Home Blog Page 2053

ਰਾਘਵ ਚੱਢਾ ਦੀ ਰਾਜ ਸਭਾ ਦੇ ਸਰਦ ਰੁੱਤ ਸੈਸ਼ਨ ‘ਚ ਰਹੀ 100 ਫੀਸਦੀ ਹਾਜ਼ਰੀ, ‘ਰਿਪੋਰਟ ਕਾਰਡ’ ਕੀਤਾ ਜਾਰੀ

0

ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਨੇ ਇੱਕ ਵਾਰ ਫਿਰ ਆਪਣੇ ਆਪ ਨੂੰ ਸਾਬਤ ਕੀਤਾ ਹੈ। ਰਾਜਨੀਤੀ ਦੇ ਆਧੁਨਿਕੀਕਰਨ ਅਤੇ ਇਸਨੂੰ ਵਧੇਰੇ ਜਵਾਬਦੇਹ ਬਣਾਉਣ ਲਈ ਜਾਣੇ ਜਾਂਦੇ, ਪੰਜਾਬ ਦੇ ਨੌਜਵਾਨ ਸੰਸਦ ਮੈਂਬਰ ਰਾਘਵ ਚੱਢਾ ਦੀ ਸਰਦ ਰੁੱਤ ਸੈਸ਼ਨ ਵਿੱਚ 100 ਪ੍ਰਤੀਸ਼ਤ ਹਾਜ਼ਰੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਜਨਤਾ ਲਈ ਇੱਕ ‘ਰਿਪੋਰਟ ਕਾਰਡ’ ਜਾਰੀ ਵੀ ਕੀਤਾ।

ਸੱਤ ਪੰਨਿਆਂ ਦਾ ਇਹ ਰਿਪੋਰਟ ਕਾਰਡ ਜੋ ਉਨ੍ਹਾਂ ਦੀ ਵਿਧਾਨਕ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ। ਪੰਜਾਬ ਅਤੇ ਭਾਰਤ ਨਾਲ ਸਬੰਧਤ ਉਠਾਏ ਮਾਮਲਿਆਂ, ਸਵਾਲਾਂ, ਬਹਿਸ ਅਤੇ ਨਿਯਮ 267 ਦੇ ਤਹਿਤ ਦਿੱਤੇ ਨੋਟਿਸਾਂ ਨੂੰ ਸੂਚੀਬੱਧ ਕਰਦਾ ਹੈ।

ਰਾਜ ਸਭਾ ਦੇ 7 ਦਸੰਬਰ ਤੋਂ 23 ਦਸੰਬਰ ਤੱਕ ਚੱਲੇ ਸਰਦ ਰੁੱਤ ਸੈਸ਼ਨ ਦੌਰਾਨ ਉਨ੍ਹਾਂ ਨੇ ਕਈ ਮੁੱਦਿਆਂ ‘ਤੇ ਕੁੱਲ 25 ਸਵਾਲ ਪੁੱਛੇ, ਜਿਨ੍ਹਾਂ ‘ਚੋਂ ਜ਼ਿਆਦਾਤਰ ਪੰਜਾਬ ਨਾਲ ਸਬੰਧਤ ਸਨ। ਇਨ੍ਹਾਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਸ਼ਰਧਾਲੂਆਂ ਦੀ ਫੀਸ ਮੁਆਫ਼, ਬੇਅਦਬੀ ਲਈ ਸਖ਼ਤ ਸਜ਼ਾ, ਆਨੰਦਪੁਰ ਸਾਹਿਬ ਨੂੰ ਵਿਰਾਸਤੀ ਸ਼ਹਿਰ (ਹੈਰੀਟੇਜ ਸਿਟੀ) ਦਾ ਦਰਜਾ, ਰੇਲਵੇ ਸਟੇਸ਼ਨਾਂ ਦਾ ਆਧੁਨਿਕੀਕਰਨ, ਜਲੰਧਰ ਵਿੱਚ ਚਮੜਾ ਨਿਰਮਾਣ ਉਦਯੋਗ ਨੂੰ ਉਤਸ਼ਾਹਿਤ ਕਰਨਾ, ਉਡਾਨ ਸਕੀਮ, ਪੁਲਿਸ ਦਾ ਆਧੁਨਿਕੀਕਰਨ, ਪੀ.ਐੱਮ.ਜੀ.ਐੱਸ.ਵਾਈ., ਸਾਈ ਕੇਂਦਰਾਂ ਦਾ ਵਿਕਾਸ ਆਦਿ ਸ਼ਾਮਲ ਸਨ।

ਇਸ ਤੋਂ ਇਲਾਵਾ ਕਿਸਾਨਾਂ ਦੇ ਹਿੱਤਾਂ ਦੀ ਹਮਾਇਤ ਕਰਦਿਆਂ ਉਨ੍ਹਾਂ ਸਰਕਾਰ ਨੂੰ ਪਰਾਲੀ ਸਾੜਨ ਦੇ ਬਦਲਾਂ ਨੂੰ ਉਤਸ਼ਾਹਿਤ ਕਰਨ, ਮੰਡੀ ਮੁੱਲ ਅਤੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਅੰਤਰ, ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ, ਡੀਏਪੀ ਦੀ ਘਾਟ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਹੋਰ ਖੇਤੀ ਮੁੱਦਿਆਂ ਬਾਰੇ ਸਵਾਲ ਕੀਤੇ।

ਉਹ ਬੇਅਦਬੀ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਗਾਂਧੀ ਦੇ ਬੁੱਤ ਅੱਗੇ ਧਰਨੇ ‘ਤੇ ਵੀ ਬੈਠੇ।

ਰਾਘਵ ਚੱਢਾ ਨੇ ਇਸ ਸੈਸ਼ਨ ਵਿੱਚ ਆਪਣਾ ਪਹਿਲਾ ਭਾਸ਼ਣ ਦਿੰਦਿਆਂ, ਗਰਾਂਟਾਂ ਦੀਆਂ ਪੂਰਕ ਮੰਗਾਂ ਅਤੇ ਬਜਟ ‘ਤੇ ਦੋ ਵਾਰ ਚਰਚਾ ਕਰਵਾਉਣ ਦਾ ਪ੍ਰਸਤਾਵ ਰੱਖਿਆ, ਜੋ ਆਪਣੀ ਖੋਜ ਭਰਪੂਰ ਅਤੇ ਵਿਅੰਗਮਈ ਸ਼ੈਲੀ ਲਈ ਸੁਰਖੀਆਂ ਵਿੱਚ ਬਣਿਆ। ਵਿੱਤ ਮੰਤਰੀ ਨੂੰ ਉਨ੍ਹਾਂ ਦੇ 10 ਵੱਡੇ ਸਵਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ। ਉਨ੍ਹਾਂ ਨੇ ਜੋ 10 ਵੱਡੇ ਸਵਾਲ ਪੁੱਛੇ, ਉਹ ਕਮਜ਼ੋਰ ਰੁਪਏ, ਨੌਕਰੀਆਂ ਦੇਣ ਵਿੱਚ ਸਰਕਾਰ ਦੀ ਅਸਮਰੱਥਾ, ਟੈਕਸਾਂ ਦਾ ਬੋਝ, ਸਟਾਰਟ-ਅੱਪ ‘ਮੰਦੀ’, ਡਿੱਗਦੇ ਨਿਰਯਾਤ ਅਤੇ ਨਿਜੀ ਖੇਤਰ ਦੀ ਨਿਵੇਸ਼ ਪ੍ਰਤੀ ਹਿਚਕਚਾਹਟ ‘ਤੇ ਆਧਾਰਿਤ ਸਨ। ਉਨ੍ਹਾਂ ਵਿੱਤ ਮੰਤਰੀ ਨੂੰ ਇਹ ਵੀ ਪੁੱਛਿਆ ਕਿ ਕੀ ਉਨ੍ਹਾਂ ਨੂੰ ਇੱਕ ਕਿੱਲੋ ਕਣਕ ਅਤੇ ਚੌਲਾਂ ਸਮੇਤ ਹੋਰ ਜ਼ਰੂਰੀ ਵਸਤਾਂ ਦੀ ਕੀਮਤ ਦਾ ਪਤਾ ਹੈ।

ਐਮਪੀ ਚੱਢਾ ਨੇ ਵਧਦੀ ਮਹਿੰਗਾਈ, ਸਟੀਲ ਦੀਆਂ ਕੀਮਤਾਂ ਵਿੱਚ ਵਾਧਾ, ਸਰਹੱਦ ਪਾਰੋਂ ਜਾਅਲੀ ਕਰੰਸੀ ਦੀ ਤਸਕਰੀ, ਸਾਬਕਾ ਸੈਨਿਕਾਂ ਨੂੰ ਪੈਨਸ਼ਨ, ਨਿਰਮਾਣ ਖੇਤਰ ਦੀ ਵਿਕਾਸ ਦਰ, ਜ਼ਰੂਰੀ ਖੁਰਾਕੀ ਵਸਤਾਂ ਦੀ ਦਰਾਮਦ, ਇੰਟਰਨੈਟ ਬੰਦ ਅਤੇ ਖਾਲੀ ਪਈਆਂ ਅਸਾਮੀਆਂ ਸਮੇਤ ਕਈ ਹੋਰ ਮੁੱਦਿਆਂ ‘ਤੇ ਵੀ ਸਵਾਲ ਪੁੱਛੇ।

ਉਨ੍ਹਾਂ ਨੇ ਨਿਆਂਪਾਲਿਕਾ ਦੀ ਆਜ਼ਾਦੀ ਦਾ ਪੱਖ ਪੂਰਦਿਆਂ ਜੱਜਾਂ ਦੀ ਨਿਯੁਕਤੀ ਨੂੰ ਨਿਯੰਤਰਿਤ ਕਰਨ ਲਈ ਇੱਕ ਨਿੱਜੀ ਮੈਂਬਰ ਬਿੱਲ, ਰਾਸ਼ਟਰੀ ਨਿਆਂਇਕ ਨਿਯੁਕਤੀ ਕਮਿਸ਼ਨ, ‘ਤੇ ਸਖ਼ਤ ਇਤਰਾਜ਼ ਜਤਾਇਆ।

ਇਸ ਤੋਂ ਇਲਾਵਾ ਉਨ੍ਹਾਂ ਸਾਰੀਆਂ ਵੱਡੀਆਂ ਬਹਿਸਾਂ ਵਿੱਚ ਵੀ ਹਿੱਸਾ ਲਿਆ। ਵਿਦੇਸ਼ਾਂ ਤੋਂ ਸੰਚਾਲਿਤ ਗੈਂਗਸਟਰਾਂ ਦੀ ਵਾਪਸੀ, ਏਮਜ਼ ਡੇਟਾ ਹੈਕਿੰਗ, ਖ਼ਬਰਾਂ ਦੀ ਭੜਕਾਊ ਬਹਿਸ ਆਦਿ ‘ਤੇ ਗੱਲਬਾਤ ਕੀਤੀ ਅਤੇ ਰਾਜ ਸਭਾ ਦੀ ਕਾਰਵਾਈ ਨੂੰ ਨਿਯਮਤ ਕਰਨ ਲਈ ਕਈ ‘ਪੁਆਇੰਟ ਆਫ਼ ਆਰਡਰ’ ਪੇਸ਼ ਕੀਤੇ।

ਰਾਜ ਸਭਾ ਦੇ ਨਿਯਮ 267 (ਕਾਰੋਬਾਰ ਮੁਅੱਤਲ) ਦੇ ਤਹਿਤ ਕਈ ਨੋਟਿਸ ਜਾਰੀ ਕਰਦੇ ਹੋਏ, ਉਨ੍ਹਾਂ ਨੇ ਸਦਨ ਨੂੰ ਤੁਰੰਤ ਜਨਤਕ ਮਹੱਤਵ ਦੇ ਮੁੱਦੇ ਉਠਾਉਣ ਦੀ ਮੰਗ ਕੀਤੀ, ਜਿਸ ਵਿੱਚ ਚੀਨ ਵਿੱਚ ਕੋਵਿਡ ਦੇ ਵੱਧ ਰਹੇ ਕੇਸ ਅਤੇ ਭਾਰਤ ਉੱਤੇ ਇਸ ਦਾ ਪ੍ਰਭਾਵ, ਕੇਂਦਰ ਸਰਕਾਰ ਦੁਆਰਾ ਨਿਆਂਇਕ ਨਿਯੁਕਤੀਆਂ ਵਿੱਚ ਦਖਲ ਦੇਣ ਦੀਆਂ ਕੋਸ਼ਿਸ਼ਾਂ, ਐਲਏਸੀ ਨੂੰ ਲੈ ਕੇ ਭਾਰਤ-ਚੀਨ ਵਿਵਾਦ ਸ਼ਾਮਲ ਸਨ।

ਇਸ ਦੇ ਨਾਲ ਹੀ ਪੰਜਾਬ ਦੇ ਹੋਰ ਉੱਘੇ ਰਾਜ ਸਭਾ ਸੰਸਦ ਮੈਂਬਰਾਂ ਦੀ ਤੁਲਨਾ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਰਗੁਜ਼ਾਰੀ ਦੇ ਮਾਮਲੇ ‘ਚ ਹੋਰ ਸੰਸਦ ਮੈਂਬਰ ਰਾਘਵ ਚੱਢਾ ਤੋਂ ਪਿੱਛੇ ਹਨ। ਸਾਂਸਦ ਸੁਖਬੀਰ ਬਾਦਲ, ਸੰਨੀ ਦਿਓਲ ਅਤੇ ਸਿਮਰਨਜੀਤ ਮਾਨ ਨੇ ਰਾਘਵ ਚੱਢਾ ਦੀ 100 ਫੀਸਦੀ ਹਾਜ਼ਰੀ ਦੇ ਮੁਕਾਬਲੇ ਕ੍ਰਮਵਾਰ 18 ਫੀਸਦੀ, 0 ਫੀਸਦੀ ਅਤੇ 45 ਫੀਸਦੀ ਹਾਜ਼ਰੀ ਦਰਜ ਕੀਤੀ। ਇਸੇ ਤਰ੍ਹਾਂ ‘ਆਪ’ ਸੰਸਦ ਮੈਂਬਰ ਦੀਆਂ 11 ਬਹਿਸਾਂ ਦੇ ਮੁਕਾਬਲੇ ਉਪਰੋਕਤ ਤਿੰਨਾਂ ਸੰਸਦ ਮੈਂਬਰਾਂ ਨੇ ਕ੍ਰਮਵਾਰ 0, 0 ਅਤੇ 3 ਬਹਿਸਾਂ ਵਿੱਚ ਹਿੱਸਾ ਲਿਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਰਾਘਵ ਚੱਢਾ ਵੱਲੋਂ ਪੁੱਛੇ ਗਏ 25 ਸਵਾਲਾਂ ਦੇ ਮੁਕਾਬਲੇ ਪੂਰੇ ਸਰਦ ਰੁੱਤ ਸੈਸ਼ਨ ਦੌਰਾਨ ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਵੀ ਸੰਸਦ ਮੈਂਬਰ ਨੇ ਇੱਕ ਵੀ ਸਵਾਲ ਨਹੀਂ ਪੁੱਛਿਆ।

 

ਕਸ਼ਮੀਰ ’ਚ ਮਹਿਲਾ CRPF ਸੈਨਿਕ ਹੋਣਗੇ ਤਾਇਨਾਤ

0

ਸੁਰੱਖਿਆ ਪ੍ਰਬੰਧਾਂ ਨੂੰ ਮਜਬੂਤ ਕਰਨ ਲਈ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐੱਫ) ਵੱਲੋਂ ਕਸ਼ਮੀਰ ਵਾਦੀ ਵਿੱਚ ਅਤਿਵਾਦ ਵਿਰੋਧੀ ਗਤੀਵਿਧੀਆਂ ਲਈ ਮਹਿਲਾ ਸੈਨਿਕਾਂ ਨੂੰ ਤਾਇਨਾਤ ਕੀਤਾ ਜਾਵੇਗਾ। ਸੀਆਰਪੀਐੱਫ ਦੀ ਇੰਸਪੈਕਟਰ-ਜਨਰਲ (ਸ੍ਰੀਨਗਰ ਖੇਤਰ) ਚਾਰੂ ਸਿਨਹਾ ਨੇ ਦੱਸਿਆ ਕਿ ਗੈਰ-ਅਤਿਵਾਦੀ ਅਪਰੇਸ਼ਨਾਂ ਵਿੱਚ ਮਹਿਲਾ ਸੈਨਿਕਾਂ ਦੀ ਤਾਇਨਾਤੀ ਦੇ ਸਫਲਤਾਪੂਰਨ ਪ੍ਰਯੋਗ ਮਗਰੋਂ ਹੁਣ ਅਤਿਵਾਦੀਆਂ ਨਾਲ ਮੁਕਾਬਲਾ ਕਰਨ ਲਈ ਵਾਦੀ ਵਿੱਚ ਮਹਿਲਾ ਸੈਨਿਕਾਂ ਨੂੰ ਤਾਇਨਾਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਦਿੱਲੀ ‘ਚ ਜਿਮ ਮਾਲਕ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਉਨ੍ਹਾਂ ਕਿਹਾ ਕਿ ਵਾਦੀ ਵਿੱਚ ਅਤਿਵਾਦੀਆਂ ਨਾਲ ਮੁਕਾਬਲਿਆਂ ਦੌਰਾਨ ਜਾਂ ਸਰਚ ਅਪਰੇਸ਼ਨਾਂ ਦੌਰਾਨ ਆਮ ਮਹਿਲਾਵਾਂ ਨੂੰ ਸੌਖ ਦਾ ਅਹਿਸਾਸ ਕਰਵਾਉਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਸੈਨਿਕਾਂ ਨੂੰ ਸਬੰਧਤ ਥਾਵਾਂ ’ਤੇ ਭੇਜਣ ਤੋਂ ਪਹਿਲਾਂ ਛੇ ਹਫਤਿਆਂ ਵਿੱਚ ਅਤਿਵਾਦ ਨਾਲ ਟਾਕਰੇ ਲਈ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਹਿਲਾ ਸੈਨਿਕਾਂ ਸੀਆਰਪੀਐੱਫ ਦੇ ਜਵਾਨਾਂ ਵਾਂਗ ਹੀ ਅਤਿਵਾਦੀਆਂ ਦਾ ਸਾਹਮਣਾ ਕਰਨਗੀਆਂ।

ਦਿੱਲੀ ‘ਚ ਜਿਮ ਮਾਲਕ ਦਾ ਗੋਲੀਆਂ ਮਾਰ ਕੇ ਕੀਤਾ ਕਤਲ

0

ਦਿੱਲੀ ‘ਚ ਇੱਕ ਜਿਮ ਮਾਲਕ ਦਾ ਕਤਲ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਦੱਸਿਆ ਕਿ ਪੂਰਬੀ ਦਿੱਲੀ ਵਿੱਚ ਸਥਿਤ ਐਨਰਜੀ ਜਿਮ ਦੇ ਮਾਲਕ ਮਹਿੰਦਰ ਅਗਰਵਾਲ ਨੂੰ ਸ਼ੁੱਕਰਵਾਰ (30 ਦਸੰਬਰ) ਨੂੰ ਦਫ਼ਤਰ ਜਾਣ ਤੋਂ ਬਾਅਦ ਤਿੰਨ ਲੋਕਾਂ ਨੇ ਗੋਲੀ ਮਾਰ ਦਿੱਤੀ। ਸੂਤਰਾਂ ਮੁਤਾਬਕ ਮਹਿੰਦਰ ‘ਤੇ ਕੁੱਲ ਤਿੰਨ ਗੋਲੀਆਂ ਚਲਾਈਆਂ ਗਈਆਂ, ਜਿਸ ‘ਚ ਇਕ ਗੋਲੀ ਉਸ ਦੇ ਸਿਰ ‘ਚ ਲੱਗੀ।

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਨੇ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ‘ਚ ਸ਼ਾਮਲ ਇੱਕ ਹੋਰ ਏਜੰਟ ਨੂੰ ਕੀਤਾ…

ਮਹਿੰਦਰ ਅਗਰਵਾਲ ਆਪਣੇ ਜਿੰਮ ਦੇ ਦਫ਼ਤਰ ਵਿੱਚ ਕੰਮ ਕਰ ਰਿਹਾ ਸੀ। ਇਸੇ ਦੌਰਾਨ ਸ਼ੁੱਕਰਵਾਰ (30 ਦਸੰਬਰ) ਦੀ ਰਾਤ ਅੱਠ ਵਜੇ ਤਿੰਨ ਬਦਮਾਸ਼ ਆਏ ਅਤੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਉਹ ਕਈ ਜਿੰਮਾਂ ਦਾ ਮਾਲਕ ਹੈ, ਉਹ ਜਿੰਮ ਦੇ ਸਮਾਨ ਦਾ ਕਾਰੋਬਾਰ ਵੀ ਕਰਦਾ ਹੈ। ਇਹ ਐਨਰਜੀ ਜਿਮ ਪ੍ਰੀਤ ਵਿਹਾਰ ਦੇ ਵਿਕਾਸ ਮਾਰਗ ‘ਤੇ ਸਥਿਤ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ‘ਚ ਨਸ਼ੇੜੀਆਂ ਨੇ ਨੌਜਵਾਨ ਦਾ ਚਾਕੂ ਮਾਰ ਕੇ ਕੀਤਾ ਕਤਲ

ਮਹਿੰਦਰ ਅਗਰਵਾਲ ਦੇ ਕਤਲ ਤੋਂ ਬਾਅਦ ਪੁਲਿਸ ਜਿੰਮ ਤੱਕ ਪਹੁੰਚ ਗਈ ਹੈ। ਪੂਰਬੀ ਦਿੱਲੀ ਦੇ ਪ੍ਰੀਤ ਵਿਹਾਰ ਥਾਣੇ ਦੀ ਟੀਮ ਅਤੇ ਵਿਸ਼ੇਸ਼ ਸਟਾਫ ਪੂਰੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਸ ਤੋਂ ਇਲਾਵਾ ਦਿੱਲੀ ਕ੍ਰਾਈਮ ਬ੍ਰਾਂਚ ਦੀ ਟੀਮ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ। ਪੁਲਿਸ ਨੇ ਅੱਗੇ ਦੱਸਿਆ ਕਿ ਆਸਪਾਸ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮ੍ਰਿਤਕ ਮਹਿੰਦਰ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ।

ਪੰਜਾਬਣ ਨੂੰ ਵਿਕਟੋਰੀਆ ‘ਚ ਮਿਲੇਗਾ ”ਮੈਡਲ ਆਫ਼ ਗੁੱਡ ਸਿਟੀਜ਼ਨਸ਼ਿਪ” ਪੁਰਸਕਾਰ

0

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ ਉਚ ਸਨਮਾਨ ‘ਮੈਡਲ ਆਫ਼ ਗੁੱਡ ਸਿਟੀਜ਼ਨਸ਼ਿਪ 2022’ ਲਈ ਚੁਣੇ ਗਏ ਨਾਵਾਂ ਦਾ ਐਲਾਨ ਕਰ ਦਿਤਾ ਹੈ। ਆਰਡਰ ਆਫ਼ ਬੀ.ਸੀ. ਤੋਂ ਬਾਅਦ ਸੂਬਾ ਸਰਕਾਰ ਵਲੋਂ ਦਿਤੇ ਜਾਂਦੇ ਦੂਜੇ ਵੱਡੇ ਉੱਚ ਸਨਮਾਨ ‘ਮੈਡਲ ਆਫ਼ ਗੁੱਡ ਸਿਟੀਜ਼ਨਸ਼ਿਪ’ ਲਈ 15 ਵਿਅਕਤੀਆਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਵਿਚ ਵਿਕਟੋਰੀਆ ਨਿਵਾਸੀ ਪੰਜਾਬਣ ਕਿਰਨ ਹੀਰਾ ਨੂੰ ਵੀ ਇਹ ਸਨਮਾਨ ਮਿਲੇਗਾ।

ਕਿਰਨ ਹੀਰਾ ਇਸ ਵਕਾਰੀ ਸਨਮਾਨ ਲਈ ਚੁਣੀ ਜਾਣ ਵਾਲੀ ਇਕੋ-ਇਕ ਪੰਜਾਬਣ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਵਲੋਂ ਇਹ ਸਨਮਾਨ ਉਨ੍ਹਾਂ ਨੂੰ ਦਿਤਾ ਜਾਂਦਾ ਹੈ, ਜਿਨ੍ਹਾਂ ਨੇ ਸਿਹਤ, ਸਿਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੋਵੇ।

ਕਿਰਨ ਹੀਰਾ ਵਿਕਟੋਰੀਆ ਇੰਮੀਗਰਾਂਟ ਐਂਡ ਰਫ਼ਿਊਜ਼ੀ ਸੈਂਟਰ ਸੁਸਾਇਟੀ ਅਤੇ ਓਸਿਸ ਸੁਸਾਇਟੀ ਫ਼ਾਰ ਦੀ ਸਪਿਰਚੂਅਲ ਹੈਲਥ ਆਫ਼ ਵਿਕਟੋਰੀਆ ਦੀ ਐਗਜ਼ੀਕਿਊਟਿਵ ਡਾਇਰੈਕਟਰ ਹੈ। ਕਿਰਨ ਹੀਰਾ ਨੇ ਪਬਲਿਕ ਐਡਮਿਨਸਟਰੇਸ਼ਨ ਵਿਸ਼ੇ ’ਤੇ ਪੀ.ਐਚ.ਡੀ. ਕੀਤੀ ਹੋਈ ਹੈ। ਇਨਾਮ ਵੰਡ ਸਮਾਗਮ ਮਾਰਚ 2023 ’ਚ ਹੋਵੇਗਾ।

ਵਿਜੀਲੈਂਸ ਬਿਊਰੋ ਨੇ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ‘ਚ ਸ਼ਾਮਲ ਇੱਕ ਹੋਰ ਏਜੰਟ ਨੂੰ ਕੀਤਾ ਕਾਬੂ

0

ਪੰਜਾਬ ਵਿਜੀਲੈਂਸ ਬਿਊਰੋ ਨੇ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ਵਿੱਚ ਜਲੰਧਰ ਵਿਖੇ ਤਾਇਨਾਤ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.) ਨਰੇਸ਼ ਕਲੇਰ ਨਾਲ ਮਿਲੀ ਭੁਗਤ ਕਰਨ ਵਾਲੇ ਇੱਕ ਹੋਰ ਭਗੌੜੇ ਏਜੰਟ ਰਾਜੇਸ਼ ਸਹੋਤਾ ਵਾਸੀ ਬਾਲਮੀਕ ਮੁਹੱਲਾ, ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਉਸ ਦਾ ਮੋਬਾਈਲ ਫ਼ੋਨ ਅਤੇ ਸਿਮ ਕਾਰਡ ਜ਼ਬਤ ਕਰ ਲਿਆ ਹੈ ਜੋ ਇਸ ਘਪਲੇ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਡਾਟਾ ਮਾਹਿਰਾਂ ਨੂੰ ਭੇਜਿਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਐਮ.ਵੀ.ਆਈ., ਜਲੰਧਰ ਦੇ ਦਫ਼ਤਰ ਵਿਖੇ ਅਚਨਚੇਤ ਚੈਕਿੰਗ ਕੀਤੀ ਅਤੇ ਵੱਡੇ ਪੱਧਰ ‘ਤੇ ਪ੍ਰਾਈਵੇਟ ਏਜੰਟਾਂ ਨਾਲ ਮਿਲੀਭੁਗਤ ਕਰਕੇ ਵਪਾਰਕ ਅਤੇ ਨਿੱਜੀ ਵਾਹਨਾਂ ਦੀ ਜਾਂਚ ਕੀਤੇ ਬਿਨਾਂ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਲਈ ਕੀਤੇ ਜਾ ਰਹੇ ਸੰਗਠਿਤ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੁਖਤਾ ਸਬੂਤਾਂ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮੁਕੱਦਮਾ ਨੰਬਰ 14 ਮਿਤੀ 23-08-2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ ਅਤੇ ਆਈਪੀਸੀ ਦੀ ਧਾਰਾ 420, 120-ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਕੁੱਲ 12 ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜੋ ਕਿ ਜੇਲ੍ਹ ਵਿੱਚ ਬੰਦ ਹਨ ਜਿਨ੍ਹਾਂ ਵਿੱਚ ਨਰੇਸ਼ ਕਲੇਰ, ਰਾਮਪਾਲ ਉਰਫ਼ ਰਾਧੇ, ਮੋਹਨ ਲਾਲ ਉਰਫ਼ ਕਾਲੂ, ਪਰਮਜੀਤ ਸਿੰਘ ਬੇਦੀ, ਸੁਰਜੀਤ ਸਿੰਘ ਅਤੇ ਹਰਵਿੰਦਰ ਸਿੰਘ, ਪੰਕਜ ਢੀਂਗਰਾ ਉਰਫ਼ ਭੋਲੂ, ਬ੍ਰਿਜਪਾਲ ਸਿੰਘ ਉਰਫ਼ ਰਿੱਕੀ, ਅਰਵਿੰਦ ਕੁਮਾਰ ਉਰਫ਼ ਬਿੰਦੂ, ਵਰਿੰਦਰ ਸਿੰਘ ਉਰਫ ਦੀਪੂ, ਸਪਨਾ ਅਤੇ ਲਵਲੀਨ ਸਿੰਘ ਲਵੀ (ਸਾਰੇ ਪ੍ਰਾਈਵੇਟ ਏਜੰਟ) ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਭਗੌੜੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਚੰਡੀਗੜ੍ਹ ‘ਚ ਨਸ਼ੇੜੀਆਂ ਨੇ ਨੌਜਵਾਨ ਦਾ ਚਾਕੂ ਮਾਰ ਕੇ ਕੀਤਾ ਕਤਲ

0

ਚੰਡੀਗੜ੍ਹ ‘ਚ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮੌਲੀ ਜਾਗਰਾਂ ਕਲੋਨੀ ਵਿੱਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਘਟਨਾ ਬੀਤੀ ਰਾਤ ਵਾਪਰੀ। ਜਾਣਕਾਰੀ ਅਨੁਸਾਰ ਇਲਾਕੇ ਦੇ ਕੁਝ ਨਸ਼ੇੜੀਆਂ ਨੇ ਰੰਜਿਸ਼ ਦੌਰਾਨ ਨੌਜਵਾਨ ਦੀ ਜਾਨ ਲੈ ਲਈ। ਮ੍ਰਿਤਕ ਦੀ ਪਛਾਣ ਆਸ਼ੀਸ਼ ਵਜੋਂ ਹੋਈ ਹੈ। ਇਸ ਦੇ ਨਾਲ ਹੀ ਇਸ ਹਮਲੇ ਵਿੱਚ ਨੌਜਵਾਨ ਦੇ ਭਰਾ ਦੇ ਵੀ ਸੱਟਾਂ ਲੱਗੀਆਂ ਹਨ। ਘਟਨਾ ਦੌਰਾਨ ਉਹ ਉਸ ਦੇ ਨਾਲ ਸੀ।

ਮ੍ਰਿਤਕ ਦੀ ਉਮਰ ਕਰੀਬ 20 ਸਾਲ ਦੱਸੀ ਗਈ ਹੈ। ਮ੍ਰਿਤਕ ਆਪਣੇ ਪਰਿਵਾਰ ਸਮੇਤ ਕਲੋਨੀ ਵਿੱਚ ਰਹਿ ਰਿਹਾ ਸੀ। ਉਸਦਾ ਇੱਕ ਭਰਾ ਵੀ ਹੈ। ਪਤਾ ਲੱਗਾ ਹੈ ਕਿ ਉਹ ਭੇਲਪੁਰੀ ਦੀ ਰੇਹੜੀ-ਫੜ੍ਹੀ ਚਲਾ ਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀ। ਥਾਣਾ ਮੌਲੀ ਜਾਗਰਾਂ ਪੁਲਿਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਲਾਕਾ ਨਿਵਾਸੀ ਅਤੇ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਅਨਿਲ ਕੁਮਾਰ ਦੂਬੇ ਨੇ ਕਿਹਾ ਹੈ ਕਿ ਮੌਲੀ ਜਾਗਰਾਂ ਵਿੱਚ ਗੁੰਡਾਗਰਦੀ ਲਗਾਤਾਰ ਵੱਧ ਰਹੀ ਹੈ।

ਮੌਕੇ ’ਤੇ ਪੁੱਜੇ ਉਨ੍ਹਾਂ ਕਿਹਾ ਕਿ ਪੁਲਿਸ ਦੀ ਢਿੱਲਮੱਠ ਕਾਰਨ ਇਲਾਕੇ ’ਚ ਲਗਾਤਾਰ ਅਪਰਾਧ ਵਧਦਾ ਜਾ ਰਿਹਾ ਹੈ। ਇੱਥੇ ਕਾਨੂੰਨ ਵਿਵਸਥਾ ਵੀ ਵਿਗੜ ਰਹੀ ਹੈ। ਪੁਲਿਸ ‘ਤੇ ਅਪਰਾਧੀਆਂ ਨੂੰ ਬਚਾਉਣ ਦੇ ਦੋਸ਼ ਵੀ ਲੱਗੇ ਹਨ।

ਗੁਜਰਾਤ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 9 ਲੋਕਾਂ ਦੀ ਮੌਤ

0

ਗੁਜਰਾਤ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਅੱਜ ਸਵੇਰੇ ਨਵਸਾਰੀ ਜ਼ਿਲ੍ਹੇ ਵਿਚ ਬੱਸ ਤੇ ਫਾਰਚੂਨਰ ਵਿਚ ਜ਼ੋਰਦਾਰ ਟੱਕਰ ‘ਚ 9 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਤੇ 28 ਲੋਕ ਜ਼ਖਮੀ ਹੋ ਗਏ ਹਨ। ਇਹ ਹਾਦਸਾ ਫਾਰਨੂਚਰ ਦੇ ਡਰਾਈਵਰ ਦੇ ਗੱਡੀ ਤੋਂ ਸੰਤੁਲਨ ਗੁਆਉਣ ਦੀ ਵਜ੍ਹਾ ਨਾਲ ਹੋਇਆ ਹੈ। ਫਾਰਨੂਚਰ ਦੇ ਡਰਾਈਵਰ ਨੇ ਗੱਡੀ ਤੋਂ ਸੰਤੁਲਨ ਗੁਆ ਦਿੱਤਾ ਤੇ ਦੂਜੇ ਲੇਨ ‘ਤੇ ਆ ਰਹੀ ਬੱਸ ਨਾਲ ਜਾ ਟਕਰਾਈ। ਇਸ ਦਰਦਨਾਕ ਸੜਕ ਹਾਦਸੇ ਵਿਚ ਫਾਰਨੂਚਰ ਵਿਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ।

ਇਸ ਦਰਦਨਾਕ ਹਾਦਸੇ ਦੇ ਬਾਅਦ ਬੱਸ ਦੇ ਡਰਾਈਵਰ ਨੂੰ ਦਿਲ ਦਾ ਦੌਰਾ ਪੈ ਗਿਆ, ਇਹ ਹਾਦਸਾ ਨਵਸਾਰੀ ਵਿਚ ਰਾਸ਼ਟਰੀ ਰਾਜਮਾਰਗ ‘ਤੇ ਵੇਸਮਾ ਪਿੰਡ ਕੋਲ ਹੋਇਆ ਹੈ। ਬੱਸ ਸੂਰਤ ਤੋਂ ਵਲਸਾਡ ਜਾ ਰਹੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੋਵੇਂ ਵਾਹਨਾਂ ਵਿਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਪੁਲਿਸ ਨੇ ਫਾਰਨੂਚਰ ਤੋਂ ਮ੍ਰਿਤਕਾਂ ਦੀ ਲਾਸ਼ਾਂ ਕੱਢ ਕੇ ਪੋਸਟਮਾਰਟਮ ਲਈ ਭੇਜੀਆਂ। ਮ੍ਰਿਤਕ ਦੇਹਾਂ ਨੂੰ ਬਾਹਰ ਕੱਢਣ ਲਈ ਐੱਸਯੂਵੀ ਨੂੰ ਗੈਸ ਕਟਰ ਤੋਂ ਕੱਟਣਾ ਪਿਆ ਹੈ। ਟੱਕਰ ਦੀ ਵਜ੍ਹਾ ਨਾਲ ਬੱਸ ਵੀ ਨੁਕਸਾਨੀ ਗਈ ਹੈ।ਉਸ ਵਿਚ ਫਸੇ ਜ਼ਖਮੀਆਂ ਨੂੰ ਵੀ ਕੱਢਣ ਲਈ ਗੱਡੀ ਦੇ ਕੁਝ ਹਿੱਸਿਆਂ ਨੂੰ ਵੀ ਕੱਟਣਾ ਪਿਆ। ਇਸ ਦੀ ਵਜ੍ਹਾ ਨਾਲ ਜ਼ਖਮੀਆਂ ਤੱਕ ਰਾਹਤ ਪਹੁੰਚਾਉਣ ਵਿਚ ਥੋੜ੍ਹੀ ਦੇਰੀ ਹੋਈ ਹੈ।

ਪੁਲਿਸ ਮੁਤਾਬਕ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਬੱਸ ਡਰਾਈਵਰ ਨੂੰ ਪਹਿਲਾਂ ਤੋਂ ਦਿਲ ਦੀ ਬੀਮਾਰੀ ਸੀ। ਹਾਦਸੇ ਦੇ ਬਾਅਦ ਘਬਰਾਹਟ ਨਾਲ ਉਸ ਨੂੰ ਹਾਰਟ ਅਟੈਕ ਆ ਗਿਆ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਨਿੱਜੀ ਬੱਸ ਅਹਿਮਦਾਬਾਦ ਤੋਂ ਸ਼ਤਾਬਦੀ ਸਮਾਰੋਹ ਦੇਖ ਕੇ ਵਲਸਾਡ ਪਰਤ ਰਹੀ ਸੀ। ਫਾਰਨੂਚਰ ਵਲਸਾਡ ਦੇ ਰਸਤੇ ਭਰੂਚ ਜਾ ਰਹੀ ਸੀ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਵੱਲੋਂ ਨਵੇਂ ਸਾਲ ‘ਤੇ ਤੋਹਫ਼ਾ, Post Office ਦੀਆਂ ਛੋਟੀ ਬੱਚਤ ਸਕੀਮਾਂ ‘ਤੇ…

ਐੱਸਯੂਵੀ ਡਿਵਾਈਡਰ ਦੀ ਗਲਤ ਸਾਈਡ ‘ਚ ਚਲੀ ਗਈ ਤੇ ਦੂਜੇ ਪਾਸੇ ਤੋਂ ਆ ਰਹੀ ਬੱਸ ਨਾਲ ਟਕਰਾ ਗਈ। ਬੱਸ ਵਿਚ ਸਵਾਰ ਸਾਰੇ ਯਾਤਰੀ ਵਲਸਾਡ ਦੇ ਰਹਿਣ ਵਾਲੇ ਹਨ। ਹਾਦਸੇ ਵਿਚ ਜ਼ਖਮੀ 11 ਲੋਕਾਂ ਨੂੰ ਨਵਸਾਰੀ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। 17 ਲੋਕਾਂ ਨੂੰ ਇਲਾਜ ਲਈ ਵਲਸਾਡ ਰੈਫਰ ਕੀਤਾ ਗਿਆ ਹੈ ਤੇ ਇਕ ਹੋਰ ਹੋਰ ਜਖਮੀ ਨੂੰ ਇਲਾਜ ਲਈ ਸੂਰਤ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਹੈ।

ਪੰਜਾਬ ਸਰਕਾਰ ਨੇ ਪ੍ਰਵਾਸੀ ਪੰਜਾਬੀਆਂ ਲਈ ਜਾਰੀ ਕੀਤਾ ਵ੍ਹਟਸਐਪ ਨੰਬਰ

0

ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਛੇਤੀ ਹੱਲ ਕਰਨ ਦੀ ਸਹੂਲਤ ਦੇਣ ਲਈ ਸੂਬੇ ਵਿੱਚ ਜਲਦ ਹੀ ਫਾਸਟ ਟਰੈਕ ਅਦਾਲਤਾਂ ਦੀ ਸਥਾਪਨਾ ਕੀਤੀ ਜਾਵੇਗੀ।

ਅੱਜ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕੰਨਵੈਨਸ਼ਨ ਸੈਂਟਰ ਵਿਖੇ ਹੋਏ ਪੰਜਵੇਂ ਮਿਲਨੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਅਜਿਹੀਆਂ ਮਿਲਣੀਆਂ ਦੀ ਪਹਿਲਕਦਮੀ ਕਰਕੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਇਸ ਉਪਰਾਲੇ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।

ਧਾਲੀਵਾਲ ਨੇ ਕਿਹਾ ਕਿ ਇਹ ਅਦਾਲਤਾਂ ਪ੍ਰਵਾਸੀ ਭਾਰਤੀਆਂ (ਐਨ.ਆਰ.ਆਈਜ਼) ਦੇ ਸਿਵਲ ਕੇਸਾਂ ਨਾਲ ਸਬੰਧਤ ਮੁੱਦਿਆਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਸਮਰਪਿਤ ਹੋ ਕੇ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੇ ਸਿਵਲ ਕੇਸਾਂ ਦੇ ਨਿਪਟਾਰੇ ਲਈ ਅਦਾਲਤਾਂ ਦੀ ਸਥਾਪਨਾ ਲਈ ਜਲਦ ਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੀ ਕੀਮਤੀ ਊਰਜਾ, ਸਮਾਂ ਅਤੇ ਪੈਸਾ ਬਚਾਇਆ ਜਾ ਸਕੇ।

ਮਿਲਣੀ ਪਹਿਲਕਦਮੀ ਪ੍ਰਤੀ ਪ੍ਰਵਾਸੀ ਪੰਜਾਬੀਆਂ ਦੇ ਭਰਵੇਂ ਹੁੰਗਾਰੇ ’ਤੇ ਤਸੱਲੀ ਪ੍ਰਗਟ ਕਰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਨੂੰ ਸੂਬੇ ਦੀ ਤਰੱਕੀ ਵਿੱਚ ਸਰਗਰਮ ਭਾਈਵਾਲ ਬਣਾਇਆ ਜਾਵੇਗਾ। ਉਨ੍ਹਾਂ ਪ੍ਰਵਾਸੀ ਪੰਜਾਬੀਆਂ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਿਆਂ ਵਿੱਚ ਨੋਡਲ ਅਫ਼ਸਰ ਤਾਇਨਾਤ ਕੀਤੇ ਜਾ ਰਹੇ ਹਨ, ਜੋ ਪ੍ਰਵਾਸੀ ਭਾਰਤੀਆਂ ਦੇ ਮਸਲੇ ਬਿਨ੍ਹਾਂ ਕਿਸੇ ਦੇਰੀ ਦੇ ਜਲਦ ਤੋਂ ਜਲਦ ਨਿਪਟਾਉਣਗੇ।

ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਜ਼ਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਦੇ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹਦਾਇਤ ਕੀਤੀ ਕਿ ਇਨ੍ਹਾਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।

ਇਸ ਮੌਕੇ ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਨਿਵੇਕਲੀ ਪਹਿਲ ਕਰਦੇ ਹੋਏ ਪ੍ਰਵਾਸੀ ਪੰਜਾਬੀ ਭਰਾਵਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਣ ਦਾ ਸਥਾਈ ਹੱਲ ਕਰਦੇ ਇਕ ਵੱਟਸਐਪ ਨੰਬਰ 9056009884 ਜਾਰੀ ਕੀਤਾ। ਇਸ ਨੰਬਰ ‘ਤੇ ਪ੍ਰਾਪਤ ਹੋਈ ਸ਼ਿਕਾਇਤ ਸਬੰਧਤ ਅਧਿਕਾਰੀ ਤੱਕ ਪਹੁੰਚਾਈ ਜਾਵੇਗੀ, ਜਿਥੋਂ ਇਸ ਨੂੰ ਹੱਲ ਕੀਤਾ ਜਾਣਾ ਹੈ। ਉਨਾਂ ਦੱਸਿਆ ਕਿ ਇਸ ਸ਼ਿਕਾਇਤ ਦੀ ਅਪਡੇਟ ਵੀ ਸਬੰਧਤ ਪ੍ਰਵਾਸੀ ਪੰਜਾਬੀ ਨੂੰ ਦਿੱਤੀ ਜਾਵੇਗੀ।

ਪ੍ਰਵਾਸੀ ਪੰਜਾਬੀਆਂ ਨਾਲ ਮੀਟਿੰਗ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਪ੍ਰਵਾਸੀ ਪੰਜਾਬੀਆਂ ਦੀ ਸਹੂਲਤ ਲਈ ਜ਼ਿਲ੍ਹਾ ਵਾਰ ਕਾਊਂਟਰ ਸਥਾਪਿਤ ਕੀਤੇ ਗਏ, ਜਿੱਥੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਸਨ। ਅੱਜ ਦੇ ਸਮਾਗਮ ਦੌਰਾਨ ਕੁੱਲ 103 ਕੇਸਾਂ ਦੀ ਸੁਣਵਾਈ ਹੋਈ।

ਇਸ ਮੌਕੇ ਵਿਧਾਇਕ ਸ. ਅਮਰਪਾਲ ਸਿੰਘ, ਵਿਧਾਇਕ ਸ. ਕਸ਼ਮੀਰ ਸਿੰਘ ਸੋਹਲ, ਵਿਧਾਇਕ ਸ. ਸਰਵਣ ਸਿੰਘ ਧੁੰਨ, ਵਿਧਾਇਕ ਸ੍ਰੀਮਤੀ ਜੀਵਨਜੋਤ ਕੌਰ, ਵਿਧਾਇਕ ਸ. ਦਲਬੀਰ ਸਿੰਘ ਟੌਂਗ, ਏ.ਡੀ.ਜੀ.ਪੀ. (ਐਨ.ਆਰ.ਆਈ.) ਪ੍ਰਵੀਨ ਕੁਮਾਰ ਸਿਨਹਾ, ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਵਿਸ਼ੇਸ਼ ਸਕੱਤਰ (ਐਨ.ਆਰ.ਆਈ. ਮਾਮਲੇ) ਕੰਵਲਪ੍ਰੀਤ ਕੌਰ ਬਰਾੜ, ਪੁਲਿਸ ਕਮਿਸ਼ਨਰ ਸ: ਜਸਕਰਨ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਅਤੇ ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਮੁਖੀਆਂ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਦੀ ਕਾਰਪੋਰੇਸ਼ਨ ਦੀ ਮੈਂਬਰਸ਼ਿਪ ਰੱਦ

0

ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਵੱਲੋਂ ਨਗਰ ਨਿਗਮ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਕੌਂਸਲਰ ਵਜੋਂ ਮੈਂਬਰਸ਼ਿਪ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਸਾਲ ਦੇ ਅਖ਼ੀਰਲੇ ਕੰਮ ਵਾਲੇ ਦਿਨ ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਸਥਾਨਕ ਸਰਕਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਮਿਊਂਸੀਪਲ ਐਕਟ-1976 ਦੀ ਧਾਰਾ 63 ਅਤੇ 36 ਦੀ ਉਲੰਘਣਾ ਕੀਤੀ ਗਈ ਹੈ, ਜਿਸ ਕਾਰਨ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕਰਦਿਆਂ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਕੌਂਸਲਰ ਵਜੋਂ ਮੈਂਬਰਸ਼ਿਪ ਨੂੰ ਖਾਰਜ ਕੀਤਾ ਜਾਂਦਾ ਹੈ। ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਏ ਹਨ।

ਇਹ ਵੀ ਪੜ੍ਹੋ : ਦਿੱਲੀ ਪੁਲਿਸ ਨੇ ਲਾਰੈਂਸ ਗੈਂਗ ਦੇ 2 ਗੁਰਗੇ ਕੀਤੇ ਕਾਬੂ

ਇੱਥੇ ਜ਼ਿਕਰਯੋਗ ਹੈ ਕਿ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਇਸ ਵੇਲੇ ਵਿਭਾਗ ਤੋਂ ਛੁੱਟੀ ਲੈ ਕੇ ਨਿੱਜੀ ਦੌਰੇ ’ਤੇ ਵਿਦੇਸ਼ ਗਏ ਹੋਏ ਹਨ ਅਤੇ ਉਨ੍ਹਾਂ ਦੀ ਗੈਰ ਹਾਜ਼ਰੀ ‘ਚ ਇਹ ਫ਼ੈਸਲਾ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਮੋਹਾਲੀ ਦੇ ਕੁੱਝ ਮੌਜੂਦਾ ਅਤੇ ਸਾਬਕਾ ਮੈਂਬਰਾਂ ਵੱਲੋਂ ਸਥਾਨਕ ਸਰਕਾਰ ਵਿਭਾਗ ਦੇ ਸਕੱਤਰ ਨੂੰ ਮੇਅਰ ਜੀਤੀ ਸਿੱਧੂ ਖ਼ਿਲਾਫ਼ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਅੰਮ੍ਰਿਤਪ੍ਰੀਤ ਕੋ-ਆਪਰੇਟਿਵ ਸੁਸਾਇਟੀ ਨਾਮ ਦੀ ਇਕ ਲੇਬਰ ਕੰਟਰੈਕਟਰ ਸੁਸਾਇਟੀ (ਜਿਸ ਦੇ ਮੇਅਰ ਖ਼ੁਦ ਵੀ ਮੈਂਬਰ ਹਨ) ਨੂੰ ਨਿਗਮ ਦੇ ਵਿਕਾਸ ਕਾਰਜਾਂ ਦੇ ਕਈ ਕਰੋੜ ਰੁਪਏ ਦੇ ਟੈਂਡਰ ਅਲਾਟ ਕੀਤੇ ਜਾਣ ਦੀ ਸ਼ਿਕਾਇਤ ਕੀਤੀ ਸੀ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਵੱਲੋਂ ਨਵੇਂ ਸਾਲ ‘ਤੇ ਤੋਹਫ਼ਾ, Post Office ਦੀਆਂ ਛੋਟੀ ਬੱਚਤ ਸਕੀਮਾਂ ‘ਤੇ…

ਇਸ ਮਾਮਲੇ ਵਿਚ ਪਹਿਲਾਂ ਸਥਾਨਕ ਸਰਕਾਰ ਵਲੋਂ ਮੇਅਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਸੀ ਅਤੇ ਬੀਤੀ 20 ਦਸੰਬਰ ਨੂੰ ਮੇਅਰ ਨੂੰ ਵਿਭਾਗ ਦੇ ਮੰਤਰੀ ਕੋਲ ਨਿੱਜੀ ਸੁਣਵਾਈ ਲਈ ਵੀ ਸੱਦਿਆ ਗਿਆ ਸੀ ਅਤੇ ਹੁਣ ਇਸ ਮਾਮਲੇ ਦਾ ਫ਼ੈਸਲਾ ਆਉਣਾ ਰਹਿ ਗਿਆ ਹੈ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਖ਼ਿਲਾਫ਼ ਫ਼ੈਸਲਾ ਜਾਰੀ ਹੋਣ ਤੋਂ ਬਾਅਦ ਹੁਣ ਮੇਅਰ ਵਲੋਂ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਮਾਣਯੋਗ ਅਦਾਲਤ ਵਿਚ ਚੁਣੌਤੀ ਦਿੱਤੀ ਜਾਵੇਗੀ ਅਤੇ ਇਨ੍ਹਾਂ ਹੁਕਮਾਂ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਮੇਅਰ ਵਲੋਂ ਵਿਦੇਸ਼ ਰਵਾਨਾ ਹੋਣ ਤੋਂ ਪਹਿਲਾਂ ਹੀ ਆਪਣੇ ਵਕੀਲਾਂ ਨਾਲ ਸਲਾਹ ਕਰਕੇ ਆਪਣਾ ਕੇਸ ਤਿਆਰ ਕਰਵਾ ਲਿਆ ਗਿਆ ਸੀ ਅਤੇ ਮੇਅਰ ਦੇ ਵਕੀਲਾਂ ਵਲੋਂ ਛੇਤੀ ਹੀ ਅਦਾਲਤ ‘ਚ ਸਰਕਾਰ ਦੇ ਹੁਕਮਾਂ ਦੇ ਖ਼ਿਲਾਫ਼ ਕੇਸ ਦਾਇਰ ਕੀਤਾ ਜਾ ਸਕਦਾ ਹੈ।

ਕੇਂਦਰ ਸਰਕਾਰ ਵੱਲੋਂ ਨਵੇਂ ਸਾਲ ‘ਤੇ ਤੋਹਫ਼ਾ, Post Office ਦੀਆਂ ਛੋਟੀ ਬੱਚਤ ਸਕੀਮਾਂ ‘ਤੇ ਵਿਆਜ ਦਰਾਂ ‘ਚ ਕੀਤਾ ਵਾਧਾ

0

ਕੇਂਦਰ ਸਰਕਾਰ ਵੱਲੋਂ ਡਾਕਘਰ ਦੀ ਛੋਟੀ ਬੱਚਤ ਸਕੀਮ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਨਵੇਂ ਸਾਲ ਵਿੱਚ ਤੋਹਫ਼ਾ ਮਿਲਿਆ ਹੈ। ਸਰਕਾਰ ਨੇ ਅੱਜ ਡਾਕ ਘਰ ਮਿਆਦੀ ਜਮ੍ਹਾਂ, ਐੱਨਐੱਸਸੀ ਅਤੇ ਸੀਨੀਅਰ ਸਿਟੀਜ਼ਨ ਬੱਚਤ ਸਕੀਮਾਂ ਸਣੇ ਛੋਟੀਆਂ ਬੱਚਤਾਂ ਜਮ੍ਹਾਂ ਸਕੀਮਾਂ ’ਤੇ ਵਿਆਜ ਦਰਾਂ ਵਿੱਚ 1.1 ਫ਼ੀਸਦੀ ਤੱਕ ਵਾਧਾ ਕੀਤਾ ਹੈ। ਇਹ ਵਾਧਾ ਪਹਿਲੀ ਜਨਵਰੀ ਤੋਂ ਲਾਗੂ ਹੋਵੇਗਾ।

ਇਹ ਵੀ ਪੜ੍ਹੋ: ਦਿੱਲੀ ਪੁਲਿਸ ਨੇ ਲਾਰੈਂਸ ਗੈਂਗ ਦੇ 2 ਗੁਰਗੇ ਕੀਤੇ ਕਾਬੂ

ਹਾਲਾਂਕਿ ਪੀਪੀਐੱਫ ਅਤੇ ਲੜਕੀ ਬੱਚਤ ਸਕੀਮ ‘ਸੁਕੰਨਿਆ ਸਮਰਿਧੀ’ ਦੀ ਵਿਆਜ ਦਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਮੁੱਖ ਤੌਰ ’ਤੇ ਡਾਕਘਰ ਦੀਆਂ ਅਜਿਹੀਆਂ ਯੋਜਨਾਵਾਂ ’ਤੇ ਵਿਆਜ ਦਰ ਵਧਾਈ ਗਈ ਹੈ ਜਿਨ੍ਹਾਂ ’ਤੇ ਆਮਦਨ ਕਰ ਦਾ ਲਾਭ ਨਹੀਂ ਮਿਲਦਾ। ਵਿੱਤ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਐੱਨਐੱਸਸੀ, ਸੀਨੀਅਰ ਸਿਟੀਜ਼ਨ ਬੱਚਤ ਸਕੀਮ ਅਤੇ ਕਿਸਾਨ ਵਿਕਾਸ ਪੱਤਰ (ਕੇਵੀਪੀ) ’ਤੇ ਵਿਆਜ ਦਰ 1.1 ਫੀਸਦ ਵਧਾਈ ਗਈ ਹੈ।

ਇਨ੍ਹਾਂ ਸਕੀਮਾਂ ਤੋਂ ਹੋਣ ਵਾਲੀ ਆਮਦਨ ਟੈਕਸ ਯੋਗ ਹੈ। ਕੌਮੀ ਬੱਚਤ ਸਰਟੀਫਿਕੇਟ (ਐੱਨਐੱਸਸੀ) ’ਤੇ ਪਹਿਲੀ ਜਨਵਰੀ ਤੋਂ 7 ਫ਼ੀਸਦ ਦੀ ਦਰ ਨਾਲ ਵਿਆਜ ਮਿਲੇਗਾ ਜਿਹੜਾ ਕਿ ਹੁਣ 6.8 ਫ਼ੀਸਦੀ ਹੈ। ਇਸੇ ਤਰ੍ਹਾਂ ਸੀਨੀਅਰ ਸਿਟੀਜ਼ਨ ਬੱਚਤ ਸਕੀਮ ’ਤੇ ਮੌਜੂਦਾ 7.8 ਫ਼ੀਸਦ ਦੇ ਮੁਕਾਬਲੇ 8 ਫ਼ੀਸਦ ਵਿਆਜ ਮਿਲੇਗਾ। ਇੱਕ ਤੋਂ ਪੰਜ ਸਾਲ ਤੱਕ ਮਿਆਦ ਵਾਲੀਆਂ ਡਾਕਘਰ ਜਮ੍ਹਾਂ ਸਕੀਮਾਂ ’ਤੇ ਵਿਆਜ ਦਰਾਂ 1.1 ਫ਼ੀਸਦ ਤੱਕ ਵਧਣਗੀਆਂ। ਮਹੀਨਾਵਾਰ ਆਮਦਨ ਸਕੀਮ ’ਤੇ ਵੀ 6.7 ਫ਼ੀਸਦ ਦੀ ਥਾਂ ਹੁਣ 7.1 ਫ਼ੀਸਦ ਵਿਆਜ ਮਿਲੇਗਾ।