Home Blog Page 2115

ਸੰਯੁਕਤ ਕਿਸਾਨ ਮੋਰਚੇ ਨੇ ਅੱਜ ਤੋਂ ਮੁੜ ਲਗਾਇਆ ਕੇਂਦਰ ਸਰਕਾਰ ਖਿਲਾਫ਼ ਮੋਰਚਾ

0

ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ (MSP) ‘ਤੇ ਕਾਨੂੰਨੀ ਗਾਰੰਟੀ ਦੀ ਮੰਗ ਲਈ ਦਬਾਅ ਪਾਉਣ ਲਈ 11 ਤੋਂ 17 ਅਪ੍ਰੈਲ ਤੱਕ ‘ਐੱਮਐੱਸਪੀ ਗਾਰੰਟੀ ਹਫ਼ਤਾ’ ਮਨਾਏਗਾ। ਇਸ ਲਈ ਇਹ ਅੰਦੋਲਨ ਅੱਜ ਤੋਂ ਸ਼ੁਰੂ ਹੈ। ਐਸਕੇਐਮ ਨੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਸ ਹਫ਼ਤੇ ਦੌਰਾਨ ਕਿਸਾਨ ਸੰਗਠਨ ਦੇਸ਼ ਭਰ ਵਿੱਚ ਪ੍ਰਦਰਸ਼ਨ ਅਤੇ ਸੈਮੀਨਾਰ ਕਰਨਗੇ। ਪ੍ਰੋਗਰਾਮ ਦਾ ਐਲਾਨ ਸਭ ਤੋਂ ਪਹਿਲਾਂ 14 ਮਾਰਚ ਨੂੰ ਕੀਤਾ ਗਿਆ ਸੀ।

SKM ਨੇ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਸਰਹੱਦਾਂ ‘ਤੇ ਇੱਕ ਸਾਲ ਲੰਬੇ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ। ਇਸ ਨੇ ਸਰਕਾਰ ਨੂੰ ਛੇ ਹੋਰ ਮੰਗਾਂ ‘ਤੇ ਵਿਚਾਰ ਕਰਨ ਲਈ ਕਿਹਾ, ਜਿਨ੍ਹਾਂ ‘ਚ ਵਿਵਾਦਤ ਕਾਨੂੰਨਾਂ ਨੂੰ ਰੱਦ ਕਰਨ ਅਤੇ ਅੰਦੋਲਨ ਦੌਰਾਨ ਕਿਸਾਨਾਂ ‘ਤੇ ਦਰਜ ਕੇਸ ਵਾਪਸ ਲੈਣ, ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨੀ ਗਾਰੰਟੀ ਅਤੇ ਧਰਨੇ ਦੌਰਾਨ ਮਾਰੇ ਗਏ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਸਮੇਤ ਹੋਰ 6 ਮੰਗਾਂ ‘ਤੇ ਸਹਿਮਤੀ ਪ੍ਰਗਟਾਏ ਜਾਣ ਤੋਂ ਬਾਅਦ ਅੰਦੋਲਨ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

ਬਿਆਨ ਵਿੱਚ ਕਿਹਾ ਗਿਆ ਹੈ ਕਿ 11 ਤੋਂ 17 ਅਪ੍ਰੈਲ ਤੱਕ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ‘ਐਮਐਸਪੀ ਗਰੰਟੀ ਹਫ਼ਤਾ’ ਮਨਾਉਣਗੀਆਂ। ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਹਾ ਗਿਆ ਹੈ ਕਿ ਇਸ ਪ੍ਰੋਗਰਾਮ ਤਹਿਤ ਘੱਟੋ-ਘੱਟ ਸਮਰਥਨ ਮੁੱਲ ਨੂੰ ਕਿਸਾਨਾਂ ਦਾ ਕਾਨੂੰਨੀ ਹੱਕ ਬਣਾਉਣ ਦੀ ਮੰਗ ਨੂੰ ਲੈ ਕੇ ਵੱਖ-ਵੱਖ ਥਾਵਾਂ ‘ਤੇ ਧਰਨੇ-ਪ੍ਰਦਰਸ਼ਨ ਅਤੇ ਸੈਮੀਨਾਰਾਂ ਰਾਹੀਂ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।

ਬਿਆਨ ਵਿਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਨਵੰਬਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਨਾਲ-ਨਾਲ ਘੱਟੋ-ਘੱਟ ਸਮਰਥਨ ਮੁੱਲ ਅਤੇ ਹੋਰ ਮੁੱਦਿਆਂ ‘ਤੇ ਇੱਕ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਸੀ। ਇਸ ‘ਚ ਕਿਹਾ ਗਿਆ ਕਿ, ”ਸਰਕਾਰ ਦੇ 9 ਦਸੰਬਰ ਦੇ ਭਰੋਸੇ ਪੱਤਰ ‘ਚ ਵੀ ਇਸ ਦਾ ਜ਼ਿਕਰ ਕੀਤਾ ਗਿਆ ਸੀ। ਪਰ ਅੱਜ ਚਾਰ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਨੇ ਇਸ ਕਮੇਟੀ ਦਾ ਗਠਨ ਨਹੀਂ ਕੀਤਾ।

ਐਸਕੇਐਮ ਨੇ ਦੇਸ਼ ਭਰ ਦੇ ਕਿਸਾਨਾਂ ਅਤੇ ਖੇਤੀਬਾੜੀ ਸੰਗਠਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਘੱਟੋ-ਘੱਟ ਸਮਰਥਨ ਮੁੱਲ ਦੇ ਸਵਾਲ ‘ਤੇ ਦੇਸ਼ ਵਿਆਪੀ ਅੰਦੋਲਨ ਦੀ ਤਿਆਰੀ ਸ਼ੁਰੂ ਕਰਨ ਲਈ 11 ਤੋਂ 17 ਅਪ੍ਰੈਲ ਤੱਕ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਇੱਕ ਪ੍ਰੋਗਰਾਮ ਦਾ ਆਯੋਜਨ ਕਰਨ।

ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਮਸਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਾਂਝੀ ਕਮੇਟੀ ਬਣਾਉਣ ਦੀ ਕੀਤੀ ਅਪੀਲ

0

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ (ਉਤਰਾਖੰਡ) ਦੇ ਮਸਲੇ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬਣਾਈ ਗਈ ਕਮੇਟੀ ਨੇ ਇਕੱਤਰਤਾ ’ਚ ਵਿਚਾਰ-ਵਟਾਂਦਰੇ ਮਗਰੋਂ ਗੁਰਦੁਆਰਾ ਸਾਹਿਬ ਦੇ ਮਸਲੇ ਦੇ ਹੱਲ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਕ ਸਾਂਝੀ ਕਮੇਟੀ ਗਠਿਤ ਕਰਨ ਦੀ ਅਪੀਲ ਕੀਤੀ ਹੈ।

ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ ਚੰਡੀਗੜ੍ਹ ਵਿਖੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ ਦੀ ਅਗਵਾਈ ਵਿਚ ਹੋਈ ਸਬ-ਕਮੇਟੀ ਦੀ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੁਰਿੰਦਰ ਸਿੰਘ, ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਵਧੀਕ ਸਕੱਤਰ ਸ. ਸੁਖਮਿੰਦਰ ਸਿੰਘ, ਸ. ਗੁਰਮੀਤ ਸਿੰਘ ਸ਼੍ਰੈਣੀ ਮੱਧ ਪ੍ਰਦੇਸ਼, ਬਾਬਾ ਤਰਸੇਮ ਸਿੰਘ ਨਾਨਕਮਤਾ, ਬਾਬਾ ਗੁਰਵਿੰਦਰ ਸਿੰਘ ਕਾਰਸੇਵਾ ਵਾਲੇ, ਸ. ਹਰਜੀਤ ਸਿੰਘ ਧੂਆ, ਸ. ਗੁਰਦੀਪ ਸਿੰਘ ਸਹੋਤਾ ਤੇ ਸ. ਜਗਜੀਤ ਸਿੰਘ ਨੇ ਸ਼ਿਰਕਤ ਕੀਤੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ ਸਬ ਕਮੇਟੀ ਦੀ ਇਕੱਤਰਤਾ ਦੌਰਾਨ ਵੱਖ-ਵੱਖ ਮੈਂਬਰਾਂ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੇ ਕਾਰਜ ਲਈ ਵੱਖੋ-ਵੱਖ ਯਤਨਾਂ ਦੀ ਥਾਂ ਸਾਂਝੇ ਉਪਰਾਲੇ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਇਕਜੁਟਤਾ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ, ਜਿਸ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿਚ ਸਾਂਝੀ ਕਮੇਟੀ ਸਥਾਪਿਤ ਕਰਨ। ਜਥੇਦਾਰ ਪੰਜੋਲੀ ਨੇ ਕਿਹਾ ਕਿ ਸਰਕਾਰਾਂ ਅਤੇ ਅਫ਼ਸਰਸ਼ਾਹੀ ਨਾਲ ਗੱਲ ਕਰਨ ਲਈ ਵੱਖ-ਵੱਖ ਸੰਸਥਾਵਾਂ, ਗੁਰਦੁਆਰਾ ਕਮੇਟੀਆਂ, ਸੰਪ੍ਰਦਾਵਾਂ ਤੇ ਨਿੱਜੀ ਵਿਅਕਤੀਆਂ ਦੇ ਯਤਨ ਪ੍ਰਸ਼ੰਸਾਯੋਗ ਹਨ, ਪਰੰਤੂ ਇਕਜੁਟ ਹੋ ਕੇ ਉਪਰਾਲਾ ਜ਼ਿਆਦਾ ਲਾਹੇਵੰਦ ਸਾਬਤ ਹੋ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਮਾਮਲਾ ਵਿਚਾਰਨ ਲਈ ਬਣਾਈ ਗਈ ਸਬ-ਕਮੇਟੀ ਨੇ ਦੋ ਇਕੱਤਰਤਾਵਾਂ ਕੀਤੀਆਂ ਹਨ, ਜਿਸ ਦੌਰਾਨ ਸਾਂਝੀ ਰਾਏ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਾਲੀ ਸਾਂਝੀ ਕਮੇਟੀ ਸਥਾਪਿਤ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਜਾਣ ਵਾਲੀ ਸਾਂਝੀ ਕਮੇਟੀ ਸਬੰਧਤ ਸਰਕਾਰਾਂ ਕੋਲ ਸਿੱਖ ਪੰਥ ਦਾ ਪੱਖ ਰੱਖੇਗੀ ਅਤੇ ਲੋੜ ਅਨੁਸਾਰ ਹਰ ਤਰ੍ਹਾਂ ਦੀ ਕਾਰਵਾਈ ਲਈ ਰੂਪ ਰੇਖਾ ਵੀ ਨਿਰਧਾਰਤ ਕਰੇਗੀ।

ਸਰਕਾਰੀ ਦਫਤਰਾਂ ‘ਚ ਮੋਬਾਇਲ ਫੋਨ ਦੀ ਵਰਤੋਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਇਹ ਫੈਸਲਾ

0

ਹੁਣ ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਲੋਕ ਆਪਣੇ ਨਾਲ ਮੋਬਾਈਲ ਫ਼ੋਨ ਲੈ ਕੇ ਜਾ ਸਕਣਗੇ। ਇੱਕ ਅਧਿਕਾਰਤ ਬਿਆਨ ਦੇ ਅਨੁਸਾਰ ਸਰਕਾਰ ਨੇ ਕਿਹਾ ਹੈ ਕਿ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਅੰਦਰ ਮੋਬਾਈਲ ਫ਼ੋਨ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਸ਼ੁਰੂ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ, ਜਿਸ ਰਾਹੀਂ ਲੋਕ ਭ੍ਰਿਸ਼ਟ ਕੰਮਾਂ ਵਿੱਚ ਸ਼ਾਮਲ ਅਧਿਕਾਰੀਆਂ ਦੀ ਆਡੀਓ ਜਾਂ ਵੀਡੀਓ ਭੇਜ ਸਕਦੇ ਹਨ।

ਜਾਣਕਾਰੀ ਅਨੁਸਾਰ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਹੈ ਕਿ ਆਮ ਲੋਕਾਂ ਦੇ ਕੁਝ ਦਫਤਰਾਂ ਵਿੱਚ ਆਪਣੇ ਮੋਬਾਈਲ ਫੋਨ ਲੈ ਕੇ ਆਉਣ ‘ਤੇ ਪੂਰਨ ਪਾਬੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਮੱਦੇਨਜ਼ਰ ਹੁਣ ਮੋਬਾਈਲ ਫ਼ੋਨ ਲਿਆਉਣ ‘ਤੇ ਮੁਕੰਮਲ ਪਾਬੰਦੀ ਨਹੀਂ ਹੋਵੇਗੀ, ਪਰ ਜਿਹੜੇ ਦਫ਼ਤਰਾਂ ‘ਚ ਇਹ ਲਾਜ਼ਮੀ ਹੈ, ਉੱਥੇ ਕੁਝ ਸੁਰੱਖਿਆ ਕਾਰਨਾਂ ਕਰਕੇ ਇਸ ਸਬੰਧੀ ਅੰਸ਼ਕ ਪਾਬੰਦੀ ਲਗਾਈ ਜਾ ਸਕਦੀ ਹੈ। ਸਰਕਾਰ ਨੇ ਸਾਰੇ ਪ੍ਰਬੰਧਕੀ ਸਕੱਤਰਾਂ, ਡਿਵੀਜ਼ਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਸਾਰੇ ਕਰਮਚਾਰੀਆਂ ਦੀ ਸਮੇਂ ਦੀ ਪਾਬੰਦਤਾ ਨੂੰ ਯਕੀਨੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਦਫ਼ਤਰਾਂ ਵਿੱਚ ਕੰਮ ਕਰਨ ਲਈ ਦੂਰ-ਦੁਰਾਡੇ ਤੋਂ ਆਉਣ ਵਾਲੇ ਆਮ ਲੋਕਾਂ ਦੀ ਸਹੂਲਤ ਲਈ ਸਮੂਹ ਪ੍ਰਸ਼ਾਸਨਿਕ ਸਕੱਤਰਾਂ, ਵਿਭਾਗਾਂ ਦੇ ਮੁਖੀਆਂ, ਡਵੀਜ਼ਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਮੇਂ ਦੇ ਪਾਬੰਦ ਹੋਣ ਲਈ ਵਿਸਥਾਰਪੂਰਵਕ ਨਿਰਦੇਸ਼ ਦਿੱਤੇ ਹਨ। ਪਬਲਿਕ ਡੀਲਿੰਗ ਦਫਤਰਾਂ ਵਿੱਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਆਮ ਲੋਕਾਂ ਨਾਲ ਮਿਲਣ ਦਾ ਸਮਾਂ ਨਿਸ਼ਚਿਤ ਕਰਨ ਤੋਂ ਇਲਾਵਾ ਸਹੀ ਢੰਗ ਨਾਲ ਪੇਸ਼ ਆਉਣ ਅਤੇ ਮਾਰਗਦਰਸ਼ਨ ਕਰਨ ਲਈ ਕਿਹਾ ਗਿਆ ਹੈ।

ਦੱਸ ਦਈਏ ਕਿ ਜਦੋਂ ਤੋਂ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਲੋਕਾਂ ਤੋਂ ਰਿਸ਼ਵਤ ਮੰਗਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਆਡੀਓ ਅਤੇ ਵੀਡੀਓ ਰਿਕਾਰਡਿੰਗ ਕਰਨ ਲਈ ਕਿਹਾ ਹੈ, ਉਦੋਂ ਤੋਂ ਕਈ ਸਰਕਾਰੀ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾ ਚੁੱਕੀ ਹੈ।

 

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਭਾਰੀ ਅਸਲੇ ਸਮੇਤ 16 ਵਿਅਕਤੀ ਕੀਤੇ ਕਾਬੂ

0

ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਦੇ ਹੱਥ ਅੱਜ ਵੱਡੀ ਸਫਲਤਾ ਲੱਗੀ, ਜਦੋਂ ਪਲਿਸ ਨੇ ਵੱਡੀ ਗਿਣਤੀ ’ਚ ਹਥਿਆਰਾਂ ਸਮੇਤ 16 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਬਿਆਸ ਦੇ ਕੋਲ ਢਾਬੇ ਤੋਂ ਗ੍ਰਿਫ਼ਤਾਰ ਕੀਤੇ ਲੋਕਾਂ ਤੋਂ ਪੁਲਿਸ ਨੇ ਸੱਤ ਰਾਈਫਲਾਂ ਅਤੇ ਪਿਸਤੌਲਾਂ ਬਰਾਮਦ ਕੀਤੀਆਂ ਹਨ। ਜਿਨ੍ਹਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ’ਚ ਲੈ ਕੇ ਇਸ ਮਾਮਲੇ ਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ 16 ਲੋਕਾਂ ’ਚੋਂ ਕਈ ਅਪਰਾਧੀ ਅਜਿਹੇ ਵੀ ਹਨ, ਜੋ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆਏ ਹੋਏ ਹਨ। ਪੁਲਿਸ ਮੁਤਾਬਕ ਉਕਤ ਸਾਰੇ ਲੋਕ ਇਕ ਢਾਬੇ ’ਤੇ ਬੈਠੇ ਸਨ, ਜੋ ਇਕ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ’ਚ ਸਨ। ਵਾਰਦਾਤ ਤੋਂ ਪਹਿਲਾਂ ਹੀ ਪੁਲਸ ਨੇ ਉਕਤ ਦੋਸ਼ੀਆਂ ਨੂੰ ਹਥਿਆਰਾਂ ਸਣੇ ਕਾਬੂ ਕਰ ਲਿਆ।

ਇਨ੍ਹਾਂ ਮੁਲਜ਼ਮਾਂ ਦੀ ਪਛਾਣ ਬਲਵਿੰਦਰ ਸਿੰਘ ਉਰਫ ਡੋਨੀ ਪੁੱਤਰ ਹਰਬੰਸ ਸਿੰਘ, ਪ੍ਰਭਜੋਤ ਸਿੰਘ ਪੁੱਤਰ ਅਮਰੀਕ ਸਿੰਘ, ਜਰਮਨਜੀਤ ਸਿੰਘ ਪੁੱਤਰ ਹਰਭਜਨ ਸਿੰਘ, ਗਰਦੀ ਸਿੰਘ ਪੁੱਤਰ ਸਰਭਜੀਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸੋਹਣ ਸਿੰਘ, ਨਵਦੀਪ ਸਿੰਘ ਉਰਫ ਨਵ ਪੱਡਾ ਪੁੱਤਰ ਇਕਬਾਲ ਸਿੰਘ, ਰੁਪਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ, ਮਨਜਿੰਦਰ ਸਿੰਘ ਪੁੱਤਰ ਹਰਜੀਤ ਸਿੰਘ, ਰਣਜੀਤ ਸਿੰਘ ਪੁੱਤਰ ਬਲਕਾਰ ਸਿੰਘ, ਗਗਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ, ਮਨਪ੍ਰੀਤ ਸਿੰਘ ਪੁੱਤਰ ਰਣਜੀਤ ਸਿੰਘ, ਗਰਪ੍ਰੀਤ ਸਿੰਘ ਪੁੱਤਰ ਸਮਰਾਜ ਸਿੰਘ, ਰਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ, ਬੇਅੰਤ ਸਿੰਘ ਪੁੱਤਰ ਜਗਤਾਰ ਸਿੰਘ ਅਤੇ ਵਿਜੇ ਪੁੱਤਰ ਨਰਿੰਦਰ ਸਿੰਘ ਵਜੋਂ ਹੋਈ ਹੈ।

BJP ਮੇਰੇ ਤੋਂ ਨਹੀਂ, ਜਨਤਾ ਤੋਂ ਡਰਦੀ ਹੈ: ਅਰਵਿੰਦ ਕੇਜਰੀਵਾਲ

0

ਹਿਮਾਚਲ ‘ਚ ਹੋਣ ਵਾਲੀਆਂ ਚੋਣਾਂ ਲਈ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਮੇਰੇ ਤੋਂ ਨਹੀਂ ਬਲਕਿ ਜਨਤਾ ਤੋਂ ਡਰਦੀ ਹੈ।

ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਜੇਕਰ ਭਾਜਪਾ ਨੇ ਈਮਾਨਦਾਰੀ ਨਾਲ ਕੰਮ ਕੀਤਾ ਹੁੰਦਾ ਤਾਂ ਉਸਨੂੰ ਡਰ ਨਾ ਹੁੰਦਾ। ਉਨ੍ਹਾਂ ਨੂੰ ਹਿਮਾਚਲ ‘ਚ ਸੀਐੱਮ ਬਦਲਣ ਦੀ ਨੌਬਤ ਨਾ ਆਉਂਦੀ। ਇਸ ਦੇ ਨਾਲ ਹੀ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਦਾਗ਼ੀਆ ਦੇ ਪੈਰਾਂ ‘ਚ ਪੈਣ ਦੀ ਲੋੜ ਨਾ ਪੈਂਦੀ। ਦੱਸ ਦਈਏ ਕਿ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਹਿਮਾਚਲ ‘ਚ ਪ੍ਰਧਾਨ ਨੂੰ ਭਾਜਪਾ ‘ਚ ਸ਼ਾਮਿਲ ਕਰ ਲਿਆ ਹੈ।

ਉਨ੍ਹਾਂ ਨੇ ਕਿਹਾ ਕਿ ‘ਆਪ’ ‘ਤੇ ਲੋਕਾਂ ਨੂੰ ਭਰੋਸਾ ਹੈ। ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਇੱਕ ਈਮਾਨਦਾਰ ਸਰਕਾਰ ਦੇਵੇਗੀ।

ਤਬਾਦਲੇ ਤੋਂ ਬਾਅਦ ਜਾਣੋ ਕਿਹੜੇ 5 ਸੀਨੀਅਰ ਮਹਿਲਾ IAS ਅਫਸਰਾਂ ਦੀ ਨਹੀਂ ਹੋਈ ਪੋਸਟਿੰਗ

0

ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ‘ਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਕੁੱਝ ਅਧਿਕਾਰੀਆ ਦੀ ਨਵੀਂ ਥਾਂ ‘ਤੇ ਨਿਯੁਕਤੀ ਹੁੰਦੀ ਜਾ ਰਹੀ ਹੈ ਪਰ ਕੁੱਝ ਅਧਿਕਾਰੀ ਅਜਿਹੇ ਵੀ ਹਨ, ਜਿਨ੍ਹਾਂ ਦਾ ਤਬਾਦਲਾ ਤਾਂ ਕਰ ਦਿੱਤਾ ਗਿਆ ਹੈ ਪਰ ਉਨ੍ਹਾਂ ਦੀ ਨਵੀਂ ਥਾਂ ‘ਤੇ ਪੋਸਟਿੰਗ ਨਹੀਂ ਹੋਈ ਹੈ। 5 ਸੀਨੀਅਰ ਮਹਿਲਾ ਆਈ.ਏ.ਐਸ. ਅਫਸਰਾਂ ਨੂੰ ਅਜੇ ਪੋਸਟਿੰਗ ਆਰਡਰ ਮਿਲਣੇ ਬਾਕੀ ਹਨ।

ਇਹ ਅਧਿਕਾਰੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਸਨ ਅਤੇ 2 ਅਪ੍ਰੈਲ 2022 ਨੂੰ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ। ਇਹਨਾਂ ਅਫਸਰਾਂ ਵਿੱਚ ਸੋਨਾਲੀ ਗਿਰੀ IAS (2009), lsha IAS (2009), ਬਬੀਤਾ, IAS (2009), ਮਾਧਵੀ ਕਟਾਰੀਆ, IAS (2010) ਅਤੇ ਅਪਨੀਤ ਰਿਆਤ IAS (2011) ਸ਼ਾਮਲ ਹਨ।

ਸਿੱਖਿਆ ਵਿਭਾਗ ਵਲੋਂ ਇਸ ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲਾਂ ਵਿੱਚ ਫੀਸ ਵਸੂਲੀ ਦੀ ਕੀਤੀ ਜਾਵੇਗੀ ਜਾਂਚ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਾਈਵੇਟ ਸਕੂਲਾਂ ਨੂੰ ਫੀਸ ਨਾ ਵਧਾਉਣ ਦੇ ਆਦੇਸ਼ ਦਿੱਤੇ ਸਨ। ਇਸਦੇ ਮੱਦੇਨਜ਼ਰ ਸੋਮਵਾਰ ਤੋਂ ਸੀਐਮ ਦੇ ਹੁਕਮਾਂ ‘ਤੇ ਜ਼ਿਲ੍ਹਾ ਸਿੱਖਿਆ ਵਿਭਾਗ ਵਲੋਂ ਮੋਹਾਲੀ ਜ਼ਿਲ੍ਹੇ ਦੇ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਫੀਸ ਵਸੂਲੀ ਦੀ ਜਾਂਚ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਮੋਹਾਲੀ, ਡੇਰਾਬੱਸੀ ਤੇ ਖਰੜ ਵਿਚ 419 ਸਕੂਲਾਂ ਵਿੱਚ ਫੀਸ ਵਸੂਲੀ ਦੀ ਜਾਂਚ ਹੋਵੇਗੀ।

ਇਸ ਲਈ ਪ੍ਰਾਈਵੇਟ ਸਕੂਲਾਂ ਦੀ ਜਾਂਚ ਲਈ ਇੱਕ ਟੀਮ ਗਠਿਤ ਕੀਤੀ ਗਈ ਹੈ, ਜਿਸ ਵਿਚ 17 ਪ੍ਰਿੰਸੀਪਲ ਅਤੇ ਹੈਡਮਾਸਟਰਾਂ ਸ਼ਾਮਿਲ ਹਨ। ਇਸ ਟੀਮ ਵੱਲੋਂ ਜਾਂਚ ਵਿੱਚ ਸਬੂਤਾਂ ਸਮੇਤ ਸਾਰੇ ਸਕੂਲਾਂ ਦੀਆਂ ਫੀਸਾਂ ਦੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ।

ਜਾਣਕਾਰੀ ਅਨੁਸਾਰ ਇਸ ਵਿੱਚ 2022-23 ਲਈ ਸਾਲਾਨਾ ਫੀਸ, ਟਿਊਸ਼ਨ ਫੀਸ ਸਮੇਤ ਹਰ ਤਰ੍ਹਾਂ ਦੇ ਚਾਰਜ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਾਂਚ ਟੀਮ ਨੂੰ ਇੱਕ ਹਫ਼ਤੇ ਵਿੱਚ ਆਪਣੀ ਰਿਪੋਰਟ ਸੌਂਪਣੀ ਪਵੇਗੀ।

PSEB ਨੇ 12ਵੀਂ ਦੀਆਂ ਪ੍ਰੀਖਿਆਵਾਂ ਦੀ ਨਵੀਂ ਡੇਟਸ਼ੀਟ ਕੀਤੀ ਜਾਰੀ

0

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਪ੍ਰੀਖਿਆ ਦੀ ਡੇਟਸ਼ੀਟ ਨੂੰ ਬਦਲ ਦਿੱਤਾ ਹੈ। ਇਸਦੇ ਲਈ PSEB ਨੇ 12ਵੀਂ ਜਮਾਤ ਦੀ ਪ੍ਰੀਖਿਆ ਲਈ ਇੱਕ ਨਵੀਂ ਡੇਟਸ਼ੀਟ (Punjab Board PSEB 12th Exam 2022 New Date Sheet) ਵੀ ਜਾਰੀ ਕੀਤੀ ਹੈ। ਜੋ ਵਿਦਿਆਰਥੀ ਇਸ ਪ੍ਰੀਖਿਆ ਲਈ ਬੈਠ ਰਹੇ ਹਨ, ਉਹ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ http://pseb.ac.in/en ‘ਤੇ ਜਾ ਕੇ ਡੇਟਸ਼ੀਟ ਨੂੰ ਡਾਊਨਲੋਡ ਕਰ ਸਕਦੇ ਹਨ।

ਦੱਸ ਦੇਈਏ ਕਿ ਕਈ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ‘ਪ੍ਰਸ਼ਾਸਕੀ ਕਾਰਨਾਂ’ ਕਰਕੇ ਸੋਧੀਆਂ ਗਈਆਂ ਹਨ। ਸੰਸ਼ੋਧਿਤ ਸ਼ਡਿਊਲ (Punjab Board PSEB 12th Exam 2022 New Date Sheet) ਅਨੁਸਾਰ ਪੰਜਾਬ ਬੋਰਡ ਲਈ 12ਵੀਂ ਜਮਾਤ ਦੀ ਪ੍ਰੀਖਿਆ ਹੁਣ 24 ਅਪ੍ਰੈਲ ਨੂੰ ਗ੍ਰਹਿ ਵਿਗਿਆਨ ਦੀ ਪ੍ਰੀਖਿਆ ਨਾਲ ਸ਼ੁਰੂ ਹੋਵੇਗੀ ਅਤੇ ਅਰਥ ਸ਼ਾਸਤਰ, ਜਨਰਲ ਫਾਊਂਡੇਸ਼ਨ ਕੋਰਸਾਂ ਦੀ ਪ੍ਰੀਖਿਆ 23 ਮਈ, 2022 ਨੂੰ ਸਮਾਪਤ ਹੋਵੇਗੀ।

ਹੋਰ ਸਾਰੇ ਇਮਤਿਹਾਨਾਂ ਦੀਆਂ ਤਰੀਕਾਂ (ਸਾਰਣੀ ਵਿੱਚ ਜ਼ਿਕਰ ਨਹੀਂ ਕੀਤੀਆਂ ਗਈਆਂ) ਉਹੀ ਰਹਿਣਗੀਆਂ ਜਦੋਂ ਤੱਕ ਪੰਜਾਬ ਬੋਰਡ ਦੁਆਰਾ ਨਹੀਂ ਦੱਸਿਆ ਜਾਂਦਾ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਜਾਣਕਾਰੀ ਲਈ PSEB ਦੀ ਅਧਿਕਾਰਤ ਵੈੱਬਸਾਈਟ pseb.ac.in ਨੂੰ ਦੇਖਦੇ ਰਹਿਣ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਸਾਰੇ ਦਿਨਾਂ ਵਿੱਚ ਆਪਣੇ ਦਾਖਲਾ ਕਾਰਡ ਪ੍ਰੀਖਿਆ ਕੇਂਦਰਾਂ ਵਿੱਚ ਲੈ ਕੇ ਜਾਣਾ ਚਾਹੀਦਾ ਹੈ।

ਗੁਜਰਾਤ ‘ਚ ਕੋਵਿਡ XE ਵੇਰੀਐਂਟ ਦਾ ਪਹਿਲਾਂ ਮਾਮਲਾ ਆਇਆ ਸਾਹਮਣੇ

0

ਗੁਜਰਾਤ ਵਿੱਚ ਕੋਰੋਨਾ ਵਾਇਰਸ ਦੇ ਓਮਾਈਕਰੋਨ ਵੇਰੀਐਂਟ ਦੇ XE ਸਬ-ਵੇਰੀਐਂਟ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ । ਇੱਕ ਵਿਅਕਤੀ ਵਿੱਚ ਇਸ ਦੀ ਲਾਗ ਦੀ ਪੁਸ਼ਟੀ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਉੱਚ ਅਧਿਕਾਰਤ ਸੂਤਰਾਂ ਅਨੁਸਾਰ ਐਕਸਐਮ ਵੇਰੀਐਂਟ ਦਾ ਵੀ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮੁੰਬਈ ‘ਚ XM ਵੇਰੀਐਂਟ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਰੂਪ Omicron ਦੀ ਇੱਕ ਉਪ ਵੰਸ਼ ਹਨ।

Omicron ਦੀ ਉਪ ਵੰਸ਼ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਪਲਬਧ ਹੈ। ਹਾਲਾਂਕਿ, ਇਸ ਵੇਰੀਐਂਟ ਦੀ ਉਪਲਬਧਤਾ ਦੇ ਕਾਰਨ, ਹੁਣ ਤੱਕ ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਦੀ ਕੋਈ ਗੱਲ ਨਹੀਂ ਹੋਈ ਹੈ। ਕੇਂਦਰੀ ਸਿਹਤ ਮੰਤਰਾਲੇ ਕਿਹਾ ਕਿ ਇਨ੍ਹਾਂ ਰੂਪਾਂ ਦੀ ਪ੍ਰਭਾਵਸ਼ੀਲਤਾ ਬਾਰੇ ਕਿਸੇ ਠੋਸ ਸਿੱਟੇ ‘ਤੇ ਪਹੁੰਚਣ ਤੋਂ ਪਹਿਲਾਂ ਕੁਝ ਹੋਰ ਅਧਿਐਨਾਂ ਦੀ ਲੋੜ ਹੈ। ਜੀਨੋਮਿਕ ਮਾਹਿਰ ਅਤੇ NCDC ਫਿਲਹਾਲ ਇਸਦਾ ਮੁਲਾਂਕਣ ਕਰ ਰਹੇ ਹਨ।

ਇਸ ਹਫਤੇ ਦੇ ਸ਼ੁਰੂ ਵਿੱਚ, ਵਿਦੇਸ਼ੀ ਯਾਤਰਾ ਦੇ ਇਤਿਹਾਸ ਵਾਲੇ ਇੱਕ ਮਰੀਜ਼ ਦੇ XE ਵੇਰੀਐਂਟ ਦੇ ਸੰਪਰਕ ਵਿੱਚ ਹੋਣ ਦੀ ਰਿਪੋਰਟ ਦਿੱਤੀ ਗਈ ਸੀ ਪਰ ਕੇਂਦਰੀ ਸਿਹਤ ਮੰਤਰਾਲੇ ਨੇ XE ਵੇਰੀਐਂਟ ਦੀ ਰਿਪੋਰਟ ਦਾ ਖੰਡਨ ਕਰਦਿਆਂ ਕਿਹਾ ਸੀ ਕਿ “ਮੌਜੂਦਾ ਸਬੂਤ ਨਵੇਂ ਵੇਰੀਐਂਟ ਦੀ ਮੌਜੂਦਗੀ ਦਾ ਪ੍ਰਮਾਣ ਨਹੀਂ ਦਿੰਦੇ ਹਨ।

PIB ਮਹਾਰਾਸ਼ਟਰ ਨੇ ਵੀਰਵਾਰ ਨੂੰ ਇੱਕ ਟਵੀਟ ਵਿੱਚ ਕਿਹਾ, “ਮੁੰਬਈ ਵਿੱਚ ਕੋਰੋਨਵਾਇਰਸ ਦੇ XE ਵੇਰੀਐਂਟ ਦੀ ਖੋਜ ਦੀ ਰਿਪੋਰਟ ਦੇ ਕੁਝ ਘੰਟਿਆਂ ਬਾਅਦ @MoHFW_INDIA ਨੇ ਕਿਹਾ ਹੈ ਕਿ ਮੌਜੂਦਾ ਸਬੂਤ ਨਵੇਂ ਰੂਪ ਦੀ ਮੌਜੂਦਗੀ ਦਾ ਸਬੂਤ ਨਹੀਂ ਦਿੰਦੇ ਹਨ।”

 

ਹਿਮਾਚਲ ਪ੍ਰਦੇਸ਼ ‘ਚ AAP ਨੂੰ ਵੱਡਾ ਝਟਕਾ! ਪਾਰਟੀ ਦੇ ਸੂਬਾ ਪ੍ਰਧਾਨ ਸਮੇਤ ਇਹ ਆਗੂ BJP ‘ਚ ਹੋਏ ਸ਼ਾਮਿਲ

0

ਆਮ ਆਦਮੀ ਪਾਰਟੀ ਨੂੰ ਹਿਮਾਚਲ ਪ੍ਰਦੇਸ਼ ਵਿਚ ਵੱਡਾ ਝਟਕਾ ਲੱਗਿਆ ਹੈ। ਹਿਮਾਚਲ ਪ੍ਰਦੇਸ਼ ਤੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਨੂਪ ਕੇਸਰੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ।

ਇਸ ਤੋਂ ਇਲਾਵਾ ਆਪ ਆਗੂ ਸਤੀਸ਼ ਠਾਕੁਰ ਤੇ ਇਕਬਾਲ ਸਿੰਘ ਵੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ। ਜਾਣਕਾਰੀ ਅਨੁਸਾਰ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਇਨ੍ਹਾਂ ਨੇਤਾਵਾਂ ਨੂੰ ਭਾਜਪਾ ਵਿਚ ਸ਼ਾਮਲ ਕਰਵਾਇਆ।