦੇ ਮੰਤਰੀ ਮੰਡਲ ‘ਚ ਅੱਜ ਹੋਵੇਗਾ ਵੱਡਾ ਫੇਰਬਦਲ

0

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਮੰਤਰੀ ਮੰਡਲ ‘ਚ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ, ਜਿਸ ਤਹਿਤ 15 ਵਿਧਾਇਕ ਮੰਤਰੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਅੱਜ ਸ਼ਾਮ 4 ਵਜੇ ਹੋਵੇਗਾ। ਜਿਸ ‘ਚ 11 ਵਿਧਾਇਕਾਂ ਨੂੰ ਕੈਬਨਿਟ ਮੰਤਰੀ ਅਤੇ ਚਾਰ ਨੂੰ ਰਾਜ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ। ਸੂਬੇ ਦੀ ਕਾਂਗਰਸ ਸਰਕਾਰ ਅਗਲੇ ਮਹੀਨੇ ਆਪਣੇ ਕਾਰਜਕਾਲ ਦੇ ਤਿੰਨ ਸਾਲ ਪੂਰੇ ਕਰਨ ਜਾ ਰਹੀ ਹੈ ਅਤੇ ਮੰਤਰੀ ਮੰਡਲ ਵਿੱਚ ਇਹ ਪਹਿਲਾ ਫੇਰਬਦਲ ਹੈ ਜਿਸ ਨੂੰ ਪਾਰਟੀ ਹਾਈਕਮਾਨ ਵੱਲੋਂ ਖੇਤਰੀ ਅਤੇ ਜਾਤ-ਪਾਤ ਵਿੱਚ ਸੰਤੁਲਨ ਬਣਾਉਣ ਦੇ ਨਾਲ-ਨਾਲ ਸਾਬਕਾ ਉਪ ਮੁੱਖਮੰਤਰੀ ਸਚਿਨ ਪਾਇਲਟ ਖੇਮੇ ਨੂੰ ਸਾਧਨੇ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ।

ਮੁੱਖ ਮੰਤਰੀ ਦਫ਼ਤਰ (ਸੀਐਮਓ) ਵੱਲੋਂ ਜਾਰੀ ਸੂਚੀ ਅਨੁਸਾਰ ਹੇਮਾਰਾਮ ਚੌਧਰੀ, ਮਹਿੰਦਰਜੀਤ ਮਾਲਵੀਆ, ਰਾਮਲਾਲ ਜਾਟ, ਮਹੇਸ਼ ਜੋਸ਼ੀ, ਵਿਸ਼ਵੇਂਦਰ ਸਿੰਘ, ਰਮੇਸ਼ ਮੀਨਾ, ਮਮਤਾ ਭੂਪੇਸ਼, ਭਜਨ ਲਾਲ ਜਾਟਵ, ਟਿਕਰਾਮ ਜੂਲੀ, ਗੋਵਿੰਦ ਰਾਮ ਮੇਘਵਾਲ ਅਤੇ ਸ਼ਕੁੰਤਲਾ ਰਾਵਤ ਨੂੰ ਸਹੁੰ ਚੁਕਾਈ ਜਾਵੇਗੀ। ਇਸ ਦੇ ਨਾਲ ਹੀ ਵਿਧਾਇਕ ਜ਼ਾਹਿਦਾ ਖਾਨ, ਬ੍ਰਿਜੇਂਦਰ ਓਲਾ, ਰਾਜੇਂਦਰ ਗੁੜਾ ਅਤੇ ਮੁਰਾਰੀਲਾਲ ਮੀਨਾ ਨੂੰ ਰਾਜ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ। ਇਨ੍ਹਾਂ ਵਿਚ ਮਮਤਾ ਭੂਪੇਸ਼, ਭਜਨਲਾਲ ਜਾਟਵ ਅਤੇ ਟਿਕਰਾਮ ਜੂਲੀ ਇਸ ਸਮੇਂ ਰਾਜ ਮੰਤਰੀ ਹਨ।ਇਸ ਦੇ ਨਾਲ ਹੀ ਉਨ੍ਹਾਂ ਨੂੰ ਤਰੱਕੀ ਦੇ ਕੇ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ।

ਇਸ ਤੋਂ ਇਲਾਵਾ ਇਸ ਸੂਚੀ ਵਿੱਚ ਹੇਮਾਰਾਮ ਚੌਧਰੀ, ਮੁਰਾਰੀਲਾਲ ਮੀਨਾ ਅਤੇ ਬ੍ਰਿਜੇਂਦਰ ਓਲਾ ਸਮੇਤ ਪੰਜ ਵਿਧਾਇਕ ਪਾਇਲਟ ਕੈਂਪ ਦੇ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਵਿਸ਼ਵੇਂਦਰ ਸਿੰਘ ਅਤੇ ਰਮੇਸ਼ ਮੀਨਾ, ਜਿਨ੍ਹਾਂ ਨੇ ਪਿਛਲੇ ਸਾਲ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਅਗਵਾਈ ਦੇ ਖਿਲਾਫ ਬਗਾਵਤ ਦਾ ਰੁਖ ਅਖਤਿਆਰ ਕਰਨ ‘ਤੇ ਪਾਇਲਟ ਦੇ ਨਾਲ ਅਹੁਦੇ ਤੋਂ ਹਟਾ ਦਿੱਤਾ ਸੀ, ਨੂੰ ਮੁੜ ਮੰਤਰੀ ਮੰਡਲ ‘ਚ ਸ਼ਾਮਲ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਗਹਿਲੋਤ ਨੇ ਸ਼ਨੀਵਾਰ ਰਾਤ ਰਾਜ ਭਵਨ ‘ਚ ਰਾਜਪਾਲ ਕਲਰਾਜ ਮਿਸ਼ਰਾ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਕੈਬਨਿਟ ਮੰਤਰੀਆਂ ਰਘੂ ਸ਼ਰਮਾ, ਹਰੀਸ਼ ਚੌਧਰੀ ਅਤੇ ਰਾਜ ਮੰਤਰੀ ਗੋਵਿੰਦ ਸਿੰਘ ਦੋਤਸਰਾ ਦੇ ਨੂੰ ਅਸਤੀਫੇ ਸੌਂਪੇ, ਜਿਨ੍ਹਾਂ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ। ਇਨ੍ਹਾਂ ਤਿੰਨਾਂ ਮੰਤਰੀਆਂ ਨੇ ਸੰਗਠਨ ਵਿਚ ਕੰਮ ਕਰਨ ਦੇ ਇਰਾਦੇ ਨਾਲ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪਹਿਲਾਂ ਹੀ ਆਪਣੇ ਅਸਤੀਫੇ ਭੇਜ ਦਿੱਤੇ ਸਨ।

ਸੰਯੁਕਤ ਕਿਸਾਨ ਮੋਰਚੇ ਦੀ ਅੱਜ ਹੋਵੇਗੀ ਅਹਿਮ ਮੀਟਿੰਗ, MSP ਸਣੇ ਇਨ੍ਹਾਂ ਮੁੱਦਿਆਂ ‘ਤੇ ਚਰਚਾ…

0

ਸੰਯੁਕਤ ਕਿਸਾਨ ਮੋਰਚੇ ਦੀ ਅੱਜ ਅਹਿਮ ਬੈਠਕ ਹੋਣ ਜਾ ਰਹੀ ਹੈ। ਇਸ ਬੈਠਕ ਦੌਰਾਨ ਅੰਦੋਲਨ ਦੀ ਅਗਲੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਦੀ 9 ਮੈਂਬਰੀ ਕੋਰ ਕਮੇਟੀ ਨੇ ਪਹਿਲਾਂ ਤੋਂ ਉਲੀਕੇ ਪ੍ਰੋਗਰਾਮ ਜਾਰੀ ਰੱਖਣ ਦਾ ਐਲਾਨ ਕਰਦਿਆਂ ਕਿਸਾਨਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਦੀਆਂ ਸਰਹੱਦਾਂ ’ਤੇ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ 26 ਨਵੰਬਰ ਨੂੰ ਸ਼ਾਮਿਲ ਹੋਣ ਲਈ ਪਹੁੰਚਣ।

ਇਸ ਮੌਕੇ ਸੂਬਿਆਂ ’ਚ ਟਰੈਕਟਰ ਅਤੇ ਗੱਡਿਆਂ ਦੇ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ। ਮੋਰਚੇ ਨੇ ਮੰਗ ਕੀਤੀ ਹੈ ਕਿ ‘ਸ਼ਹੀਦ’ ਹੋਏ ਕਿਸਾਨਾਂ ਨੂੰ ਸੰਸਦ ਦੇ ਆਉਂਦੇ ਇਜਲਾਸ ’ਚ ਸ਼ਰਧਾਂਜਲੀ ਦਿੱਤੀ ਜਾਵੇ ਅਤੇ ਉਨ੍ਹਾਂ ਦੀ ਯਾਦਗਾਰ ਬਣਾਉਣ ਦੇ ਨਾਲ ਨਾਲ ਕਿਸਾਨਾਂ ਦੇ ਪਰਿਵਾਰਾਂ ਨੂੰ ਢੁੱਕਵੇਂ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ।

ਸੰਸਦ ਦਾ ਸਰਦ ਰੁੱਤ ਇਜਲਾਸ 29 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਉਹ ਸੰਸਦ ’ਚ ਇਸ ਬਾਰੇ ਸੰਵਿਧਾਨਕ ਪ੍ਰਕਿਿਰਆ ਪੂਰੀ ਹੋਣ ਤੱਕ ਦਿੱਲੀ ਦੀਆਂ ਸਰਹੱਦਾਂ ’ਤੇ ਉਡੀਕ ਕਰਨਗੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਇਸ਼ਾਰਾ ਕੀਤਾ ਹੈ ਕਿ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਬਿਜਲੀ ਸੋਧ ਬਿੱਲ ਦੀ ਵਾਪਸੀ ਸੰਬੰਧੀ ਮੰਗਾਂ ਪੂਰੀਆਂ ਕਰਨ ’ਤੇ ਵੀ ਉਹ ਜ਼ੋਰ ਦਿੰਦੇ ਰਹਿਣਗੇ। ਬੈਠਕ ਤੋਂ ਬਾਅਦ ਮੋਰਚੇ ਦੇ ਸੀਨੀਅਰ ਆਗੂ ਯੋਗੇਂਦਰ ਯਾਦਵ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕਪਾਸੜ ਐਲਾਨ ਕੀਤਾ ਹੈ ਅਤੇ ਮੋਰਚੇ ਨਾਲ ਇਸ ਬਾਰੇ ਕੋਈ ਚਰਚਾ ਨਹੀਂ ਕੀਤੀ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਮੋਰਚੇ ਦੇ ਪਹਿਲਾਂ ਐਲਾਨੇ ਗਏ ਪ੍ਰੋਗਰਾਮਾਂ ਵਿੱਚ ਅਜੇ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ ਜਿਨ੍ਹਾਂ ਵਿੱਚ 22 ਨਵੰਬਰ ਦੀ ਲਖਨਊ ਮਹਾਪੰਚਾਇਤ ਅਤੇ ਮੋਰਚੇ ਦੀ ਪਹਿਲੀ ਵਰ੍ਹੇਗੰਢ ਮੌਕੇ ਵਿਸ਼ੇਸ਼ ਸਮਾਗਮ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ, ਬਿਜਲੀ ਸੋਧ ਬਿੱਲ ਅਤੇ ਪਰਾਲੀ ਐਕਟ ਜਿਹੀਆਂ ਮੰਗਾਂ ਪਹਿਲੇ ਦਿਨ ਤੋਂ ਉਠਾਈਆਂ ਜਾ ਰਹੀਆਂ ਹਨ ਪਰ ਪ੍ਰਧਾਨ ਮੰਤਰੀ ਨੇ ਇਸ ਬਾਰੇ ਵੀ ਕੱੁਝ ਨਹੀਂ ਬੋਲਿਆ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਮੋਰਚਾ ਆਪਣੀਆਂ ਅਹਿਮ ਮੰਗਾਂ ਨਹੀਂ ਛੱਡ ਸਕਦਾ ਹੈ। ਯਾਦਵ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਕਾਤਲ ਅਜੇ ਵੀ ਖੁੱਲ੍ਹੇਆਮ ਘੁੰਮ ਰਹੇ ਹਨ। ਇਸ ਤੋਂ ਇਲਾਵਾ ਸ਼ਹੀਦ ਹੋਏ ਕਿਸਾਨਾਂ ਦਾ ਮੁੱਦਾ ਵੀ ਨਹੀਂ ਛੱਡਿਆ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਦੀ ਕੋਰ ਕਮੇਟੀ ਦੇ ਮੈਂਬਰ ਦਰਸ਼ਨਪਾਲ ਨੇ ਕਿਹਾ,‘‘ਸੰਸਦ ਵੱਲ ਟਰੈਕਟਰ ਮਾਰਚ ਦਾ ਸਾਡਾ ਫ਼ੈਸਲਾ ਅਜੇ ਬਰਕਰਾਰ ਹੈ। ਅੰਦੋਲਨ ਬਾਰੇ ਭਵਿੱਖ ਦੀ ਰਣਨੀਤੀ ਅਤੇ ਐੱਮਐੱਸਪੀ ਜਿਹੇ ਮੁੱਦਿਆਂ ’ਤੇ ਐਤਵਾਰ ਨੂੰ ਸਿੰਘੂ ਮੋਰਚੇ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਹੋਣ ਵਾਲੀ ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਹੋਵੇਗਾ।

ਕੇਂਦਰ ਸਰਕਾਰ ਨੇ ਰੈਡੀਮੇਡ ਕੱਪੜਿਆਂ ਸੰਬੰਧੀ ਲਿਆ ਵੱਡਾ ਫੈਸਲਾ

0

ਕੇਂਦਰ ਸਰਕਾਰ ਨੇ ਰੈਡੀਮੇਡ ਕੱਪੜਿਆਂ, ਟੈਕਸਟਾਈਲ ਅਤੇ ਫੁਟਵੀਅਰ ਵਰਗੇ ਤਿਆਰ ਉਤਪਾਦਾਂ ’ਤੇ ਜੀ. ਐੱਸ. ਟੀ. ਦਰਾਂ 5 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤੀਆਂ ਹਨ ਜੋ ਜਨਵਰੀ 2022 ਤੋਂ ਲਾਗੂ ਹੋਣਗੀਆਂ। ਇਸ ਲਈ ਰੈਡੀਮੇਡ ਕੱਪੜੇ, ਟੈਕਸਟਾਈਲ ਅਤੇ ਫੁਟਵੀਅਰ ਖਰੀਦਣਾ ਜਨਵਰੀ 2022 ਤੋਂ ਮਹਿੰਗਾ ਹੋ ਜਾਵੇਗਾ।ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸ ਐਂਡ ਕਸਟਮਜ਼ ਯਾਨੀ ਸੀ. ਬੀ.ਆਈ. ਨੇ ਇਸ ਬਾਰੇ 18 ਨਵੰਬਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਜਾਣਕਾਰੀ ਦਿੱਤੀ ਹੈ।

ਇਸ ਦੇ ਨਾਲ ਹੀ ਫੈਬ੍ਰਿਕਸ ’ਤੇ ਜਨਵਰੀ 2022 ਤੋਂ ਜੀ. ਐੱਸ. ਟੀ. ਦਰਾਂ 12 ਫੀਸਦੀ ਹੋ ਜਾਣਗੀਆਂ। ਇਸ ਤਰ੍ਹਾਂ ਕਿਸੇ ਵੀ ਮੁੱਲ ਦੇ ਬਣਾਏ ਕੱਪੜਿਆਂ ’ਤੇ ਜੀ. ਐੱਸ. ਟੀ. ਦੀਆਂ ਦਰਾਂ ਵੀ 12 ਫੀਸਦੀ ਹੋ ਜਾਣਗੀਆਂ। ਦੱਸ ਦਈਏ ਕਿ ਪਹਿਲਾਂ 1000 ਰੁਪਏ ਤੋਂ ਵੱਧ ਮੁੱਲ ਦੇ ਕੱਪੜਿਆਂ ’ਤੇ 5 ਫੀਸਦੀ ਜੀ. ਐੱਸ. ਟੀ. ਲਗਦਾ ਸੀ।

ਇਸ ਤਰ੍ਹਾਂ ਦੂਜੇ ਟੈਕਸਟਾਈਲ (ਬੁਣੇ ਹੋਏ ਕੱਪੜੇ, ਸਿੰਥੈਟਿਕ ਯਾਰਨ, ਪਾਈਲ ਫੈਬ੍ਰਿਕਸ, ਬਲੈਂਕੇਟਸ, ਟੈਂਟ, ਟੇਬਲ ਕਲੋਥ ਵਰਗੇ ਦੂਜੇ ਟੈਕਸਟਾਈਲ) ਉੱਤੇ ਵੀ ਜੀ. ਐੱਸ. ਟੀ. ਦਰ 5 ਤੋਂ ਵਧਾ ਕੇ 12 ਫੀਸਦੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਿਸੇ ਵੀ ਮੁੱਲ ਦੇ ਫੁੱਟਵੀਅਰ ’ਤੇ ਲਾਗੂ ਜੀ. ਐੱਸ. ਟੀ. ਦਰ ਵੀ 12 ਫੀਸਦੀ ਕਰ ਦਿੱਤੀ ਗਈ ਹੈ।

ਕਲੋਦਿੰਗ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ ਇੰਡੀਆ ਯਾਨੀ ਸੀ. ਐੱਮ. ਏ. ਆਈ. ਨੇ ਇਸ ’ਤੇ 19 ਨਵੰਬਰ ਨੂੰ ਟਿੱਪਣੀ ਕਰਦੇ ਹੋਏ ਕਿਹਾ ਕਿ ਰੈਡੀਮੇਡ ਕੱਪੜਿਆਂ ’ਤੇ ਜੀ. ਐੱਸ. ਟੀ. ਦਰ ਵਧਾਉਣ ਦਾ ਸਰਕਾਰ ਦਾ ਫੈਸਲਾ ਬਹੁਤ ਹੀ ਨਿਰਾਸ਼ਾਜਨਕ ਹੈ।ਇਹ ਟੈਕਸਟਾਈਲ ਅਤੇ ਅਪੈਰਲ ਕਾਰੋਬਾਰ ਲਈ ਕਾਫੀ ਨਿਰਾਸ਼ਾਜਨਕ ਹੈ।

ਦਰਾਂ ’ਚ ਵਾਧਾ ਇਕ ਹੋਰ ਝਟਕਾ

ਇਸ ਬਿਆਨ ’ਚ ਅੱਗੇ ਕਿਹਾ ਗਿਆ ਹੈ ਕਿ ਇੰਡਸਟਰੀ ਪਹਿਲਾਂ ਤੋਂ ਹੀ ਕੱਚੇ ਮਾਲ ’ਚ ਵਾਧੇ ਦਾ ਦਬਾਅ ਝੱਲ ਰਹੀ ਹੈ। ਇਸ ਦੇ ਨਾਲ ਹੀ ਪੈਕੇਜਿੰਗ ਮਟੀਰੀਅਲ ਅਤੇ ਮਾਲ-ਭਾੜੇ ’ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਅਜਿਹੇ ’ਚ ਜੀ. ਐੱਸ. ਟੀ. ਦਰਾਂ ’ਚ ਵਾਧਾ ਇਕ ਹੋਰ ਵੱਡਾ ਝਟਕਾ ਹੈ।

ਤੇਲੰਗਾਨਾ ਸਰਕਾਰ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ 3-3 ਲੱਖ ਦੇਣ ਦਾ ਕੀਤਾ ਐਲਾਨ

0

ਤੇਲੰਗਾਨਾ ਸਰਕਾਰ ਨੇ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਲਈ ਅਹਿਮ ਫੈਸਲਾ ਲਿਆ ਹੈ। ਤੇਲੰਗਾਨਾ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦੇਣ ਦਾ ਫੈਸਲਾ ਕੀਤਾ ਹੈ। ਰਾਜ ਦੇ ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨੂੰ 3-3 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਵਿੱਚ 750 ਦੇ ਕਰੀਬ ਕਿਸਾਨ ਸ਼ਹੀਦ ਹੋਏ।

ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਹੁਣ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਵੱਡਾ ਐਲਾਨ ਕੀਤਾ ਹੈ। ਸੀਐਮ ਨੇ ਕਿਹਾ ਹੈ ਕਿ ਉਹ ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦੇਣਗੇ।

ਉਨ੍ਹਾਂ ਨੇ ਐਲਾਨ ਕੀਤਾ ਕਿ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ 3-3 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਬਿਨਾਂ ਕਿਸੇ ਸ਼ਰਤ ਦੇ 25 ਲੱਖ ਰੁਪਏ ਦੇਣ ਦੀ ਵੀ ਮੰਗ ਕੀਤੀ ਹੈ।