ਆਮ ਆਦਮੀ ਪਾਰਟੀ ਵੱਲੋਂ ਹਿਮਾਚਲ ਪ੍ਰਦੇਸ਼ ਲਈ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਕੋ-ਇੰਚਾਰਜ਼ ਵਜੋਂ ਨਿਯੁਕਤ ਕਰ ਦਿੱਤਾ ਗਿਆ ਹੈ।
ਵਿਸ਼ਵ ਵਾਤਾਵਰਨ ਦਿਵਸ ਮੌਕੇ CM ਭਗਵੰਤ ਮਾਨ ਨੇ ਲੋਕਾਂ ਨੂੰ ਕੁਦਰਤੀ ਸੋਮਿਆਂ ਨੂੰ ਸੰਭਾਲਣ ਦੀ ਕੀਤੀ ਅਪੀਲ
ਅੱਜ ਵਿਸ਼ਵ ਭਰ ਵਿੱਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਵਾਤਾਵਰਣ ਪ੍ਰਤੀ ਸਥਾਈ ਰਹਿਣ ਅਤੇ ਕੁਦਰਤ ਨਾਲ ਸ਼ਾਂਤੀ ਨਾਲ ਰਹਿਣ ਦੇ ਮਹੱਤਵ ‘ਤੇ ਕੇਂਦ੍ਰਤ ਕਰਦਾ ਹੈ। ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਇਸ ਮੌਕੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ, ਕੌਮਾਂਤਰੀ ਵਾਤਾਵਰਨ ਦਿਵਸ ਮੌਕੇ ਆਓ ਸਾਰੇ ਰਲ਼ ਮਿਲ ਪ੍ਰਣ ਕਰੀਏ.. ਪੌਣ-ਪਾਣੀ ਅਤੇ ਆਪਣੀ ਧਰਤ ਪ੍ਰਤੀ ਆਪਣੇ ਬਣਦੇ ਫ਼ਰਜ਼ ਨਿਭਾਈਏ..ਗੁਰੂ ਸਾਹਿਬਾਨਾਂ ਦੇ ਮਹਾਂਵਾਕ ਅਨੁਸਾਰ ਵਾਤਾਵਰਨ ਪ੍ਰਤੀ ਸੁਚੇਤ ਹੋਈਏ ਅਤੇ ਕੁਦਰਤੀ ਸੋਮਿਆਂ ਨੂੰ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਸਾਂਭੀਏ
ਕੌਮਾਂਤਰੀ ਵਾਤਾਵਰਨ ਦਿਵਸ ਮੌਕੇ ਆਓ ਸਾਰੇ ਰਲ਼ ਮਿਲ ਪ੍ਰਣ ਕਰੀਏ.. ਪੌਣ-ਪਾਣੀ ਅਤੇ ਆਪਣੀ ਧਰਤ ਪ੍ਰਤੀ ਆਪਣੇ ਬਣਦੇ ਫ਼ਰਜ਼ ਨਿਭਾਈਏ..ਗੁਰੂ ਸਾਹਿਬਾਨਾਂ ਦੇ ਮਹਾਂਵਾਕ ਅਨੁਸਾਰ ਵਾਤਾਵਰਨ ਪ੍ਰਤੀ ਸੁਚੇਤ ਹੋਈਏ ਅਤੇ ਕੁਦਰਤੀ ਸੋਮਿਆਂ ਨੂੰ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਸਾਂਭੀਏ pic.twitter.com/aIxgykVMVu
— Bhagwant Mann (@BhagwantMann) June 5, 2022
ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਦੇ ਇਵੈਂਟ ਦੀ ਥੀਮ ਓਨਲੀ ਵਨ ਅਰਥ ਹੈ। ਇਹ ਕੁਦਰਤ ਦੇ ਨਾਲ ਇਕਸੁਰਤਾ ਵਿਚ ਸਾਫ਼, ਹਰੇ ਅਤੇ ਟਿਕਾਊ ਜੀਵਨ ਨੂੰ ਸਮਰੱਥ ਬਣਾਉਣ ਲਈ ਨੀਤੀਆਂ ਅਤੇ ਵਿਕਲਪਾਂ ਵਿਚ ਪਰਿਵਰਤਨਸ਼ੀਲ ਤਬਦੀਲੀਆਂ ਦੀ ਮੰਗ ਕਰਦਾ ਹੈ।
ਵਿਸ਼ਵ ਵਾਤਾਵਰਣ ਦਿਵਸ 5 ਜੂਨ ਨੂੰ ਇਸ ਮਕਸਦ ਨਾਲ ਦੁਨੀਆ ਭਰ ‘ਚ ਮਨਾਇਆ ਜਾਂਦਾ ਹੈ ਤਾਂ ਕਿ ਇਸ ਧਰਤੀ ਤੇ ਰਹਿ ਰਹੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਲੋੜ ਉਦੋਂ ਹੀ ਪਈ ਜਦੋਂ ਚਾਰ ਚੁਫੇਰਿਓਂ ਹਵਾ, ਪਾਣੀ ਤੇ ਧਰਤੀ ਦਾ ਪ੍ਰਦੂਸ਼ਣ ਲਗਾਤਾਰ ਵੱਧਣ ਲਗਾ। ਇਸ ਪ੍ਰਦੂਸ਼ਣ ਦੇ ਆਲਮੀ ਪੱਧਰ ‘ਤੇ ਬਹੁਤ ਹੀ ਡੂੰਘੇ ਤੇ ਮਾੜੇ ਪ੍ਰਭਾਵ ਪਾਏ ਹਨ। ਪ੍ਰਦੂਸ਼ਣ ਦੇ ਇਹਨਾਂ ਪੈ ਰਹੇ ਪ੍ਰਭਾਵਾਂ ਕਾਰਨ ਹੀ ਸੰਯੁਕਤ ਰਾਸ਼ਟਰ ਸੰਸਥਾ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਇੱਕ ਮੰਚ ਤੇ ਇਕੱਠੀਆਂ ਕਰ ਕੇ ਇਸ ਗੰਭੀਰ ਮਸਲੇ ਨੂੰ ਸਮਝਣ ਅਤੇ ਇਸ ਦੇ ਹਲ ਤਲਾਸ਼ਣ ਲਈ ਯਤਨਸ਼ੀਲ ਹੈ।
1972 ਵਿਚ ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਨੀਂਹ ਸੰਯੁਕਤ ਰਾਸ਼ਟਰ ਵੱਲੋਂ ਵਿਸ਼ਵਵਿਆਪੀ ਪੱਧਰ ‘ਤੇ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਅਤੇ ਚਿੰਤਾ ਦੇ ਕਾਰਨ ਰੱਖੀ ਗਈ ਸੀ। ਇਸਦੀ ਸ਼ੁਰੂਆਤ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਚ ਹੋਈ। ਵਿਸ਼ਵ ਦਾ ਪਹਿਲਾ ਵਾਤਾਵਰਣ ਸੰਮੇਲਨ ਇਥੇ ਕਰਵਾਇਆ ਗਿਆ ਸੀ, ਜਿਸ ਵਿਚ 119 ਦੇਸ਼ਾਂ ਨੇ ਹਿੱਸਾ ਲਿਆ।
ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ‘ਚ ਹੋਈ ਕੁਤਾਹੀ, ਨੋ-ਫਲਾਈ ਜ਼ੋਨ ‘ਚ ਦਾਖਲ ਹੋਇਆ ਜਹਾਜ਼
ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਰੇਹੋਬੋਥ ਬੀਚ ਇਲਾਕੇ ‘ਚ ਇਕ ਜਹਾਜ਼ ਅਚਾਨਕ ਨੋ ਫਲਾਈ ਜ਼ੋਨ ‘ਚ ਦਾਖਲ ਹੋ ਗਿਆ, ਜਿਸ ਨੂੰ ਦੇਖ ਕੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ। ਜੋ ਬਿਡੇਨ ਨੂੰ ਤੁਰੰਤ ਉਨ੍ਹਾਂ ਦੀ ਪਤਨੀ ਨਾਲ ਸੇਫ ਹਾਊਸ ਭੇਜ ਦਿੱਤਾ ਗਿਆ। ਵ੍ਹਾਈਟ ਹਾਊਸ ਅਤੇ ਸੀਕਰੇਟ ਸਰਵਿਸ ਨੇ ਸ਼ਨੀਵਾਰ ਨੂੰ ਕਿਹਾ ਕਿ ਇੱਕ ਛੋਟਾ ਨਿੱਜੀ ਹਵਾਈ ਜਹਾਜ਼ ਗਲਤੀ ਨਾਲ ਰਾਸ਼ਟਰਪਤੀ ਜੋਅ ਬਿਡੇਨ ਦੇ ਡੇਲਾਵੇਅਰ ਦੇ ਵਾਕੇਸ਼ਨ ਹੋਮ ਨੇੜੇ ਇੱਕ ਨੋ-ਫਲਾਈ ਜ਼ੋਨ ਵਿੱਚ ਦਾਖਲ ਹੋ ਗਿਆ।
ਸੀਕਰੇਟ ਸਰਵਿਸ ਨੇ ਕਿਹਾ ਕਿ ਹਵਾਈ ਖੇਤਰ ਵਿੱਚ ਦਾਖਲ ਹੋਣ ਤੋਂ ਤੁਰੰਤ ਬਾਅਦ ਜਹਾਜ਼ ਨੂੰ ਪਾਬੰਦੀਸ਼ੁਦਾ ਖੇਤਰ ਤੋਂ ਹਟਾ ਦਿੱਤਾ ਗਿਆ। ਏਜੰਸੀ ਨੇ ਕਿਹਾ ਕਿ ਉਹ ਪਾਇਲਟ ਨਾਲ ਮੁਲਾਕਾਤ ਕਰੇਗੀ। ਮੁੱਢਲੀ ਜਾਂਚ ਮੁਤਾਬਕ ਪਾਇਲਟ ਸਹੀ ਰੇਡੀਓ ਚੈਨਲ ‘ਤੇ ਨਹੀਂ ਸੀ। ਉਹ ਵੀ ਨਿਰਧਾਰਤ ਹਵਾਬਾਜ਼ੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰ ਰਿਹਾ ਸੀ।
ਅੱਜ ਸਿੱਧੂ ਮੂਸੇਵਾਲਾ ਦੇ ਘਰ ਪਹੁੰਚਣਗੇ ਬਾਲੀਵੁੱਡ ਅਦਾਕਾਰ ਸੰਜੇ ਦੱਤ, ਪਰਿਵਾਰ ਨਾਲ ਕਰਨਗੇ ਦੁੱਖ ਸਾਂਝਾ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਜਾਣ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਦਿਲਾਂ ‘ਚ ਬਹੁਤ ਜ਼ਿਆਦਾ ਦਰਦ ਭਰ ਗਿਆ ਹੈ। ਇਸ ਘਟਨਾ ਨੇ ਪੰਜਾਬ ਦੇ ਹਰ ਦਿਲ ਨੂੰ ਤੋੜ ਦਿੱਤਾ ਹੈ। ਇਸ ਵੇਲੇ ਸਿਰਫ਼ ਮਾਨਸਾ ਹੀ ਨਹੀਂ, ਸਗੋਂ ਪੂਰਾ ਦੇਸ਼ ਮੂਸੇਵਾਲਾ ਦੀ ਮੌਤ ਮਗਰੋਂ ਸੋਗ ਮਨਾ ਰਿਹਾ ਹੈ। ਅੱਜ ਬਾਲੀਵੁੱਡ ਸਟਾਰ ਸੰਜੇ ਦੱਤ ਵੀ ਮਰਹੂਮ ਗਾਇਕ ਦੇ ਮਾਤਾ-ਪਿਤਾ ਨੂੰ ਮਿਲਣ ਲਈ ਪੰਜਾਬ ਪਹੁੰਚ ਰਹੇ ਹਨ। ਉਹ ਕਿਸੇ ਵੇਲੇ ਵੀ ਸਿੱਧੂ ਦੇ ਘਰ ਪਹੁੰਚ ਸਕਦੇ ਹਨ।
ਸੰਜੇ ਦੱਤ ਨੂੰ ਜਦੋਂ ਸਿੱਧੂ ਦੇ ਦਿਹਾਂਤ ਦੀ ਖ਼ਬਰ ਮਿਲੀ ਤਾਂ ਬਾਕੀਆਂ ਵਾਂਗ ਉਹ ਵੀ ਸਦਮੇ ਵਿੱਚ ਸਨ ਅਤੇ ਇੱਕ ਟਵੀਟ ਰਾਹੀਂ ਆਪਣਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਲਿਖਿਆ #SidhuMoosewala ਬਾਰੇ ਸੁਣ ਕੇ ਹੈਰਾਨ ਹਾਂ, ਇੱਕ ਮਹਾਨ ਟੈਲੰਟ ਬਹੁਤ ਜਲਦੀ ਖਤਮ ਹੋ ਗਿਆ। ਵਾਹਿਗੁਰੂ ਉਹਨਾਂ ਦੇ ਪਰਿਵਾਰ ਅਤੇ ਕਰੀਬੀਆਂ ਨੂੰ ਇਸ ਦੁੱਖ ਦੀ ਘੜੀ ਵਿੱਚ ਬਲ ਬਖਸ਼ਣ!”
ਬੀਤੀ ਐਤਵਾਰ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਪਿੰਡ ਜਵਾਹਰਕੇ ‘ਚ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ।ਉਹ ਆਪਣੇ ਦੋ ਸਾਥੀਆਂ ਨਾਲ ਥਾਰ ਗੱਡੀ ‘ਚ ਸਵਾਰ ਸੀ। ਹਮਲਾਵਰਾਂ ਨੇ ਗੱਡੀ ਘੇਰ ਕੇ ਗੋਲੀਆਂ ਚਲਾਈਆਂ ਅਤੇ ਸਿੱਧੂ ਨੂੰ ਮੌਤ ਦੇ ਘਾਟ ਉਤਾਰ ਫਰਾਰ ਹੋ ਗਏ।ਸਿੱਧੂ ਦੀ ਮੌਤ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਹੀ ਨਹੀਂ ਸਗੋਂ ਬਾਲੀਵੁੱਡ ਤੇ ਅੰਤਰਰਾਸ਼ਟਰੀ ਕਲਾਕਾਰ ਵੀ ਸਦਮੇ ਵਿੱਚ ਹਨ।
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਆਦੇਸ਼ਾਂ ‘ਤੇ ਸਰਕਾਰੀ ਬੱਸਾਂ ਦੇ ਐਡਵਾਂਸ ਬੁੱਕਰਾਂ ਵਿਰੁੱਧ ਪਰਚਾ ਦਰਜ
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਨਿਰਦੇਸ਼ਾਂ ‘ਤੇ ਪੀ.ਆਰ.ਟੀ.ਸੀ. ਬਠਿੰਡਾ ਕਾਊਂਟਰ ਦੇ ਐਡਵਾਂਸ ਬੁੱਕਰਾਂ ਵਿਰੁੱਧ ਬਠਿੰਡਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਮੰਤਰੀ ਵੱਲੋਂ ਐਡਵਾਂਸ ਬੁਕਿੰਗ ਦੀਆਂ ਟਿਕਟਾਂ ਦੀ ਪ੍ਰਕਿਰਿਆ ਚੈਕ ਕਰਨ ਦੇ ਆਦੇਸ਼ਾਂ ਪਿੱਛੋਂ ਇਹ ਜਾਂਚ ਕੀਤੀ ਜਾ ਰਹੀ ਸੀ ਜਿਸ ਵਿਚ ਪਾਇਆ ਗਿਆ ਕਿ ਬਠਿੰਡਾ ਕਾਊਂਟਰ ਦੇ ਐਡਵਾਂਸ ਬੁੱਕਰ ਰਾਮ ਸਿੰਘ ਅਤੇ ਸੁਖਪਾਲ ਸਿੰਘ ਟਿਕਟ ਮਸ਼ੀਨਾਂ ਰਾਹੀਂ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਜਾਂਚ ਦੌਰਾਨ ਮਈ ਦੇ ਪਹਿਲੇ ਪੰਜ ਦਿਨਾਂ ਵਿਚ ਹੀ ਕਰੀਬ 3.25 ਲੱਖ ਰੁਪਏ ਦਾ ਫ਼ਰਕ ਮਿਲਿਆ ਹੈ। ਜਿਸ ਪਿੱਛੋਂ ਐਸ.ਐਸ.ਪੀ. ਬਠਿੰਡਾ ਨੂੰ ਮਾਮਲਾ ਦਰਜ ਕਰਨ ਲਈ ਲਿਖਿਆ ਗਿਆ ਸੀ ਅਤੇ ਦੋਸ਼ੀਆਂ ਵਿਰੁੱਧ ਧਾਰਾ 420 ਅਤੇ 409 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਪਿਛਲੇ ਸਾਰੇ ਅਰਸੇ ਦੌਰਾਨ ਐਡਵਾਂਸ ਟਿਕਟਾਂ ਦੀ ਬੁਕਿੰਗ ਚੈਕ ਕੀਤੀ ਜਾਵੇ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਰਕਾਰੀ ਖਜਾਨੇ ਨੂੰ ਚੂਨਾ ਲਾਉਣ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਸੁਚੇਤ ਕੀਤਾ ਕਿ ਉਹ ਈਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਕਿਉਂਕਿ ਸਰਕਾਰੀ ਖਜ਼ਾਨੇ ਨੂੰ ਖੋਰਾ ਲਾਉਣ ਵਾਲੇ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਘੱਲੂਘਾਰਾ ਦਿਵਸ: ਅੱਜ ਸ੍ਰੀ ਹਰਿਮੰਦਰ ਸਾਹਿਬ ਪਹੁੰਚਣਗੇ CM ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਜਾਣਗੇ। ਉਹ ਅੱਜ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣਗੇ। ਜਾਣਕਾਰੀ ਅਨੁਸਾਰ ਮਾਨ 1 ਵਜੇ ਦੇ ਕਰੀਬ ਭਗਵੰਤ ਮਾਨ ਸ੍ਰੀ ਹਰਿਮੰਦਰ ਸਾਹਿਬ ਪਹੁੰਚਣਗੇ। ਇਸਦੇ ਨਾਲ ਹੀ ਦੱਸ ਦਈਏ ਘੱਲੂਘਾਰਾ ਦਿਵਸ ਨੂੰ ਲੈ ਕੇ ਸੁਰੱਖਿਆਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਅਕਾਲ ਤਖਤ ਦੇ ਜਥੇਦਾਰ ਨਾਲ ਵੀ ਮੁਲਾਕਾਤ ਕਰਨਗੇ।
ਜੂਨ 1984 ਦੇ ਘੱਲੂਘਾਰੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ
ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਜੂਨ 1984 ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ ਤੇ ਬੱਚਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਲਈ 6 ਜੂਨ ਨੂੰ ਕੀਤੇ ਜਾਣ ਵਾਲੇ ਸਾਲਾਨਾ ਸ਼ਹੀਦੀ ਸਮਾਗਮ ਦੇ ਸਬੰਧ ਵਿਚ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਨੇ ਅਰਦਾਸ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਸਰਵਣ ਕਰਵਾਇਆ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਕਮੇਟੀ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ. ਮੰਗਵਿੰਦਰ ਸਿੰਘ ਖਾਪੜਖੇੜੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।
ਇਸ ਦੌਰਾਨ ਗੱਲਬਾਤ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੂਨ 1984 ਦਾ ਘੱਲੂਘਾਰਾ ਸਮੇਂ ਦੀ ਕੇਂਦਰੀ ਹਕੂਮਤ ਵੱਲੋਂ ਕੀਤੇ ਗਏ ਕਰੂਰ ਕਾਰੇ ਦੀ ਸਿਖਰ ਸੀ, ਜਿਸ ਨੇ ਸਿੱਖਾਂ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆਂ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਇਹ ਦਿਨ ਆਉਂਦਿਆਂ ਹੀ ਹਰ ਸਾਲ ਸਿੱਖ ਕੌਮ ਦੀਆਂ ਭਾਵਨਾਵਾਂ ਪੀੜਾਮਈ ਹੋ ਜਾਂਦੀਆਂ ਹਨ। ਉਨ੍ਹਾਂ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ 6 ਜੂਨ ਘੱਲੂਘਾਰਾ ਦਿਵਸ ਇਕਸੁਰਤਾ ਅਤੇ ਕੌਮੀ ਏਕਤਾ ਨਾਲ ਮਨਾਇਆ ਜਾਵੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਵਧੀਕ ਸਕੱਤਰ ਸ. ਬਿਜੈ ਸਿੰਘ, ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਮੀਤ ਸਕੱਤਰ ਸ. ਗੁਰਮੀਤ ਸਿੰਘ ਬੁੱਟਰ, ਮੈਨੇਜਰ ਸ. ਹਰਪ੍ਰੀਤ ਸਿੰਘ, ਸ. ਸਤਨਾਮ ਸਿੰਘ ਮਾਂਗਾਸਰਾਏ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਸ. ਸ਼ਾਹਬਾਜ਼ ਸਿੰਘ, ਵਧੀਕ ਮੈਨੇਜਰ ਸ. ਇਕਬਾਲ ਸਿੰਘ, ਸ. ਸਤਨਾਮ ਸਿੰਘ ਰਿਆੜ, ਸ. ਜਸਪਾਲ ਸਿੰਘ ਢੱਡੇ ਆਦਿ ਹਾਜ਼ਰ ਸਨ।
ਘੱਲੂਘਾਰੇ ਦੌਰਾਨ ਗੋਲੀ ਨਾਲ ਜ਼ਖ਼ਮੀ ਹੋਏ ਪਾਵਨ ਸਰੂਪ ਦੇ ਤੀਸਰੇ ਦਿਨ ਵੀ ਸੰਗਤ ਨੇ ਕੀਤੇ ਦਰਸ਼ਨ
ਜੂਨ 1984 ਦੇ ਘੱਲੂਘਾਰੇ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਜਿਸ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੋਲੀ ਲੱਗੀ ਸੀ, ਉਸ ਦੇ ਅੱਜ ਤੀਸਰੇ ਦਿਨ ਵੀ ਸੰਗਤ ਨੇ ਦਰਸ਼ਨ ਕੀਤੇ। ਸ਼੍ਰੋਮਣੀ ਕਮੇਟੀ ਵੱਲੋਂ 2 ਜੂਨ ਤੋਂ 5 ਜੂਨ ਤੱਕ ਇਹ ਪਾਵਨ ਸਰੂਪ ਸੰਗਤਾਂ ਦੇ ਦਰਸ਼ਨਾਂ ਲਈ ਗੁਰਦੁਆਰਾ ਸ਼ਹੀਦ ਗੰਜ ਬਾਬਾ ਗੁਰਬਖ਼ਸ਼ ਸਿੰਘ ਵਿਖੇ ਸੁਭਾਇਮਾਨ ਕੀਤਾ ਗਿਆ ਹੈ। ਅੱਜ ਤੀਸਰੇ ਦਿਨ ਸੰਗਤ ਦੇ ਦਰਸ਼ਨਾਂ ਲਈ ਪਾਵਨ ਸਰੂਪ ਸੁਸ਼ੋਭਿਤ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਕਮੇਟੀ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਤੇ ਹੋਰ ਮੌਜੂਦ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਪਾਵਨ ਸਰੂਪ ਦੇ ਦਰਸ਼ਨ ਕਰਕੇ ਕੇਂਦਰ ਸਰਕਾਰ ਵੱਲੋਂ 1984 ਵਿਚ ਕੀਤੇ ਵਹਿਸ਼ੀਆਨਾ ਕਾਰੇ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।
ਟਵਿੱਟਰ ਡੀਲ ‘ਚ ਫਸੇ ਐਲੋਨ ਮਸਕ, ਕੰਪਨੀ ਨੇ ਕਿਹਾ ਡੀਲ ਦਾ ਵੇਟਿੰਗ ਪੀਰੀਅਡ ਹੋਇਆ ਖਤਮ
ਟਵਿੱਟਰ ਨੇ ਕਿਹਾ ਹੈ ਕਿ ਐਲੋਨ ਮਸਕ ਦੀ 44 ਅਰਬ ਡਾਲਰ ਵਾਲੀ ਟਵਿੱਟਰ ਖਰੀਦਣ ਵਾਲੀ ਡੀਲ ਦਾ ਵੇਟਿੰਗ ਪੀਰੀਅਡ ਐੱਚ ਐੱਸ ਆਰ ਐਕਟ ਮੁਤਾਬਿਕ ਖਤਮ ਹੋ ਗਿਆ ਹੈ।ਹੁਣ ਬਸ ਇਸ ‘ਚ ਟਵਿੱਟਰ ਦੇ ਸਟਾਕ ਹੋਲਡ ਤੇ ਰੈਗੂਲੇਟਰੀ ਦਾ ਅਪਰੂਵਲ ਹੋਣਾ ਬਾਕੀ ਹੈ।ਦੁਨੀਆ ਦੇ ਸਭ ਤੋਂ ਅਮੀਰ ਬਿਜਨਸਮੈਨ ਨੇ ਹਾਲ ਹੀ ‘ਚ ਟਵਿੱਟਰ ਖਰੀਦਣ ਦਾ ਐਲਾਨ ਕੀਤਾ ਸੀ।ਟਵਿੱਟਰ ਨੂੰ ਖਰੀਦਣ ਦਾ ਆਫਰ ਦੇਣ ਦੇ ਕੁੱਝ ਦਿਨ ਬਾਅਦ ਹੀ ਉਸਨੇ ਇਸ ਡੀਲ ਨੂੰ ਹੋਲਡ ‘ਤੇ ਰੱਖ ਦਿੱਤਾ ਸੀ, ਕਿਉਂਕਿ ਉਨ੍ਹਾਂ ਨੂੰ ਟਵਿੱਟਰ ਨੂੰ ਲੈ ਕੇ ਹੋਰ ਜਾਣਕਾਰੀ ਚਾਹੀਦੀ ਸੀ।
HSR ਐਕਟ ਕੀ ਹੈ?
ਅਮਰੀਕਾ ਵਿੱਚ ਵੱਡੀ ਰਕਮ ਦੇ ਸੌਦਿਆਂ ਲਈ HSR ਐਕਟ ਕੰਮ ਕਰਦਾ ਹੈ। HSR ਦਾ ਪੂਰਾ ਰੂਪ ਹਾਰਟ-ਸਕਾਟ-ਰੋਡੀਨੋ ਐਂਟੀਟਰਸਟ ਇੰਪਰੂਵਮੈਂਟਸ ਐਕਟ ਹੈ। ਇਸ ਦੇ ਤਹਿਤ ਜਦੋਂ ਵੀ ਕੋਈ ਕੰਪਨੀ ਅਰਬਾਂ ਡਾਲਰ ਜਾਂ ਵੱਡੀ ਰਕਮ ਦਾ ਸੌਦਾ ਕਰਦੀ ਹੈ, ਤਾਂ ਸਬੰਧਤ ਧਿਰਾਂ ਨੂੰ ਸਮੀਖਿਆ ਲਈ ਫੈਡਰਲ ਟਰੇਡ ਕਮਿਸ਼ਨ ਅਤੇ ਯੂਐਸ ਡਿਪਾਰਟਮੈਂਟ ਆਫ਼ ਜਸਟਿਸ ਐਂਟੀਟਰਸਟ ਡਿਵੀਜ਼ਨ ਨੂੰ ਰਿਪੋਰਟ ਕਰਨੀ ਪੈਂਦੀ ਹੈ।
ਐਲੋਨ ਮਸਕ ਨੇ ਟਵਿੱਟਰ ਨੂੰ ਖਰੀਦਣ ਲਈ 44 ਬਿਲੀਅਨ ਡਾਲਰ ਦੀ ਪੇਸ਼ਕਸ਼ ਕੀਤੀ। ਇਸ ਵਿਚੋਂ 33.5 ਬਿਲੀਅਨ ਡਾਲਰ ਇਕੁਇਟੀ ਸ਼ੇਅਰ ਦੀ ਕੀਮਤ ਦੇ ਤੌਰ ‘ਤੇ ਦਿੱਤੇ ਜਾਣੇ ਹਨ, ਜਦਕਿ 13 ਬਿਲੀਅਨ ਡਾਲਰ ਟਵਿਟਰ ਦੇ ਨਾਂ ‘ਤੇ ਲੋਨ ਲਿਆ ਜਾਣਾ ਹੈ।
ਮਸਕ ਨੇ ਕਿਹਾ ਕਿ ਉਸ ਨੇ ਟਵਿੱਟਰ ਨੂੰ ਖਰੀਦਣ ਲਈ ਜੋ ਪੇਸ਼ਕਸ਼ ਕੀਤੀ ਸੀ, ਉਹ ਟਵਿੱਟਰ ਗਾਹਕਾਂ ਦੀ ਅਸਲ ਗਿਣਤੀ ‘ਤੇ ਆਧਾਰਿਤ ਸੀ, ਅਤੇ ਜਦੋਂ ਤੱਕ ਇਸ ਗੱਲ ਦਾ ਸਬੂਤ ਨਹੀਂ ਮਿਲਦਾ ਕਿ ਉਹ ਇਸ ਸੌਦੇ ਨੂੰ ਅੱਗੇ ਨਹੀਂ ਵਧਾਏਗਾ ਕਿ 5% ਤੋਂ ਘੱਟ ਖਾਤੇ ਜਾਅਲੀ ਹਨ। ਹਾਲਾਂਕਿ ਮਸਕ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਉਹ ਅਜੇ ਵੀ ਟਵਿੱਟਰ ਨੂੰ ਖਰੀਦਣ ਲਈ ਵਚਨਬੱਧ ਹੈ।
ਜੇਕਰ ਐਲੋਨ ਮਸਕ ਖੁਦ ਇਸ ਸੌਦੇ ਤੋਂ ਪਿੱਛੇ ਹਟਦੇ ਹਨ ਤਾਂ ਉਨ੍ਹਾਂ ‘ਤੇ 1 ਅਰਬ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ। ਇਸ ਸਬੰਧੀ ਕੰਪਨੀ ਅਤੇ ਉਨ੍ਹਾਂ ਵਿਚਕਾਰ ਸਮਝੌਤਾ ਹੋਇਆ ਹੈ, ਜਿਸ ਤਹਿਤ ਸੌਦਾ ਰੱਦ ਕਰਨ ਵਾਲੀ ਧਿਰ ਨੂੰ 1 ਬਿਲੀਅਨ ਡਾਲਰ ਦਾ ਜੁਰਮਾਨਾ ਅਦਾ ਕਰਨਾ ਹੋਵੇਗਾ।
ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ ਮੰਤਰੀ ਬਲਬੀਰ ਸਿੱਧੂ ਸਮੇਤ ਕਈ ਦਿੱਗਜ ਆਗੂ ਭਾਜਪਾ ‘ਚ ਹੋਏ ਸ਼ਾਮਿਲ
ਪੰਜਾਬ ਕਾਂਗਰਸ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਪੰਜਾਬ ਕਾਂਗਰਸ ਦੇ ਕਈ ਵੱਡੇ ਆਗੂ ਅੱਜ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋ ਗਏ ਹਨ।
ਚੰਡੀਗੜ੍ਹ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਰੀ ਵਿੱਚ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਰਾਜ ਕੁਮਾਰ ਵੇਰਕਾ, ਗੁਰਪ੍ਰੀਤ ਕਾਂਗੜ ਅਤੇ ਸੁੰਦਰ ਸ਼ਾਮ,ਮੋਹਾਲੀ ਦੇ ਮੇਅਰ ਅਮਰਜੀਤ ਜੀਤੀ, ਕੇਵਲ ਸਿੰਘ ਢਿੱਲੋਂ ਤੇ ਅਮਰੀਕ ਢਿੱਲੋਂ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।
ਇਸ ਤੋਂ ਪਹਿਲਾਂ ਸੁਨੀਲ ਜਾਖੜ ਵੀ ਕਾਂਗਰਸ ਨੂੰ ਛੱਡ ਕੇ ਭਾਜਪਾ ‘ਚ ਚਲੇ ਗਏ ਸਨ। ਇਸ ਤੋਂ ਬਾਅਦ ਹੁਣ ਇਨ੍ਹਾਂ ਸਾਬਕਾ ਮੰਤਰੀਆਂ ਨੇ ਵੀ ਭਾਜਪਾ ਦਾ ਪੱਲਾ ਫੜ੍ਹ ਲਿਆ ਹੈ। ਓਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ ਆਇਆ ਹੈ ਕਿ ਕਿਸੇ ਵੀ ਆਗੂ ਦੇ ਜਾਣ ਨਾਲ ਕਾਂਗਰਸ ਨੂੰ ਕੋਈ ਫ਼ਰਕ ਨਹੀਂ ਪੈਂਦਾ।
















