Home Blog Page 2106

ਭਾਰੀ ਮੀਂਹ ਤੇ ਅਸਮਾਨੀ ਬਿਜਲੀ ਡਿੱਗਣ ਨਾਲ 14 ਲੋਕਾਂ ਦੀ ਹੋਈ ਮੌਤ

0

ਆਸਾਮ ‘ਚ ਤੂਫ਼ਾਨ ਤੇ ਅਸਮਾਨੀ ਬਿਜਲੀ ਡਿੱਗਣ ਨਾਲ ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਅੱਜ ਆਸਾਮ ‘ਚ ਤੂਫ਼ਾਨ ਕਾਰਨ 6 ਹੋਰ ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 14 ਹੋ ਗਈ ਹੈ। ਜਾਣਕਾਰੀ ਅਨੁਸਾਰ ਆਸਾਮ ‘ਚ ਤੂਫ਼ਾਨ ਤੇ ਭਾਰੀ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ। ਜਾਣਕਾਰੀ ਅਨੁਸਾਰ ਬਿਜਲੀ ਡਿੱਗਣ ਕਾਰਨ ਕਈ ਮਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਕਈ ਥਾਂਵਾਂ ‘ਤੇ ਦਰੱਖਤ ਉਖੜ ਗਏ ਹਨ ਅਤੇ ਬਿਜਲੀ ਦੀਆਂ ਲਾਈਨਾਂ ਟੁੱਟ ਗਈਆਂ ਹਨ।

ਆਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਏ.ਐੱਸ.ਡੀ.ਐੱਮ.ਏ.) ਵਲੋਂ ਸ਼ਨੀਵਾਰ ਦੇਰ ਰਾਤ ਜਾਰੀ ਬੁਲੇਟਿਨ ‘ਚ ਕਿਹਾ ਗਿਆ ਕਿ ਤੂਫ਼ਾਨ ਕਾਰਨ 8 ਹੋਰ ਲੋਕਾਂ ਦੀ ਮੌਤ ਹੋਈ, ਜਿਨ੍ਹਾਂ ‘ਚ 2 ਨਾਬਾਲਗ ਵੀ ਸ਼ਾਮਲ ਹਨ। ਸ਼ੁੱਕਰਵਾਰ ਨੂੰ ਤਿਨਸੁਕੀਆ ਜ਼ਿਲ੍ਹੇ ‘ਚ ਤਿੰਨ, ਬਕਸਾ ‘ਚ 2 ਅਤੇ ਡਿਬਰੂਗੜ੍ਹ ‘ਚ ਇਕ ਵਿਅਕਤੀ ਦੀ ਮੌਤ ਹੋਈ ਸੀ। ਬੁਲੇਟਿਨ ਅਨੁਸਾਰ ਵੀਰਵਾਰ ਤੋਂ ਜਾਰੀ ਤੂਫ਼ਾਨ ਕਾਰਨ 12 ਹਜ਼ਾਰ ਤੋਂ ਵਧ ਮਕਾਨਾਂ ਅਤੇ ਹੋਰ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।

ਰਾਘਵ ਚੱਢਾ ਨੂੰ ਲੀਗਲ ਨੋਟਿਸ ਹੋਇਆ ਜਾਰੀ

0

ਰਾਘਵ ਚੱਢਾ ਨੂੰ ਲੀਗਲ ਨੋਟਿਸ ਜਾਰੀ ਹੋਇਆ ਹੈ। ਉਹ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਨ। ਉਨ੍ਹਾਂ ਨੂੰ ਭਾਜਪਾ ਦੇ ਆਗੂ ਅਸ਼ੋਕ ਸਰੀਨ ਨੇ ਨੋਟਿਸ ਭੇਜਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰਾਘਵ ਚੱਡਾ ਨੇ ਭਾਜਪਾ ਪਾਰਟੀ ਦੇ ਵਰਕਰਾਂ ਲਈ ਗਲਤ ਸ਼ਬਦਾਵਲੀ ਵਰਤੀ ਹੈ। ਉਨ੍ਹਾਂ ਨੇ ਰਾਘਵ ਚੱਢਾ ਨੂੰ ਭਾਜਪਾ ਤੋਂ ਤਿੰਨ ਦਿਨਾਂ ਦੇ ਅੰਦਰ ਮੁਆਫੀ ਮੰਗਣ ਲਈ ਕਿਹਾ ਹੈ।

ਅਸ਼ੋਕ ਸਰੀਨ ਨੇ ਰਾਘਵ ਚੱਢਾ ਨੂੰ ਈ-ਮੇਲ ਅਤੇ ਡਾਕ ਰਾਹੀਂ ਤਿੰਨ ਦਿਨਾਂ ਵਿੱਚ ਮੁਆਫ਼ੀ ਮੰਗਣ ਲਈ ਕਾਨੂੰਨੀ ਨੋਟਿਸ ਭੇਜਿਆ ਹੈ। ਮੁਆਫ਼ੀ ਨਾ ਮੰਗਣ ਦੀ ਸੂਰਤ ਵਿੱਚ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਚਿਤਾਵਨੀ ਦਿੱਤੀ ਹੈ।

ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਘਰ ਬਾਹਰ ਲਾਇਆ ਧਰਨਾ

0

ਮਲੋਟ ਤੋਂ ਵਿਧਾਇਕ ਚੁਣੇ ਗਏ ਤੇ ਭਗਵੰਤ ਮਾਨ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਡਾ ਬਲਜੀਤ ਕੌਰ ਦੇ ਘਰ ਦੇ ਬਾਹਰ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਧਰਨਾ ਲਾ ਕੇ ਰੋਸ ਪ੍ਰਗਟ ਕੀਤਾ ਹੈ।ਇਨ੍ਹਾਂ ਵਰਕਰਾਂ ਨੇ ਸਿੱਧੇ ਤੌਰ ਤੇ ਦੋਸ਼ ਲਾਏ ਕਿ ਬੇਸ਼ੱਕ ਪੰਜਾਬ ਵਿੱਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਅਤੇ ਮਲੋਟ ਤੋਂ ਵਿਧਾਇਕ ਵੀ ਆਮ ਆਦਮੀ ਪਾਰਟੀ ਦੇ ਹੀ ਚੁਣੇ ਗਏ ਹਨ, ਪਰ ਮਲੋਟ ਦੇ ਵਿਚ ਕੰਮ ਕਾਂਗਰਸੀ ਅਤੇ ਅਕਾਲੀ ਦਲ  ਦੇ ਵਰਕਰਾਂ ਦੇ ਹੋ ਰਹੇ ਹਨ, ਜਦੋਂ ਕਿ ਆਪ ਦੇ ਵਰਕਰਾਂ ਦੀ ਕੁਝ ਵੀ ਪੁੱਛ ਪੜਤਾਲ ਨਹੀਂ ਹੋ ਰਹੀ।

ਉਨ੍ਹਾਂ ਨੇ ਸਿੱਧੇ ਤੌਰ ਤੇ ਦੋਸ਼ ਲਾਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਭਾਵੇਂ ਡਾ ਬਲਜੀਤ ਕੌਰ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਪਰ ਅਸਲ  ਗੱਲ ਇਹ ਹੈ ਕਿ ਇੱਥੇ ਮਲੋਟ ਦੇ ਵਿਚ ਕਾਂਗਰਸ ਅਤੇ ਅਕਾਲੀ ਦਲ ਦੀ ਹੀ ਸੁਣਵਾਈ ਹੋ ਰਹੀ ਹੈ। ਇਸ ਮੌਕੇ ਡਾ ਬਲਜੀਤ ਕੌਰ ਨੇ ਜਿਥੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਉਥੇ ਹੀ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਵਰਕਰਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨਗੇ।

CM ਭਗਵੰਤ ਮਾਨ ਦੀ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਈ ਖਤਮ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਜ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਸੀ। ਇਹ ਮੀਟਿੰਗ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ।ਇਹ ਮੀਟਿੰਗ ਖਤਮ ਹੋ ਗਈ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਣਕ ਨੂੰ ਲੈ ਕੇ ਬੋਨਸ ਦੇਣ ਦੀ ਸਹਿਮਤੀ ਬਣੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਤੀ ਕੁਇੰਟਲ 500 ਰੁਪਏ ਬੋਨਸ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੂੰਗੀ ਦੀ ਫਸਲ, ਮੱਕੀ ਤੇ ਬਾਸਮਤੀ ‘ਤੇ ਵੀ MSP ਦਾ ਭਰੋਸਾ ਦਿੱਤਾ ਹੈ। ਕਣਕ ਦੀ ਫਸਲ ‘ਤੇ ਮੁਆਵਜ਼ਾ ਦੇਣ ਦਾ ਵੀ ਭਰੋਸਾ ਦਿੱਤਾ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਇੱਕ ਹਫਤੇ ਅੰਦਰ ਫਿਰ ਮੀਟਿੰਗ ਹੋਵੇਗੀ।

ਇਮਿਊਨਿਟੀ ਵਧਾਉਣ ‘ਚ ਮਦਦਗਾਰ ਹੁੰਦੇ ਹਨ ‘ਕੱਚੇ ਅੰਬ’, ਜਾਣੋ ਹੋਰ ਫਾਇਦੇ

0

ਅੰਬ ਸਵਾਦ ਪੱਖੋਂ ਤਾਂ ਵਧੀਆ ਹੁੰਦਾ ਹੀ ਹੈ ਪਰ ਇਹ ਸਿਹਤ ਲਈ ਬਹੁਤ ਗੁਣਕਾਰੀ ਵੀ ਮੰਨਿਆ ਜਾਂਦਾ ਹੈ। ਗਰਮੀਆਂ ਸ਼ੁਰੂ ਹੁੰਦੇ ਸਾਰ ਸਾਰੇ ਘਰਾਂ ‘ਚ ਕੱਚੇ ਅੰਬਾਂ ਦੀ ਚਟਨੀ ਜਾਂ ਕੈਰੀ ਦਾ ਆਚਾਰ ਬਣਾਇਆ ਜਾਂਦਾ ਹੈ। ਗਰਮੀਆਂ ਦੇ ਮੌਸਮ ‘ਚ ਨਾ ਸਿਰਫ ਖੱਟਾ-ਮਿੱਠਾ ਕੱਚੇ ਅੰਬਾਂ ਦੀ ਕੈਰੀ ਸੁਆਦ ਲੱਗਦੀ ਹੈ ਸਗੋਂ ਇਹ ਸਰੀਰ ਲਈ ਇਸ ਮੌਸਮ ‘ਚ ਖੂਬ ਫਾਇਦੇਮੰਦ ਹੁੰਦੀ ਹੈ। ਕੱਚਾ ਅੰਬ ਚਮੜੀ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸਰੀਰ ਤੋਂ ਦੂਰ ਰੱਖਦਾ ਹੈ। ਕੱਚੇ ਅੰਬ ‘ਚ ਵਿਟਾਮਿਨ-ਸੀ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ। ਆਓ ਜਾਣਦੇ ਹਾਂ ਕਿ ਅੰਬ ਖਾਣ ਨਾਲ ਕਿਹੜੇ-ਕਿਹੜੇ ਫਾਇਦੇ ਮਿਲਦੇ ਹਨ।

ਦੰਦਾਂ ਲਈ ਫਾਇਦੇਮੰਦ
ਦੰਦ ਸਰੀਰ ਦਾ ਉਹ ਮਹੱਤਵਪੂਰਣ ਹਿੱਸਾ ਹੁੰਦੇ ਹਨ, ਜਿਸ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਕੱਚੇ ਅੰਬ ਮਸੂੜਿਆਂ ਲਈ ਬਹੁਤ ਲਾਭਕਾਰੀ ਹਨ। ਇਹ ਮਸੂੜਿਆਂ ਤੋਂ ਖੂਨ ਆਉਣਾ, ਮੂੰਹ ਤੋਂ ਬਦਬੂ ਆਉਣਾ, ਦੰਦਾਂ ਦੀ ਸੜਣ ਨੂੰ ਰੋਕਣ ਵਿਚ ਕਾਰਗਰ ਹੈ।

ਗਰਮੀ ਤੋਂ ਬਚਾਉਂਦਾ ਹੈ
ਕੱਚੇ ਅੰਬ ਨੂੰ ਨਮਕ ਨਾਲ ਖਾਣ ਨਾਲ ਪਾਣੀ ਦੀ ਕਮੀ ਨਹੀਂ ਹੁੰਦੀ ਅਤੇ ਗਰਮੀ ਵੀ ਘੱਟ ਮਹਿਸੂਸ ਹੁੰਦੀ ਹੈ।

ਐਸੀਡਿਟੀ
ਜੇ ਤੁਹਾਨੂੰ ਐਸੀਡਿਟੀ ਜਾਂ ਛਾਤੀ ‘ਚ ਜਲਣ ਦੀ ਸਮੱਸਿਆ ਰਹਿੰਦੀ ਹੈ ਤਾਂ ਕੱਚਾ ਅੰਬ ਤੁਹਾਡੇ ਲਈ ਸਭ ਤੋਂ ਚੰਗਾ ਫਲ ਹੈ। ਐਸੀਡਿਟੀ ਨੂੰ ਘੱਟ ਕਰਨ ਲਈ ਇਕ ਕੱਚੇ ਅੰਬ ਦੀ ਰੋਜ਼ਾਨਾ ਵਰਤੋਂ ਕਰਨੀ ਚਾਹੀਦੀ ਹੈ।

ਦਿਲ ਦੀ ਬੀਮਾਰੀ ਤੇ ਕੈਂਸਰ ਤੋਂ ਬਚਾਏ
ਆਯੁਰਵੇਦ ਮੁਤਾਬਕ ਕੱਚੇ ਅੰਬ ਦੇ ਸੇਵਨ ਨਾਲ ਸਰੀਰ ਵਿਚ ਠੰਢਕ ਬਣੀ ਰਹਿੰਦੀ ਹੈ। ਕੱਚੀ ਕੈਰੀ ਵਿਚ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ ਨਾਲ ਹੀ ਇਹ ਦਿਲ ਦੀ ਬੀਮਾਰੀ ਅਤੇ ਕੈਂਸਰ ਤੋਂ ਵੀ ਸਰੀਰ ਦੀ ਰੱਖਿਆ ਵੀ ਕਰਦਾ ਹੈ।

ਪਿੱਤ ਤੋਂ ਛੁਟਕਾਰਾ
ਪਿੱਤ ਲਈ ਇਹ ਬਹੁਤ ਹੀ ਚੰਗਾ ਉਪਾਅ ਹੈ। ਸਗੋਂ ਇਸ ‘ਚ ਕੁਝ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਤੁਹਾਨੂੰ ਸੂਰਜ ਦੇ ਪ੍ਰਭਾਵ ਤੋਂ ਬਚਾਉਂਦੇ ਹਨ।

ਥਕਾਵਟ
ਗਰਭਵਤੀ ਔਰਤਾਂ ਨੂੰ ਆਚਾਰ ਜਾਂ ਹੋਰ ਕੁਝ ਖੱਟਾ ਖਾਣ ਦਾ ਮਨ ਕਰਦਾ ਹੈ। ਇਸ ਲਈ ਕੱਚੇ ਹਰੇ ਅੰਬ ਨਾਲ ਉਨ੍ਹਾਂ ਦੀ ਸਰੀਰਕ ਥਕਾਵਟ ਵੀ ਦੂਰ ਹੋ ਜਾਂਦੀ ਹੈ।

ਇਮਿਊਨਿਟੀ ਵਧਾਏ
ਕੱਚਾ ਅੰਬ ਸਰੀਰ ਨੂੰ ਰੋਗਾਂ ਪ੍ਰਤੀਰੋਧਕ ਸਮਰਥਾ ਮਤਲਬ ਇਮਿਊਨਿਟੀ ਨੂੰ ਵਧਾਉਂਦਾ ਹੈ। ਇਸ ਦੇ ਨਾਲ ਹੀ ਇਹ ਸਾਨੂੰ ਰੋਗਾਂ ਨਾਲ ਲੜਣ ਦੀ ਤਾਕਤ ਵੀ ਦਿੰਦਾ ਹੈ।

ਭਾਰ ਨਹੀਂ ਵਧਣ ਦਿੰਦਾ
ਅੰਬ ‘ਚ ਉੱਚ ਮਾਤਰਾ ‘ਚ ਫਾਈਬਰ ਮੌਜੂਦ ਹੁੰਦੇ ਹਨ ਜੋ ਸਾਡੇ ਸਰੀਰ ‘ਚੋਂ ਫਾਲਤੂ ਚਰਬੀ ਨੂੰ ਦੂਰ ਕਰਦਾ ਹੈ। ਨਾਲ ਹੀ ਇਸ ‘ਚ ਖੰਡ ਦੀ ਮਾਤਰਾ ਵੀ ਘੱਟ ਹੀ ਮੌਜੂਦ ਹੁੰਦੀ ਹੈ ਜਿਸ ਨਾਲ ਭਾਰ ਵੀ ਨਹੀਂ ਵਧਦਾ।

ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ
ਕੱਚਾ ਅੰਬ ਸ਼ੂਗਰ ਦੇ ਮਰੀਜ਼ਾਂ ਲਈ ਲਾਭਕਾਰੀ ਹੁੰਦਾ ਹੈ। ਸ਼ੂਗਰ ਲੇਵਲ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।

Google ਨੇ ਬੰਦ ਕੀਤਾ ਇਹ ਪ੍ਰਸਿੱਧ ਫੀਚਰ

0

ਗੂਗਲ ਵੱਲੋਂ ਯੂਜ਼ਰਸ ਦੀ ਸੁਵਿਧਾ ਲਈ ਨਵੇਂ-ਨਵੇਂ ਫੀਚਰਜ਼ ਨੂੰ ਰੋਲਆਊਟ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਗੈਰ-ਜ਼ਰੂਰੀ ਫੀਚਰਜ਼ ਨੂੰ ਗੂਗਲ ਵੱਲੋਂ ਬੰਦ ਕਰ ਦਿੱਤਾ ਜਾਂਦਾ ਹੈ। ਜਾਣਕਾਰੀ ਅਨੁਸਾਰ ਗੂਗਲ ਨੇ ਇੱਕ ਫੀਚਰ ਬੰਦ ਕਰ ਦਿੱਤਾ ਹੈ। ਗੂਗਲ ਨੇ ਆਪਣੇ ਪ੍ਰਸਿੱਧ ਫੀਚਰ ਗੂਗਲ ਸਨੈਪਸ਼ੋਟ ਨੂੰ ਬੰਦ ਕਰ ਦਿੱਤਾ ਹੈ। ਇਸ ਫੀਚਰ ਨੂੰ ਗੂਗਲ ਨੇ ਕਰੀਬ 4 ਸਾਲ ਪਹਿਲਾਂ 2018 ’ਚ ਪੇਸ਼ ਕੀਤਾ ਸੀ। ਜਿਸਨੂੰ ਫਿਲਹਾਲ ਐਂਡਰਾਇਡ ਸਮਾਰਟਫੋਨ ਤੋਂ ਹਟਾ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਗੂਗਲ ਸਨੈਪਸ਼ੋਟ ਫੀਚਰ ਕਾਫੀ ਯੂਜ਼ਫੁਲ ਸੀ ਪਰ ਇਸ ਫੀਚਰ ਬਾਰੇ ਲੋਕਾਂ ਨੂੰ ਬੇਹੱਦ ਘੱਟ ਜਾਣਕਾਰੀ ਸੀ। ਅਜਿਹੇ ’ਚ ਕੰਪਨੀ ਨੇ ਇਸ ਫੀਚਰ ਨੂੰ ਹਟਾ ਦਿੱਤਾ ਹੈ।

ਗੂਗਲ ਸਨੈਪਸ਼ੋਟ ਫੀਚਰ ਤੁਹਾਡੇ ਗੂਗਲ ਅਸਿਸਟੈਂਟ ਸਕਰੀਨ ’ਤੇ ਇਨਬਾਕਸ ਦੀ ਤਰ੍ਹਾਂ ਨਜ਼ਰ ਆਉਂਦਾ ਸੀ। ਇਸ ’ਤੇ ਕਲਿੱਕ ਕਰਦੇ ਯੂਜ਼ਰਸ ਰੀਅਰ ਟਾਈਮ ਇਨਫਾਰਮੇਸ਼ਨ ਜਿਵੇਂ ਮੌਸਮ ਅਤੇ ਟ੍ਰੈਫਿਕ ਨਾਲ ਜੁੜੀ ਜਾਣਕਾਰੀ ਹਾਸਿਲ ਕਰ ਸਕਦੇ ਸਨ। ਗੂਗਲ ਸਨੈਪਸ਼ੋਟ ਫੀਚਰ ਦੀ ਮਦਦ ਨਾਲ ਸਿੰਗਲ ਕਲਿੱਕ ਕਰਕੇ ਜਾਣਕਾਰੀ ਮਿਲਦੀ ਸੀ। ਇਸ ਵਿਚ ਸਕ੍ਰੋਲੇਬਲ ਇੰਟਰਫੇਸ ਰਾਹੀਂ ਜਾਣਕਾਰੀ ਨੂੰ ਐਕਸੈੱਸ ਕੀਤਾ ਜਾ ਸਕਦਾ ਸੀ। ਇਹ ਫੀਚਰ ਗੂਗਲ ਦੇ ਡਿਸਕਵਰ ਪੇਜ ’ਤੇ ਮਿਲਦਾ ਸੀ।

ਰਿਪੋਰਟ ਮੁਤਾਬਕ ਇਸ ਸਾਲ ਅਪ੍ਰੈਲ ਤੋਂ ਬਾਅਦ ਸਮਾਰਟਫੋਨ ’ਚ ਗੂਗਲ ਸਨੈਪਸ਼ੋਟ ਦਾ ਸਪੋਰਟ ਮਿਲਣਾ ਬੰਦ ਹੋ ਜਾਵੇਗਾ। ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ ’ਚ ਗੂਗਲ ਨੇ ਇੰਨ-ਐਪ ਨੋਟੀਫਿਕੇਸ਼ਨ ਜਾਰੀ ਕਰਕੇ ਯੂਜ਼ਰਸ ਨੂੰ ਜਾਣਕਾਰੀ ਦਿੱਤੀ ਸੀ ਕਿ ਜਲਦ ਤੁਹਾਡਾ ਸਨੈਪਸ਼ੋਟ ਫੀਚਰ ਬੰਦ ਹੋਣ ਜਾ ਰਿਹਾ ਹੈ।

ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੋਂ ਕੋਰੋਨਾ ਮ੍ਰਿਤਕਾਂ ਦੇ ਪਰਿਵਾਰ ਲਈ ਮੁਆਵਜ਼ੇ ਦੀ ਕੀਤੀ ਮੰਗ

0

ਕਾਂਗਰਸ ਦੇ ਸੀਨੀਅਰ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਸਰਕਾਰ ਦੀ ਲਾਪਰਵਾਹੀ ਕਾਰਨ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ 40 ਲੱਖ ਭਾਰਤੀਆਂ ਦੀ ਮੌਤ ਹੋਈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦੀ ਇਕ ਵਾਰ ਮੁੜ ਤੋਂ ਮੰਗ ਕੀਤੀ। ਰਾਹੁਲ ਨੇ ਟਵਿੱਟਰ ‘ਤੇ ਇਕ ਰਿਪੋਰਟ ਦੀ ਤਸਵੀਰ ਸਾਂਝੀ ਕੀਤੀ, ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਦੁਨੀਆ ਭਰ ‘ਚ ਕੋਰੋਨਾ ਨਾਲ ਹੋਈਆਂ ਮੌਤਾਂ ਦੇ ਅੰਕੜੇ ਜਨਤਕ ਕਰਨ ਦੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੀਆਂ ਕੋਸ਼ਿਸ਼ਾਂ ‘ਚ ਰੁਕਾਵਟ ਪਾ ਰਹੀ ਹੈ। ਉਨ੍ਹਾਂ ਨੇ ਟਵੀਟ ‘ਚ ਕਿਹਾ,”ਮੋਦੀ ਜੀ ਨਾ ਸੱਚ ਬੋਲਦੇ ਹਨ, ਨਾਲ ਬੋਲਣ ਦਿੰਦੇ ਹਨ। ਉਹ ਤਾਂ ਹਾਲੇ ਵੀ ਝੂਠ ਬੋਲਦੇ ਹਨ ਕਿ ਆਕਸੀਜਨ ਦੀ ਕਮੀ ਨਾਲ ਕੋਈ ਨਹੀਂ ਮਰਿਆ!”

ਉਨ੍ਹਾਂ ਨੇ ਕਿਹਾ,”ਮੈਂ ਪਹਿਲਾਂ ਵੀ ਕਿਹਾ ਸੀ- ਕੋਰੋਨਾ ਦੌਰਾਨ ਸਰਕਾਰ ਦੀ ਲਾਪਰਵਾਹੀ ਕਾਰਨ 5 ਲੱਖ ਨਹੀਂ ਸਗੋਂ 40 ਲੱਖ ਭਾਰਤੀਆਂ ਦੀ ਮੌਤ ਹੋਈ ਹੈ।” ਉਨ੍ਹਾਂ ਕਿਹਾ,”ਫਰਜ਼ ਨਿਭਾਓ, ਮੋਦੀ ਜੀ-ਹਰ ਪੀੜਤ ਪਰਿਵਾਰ ਨੂੰ 4 ਲੱਖ ਦਾ ਮੁਆਵਜ਼ਾ ਦਿਓ।” ਦੱਸਣਯੋਗ ਹੈ ਕਿ ਭਾਰਤ ਨੇ ਦੇਸ਼ ‘ਚ ਕੋਰੋਨਾ ਮੌਤ ਦਰ ਦਾ ਮੁਲਾਂਕਣ ਕਰਨ ਲਈ ਵਿਸ਼ਵ ਸਿਹਤ ਸੰਗਠਨ ਦੇ ਤਰੀਕੇ ‘ਤੇ ਸ਼ਨੀਵਾਰ ਨੂੰ ਸਵਾਲ ਚੁਕਦੇ ਹੋਏ ਕਿਹਾ ਸੀ ਕਿ ਇਸ ਤਰ੍ਹਾਂ ਦੇ ਗਣਿਤ ਮਾਡਲ ਦਾ ਇਸਤੇਮਾਲ ਇੰਨੇ ਵਿਸ਼ਾਲ ਭੂਗੋਲਿਕ ਆਕਾਰ ਅਤੇ ਜਨਸੰਖਿਆ ਵਾਲੇ ਦੇਸ਼ ‘ਚ ਮੌਤ ਦੇ ਅੰਕੜਿਆਂ ਦਾ ਅਨੁਮਾਨ ਲਗਾਉਣ ‘ਚ ਨਹੀਂ ਕੀਤਾ ਜਾ ਸਕਦਾ।

ਮੰਤਰਾਲਾ ਨੇ ਕਿਹਾ ਕਿ ਦੇਸ਼ ‘ਚ ਵਿਸ਼ਵ ਸਿਹਤ ਸੰਗਠਨ ਵਲੋਂ ਅਪਣਾਏ ਜਾਣ ਵਾਲੇ ਤਰੀਕੇ ‘ਤੇ ਕਈ ਵਾਰ ਚਿੰਤਾਵਾਂ ਜ਼ਾਹਰ ਕੀਤੀਆਂ ਹਨ। ਉੱਥੇ ਹੀ ਕਾਂਗਰਸ ਇਹ ਦੋਸ਼ ਲਗਾਉਂਦੀ ਰਹੀ ਹੈ ਕਿ ਸਰਕਾਰ ਨੇ ਕੋਰੋਨਾ ਨਾਲ ਮੌਤ ਦੋ ਅਸਲ ਅੰਕੜੇ ਜਾਰੀ ਨਹੀਂ ਕੀਤੇ ਹਨ। ਪਾਰਟੀ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

ਪੰਜਾਬ ਦੇ ਸਾਬਕਾ DGP ਦੇ ਨਾਂ ‘ਤੇ ਫਰਜ਼ੀ ਤਰੱਕੀ, 6 ਵਿਅਕਤੀਆਂ ਖਿਲਾਫ਼ ਕੇਸ ਦਰਜ, 19 ਅਪ੍ਰੈਲ ਨੂੰ ਹੋਵੇਗੀ ਸੁਣਵਾਈ

0

ਪੰਜਾਬ ਦੇ ਸਾਬਕਾ DGP ਸਿਧਾਰਥ ਚਟੋਪਾਧਿਆਏ ਦੇ ਨਾਂ ‘ਤੇ ਫਰਜ਼ੀ ਤਰੱਕੀ ਦੇ ਹੁਕਮ ਜਾਰੀ ਕਰਨ ਦੇ ਮਾਮਲੇ ‘ਚ ਹੁਣ 6 ਦੋਸ਼ੀਆਂ ਖਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਸੁਣਵਾਈ ਹੋਵੇਗੀ। ਚੰਡੀਗੜ੍ਹ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਦੋਸ਼ ਪੱਤਰ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਜਾਅਲਸਾਜ਼ੀ, ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਵਰਗੀਆਂ ਧਾਰਾਵਾਂ ਸ਼ਾਮਲ ਹਨ।

ਜਿਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕੇਸ ਚੱਲੇਗਾ, ਉਨ੍ਹਾਂ ਵਿਚ ਸੰਦੀਪ ਕੁਮਾਰ, ਮਨੀ ਕਟੋਚ, ਬਹਾਦਰ ਸਿੰਘ, ਸਤਵੰਤ ਸਿੰਘ, ਸਰਬਜੀਤ ਸਿੰਘ ਅਤੇ ਡੀਜੀਪੀ ਦੇ ਸਾਬਕਾ ਪੀਏ ਕੁਲਵਿੰਦਰ ਸਿੰਘ ਸ਼ਾਮਲ ਹਨ। ਮਾਮਲੇ ਦੇ ਦੋ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਸੰਦੀਪ ਕੁਮਾਰ ਅਤੇ ਬਹਾਦਰ ਸਿੰਘ ਡੀਜੀਪੀ ਦਫ਼ਤਰ ਵਿਚ ਸੁਪਰਡੈਂਟ ਵਜੋਂ ਕੰਮ ਕਰ ਰਹੇ ਸਨ। ਉੱਥੇ ਮਨੀ ਕਟੋਚ ਹੈੱਡ ਕਾਂਸਟੇਬਲ ਸੀ।

ਕਰੀਬ 500 ਪੰਨਿਆਂ ਦੀ ਚਾਰਜਸ਼ੀਟ ਵਿਚ ਚੰਡੀਗੜ੍ਹ ਪੁਲਿਸ ਨੇ ਇਸ ਧੋਖਾਧੜੀ ਨੂੰ ਅੰਜਾਮ ਦੇਣ ਅਤੇ ਮੁਲਜ਼ਮਾਂ ਦੀ ਭੂਮਿਕਾ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਗਵਾਹਾਂ ਦੀ ਸੂਚੀ ਵੀ ਸ਼ਾਮਲ ਹੈ। ਪੰਜਾਬ ਪੁਲਿਸ ਦੇ ਡੀਐਸਪੀ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਪੁਲਿਸ ਨੇ 12 ਜਨਵਰੀ ਨੂੰ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਜਾਂਚ ਵਿਚ ਲਾਭਪਾਤਰੀਆਂ ਵਜੋਂ ਪੰਜਾਬ ਪੁਲਿਸ ਦੇ ਕਾਂਸਟੇਬਲ, ਏਐਸਆਈ, ਐਸਆਈ ਰੈਂਕ ਦੇ ਅਧਿਕਾਰੀਆਂ ਦੇ ਨਾਂ ਸਾਹਮਣੇ ਆਏ ਸਨ।

ਜਾਣਕਾਰੀ ਅਨੁਸਾਰ ਉਨ੍ਹਾਂ ਦੇ ਫਰਜ਼ੀ ਤਰੱਕੀ ਪੱਤਰ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਨਾਂ ‘ਤੇ ਜਾਰੀ ਕੀਤੇ ਗਏ ਸਨ। ਪੰਜਾਬ ਪੁਲਿਸ ਸੇਵਾ ਨਿਯਮਾਂ ਤਹਿਤ ਕੁੱਲ 11 ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਉਤਕਰਸ਼ ਸੇਵਾਵਾਂ ਲਈ ਤਰੱਕੀ ਦਿੱਤੀ ਗਈ ਹੈ। ਜਦੋਂ ਇਨ੍ਹਾਂ ਹੁਕਮਾਂ ਦੀ ਜਾਂਚ ਕੀਤੀ ਗਈ ਤਾਂ ਇਹ ਫਰਜ਼ੀ ਪਾਏ ਗਏ। ਮਾਮਲੇ ਦੀ ਅਗਲੀ ਸੁਣਵਾਈ 19 ਅਪ੍ਰੈਲ ਨੂੰ ਹੋਵੇਗੀ।

 

CM ਭਗਵੰਤ ਮਾਨ ਦਾ ਦਿੱਲੀ ਦੌਰਾ ਹੋਇਆ ਮੁਲਤਵੀ

0

ਭਗਵੰਤ ਮਾਨ ਨੇ ਕੱਲ੍ਹ ਨੂੰ ਆਪਣੇ ਮੰਤਰੀਆਂ ਸਮੇਤ ਦਿੱਲੀ ਜਾਣਾ ਸੀ ਪਰ ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਭਗਵੰਤ ਮਾਨ ਦਾ ਦਿੱਲੀ ਦੌਰਾ ਮੁਲਤਵੀ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦਾ 18 ਅਪ੍ਰੈਲ ਦਾ ਦਿੱਲੀ ਦੌਰਾ 2 ਤੋਂ 3 ਦਿਨਾਂ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਦੌਰਾ ਕਿਸੇ ਨਿੱਜੀ ਕਾਰਨ ਕਰਕੇ ਮੁਲਤਵੀ ਹੋਇਆ ਹੈ।

ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੇ ਮੰਤਰੀਆਂ ਨੇ 18 ਅਪ੍ਰੈਲ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਦੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨਾ ਸੀ।

 

ਕੋਰੋਨਾ ਕੇਸਾਂ ‘ਚ ਮੁੜ ਤੋਂ ਵਾਧਾ, ਦਿੱਲੀ ‘ਚ ਸਕੂਲਾਂ ਲਈ ਨਵੀਆਂ ਹਦਾਇਤਾਂ ਜਾਰੀ

0

ਭਾਰਤ ਦੇ ਕੁਝ ਹਿੱਸਿਆਂ ਵਿਚ ਇਕ ਵਾਰ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ। ਇਸ ਲਈ ਸੂਬਾ ਸਰਕਾਰਾਂ ਨੇ ਚੌਕਸੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਕੂਲਾਂ ਵਿੱਚ ਸੰਕਰਮਿਤ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ, ਜਿਸ ਨੇ ਮਾਪਿਆਂ ਦੀ ਚਿੰਤਾ ਵਧਾ ਦਿੱਤੀ ਹੈ।

ਦਿੱਲੀ ਸਰਕਾਰ ਨੇ ਸਕੂਲ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਜਿੱਥੇ ਵੀ ਲੋੜ ਹੋਵੇ, ਵਿਸ਼ੇਸ਼ ਵਿਭਾਗ ਜਾਂ ਕਲਾਸਾਂ ਬੰਦ ਕਰ ਦੇਣ। ਜਿਸ ਤੋਂ ਬਾਅਦ ਸੋਮਵਾਰ ਨੂੰ ਦਿੱਲੀ ਦੇ ਇੱਕ ਪ੍ਰਮੁੱਖ ਪ੍ਰਾਈਵੇਟ ਸਕੂਲ ਨੇ ਇੱਕ ਵਿਦਿਆਰਥੀ ਦੇ ਕੋਵਿਡ -19 ਨਾਲ ਸੰਕਰਮਿਤ ਪਾਏ ਜਾਣ ਤੋਂ ਬਾਅਦ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ ਲਈ ਕਿਹਾ ਹੈ।

ਦਿੱਲੀ ਦੇ ਸਕੂਲਾਂ ‘ਚ ਵੀਰਵਾਰ ਨੂੰ ਅੰਬੇਡਕਰ ਜਯੰਤੀ ਮਨਾਈ ਗਈ ਸੀ, ਫਿਰ ‘ਗੁੱਡ ਫਰਾਈਡੇ’ ਤੋਂ ਬਾਅਦ ਸ਼ਨੀਵਾਰ ਅਤੇ ਐਤਵਾਰ ਨੂੰ ਛੁੱਟੀਆਂ ਸਨ। ਇਸ ਦੇ ਨਾਲ ਹੀ ਸਕੂਲ ਨੇ ਸ਼ਨੀਵਾਰ ਨੂੰ ਕੋਵਿਡ ਇਨਫੈਕਸ਼ਨ ਦੇ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮਾਪਿਆਂ ਨੂੰ ਦਿੱਤੇ ਸੰਦੇਸ਼ ‘ਚ ਕਿਹਾ, ”ਕਿਰਪਾ ਕਰਕੇ ਸੋਮਵਾਰ ਨੂੰ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜੋ ਕਿਉਂਕਿ ਸਪਰੇਅ ਅਤੇ ਸਫਾਈ ਕੀਤੀ ਜਾਵੇਗੀ।”

ਦਰਅਸਲ ਦੋ ਪ੍ਰਮੁੱਖ ਪ੍ਰਾਈਵੇਟ ਸਕੂਲਾਂ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਵਿਦਿਆਰਥੀਆਂ ਦੇ ਮਾਪਿਆਂ ਤੋਂ ਉਨ੍ਹਾਂ ਦੇ ਬੱਚੇ ਦੇ ਸੰਕਰਮਿਤ ਹੋਣ ਦੀ ਸੂਚਨਾ ਮਿਲੀ ਸੀ।

ਡੀਡੀਐਮਏ ਦੀ ਮੀਟਿੰਗ 20 ਅਪ੍ਰੈਲ ਨੂੰ ਹੋਵੇਗੀ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਹਨ, ਪਰ ਚਿੰਤਾ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਹਸਪਤਾਲ ਵਿੱਚ ਭਰਤੀ ਹੋਣ ਦੇ ਬਹੁਤ ਘੱਟ ਮਾਮਲੇ ਹਨ।

ਸਿਸੋਦੀਆ ਜੋ ਕਿ ਸਿੱਖਿਆ ਵਿਭਾਗ ਨੂੰ ਸੰਭਾਲ ਰਹੇ ਹਨ, ਉਨ੍ਹਾਂ ਨੇ ਦੁਹਰਾਇਆ ਕਿ ਜੇਕਰ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਕੂਲਾਂ ਨੂੰ ਸਰਕਾਰ ਦੀ ਮਿਆਰੀ ਸੰਚਾਲਨ ਪ੍ਰਕਿਰਿਆ ਦੀ ਪਾਲਣਾ ਕਰਨ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।

ਰਾਸ਼ਟਰੀ ਰਾਜਧਾਨੀ ਵਿੱਚ ਕੋਵਿਡ -19 ਨਾਲ ਸਬੰਧਤ ਸਥਿਤੀ ਦੀ ਸਮੀਖਿਆ ਕਰਨ ਲਈ 20 ਅਪ੍ਰੈਲ ਨੂੰ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਦੀ ਇੱਕ ਮੀਟਿੰਗ ਬੁਲਾਈ ਗਈ ਹੈ।