Home Blog Page 2116

IMD ਨੇ ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ‘ਹੀਟ ਵੇਵ’ ਦਾ ਅਲਰਟ ਕੀਤਾ ਜਾਰੀ

0

ਗਰਮੀ ਨੇ ਆਪਣਾ ਕਹਿਰ ਮਾਰਚ ਮਹੀਨੇ ਤੋਂ ਹੀ ਸ਼ੁਰੂ ਕਰ ਦਿੱਤਾ ਸੀ। ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬੇ ਭਿਆਨਕ ਗਰਮੀ ਦੀ ਲਪੇਟ ‘ਚ ਹਨ। ਹੁਣ ਅਪ੍ਰੈਲ ‘ਚ ਕੜਕਦੀ ਧੁੱਪ ਅਤੇ ਗਰਮੀ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਉੱਤਰ-ਪੱਛਮੀ ਹਿੱਸੇ ਅਤੇ ਮੱਧ ਭਾਰਤ ‘ਚ ਅਗਲੇ ਪੰਜ ਦਿਨਾਂ ਤਕ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ ‘ਚ ਹੀਟ ਵੇਵ ਦੀ ਭਵਿੱਖਬਾਣੀ ਕੀਤੀ ਹੈ।

ਮੌਸਮ ਵਿਭਾਗ ਅਨੁਸਾਰ ਅਗਲੇ 3 ਤੋਂ 4 ਦਿਨਾਂ ਦੌਰਾਨ ਪੰਜਾਬ ਰਾਜਸਥਾਨ, ਦੱਖਣੀ ਹਰਿਆਣਾ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕਈ ਹਿੱਸਿਆਂ ‘ਚ ਗਰਮੀ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼, ਵਿਦਰਭ, ਬਿਹਾਰ ਦੇ ਕੁਝ ਹਿੱਸਿਆਂ ਅਤੇ ਜੰਮੂ ਖੇਤਰ ਅਤੇ ਛੱਤੀਸਗੜ੍ਹ ਦੇ ਕੁਝ ਹਿੱਸਿਆਂ ‘ਚ ਹੀਟਵੇਵ ਦੇ ਹਾਲਾਤ ਸੰਭਵ ਹਨ।

ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਪਾਰਾ ਆਮ ਨਾਲੋਂ ਪੰਜ ਤੋਂ ਛੇ ਡਿਗਰੀ ਵੱਧ ਚੱਲ ਰਿਹਾ ਹੈ। ਗਰਮੀ ਕਾਰਨ ਲੋਕ ਬੇਚੈਨ ਹਨ। ਇੰਡੀਆ ਮੈਟਰੋਲੋਜੀਕਲ ਸੈਂਟਰ ਚੰਡੀਗੜ੍ਹ ਅਨੁਸਾਰ ਬਠਿੰਡਾ ਤੇ ਬਰਨਾਲਾ ਤੋਂ ਬਾਅਦ ਪੰਜਾਬ ਦੇ ਛੇ ਹੋਰ ਸ਼ਹਿਰਾਂ ‘ਚ ਗਰਮੀ ਆਪਣਾ ਭਿਆਨਕ ਰੂਪ ਦਿਖਾਏਗੀ।

ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨਾਂ ਦੌਰਾਨ ਰਾਜਸਥਾਨ, ਉੱਤਰ ਪ੍ਰਦੇਸ਼, ਦੱਖਣੀ ਪੰਜਾਬ, ਦੱਖਣੀ ਹਰਿਆਣਾ-ਦਿੱਲੀ, ਮੱਧ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਵਿੱਚ ਗਰਮੀ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਅਗਲੇ 3 ਦਿਨਾਂ ਤਕ ਗੁਜਰਾਤ ਦੇ ਉੱਤਰੀ ਹਿੱਸਿਆਂ ‘ਚ ਗਰਮੀ ਦਾ ਕਹਿਰ ਜਾਰੀ ਰਹੇਗਾ।

ਜਾਣੋ- ਦਿੱਲੀ ਦਾ ਮੌਸਮ ਕਿਹੋ ਜਿਹਾ ਰਹੇਗਾ

ਮੌਸਮ ਵਿਭਾਗ ਅਨੁਸਾਰ ਦਿੱਲੀ ਐਨਸੀਆਰ ਵਿੱਚ ਅੱਜ ਆਸਮਾਨ ਸਾਫ਼ ਰਹੇਗਾ। ਕਈ ਥਾਵਾਂ ‘ਤੇ ਤੇਜ਼ ਗਰਮੀ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 41 ਅਤੇ 20 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਇਨ੍ਹੀਂ ਦਿਨੀਂ ਲੋਕਾਂ ਨੂੰ ਦਿਨ ਵੇਲੇ ਕੜਾਕੇ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂਕਿ ਰਾਤ ਦੇ ਸਮੇਂ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

CM ਭਗਵੰਤ ਮਾਨ ਨੇ ਮਾਨਸੂਨ ਦੀ ਆਮਦ ਤੋਂ ਪਹਿਲਾਂ ਜਲ ਸਰੋਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਦਿੱਤੇ ਇਹ ਨਿਰਦੇਸ਼

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਰੋਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਮਾਨਸੂਨ ਦੀ ਆਮਦ ਤੋਂ ਪਹਿਲਾਂ-ਪਹਿਲਾਂ ਸੂਬੇ ਭਰ ‘ਚ ਹੜ੍ਹਾਂ ਲਈ ਸੰਵੇਦਨਸ਼ੀਲ ਜਾਂ ਪਾੜ ਪੈਣ ਦੀ ਸੰਭਾਵਨਾਵਾਂ ਵਾਲੀਆਂ ਥਾਵਾਂ ‘ਤੇ ਸਫ਼ਾਈ ਅਤੇ ਹੜ੍ਹ ਰੋਕੂ ਕਾਰਜ ਸ਼ੁਰੂ ਕਰ ਦਿੱਤੇ ਜਾਣ।

ਸੂਬੇ ਦੀ ਸਮੁੱਚੀ ਸਿੰਚਾਈ ਅਤੇ ਡਰੇਨੇਜ ਪ੍ਰਣਾਲੀ ਵਿਸ਼ੇਸ਼ ਕਰਕੇ ਘੱਗਰ ਦਰਿਆ ਅਤੇ ਇਸ ਦੀਆਂ ਸਹਾਇਕ ਨਦੀਆਂ ਦਾ ਜਾਇਜ਼ਾ ਲੈਣ ਲਈ ਬੀਤੇ ਦਿਨੀ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਭਗਵੰਤ ਮਾਨ ਨੇ ਮੁੱਖ ਇੰਜੀਨੀਅਰ ਡਰੇਨੇਜ ਨੂੰ ਪੁਲਾਂ ਹੇਠਲੇ ਜਲ ਮਾਰਗਾਂ ਦੀ ਸੁਚੱਜੀ ਸਫ਼ਾਈ ਅਤੇ ਜਮ੍ਹਾਂ ਹੋਈ ਗਾਰ ਦੇ ਢੇਰਾਂ ਨੂੰ ਹਟਾਉਣ ਲਈ ਢੁਕਵੇਂ ਤਰੀਕੇ ਅਪਣਾਉਣ ਲਈ ਕਿਹਾ।

ਇਸ ਤੋਂ ਇਲਾਵਾ ਭਾਰੀ ਮੀਂਹ ਦੌਰਾਨ ਅਕਸਰ ਦਰਿਆਵਾਂ ਖਾਸ ਤੌਰ ‘ਤੇ ਘੱਗਰ ਦਰਿਆ ਵਿੱਚ ਹੜ੍ਹਾਂ ਦੀ ਸੰਭਾਵਨਾ ਵਾਲੀਆਂ ਸੰਵੇਦਨਸ਼ੀਲ ਥਾਵਾਂ ਨੂੰ ਮਜ਼ਬੂਤ ਕਰਨ ਦੀ ਵੀ ਤਾਕੀਦ ਕੀਤੀ। ਮੁੱਖ ਇੰਜਨੀਅਰ ਡਰੇਨੇਜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਕਿ ਇਸ ਪ੍ਰਾਜੈਕਟ ਲਈ 67 ਲੱਖ ਰੁਪਏ ਦੀ ਰਾਸ਼ੀ ਪਹਿਲਾਂ ਹੀ ਮਨਜ਼ੂਰ ਕੀਤੀ ਜਾ ਚੁੱਕੀ ਹੈ।

ਇਸਦੇ ਨਾਲ ਹੀ ਮੁੱਖ ਮੰਤਰੀ ਨੇ ਜਲ ਸਰੋਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਇਹ ਵੀ ਕਿਹਾ ਕਿ ਮਾਨਸੂਨ ਸੀਜ਼ਨ ਦੀ ਆਮਦ ਤੋਂ ਪਹਿਲਾਂ ਹੀ ਹੜ੍ਹ ਰੋਕੂ ਕੰਮਾਂ ਨੂੰ ਜੰਗੀ ਪੱਧਰ ‘ਤੇ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਹੜ੍ਹਾਂ ਦੇ ਕਹਿਰ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਵਧੀਕ ਮੁੱਖ ਸਕੱਤਰ ਨੂੰ ਸਪੱਸ਼ਟ ਕੀਤਾ ਕਿ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਪੂਰਾ ਤਾਲਮੇਲ ਕਰਦਿਆਂ ਸੂਬੇ ਭਰ ‘ਚ ਚੱਲ ਰਹੇ ਹੜ੍ਹ ਰੋਕੂ ਕੰਮਾਂ ਦੀ ਨਿਯਮਤ ਤੌਰ ‘ਤੇ ਨਜ਼ਰਸਾਨੀ ਕੀਤੀ ਜਾਵੇ।

ਸੂਬੇ ਵਿੱਚ ਹੜ੍ਹਾਂ ਕਾਰਨ ਮਨੁੱਖੀ ਜਿੰਦਗੀਆਂ,ਪਸ਼ੂ ਧਨ, ਜਾਇਦਾਦਾਂ ਅਤੇ ਖੜ੍ਹੀਆਂ ਫਸਲਾਂ ਦੇ ਹੋਏ ਭਾਰੀ ਨੁਕਸਾਨ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਵਿਭਾਗ ਨੂੰ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਤਾਂ ਜੋ ਸੂਬੇ ਵਿੱਚ ਪਿਛਲੇ ਸਮੇਂ ਦੌਰਾਨ ਆਏ ਹੜ੍ਹਾਂ ਵਾਂਗ ਕੋਈ ਮਾਰੂ ਵਰਤਾਰਾ ਜਾਂ ਘਟਨਾ ਮੁੜ ਨਾ ਵਾਪਰੇ। ਉਨ੍ਹਾਂ ਸਾਰੇ ਲੋੜੀਂਦੇ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਾਲ-ਨਾਲ ਅਗਾਊਂ ਚੇਤਾਵਨੀਆਂ ਜਾਰੀ ਕਰਨ ਵਾਲੀ ਮਜ਼ਬੂਤ ਪ੍ਰਣਾਲੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

ਮੁੱਖ ਮੰਤਰੀ ਨੇ ਜਲ ਸਰੋਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਵਾਟਰ ਫਰੰਟ ਵਿਕਸਤ ਕਰਨ ਲਈ ਸਾਈਟਾਂ (ਥਾਵਾਂ) ਦੀ ਸ਼ਨਾਖਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਵਾਟਰ ਸਪੋਰਟਸ ਨੂੰ ਵਿਕਸਤ ਕਰਨ ‘ਤੇ ਧਿਆਨ ਕੇਂਦ੍ਰਿਤ ਕਰਕੇ ਸੈਰ-ਸਪਾਟੇ ਦੀਆਂ ਹੋਰ ਸੰਭਾਵਨਾਵਾਂ ਦਾ ਹੋਰ ਸੁਚਾਰੂ ਢੰਗ ਨਾਲ ਲਾਭ ਲਿਆ ਜਾ ਸਕੇ। ਉਨ੍ਹਾਂ ਨੇ ਜੰਗਲਾਤ ਵਿਭਾਗ ਨੂੰ ਈਕੋ-ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਵੱਧ ਤੋਂ ਵੱਧ ਮੌਕੇ ਤਲਾਸ਼ਣ ਲਈ ਵੀ ਕਿਹਾ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ, ਜਲ ਸਰੋਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਰਵਜੀਤ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਕੇ. ਕੇ ਯਾਦਵ ਅਤੇ ਮੁੱਖ ਇੰਜੀਨੀਅਰ ਡਰੇਨੇਜ ਦਵਿੰਦਰ ਸਿੰਘ ਸ਼ਾਮਲ ਸਨ।

ਕੈਬਨਿਟ ਮੰਤਰੀ ਹਰਭਜਨ ਸਿੰਘ ਨੇ ਕੇਂਦਰ ਸਰਕਾਰ ਨੂੰ ਨਵੇਂ ਰਾਸ਼ਟਰੀ ਹਾਈਵੇਜ਼ ਪ੍ਰਾਜੈਕਟ ਮਨਜ਼ੂਰ ਕਰਨ ਦੀ ਕੀਤੀ ਅਪੀਲ

0

ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਨਵੇਂ ਰਾਸ਼ਟਰੀ ਮਾਰਗ ਪ੍ਰਾਜੈਕਟਾਂ ਨੂੰ ਜਲਦੀ ਮਨਜ਼ੂਰ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਵੱਲੋਂ ਅੱਜ ਨਵੀਂ ਦਿੱਲੀ ਵਿਖੇ ਸੜਕੀ ਆਵਾਜਾਈ ਅਤੇ ਹਾਈਵੇਜ਼ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਇਸ ਸਬੰਧੀ ਮੁਲਾਕਾਤ ਕੀਤੀ ਗਈ ਅਤੇ ਸੂਬੇ ਨੂੰ ਸੜਕਾਂ ਦੇ ਬੁਨਿਆਦੀ ਢਾਂਚੇ ਪੱਖੋਂ ਮੁਲਕ ਦਾ ਮੋਹਰੀ ਸੂਬਾ ਬਣਾਉਣ ਲਈ ਖਾਕਾ ਪੇਸ਼ ਕੀਤਾ ਗਿਆ।

ਪੰਜਾਬ ਦੇ ਕੈਬਨਿਟ ਮੰਤਰੀ ਵੱਲੋਂ ਮੀਟਿੰਗ ਦੌਰਾਨ ਸੂਬੇ ਦੀਆਂ 9 ਮੁੱਖ ਸੜਕਾਂ ਨੂੰ ਕੌਮੀ ਮਾਰਗ ਐਲਾਨਣ ਲਈ ਅਪੀਲ ਕੀਤੀ ਜਿਨ੍ਹਾਂ ਵਿਚ ਬੰਗਾ-ਗੜ੍ਹਸ਼ੰਕਰ-ਆਨੰਦਪੁਰ ਸਾਹਿਬ-ਨੈਣਾ ਦੇਵੀ ਸੜਕ, ਨਵਾਂ ਸ਼ਹਿਰ-ਰਾਹੋਂ-ਮਾਛੀਵਾੜਾ-ਸਮਰਾਲਾ ਸੜਕ ਅਤੇ ਗੁਰਦਾਸਪੁਰ-ਮੁਕੇਰੀਆਂ-ਤਲਵਾੜਾ ਸੜਕ ਸ਼ਾਮਲ ਹਨ। ਸੂਬੇ ਦੇ ਪੇਂਡੂ ਖੇਤਰਾਂ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਅਤੇ ਕਿਸਾਨਾਂ ਲਈ ਸੁਖਾਲੀ ਪਹੁੰਚ ਦੀ ਸਹੂਲਤ ਲਈ ਸੂਬੇ ਦੇ ਕੈਬਨਿਟ ਮੰਤਰੀ ਵੱਲੋਂ ਸ੍ਰੀ ਗਡਕਰੀ ਨੂੰ ਪੰਜਾਬ ਦੇ ਨਵੇਂ ਪ੍ਰਸਤਾਵਤ ਐਕਪ੍ਰੈਸਵੇਜ਼ ਦੇ ਨਾਲ-ਨਾਲ ਸਰਵਿਸ ਸੜਕਾਂ ਦਾ ਨਿਰਮਾਣ ਕਰਨ ਦੀ ਵੀ ਅਪੀਲ ਕੀਤੀ ਗਈ।

ਮੀਟਿੰਗ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਨਾਲ ਮੌਜੂਦ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਵਿਕਾਸ ਪ੍ਰਤਾਪ ਨੇ ਜਾਣਕਾਰੀ ਦਿੱਤੀ ਕਿ ਸੂਬਾ ਸਰਕਾਰ ਵੱਲੋਂ ਸੂਬੇ ਦੇ ਕੇਂਦਰੀ ਸੜਕ ਅਤੇ ਬੁਨਿਆਦੀ ਢਾਂਚਾ ਦੇ ਸਲਾਨਾ ਫੰਡ ਨੂੰ ਵਧਾ ਕੇ 300 ਕਰੋੜ ਕੀਤੇ ਜਾਣ ਦੀ ਮੰਗ ਵੀ ਕੀਤੀ ਹੈ।

ਉਨ੍ਹਾਂ ਅੱਗੇ ਜਾਣਕਾਰੀ ਦਿੱਤੀ ਸੂਬਾ ਸਰਕਾਰ ਸਾਲ 2022-23 ਲਈ 3300 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੇ ਸ਼ੁਮਾਰ ਵਾਲਾ ਸਲਾਨਾ ਐਕਸ਼ਨ ਪਲਾਨ ਕੇਂਦਰੀ ਸੜਕ ਆਵਾਜਾਈ ਤੇ ਹਾਈਵੇਜ਼ ਮੰਤਰਾਲੇ ਨੂੰ ਮੰਨਜ਼ੂਰੀ ਲਈ ਦਾਖਲ ਕਰਨ ਜਾ ਰਹੀ ਹੈ। ਇਨ੍ਹਾਂ ਪ੍ਰਾਜੈਕਟਾਂ ਵਿਚ ਸ਼ਹਿਰਾਂ ਜਿਵੇਂ ਕਪੂਰਥਲਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਲਈ ਬਾਈਪਾਸ, ਸੂਬੇ ਅੰਦਰ ਘੱਟ ਚੌੜੀਆਂ ਸੜਕਾਂ ਨੂੰ ਚਹੁੰ-ਮਾਰਗੀ ਬਣਾਉਣ ਤੋਂ ਇਲਾਵਾ ਨਵੇਂ ਵੱਧ ਉਚਾਈ ਵਾਲੇ ਪੁੱਲਾਂ (ਐਚ.ਐਲ.ਬੀ.)ਅਤੇ ਰੇਲਵੇ ਉਪਰਲੇ ਪੁਲ (ਆਰ.ਓ.ਬੀ.)  ਸ਼ਾਮਲ ਹਨ।

ਮੀਟਿੰਗ ਵਿਚ ਮੈਂਬਰ (ਪ੍ਰਾਜੈਕਟ) ਕੌਮੀ ਮਾਰਗ ਅਥਾਰਟੀ, ਭਾਰਤ ਸ੍ਰੀ ਮਨੋਜ ਕੁਮਾਰ, ਮੁੱਖ ਇੰਜਨੀਅਰ ਕੌਮੀ ਮਾਰਗ, ਪੰਜਾਬ ਸ੍ਰੀ ਐਨ.ਆਰ.ਗੋਇਲ ਤੋਂ ਇਲਾਵਾ ਕੇਂਦਰੀ ਸੜਕ ਤੇ ਹਾਈਵੇਜ਼ ਅਤੇ ਲੋਕ ਨਿਰਮਾਣ ਵਿਭਾਗ ਪੰਜਾਬ ਦੇ ਅਧਿਕਾਰੀ ਹਾਜ਼ਰ ਸਨ।

ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹੈ ਚੁਕੰਦਰ, ਜਾਣੋ ਹੋਰ ਕਿਹੜੇ- ਕਿਹੜੇ ਮਿਲਦੇ ਹਨ ਫਾਇਦੇ

0

ਚੁਕੰਦਰ ਬਹੁਤ ਹੀ ਗੁਣਕਾਰੀ ਹੁੰਦਾ ਹੈ। ਅਕਸਰ ਚੁਕੰਦਰ ਦੀ ਵਰਤੋਂ ਸਲਾਦ ਅਤੇ ਜੂਸ ‘ਚ ਕੀਤੀ ਜਾਂਦੀ ਹੈ। ਇਹ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਬਲੱਡ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ। ਆਯੁਰਵੈਦਿਕ ਮਾਹਿਰ ਦੱਸਦੇ ਹਨ ਕਿ ਚੁਕੰਦਰ ਅਜਿਹੀ ਚੀਜ਼ ਹੈ, ਜਿਸ ਨੂੰ ਖਾਣ ਨਾਲ ਸਭ ਤੋਂ ਜ਼ਿਆਦਾ ਫਾਇਦੇ ਹੁੰਦੇ ਹਨ ਪਰ ਇਸ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਚੁਕੰਦਰ ਹੀ ਨਹੀਂ ਇਸ ਦੇ ਪੱਤੇ ਵੀ ਓਨੇ ਹੀ ਲਾਭਕਾਰੀ ਹੁੰਦੇ ਹਨ। ਚੁਕੰਦਰ ਦੇ ਪੱਤੇ ਖਾਣ ਨਾਲ ਸਰੀਰ ‘ਚ ਕਦੇ ਖੂਨ ਦੀ ਘਾਟ ਨਹੀਂ ਹੁੰਦੀ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ…

ਰੋਗ ਪ੍ਰਤੀਰੋਧਕ ਸਮਰੱਥਾ ‘ਚ ਵਾਧਾ : ਚੁਕੰਦਰ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ ਸੀ ਅਤੇ ਫਾਈਬਰ ਮੌਜੂਦ ਹੁੰਦਾ ਹੈ, ਜੋ ਕਿ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ।

ਹੱਡੀਆਂ ਤੇ ਗੁਰਦੇ ਲਈ ਫਾਇਦੇਮੰਦ : ਚੁਕੰਦਰ ‘ਚ ਮੌਜੂਦ ਖਣਿਜ ਤੱਤ ਜਿਵੇਂ ਪੋਟਾਸ਼ੀਅਮ ਅਤੇ ਮੈਗਨੀਜ਼ ਮਾਸਪੇਸ਼ੀਆਂ, ਹੱਡੀਆਂ, ਜਿਗਰ ਅਤੇ ਗੁਰਦੇ ਲਈ ਲਾਭਕਾਰੀ ਹੁੰਦੇ ਹਨ।

ਖੂਨ ਦਾ ਸੰਚਾਰ : ਨਿਯਮਿਤ ਤੌਰ ‘ਤੇ ਚੁਕੰਦਰ ਖਾਣ ਨਾਲ ਸਰੀਰ ‘ਚ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ‘ਚ ਕਰੇ : ਚੁਕੰਦਰ ‘ਚ ਕੁਦਰਤੀ ਨਾਈਟ੍ਰੇਟ ਹੁੰਦੇ ਹਨ, ਜੋ ਸਰੀਰ ‘ਚ ਪਹੁੰਚ ਕੇ ਨਾਈਟ੍ਰਿਕ ਆਕਸਾਈਡ ‘ਚ ਬਦਲ ਜਾਂਦੇ ਹਨ। ਇਹ ਨਾਈਟ੍ਰਿਕ ਆਕਸਾਈਡ ਬੀ.ਪੀ. ਨੂੰ ਕੰਟਰੋਲ ‘ਚ ਰੱਖਦੇ ਹਨ।

ਕੈਂਸਰ ਤੋਂ ਬਚਾਏ : ਚੁਕੰਦਰ ‘ਚ ਫਾਈਟੋਨਿਊਟਰੀਅਨਸ ਵੀ ਪਾਏ ਜਾਂਦੇ ਹਨ, ਜੋ ਕਿ ਕੈਂਸਰ ਕੋਸ਼ਕਾਵਾਂ ਨੂੰ ਸਰੀਰ ‘ਚ ਬਣਨ ਤੋਂ ਰੋਕਦੇ ਹਨ। ਚੁਕੰਦਰ ਦਾ ਗਾੜਾ ਰੰਗ ਵੀ ਇਸੇ ਕਾਰਨ ਹੁੰਦਾ ਹੈ।

ਗਰਭਵਤੀ ਔਰਤਾਂ ਲਈ ਫਾਇਦੇਮੰਦ : ਚੁਕੰਦਰ ‘ਚ ਉੱਚ ਮਾਤਰਾ ‘ਚ ਫੌਲਿਕ ਐਸਿਡ ਹੁੰਦਾ ਹੈ, ਜੋ ਕਿ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਔਰਤ ਦੇ ਢਿੱਡ ‘ਚ ਪੱਲ ਰਹੇ ਬੱਚੇ ਦੀ ਰੀੜ੍ਹ ਦੀ ਹੱਡੀ ਬਣਾਉਣ ‘ਚ ਮਦਦ ਮਿਲਦੀ ਹੈ।

ਸ਼ੂਗਰ ਕੰਟਰੋਲ ਕਰੇ : ਚੁਕੰਦਰ ਖਾਣ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ। ਸ਼ੂਗਰ ਦੇ ਮਰੀਜ ਨੂੰ ਰੋਜ਼ਾਨਾ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।

ਗੁਰਬਾਣੀ ਦੇ ਪ੍ਰਸਾਰਣ ਲਈ ਭਗਵੰਤ ਮਾਨ ਨੇ SGPC ਨੂੰ ਕੀਤੀ ਇਹ ਅਪੀਲ

0

ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਭਗਵੰਤ ਮਾਨ ਨੇ SGPC ਨੂੰ ਕਿਹਾ ਕਿ ਕਿਸੇ ਇੱਕ ਮਾਧਿਅਮ ਰਾਹੀਂ ਨਹੀਂ ਬਲਕਿ YouTube, ਰੇਡੀਓ ਅਤੇ ਵੱਖ-ਵੱਖ ਚੈਨਲਾਂ ਨੂੰ ਪ੍ਰਸਾਰਣ ਦੀ ਜ਼ਿੰਮੇਵਾਰੀ ਦਿਓ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਾਰਾ ਖਰਚਾ ਕਰੇਗੀ।

ਭਗਵੰਤ ਮਾਨ ਨੇ ਕਿਹਾ ਕਿ ਦਰਬਾਰ ਸਾਹਿਬ ਨੂੰ ਨਵੀਨਤਮ ਤਕਨੀਕ ਨਾਲ ਲੈਸ ਕੀਤਾ ਜਾਵੇਗਾ।
– ਗੁਰਬਾਣੀ ਦਾ ਵਿਸ਼ਵ ਭਰ ਵਿੱਚ ਪ੍ਰਚਾਰ ਕਰਨਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਅਤੇ ਧਰਮ ਹੈ।
– ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਰਕਾਰ ਅਹਿਮ ਕਦਮ ਚੁੱਕੇਗੀ।
– ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ।
– ਰੇਡੀਓ ਅਤੇ ਸਾਰੇ ਆਧੁਨਿਕ ਸਾਧਨਾਂ ਰਾਹੀਂ ਵੀ ਗੁਰਬਾਣੀ ਦਾ ਪ੍ਰਚਾਰ ਹੋਣਾ ਚਾਹੀਦਾ ਹੈ।

190 ਕਰੋੜ ਦੇ ਨਿਰਮਾਣ ਕਾਰਜ ਦੇ ਪ੍ਰਬੰਧ ਦੀ ਮਿਲੀ ਮਨਜ਼ੂਰੀ: ਸੰਨੀ ਦਿਓਲ

0

ਮਕੋੜਾ ਪੁਲ ਅਤੇ ਕੀੜੀ ਪੁਲ ਦੀ ਉਸਾਰੀ ਦੇ ਕੰਮਾਂ ਨੂੰ ਕੇਂਦਰ ਸਰਕਾਰ ਦੇ ਦਖ਼ਲ ਤੋਂ ਬਾਅਦ 190 ਕਰੋੜ ਦੇ ਨਿਰਮਾਣ ਕਾਰਜ ਦੇ ਪ੍ਰਬੰਧ ਦੀ ਮਨਜ਼ੂਰੀ ਮਿਲ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਨੇ ਆਪਣੇ ਫੇਸਬੁੱਕ ਅਕਾਉਂਟ ’ਤੇ ਕੀਤਾ ਹੈ। ਇਸ ਸਬੰਧ ’ਚ ਪੋਸਟ ਪਾ ਸੰਨੀ ਦਿਓਲ ਨੇ ਨਿਤਿਨ ਗਡਕਰੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੀ ਮਾਣਯੋਗ ਜਨਤਾ ਨੂੰ ਪੂਰਾ ਭਰੋਸਾ ਦਿਵਾਉਂਦਾ ਹਾਂ ਕਿ ਉਨ੍ਹਾਂ ਦੇ ਹੱਕਾਂ ਲਈ ਇਸੇ ਤਰ੍ਹਾਂ ਲੜਦਾ ਰਹਾਂਗਾ।

ਫੇਸਬੁੱਕ ’ਤੇ ਸਾਂਝੀ ਕੀਤੀ ਪੋਸਟ ’ਚ ਸੰਨੀ ਦਿਓਲ ਨੇ ਲਿਖਿਆ ਕਿ ‘‘ਮਕੋੜਾ ਪੁਲ ਦੇ ਨਿਰਮਾਣ ਲਈ 100 ਕਰੋੜ ਰੁਪਏ ਅਤੇ ਕੀੜੀ ਪੁਲ ਦੇ ਨਿਰਮਾਣ ਲਈ 90 ਕਰੋੜ ਰੁਪਏ ਪਾਸ ਕੀਤੇ ਗਏ ਸਨ। ਸੂਬਾ ਸਰਕਾਰ ਵੱਲੋਂ ਸਾਰੇ ਕੰਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ ਪਰ ਸਿਆਸੀ ਮੰਤਵ ਦੇ ਚੱਲਦਿਆਂ ਪ੍ਰਬੰਧਕਾਂ ਵੱਲੋਂ ਉਨ੍ਹਾਂ (ਪ੍ਰਬੰਧਕ ਪ੍ਰਵਾਨਗੀ) ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਇਸ ਸਬੰਧੀ ਮੈਂ ਪਿਛਲੇ ਹਫ਼ਤੇ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਸ਼੍ਰੀ ਨਿਤਿਨ ਗਡਕਰੀ ਜੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਮੀਟਿੰਗ ਦੌਰਾਨ ਆ ਰਹੀਆਂ ਇਨ੍ਹਾਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਕਿ ਸੂਬਾ ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਹੈ।’’

ਉਨ੍ਹਾਂ ਲਿਖਿਆ ਕਿ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਸੁਣਨ ਤੋਂ ਬਾਅਦ ਗਡਕਰੀ ਜੀ ਨੇ ਸੂਬਾ ਸਰਕਾਰ ਨੂੰ ਤਲਬ ਕੀਤਾ ਅਤੇ ਇਨ੍ਹਾਂ ਦੋਹਾਂ ਕੰਮਾਂ ਨੂੰ ਰੋਕਣ ਦਾ ਸਪੱਸ਼ਟੀਕਰਨ ਮੰਗਿਆ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਕੰਮ ਦੀ ਪ੍ਰਵਾਨਗੀ ਦਿੱਤੀ ਗਈ। ਪੰਜਾਬ ਸਰਕਾਰ ਵੱਲੋਂ ਰੋਕੇ ਗਏ ਦੋਹਾਂ ਵੱਡੇ ਕੰਮਾਂ ਨੂੰ ਕੇਂਦਰ ਸਰਕਾਰ ਦੇ ਦਖ਼ਲ ਤੋਂ ਬਾਅਦ 190 ਕਰੋੜ ਦੇ ਨਿਰਮਾਣ ਕਾਰਜ ਦੇ ਪ੍ਰਬੰਧ ਦੀ ਮਨਜ਼ੂਰੀ ਮਿਲ ਗਈ ਹੈ।

ਸੰਸਦ ਦਾ ਬਜਟ ਸੈਸ਼ਨ ਸਮਾਪਤ, ਕਾਰਵਾਈ ਅਣਮਿੱਥੇ ਸਮੇਂ ਲਈ ਹੋਈ ਮੁਲਤਵੀ

0

ਸੰਸਦ ਦੇ ਬਜਟ ਸੈਸ਼ਨ 2022 ਦਾ ਦੂਜਾ ਪੜਾਅ ਅੱਜ ਸਮਾਪਤ ਹੋ ਗਿਆ ਹੈ। ਇਸ ਦੇ ਨਾਲ ਹੀ ਲੋਕ ਸਭਾ ਤੇ ਰਾਜ ਸਭਾ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਬਜਟ ਸੈਸ਼ਨ 8 ਅਪ੍ਰੈਲ ਨੂੰ ਸਮਾਪਤ ਹੋਣਾ ਸੀ ਪਰ ਬਜਟ ਸੈਸ਼ਨ ਪਹਿਲਾਂ ਤੋਂ ਤੈਅ 8 ਅਪ੍ਰੈਲ ਤੋਂ ਇਕ ਦਿਨ ਪਹਿਲਾਂ ਹੀ ਸਮਾਪਤ ਹੋ ਗਿਆ ਹੈ।

ਬਜਟ ਸੈਸ਼ਨ ਦੇ ਦੂਜੇ ਪੜਾਅ ਦੌਰਾਨ ਮਹਿੰਗਾਈ ਦਾ ਮੁੱਦਾ ਸੰਸਦ ‘ਚ ਕਾਫੀ ਉਠਿਆ। ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸਦਨ ‘ਚ ਹੰਗਾਮਾ ਕੀਤਾ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੇ ਹੰਗਾਮੇ ਕਾਰਨ ਕਾਰਵਾਈ ਕਈ ਵਾਰ ਮੁਲਤਵੀ ਕਰਨੀ ਪਈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮਹਿੰਗਾਈ ਦੇ ਮੁੱਦੇ ‘ਤੇ ਚਰਚਾ ਲਈ ਨੋਟਿਸ ਵੀ ਦਿੱਤੇ ਸਨ।

ਦੱਸ ਦੇਈਏ ਕਿ ਕੋਰੋਨਾ ਕਾਰਨ ਬਜਟ ਸੈਸ਼ਨ ਨੂੰ ਦੋ ਪੜਾਵਾਂ ਵਿੱਚ ਵੰਡਿਆ ਗਿਆ ਸੀ। ਬਜਟ ਸੈਸ਼ਨ ਦਾ ਪਹਿਲਾ ਪੜਾਅ 31 ਜਨਵਰੀ ਨੂੰ ਸ਼ੁਰੂ ਹੋਇਆ ਸੀ। ਬਜਟ ਸੈਸ਼ਨ 11 ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਹੋਣ ਤੋਂ ਬਾਅਦ ਖਤਮ ਹੋ ਗਿਆ ਸੀ।

ਬਜਟ ਸੈਸ਼ਨ ਦਾ ਦੂਜਾ ਪੜਾਅ 14 ਮਾਰਚ ਨੂੰ ਸ਼ੁਰੂ ਹੋਇਆ ਸੀ। ਬਜਟ ਸੈਸ਼ਨ 8 ਅਪ੍ਰੈਲ ਨੂੰ ਸਮਾਪਤ ਹੋਣਾ ਸੀ। ਬਜਟ ਪ੍ਰਕਿਰਿਆ ਤੋਂ ਇਲਾਵਾ ਸੈਸ਼ਨ ਦੌਰਾਨ ਕੁਝ ਮਹੱਤਵਪੂਰਨ ਬਿੱਲ ਵੀ ਪਾਸ ਕੀਤੇ ਗਏ, ਜਿਨ੍ਹਾਂ ਵਿੱਚ ਦਿੱਲੀ ਨਗਰ ਨਿਗਮ (ਸੋਧ) ਬਿੱਲ ਅਤੇ ਫੌਜਦਾਰੀ ਪ੍ਰਕਿਰਿਆ (ਪਛਾਣ) ਬਿੱਲ ਸ਼ਾਮਲ ਹਨ।

ਸ਼੍ਰੀਲੰਕਾ ‘ਚ ਆਰਥਿਕ ਸਥਿਤੀ ਹੋਈ ਹੋਰ ਵੀ ਗੰਭੀਰ, ਭਾਰਤ ਨੇ ਭੇਜੀ ਮਦਦ

0

ਸ਼੍ਰੀਲੰਕਾ ‘ਚ ਆਰਥਿਕ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਇਸ ਦੌਰਾਨ ਸ਼੍ਰੀਲੰਕਾ ‘ਚ ਐਮਰਜੈਂਸੀ ਵੀ ਲਾਗੂ ਕੀਤੀ ਗਈ ਸੀ। ਜਿਸਨੂੰ ਰਾਸ਼ਟਰਪਤੀ ਨੇ 5 ਅਪ੍ਰੈਲ ਨੂੰ ਹਟਾ ਦਿੱਤਾ ਸੀ ਪਰ ਆਰਥਿਕ ਸਥਿਤੀ ਅਜੇ ਸਹੀ ਨਹੀਂ ਹੈ। ਸ਼੍ਰੀਲੰਕਾ ‘ਚ ਵਧਦੇ ਆਰਥਿਕ ਅਤੇ ਸਿਆਸੀ ਸੰਕਟ ਦਰਮਿਆਨ ਭਾਰਤ ਨੇ ਸ਼੍ਰੀਲੰਕਾ ਨੂੰ ਪੈਟਰੋਲ ਅਤੇ ਡੀਜ਼ਲ ਦੀ ਖੇਪ ਉਪਲੱਬਧ ਕਰਾਈ ਹੈ। ਸ਼੍ਰੀਲੰਕਾ ਵਿਚ ਭਾਰਤੀ ਦੂਤਘਰ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।

ਭਾਰਤੀ ਦੂਤਘਰ ਨੇ ਕਿਹਾ, ‘ਪਿਛਲੇ 24 ਘੰਟਿਆਂ ਵਿਚ ਸ੍ਰੀਲੰਕਾ ਨੂੰ 36,000 ਮੀਟ੍ਰਿਕ ਟਨ ਪੈਟਰੋਲ ਅਤੇ 40,000 ਮੀਟ੍ਰਿਕ ਟਨ ਡੀਜ਼ਲ ਦੀ ਇਕ-ਇਕ ਖੇਪ ਪਹੁੰਚਾਈ ਗਈ ਹੈ। ਇਸ ਨੇ ਨਾਲ ਹੀ ਭਾਰਤੀ ਮਦਦ ਤਹਿਤ ਵੱਖ-ਵੱਖ ਕਿਸਮਾਂ ਦੇ ਤੇਲ ਦੀ ਕੁੱਲ ਸਪਲਾਈ ਹੁਣ ਤੱਕ 270,000 ਮੀਟ੍ਰਿਕ ਟਨ ਤੋਂ ਜ਼ਿਆਦਾ ਹੋ ਗਈ ਹੈ।’

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਟਵੀਟ ਕਰਕੇ ਕਿਹਾ, ‘ਸਾਡਾ ਮੰਨਣਾ ਹੈ, ਗੁਆਂਢ ਪਹਿਲਾਂ।’ ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਵਿਚ ਤੇਲ ਅਤੇ ਖਾਣ-ਪੀਣ ਦੀਆਂ ਵਸਤੂਆਂ ਦੀ ਕਮੀ ਅਤੇ ਲੰਬੇ ਸਮੇਂ ਤੱਕ ਬਿਜਲੀ ਕਟੌਤੀ ਕਾਰਨ ਵੱਡੇ ਪੈਮਾਨੇ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।

ਨਵੀਂ ਮਾਈਨਿੰਗ ਪਾਲਿਸੀ ਬਣਨ ‘ਤੇ ਮਿਲੇਗਾ ਸਸਤਾ ਰੇਤਾ ਤੇ ਬਜਰੀ: ਹਰਜੋਤ ਸਿੰਘ ਬੈਂਸ

0

ਨਾਜਾਇਜ਼ ਮਾਈਨਿੰਗ ਦਾ ਮੁੱਦਾ ਆਮ ਆਦਮੀ ਪਾਰਟੀ ਦੇ ਮੁੱਖ ਮੁੱਦਿਆਂ ‘ਚ ਸ਼ਾਮਲ ਸੀ। ਇਸ ਲਈ ਇਸ ਮੁੱਦੇ ‘ਤੇ ਅੱਜ ਮੀਟਿੰਗ ਕੀਤੀ ਗਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਜਿਸ ਤੋਂ ਬਾਅਦ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੀਟਿੰਗ ਤੋਂ ਬਾਅਦ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹੁਣ ਪੰਜਾਬ ਵਿਚ ਨਜਾਇਜ਼ ਮਾਈਨਿੰਗ ਨਹੀਂ ਹੋ ਰਹੀ। ਉਹ ਖੁਦ ਖੱਡਾਂ ਨੂੰ ਮਾਨੀਟਰ ਕਰ ਰਹੇ ਹਨ।

ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨਵੀਂ ਮਾਈਨਿੰਗ ਪਾਲਿਸੀ ‘ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਲਦੀ ਹੀ ਸਸਤਾ ਰੇਤਾ ਤੇ ਬਜਰੀ ਮਿਲੇਗੀ।

ਏਅਰ ਕੈਨੇਡਾ ਨੇ ਦਿੱਲੀ ਤੋਂ ਵੈਨਕੂਵਰ ਵਿਚਾਲੇ ਉਡਾਣਾਂ ਰੱਦ ਕਰਨ ਦਾ ਕੀਤਾ ਫ਼ੈਸਲਾ

0

ਦੋ ਸਾਲ ਦੇ ਅੰਤਰਾਲ ਦੇ ਬਾਅਦ ਖੁੱਲ੍ਹੀ ਏਅਰਲਾਈਨਜ਼ ਦੀਆਂ ਟਿਕਟਾਂ ਦੀ ਵੱਧਦੀ ਕੀਮਤ ਪਹਿਲਾਂ ਹੀ ਸਿਰ ਦਰਦ ਬਣੀ ਹੋਈ ਹੈ। ਹੁਣ ਯਾਤਰੀਆਂ ਨੂੰ ਇਕ ਹੋਰ ਝਟਕੇ ਦਾ ਸਾਹਮਣਾ ਕਰਨਾ ਹੋਵੇਗਾ। ਕੈਨੇਡਾ ਦੀ ਵੱਡੀ ਹਵਾਈ ਕੰਪਨੀ ਏਅਰ ਕੈਨੇਡਾ ਨੇ ਫ਼ੈਸਲਾ ਕੀਤਾ ਹੈ ਉਹ ਦਿੱਲੀ ਤੋ ਵੈਨਕੂਵਰ ਲਈ 2 ਜੂਨ ਤੋਂ 6 ਸਤੰਬਰ 2022 ਤੱਕ ਆਪਣੀਆਂ ਉਡਾਣਾਂ ਰੱਦ ਕਰ ਰਿਹਾ ਹੈ। ਇਸਦਾ ਮੁੱਖ ਕਾਰਨ ਰੂਸ ਯੂਕਰੇਨ ਯੁੱਧ ਦੱਸਿਆ ਜਾ ਰਿਹਾ । ਕੰਪਨੀ ਦਾ ਕਹਿਣਾ ਹੈ ਕਿ ਰੂਸ ਤੇ ਯੂਕਰੇਨ ਵਿਚ ਚਲ ਰਹੇ ਯੁੱਧ ਕਾਰਨ ਇਸਨੁੰ ਹੋਰ ਰੂਟਾਂ ਰਾਹੀਂ ਦਿੱਲੀ ਪਹੁੰਚਣਾ ਪੈਂਦਾ ਹੈ।

ਪਰ ਇਸਦੇ ਨਾਲ ਹੀ ਰਾਹਤ ਦੀ ਗੱਲ ਇਹ ਹੈ ਕਿ ਕੈਨੇਡਾ ਆਪਣੀਆਂ ਹਫ਼ਤਾਵਾਰੀ ਉਡਾਣਾਂ ਜਾਰੀ ਰੱਖੇਗਾ, ਜਿਹਨਾਂ ਵਿਚ ਟੋਰਾਂਟੋ ਲਈ ਰੋਜ ਅਤੇ ਮਾਂਟਰੀਅਲ ਲਈ ਹਫ਼ਤੇ ਵਿਚ ਚਾਰ ਵਾਰ ਉਡਾਣਾਂ ਰੱਖੀਆਂ ਗਈਆਂ ਹਨ। ਉਹਨਾਂ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ 6 ਸਤੰਬਰ ਤੋਂ ਦਿੱਲੀ-ਵੈਨਕੂਵਰ ਲਈ ਨਾਨ ਸਟਾਪ ਉਡਾਣਾਂ ਮੁੜ ਸ਼ੁਰੂ ਕਰਨਗੇ। ਜੇਕਰ ਇਸ ਤੋਂ ਪਹਿਲਾਂ ਸੰਭਵ ਹੋਇਆ ਤਾਂ ਇਸ ਲਈ ਵੀ ਉਹ ਤਿਆਰ ਹਨ।