ਹੁਸ਼ਿਆਰਪੁਰ: ਦਸੂਹਾ ਤੋਂ ਇੱਕ ਦੁੱਖਦਾਇਕ ਖਬਰ ਸਾਹਮਣੇ ਆਈ ਹੈ। ਇੱਕ ਸਕੂਲ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਅੱਜ 29 ਜੁਲਾਈ ਨੂੰ ਸਵੇਰੇ ਦਸੂਹਾ ਵਿਖੇ ਇੱਕ ਸਕੂਲੀ ਬੱਸ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਇੱਕ ਸਕੂਲੀ ਬੱਚੇ ਦੀ ਮੌਤ ਹੋ ਗਈ ਅਤੇ ਕਰੀਬ 6 ਬੱਚੇ ਜ਼ਖਮੀ ਹੋ ਗਏ। ਬੱਚਿਆਂ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਹਾਦਸੇ ਵਿਚ 9ਵੀਂ ਕਲਾਸ ਦੇ ਬੱਚੇ ਦੀ ਮੌਤ ਹੋ ਗਈ ਹੈ।
Sony ਨੇ Bravia XR OLED A80K ਟੀਵੀ ਭਾਰਤ ‘ਚ ਕੀਤਾ ਲਾਂਚ, ਜਾਣੋ ਫੀਚਰਜ਼ ਤੇ ਵਿਸ਼ੇਸ਼ਤਾਵਾਂ
Soni ਨੇ ਅਧਿਕਾਰਤ ਤੌਰ ‘ਤੇ ਭਾਰਤ ਵਿੱਚ ਇੱਕ ਨਵੇਂ ਫਲੈਗਸ਼ਿਪ ਟੀਵੀ ਨੂੰ ਲਾਂਚ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਭਾਰਤੀ ਬਾਜ਼ਾਰ ਵਿੱਚ Sony Bravia XR OLED A80K ਟੀਵੀ ਸੀਰੀਜ਼ ਦੀ ਨਵੀਂ ਐਂਟਰੀ ਕੀਤੀ ਹੈ। ਸੋਨੀ ਦੇ ਨਵੇਂ OLED ਟੀਵੀ 55-ਇੰਚ, 65-ਇੰਚ ਅਤੇ 77-ਇੰਚ ਸਕ੍ਰੀਨ ਆਕਾਰ ਵਿੱਚ ਉਪਲਬਧ ਹਨ। ਇਹ ਟੀਵੀ XR 4K ਅਪਸਕੇਲਿੰਗ ਅਤੇ ਬਲਰ-ਫ੍ਰੀ 4K ਪਲੇਬੈਕ ਲਈ XR OLED ਮੋਸ਼ਨ ਤਕਨਾਲੋਜੀ ਦੇ ਨਾਲ ਆਉਂਦਾ ਹੈ।
ਟੀਵੀ Dolby Vision, HDR10, Dolby Atmos, IMAX Enhanced ਅਤੇ Netflix ਅਡੈਪਟਿਵ ਕੈਲੀਬਰੇਟਡ ਮੋਡ ਨੂੰ ਵੀ ਸਪੋਰਟ ਕਰਦਾ ਹੈ। Sony ਦੇ ਨਵੇਂ Bravia XR OLED TVs ਨੂੰ Sony ਕੇਂਦਰਾਂ, ਪ੍ਰਮੁੱਖ ਇਲੈਕਟ੍ਰਾਨਿਕ ਰਿਟੇਲਰਾਂ ਅਤੇ ਈ-ਕਾਮਰਸ ਪਲੇਟਫਾਰਮਾਂ ਰਾਹੀਂ ਖਰੀਦਿਆ ਜਾ ਸਕਦਾ ਹੈ।
Sony Bravia XR OLED A80K TV ਦੀ ਕੀਮਤ
Sony Bravia XR OLED A80K TV ਦੀ 65-ਇੰਚ ਸਕ੍ਰੀਨ ਸਾਈਜ਼ ਦੀ ਕੀਮਤ 2,79,990 ਰੁਪਏ ਹੈ, ਜਦੋਂ ਕਿ 77-ਇੰਚ ਮਾਡਲ ਦੀ ਕੀਮਤ 6,99,900 ਰੁਪਏ ਹੋਵੇਗੀ। ਸੋਨੀ ਨੇ ਅਜੇ 55 ਇੰਚ ਮਾਡਲ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਹੈ। Sony ਦੇ ਨਵੇਂ Bravia XR OLED ਟੀਵੀ ਸੋਨੀ ਕੇਂਦਰਾਂ, ਪ੍ਰਮੁੱਖ ਇਲੈਕਟ੍ਰਾਨਿਕ ਰਿਟੇਲਰਾਂ ਅਤੇ ਈ-ਕਾਮਰਸ ਪਲੇਟਫਾਰਮਾਂ ਰਾਹੀਂ ਖਰੀਦ ਲਈ ਉਪਲਬਧ ਹਨ।
Sony Bravia XR OLED A80K ਟੀਵੀ ਸੀਰੀਜ਼ Bravia XR ਕੋਗਨਿਟਿਵ ਪ੍ਰੋਸੈਸਰ ਦੁਆਰਾ ਸੰਚਾਲਿਤ ਹੈ, ਜੋ ਕਿ XR Triluminos Pro ਤਕਨਾਲੋਜੀ ਦੀ ਵਰਤੋਂ ਕਰਦੀ ਹੈ। ਇਹ ਟੀਵੀ XR 4K ਅਪਸਕੇਲਿੰਗ ਅਤੇ ਬਲਰ-ਫ੍ਰੀ 4K ਪਲੇਬੈਕ ਲਈ XR OLED ਮੋਸ਼ਨ ਤਕਨਾਲੋਜੀ ਦੇ ਨਾਲ ਆਉਂਦਾ ਹੈ।
ਟੀਵੀ HDMI2.1 ਸਪੋਰਟ, ਆਟੋ HDR ਟੋਨ, ਵੇਰੀਏਬਲ ਰਿਫਰੈਸ਼ ਰੇਟ (VRR) ਅਤੇ ਆਟੋ ਲੋਅ ਲੇਟੈਂਸੀ ਮੋਡ (ALLM) ਦੇ ਨਾਲ 120fps ‘ਤੇ 4K ਦਾ ਸਮਰਥਨ ਕਰਦਾ ਹੈ। ਟੀਵੀ Dolby Vision, HDR10, Dolby Atmos, IMAX Enhanced ਅਤੇ Netflix ਅਡੈਪਟਿਵ ਕੈਲੀਬਰੇਟਡ ਮੋਡ ਨੂੰ ਵੀ ਸਪੋਰਟ ਕਰਦਾ ਹੈ। Bravia XR OLED A80K ਗੂਗਲ ਟੀਵੀ ‘ਤੇ ਚੱਲਦਾ ਹੈ ਅਤੇ ਐਪਲ ਏਅਰਪਲੇ ਅਤੇ ਹੋਮਕਿਟ ਸਪੋਰਟ ਨਾਲ ਆਉਂਦਾ ਹੈ।
ਟੀਵੀ ਨੂੰ XR ਸਰਾਊਂਡ ਅਤੇ ਐਕੋਸਟਿਕ ਸਰਫੇਸ ਆਡੀਓ+ ਵੀ ਮਿਲਦਾ ਹੈ। Bravia XR OLED A80K TV Bravia ਕੋਰ ਐਪ, ਗੂਗਲ ਅਸਿਸਟੈਂਟ ਅਤੇ ਅਲੈਕਸਾ ਵੌਇਸ ਸਰਚ ਨਾਲ ਪਹਿਲਾਂ ਤੋਂ ਲੋਡ ਕੀਤਾ ਗਿਆ ਹੈ। ਸੋਨੀ ਦੇ ਆਉਣ ਵਾਲੇ OLED ਟੀਵੀ ਵਿੱਚ ਟਾਈਟੇਨੀਅਮ ਬਲੈਕ ਬੇਜ਼ਲ ਦੇ ਨਾਲ ਇੱਕ ਮੈਟਲ ਫਲੱਸ਼ ਫਿਨਿਸ਼ ਮਿਲੇਗੀ।
ਕਾਬੁਲ ‘ਚ ਹੋਇਆ ਇੱਕ ਹੋਰ ਵੱਡਾ ਧਮਾਕਾ
ਕਾਬੁਲ ‘ਚ ਇੱਕ ਵਾਰ ਫਿਰ ਤੋਂ ਬੰਬ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਕਾਰਤੇ ਪਰਵਾਨ ਸਾਹਿਬ ਦੇ ਮੁੱਖ ਗੇਟ ‘ਤੇ ਧਮਾਕਾ ਹੋਇਆ ਹੈ। ਘਟਨਾ ਸਮੇਂ ਸਿੱਖਾਂ ਦੇ ਨਾਲ-ਨਾਲ ਹਿੰਦੂ ਭਾਈਚਾਰੇ ਦੇ ਕੁਝ ਲੋਕ ਵੀ ਇੱਥੇ ਮੌਜੂਦ ਸਨ। ਇਸ ਗੁਰਦੁਆਰੇ ‘ਤੇ 18 ਜੂਨ ਨੂੰ ਵੀ ਹਮਲਾ ਹੋਇਆ ਸੀ।ਉਸ ਸਮੇਂ ਦੋ ਲੋਕਾਂ ਦੀ ਮੌਤ ਹੋ ਗਈ ਸੀ।
ਖਾਸ ਗੱਲ ਇਹ ਹੈ ਕਿ 24 ਜੁਲਾਈ ਨੂੰ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਸਿੱਖਾਂ ਅਤੇ ਹਿੰਦੂਆਂ ਦੇ ਵਫਦ ਨੂੰ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਤਾਲਿਬਾਨ ਸਰਕਾਰ ਨੇ ਬਿਆਨ ‘ਚ ਕਿਹਾ ਸੀ ਕਿ ਅਸੀਂ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੀ ਪੂਰੀ ਸੁਰੱਖਿਆ ਦਾ ਭਰੋਸਾ ਦਿੰਦੇ ਹਾਂ ਜੋ ਦੇਸ਼ ਛੱਡ ਕੇ ਚਲੇ ਗਏ ਹਨ। ਸਾਡੀ ਅਪੀਲ ਹੈ ਕਿ ਉਹ ਆਪਣੇ ਵਤਨ ਪਰਤਣ।
ਅੱਜ ਹੋਏ ਇਸ ਧਮਾਕੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋਇਆ ਹੈ। ਇਸ ਵਿੱਚ ਇੱਕ ਸਿੱਖ ਦੁਕਾਨਦਾਰ ਦੱਸਦਾ ਹੈ ਕਿ ਉਹ ਖਾਣਾ ਖਾਣ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਦੁਕਾਨ ‘ਚ ਧਮਾਕਾ ਹੋ ਗਿਆ। ਇਸ ਨਾਲ ਕਾਫੀ ਨੁਕਸਾਨ ਹੋਇਆ ਪਰ ਗੁਰਦੁਆਰੇ ਦੇ ਅੰਦਰ ਮੌਜੂਦ ਲੋਕਾਂ ਅਤੇ ਇਸ ਦੁਕਾਨਦਾਰ ਦਾ ਕੋਈ ਨੁਕਸਾਨ ਨਹੀਂ ਹੋਇਆ। ਘਟਨਾ ਤੋਂ ਬਾਅਦ ਤਾਲਿਬਾਨ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਉਥੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਦੱਸਿਆ ਗਿਆ ਹੈ ਕਿ ਕੁਝ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਮਨੀ ਲਾਂਡਰਿੰਗ ਐਕਟ ਤਹਿਤ ਗ੍ਰਿਫ਼ਤਾਰੀ ਸੰਬੰਧੀ ED ਦਾ ਅਧਿਕਾਰ ਬਰਕਰਾਰ, ਗ੍ਰਿਫ਼ਤਾਰੀ ਪ੍ਰਕਿਰਿਆ ਮਨਮਾਨੀ ਨਹੀਂ: ਸੁਪਰੀਮ ਕੋਰਟ
ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਦੇ ਤਹਿਤ ਈਡੀ ਵੱਲੋਂ ਕੀਤੀ ਗਈ ਗ੍ਰਿਫਤਾਰੀ, ਜ਼ਬਤ ਅਤੇ ਜਾਂਚ ਦੀ ਪ੍ਰਕਿਰਿਆ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਸੁਪਰੀਮ ਕੋਰਟ (Supreme Court) ਨੇ ਵੱਡਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਐਕਟ ਤਹਿਤ ਦੋਸ਼ੀ ਦੀ ਗ੍ਰਿਫਤਾਰੀ ਗਲਤ ਨਹੀਂ ਹੈ। ਯਾਨੀ ਜਾਂਚ ਪ੍ਰਕਿਰਿਆ ‘ਚ ਲੋੜ ਪੈਣ ‘ਤੇ ਈਡੀ ਵੱਲੋਂ ਕਿਸੇ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਗ੍ਰਿਫਤਾਰੀ ਦੇ ਸਮੇਂ ਆਪਣੇ ਆਧਾਰਾਂ ਦਾ ਖੁਲਾਸਾ ਕਰੇ ਤਾਂ ਹੀ ਕਾਫੀ ਹੈ।
ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਕੇਸ ਇਨਫਰਮੇਸ਼ਨ ਰਿਪੋਰਟ (ECIR) ਨੂੰ FIR ਨਾਲ ਜੋੜਿਆ ਨਹੀਂ ਜਾ ਸਕਦਾ ਅਤੇ ECIR ਇਨਫੋਰਸਮੈਂਟ ਡਾਇਰੈਕਟੋਰੇਟ ਦਾ ਅੰਦਰੂਨੀ ਦਸਤਾਵੇਜ਼ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਈਸੀਆਈਆਰ ਦੇਣਾ ਲਾਜ਼ਮੀ ਨਹੀਂ ਹੈ ਅਤੇ ਗ੍ਰਿਫ਼ਤਾਰੀ ਦੌਰਾਨ ਕਾਰਨਾਂ ਦਾ ਖੁਲਾਸਾ ਕਰਨਾ ਹੀ ਕਾਫ਼ੀ ਹੈ। ਸੁਪਰੀਮ ਕੋਰਟ ਨੇ ਅੱਜ ਕਾਂਗਰਸ ਆਗੂ ਕਾਰਤੀ ਚਿਦੰਬਰਮ, ਐਨਸੀਪੀ ਆਗੂ ਅਨਿਲ ਦੇਸ਼ਮੁਖ ਅਤੇ ਹੋਰਾਂ ਦੀਆਂ ਕਰੀਬ 242 ਅਪੀਲਾਂ ’ਤੇ ਫ਼ੈਸਲਾ ਸੁਣਾਇਆ। ਸਾਰੀਆਂ ਪਟੀਸ਼ਨਾਂ ਵਿੱਚ ਮਨੀ ਲਾਂਡਰਿੰਗ ਐਕਟ ਦੀਆਂ ਵਿਵਸਥਾਵਾਂ ਨੂੰ ਚੁਣੌਤੀ ਦਿੱਤੀ ਗਈ ਸੀ।
ਜਸਟਿਸ ਏਐਮ ਖਾਨਵਿਲਕਰ, ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਜਸਟਿਸ ਸੀਟੀ ਰਵੀ ਕੁਮਾਰ ਦੀ ਬੈਂਚ ਨੇ ਇਹ ਫੈਸਲਾ ਸੁਣਾਇਆ।ਇਸ ਮਾਮਲੇ ‘ਚ ਕਪਿਲ ਸਿੱਬਲ, ਅਭਿਸ਼ੇਕ ਮਨੂ ਸਿੰਘਵੀ ਅਤੇ ਮੁਕੁਲ ਰੋਹਤਗੀ ਸਮੇਤ ਕਈ ਸੀਨੀਅਰ ਵਕੀਲਾਂ ਨੇ ਪੀਐੱਮਐੱਲਏ ‘ਚ ਸੋਧਾਂ ਦੀ ਸੰਭਾਵਿਤ ਦੁਰਵਰਤੋਂ ਨਾਲ ਜੁੜੇ ਵੱਖ-ਵੱਖ ਪਹਿਲੂਆਂ ‘ਤੇ ਸੁਪਰੀਮ ਕੋਰਟ ‘ਚ ਆਪਣਾ ਪੱਖ ਪੇਸ਼ ਕੀਤਾ ਸੀ।
ਜੱਗੂ ਭਗਵਾਨਪੁਰੀਆ ਨੂੰ 4 ਦਿਨਾਂ ਦੇ ਰਿਮਾਂਡ ‘ਤੇ ਭੇਜਿਆ
ਸਿੱਧੂ ਮੂਸੇਵਾਲਾ ਹੱਤਿਆਕਾਂਡ ਵਿਚ ਨਾਮਜ਼ਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਅੱਜ ਗੁਰਦਾਸਪੁਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਮਲਾ 29 ਜਨਵਰੀ 2022 ਨੂੰ ਭਾਰਤ ਪਾਕਿਸਤਾਨ ਸੀਮਾ ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਉਪਰ ਪਾਕਿਸਤਾਨ ਦੀ ਤਰਫੋਂ ਹੋਈ ਫਾਇਰਿੰਗ ਦਾ ਹੈ। ਫਾਇਰਿੰਗ ਦੌਰਾਨ ਬੀਐਸਐਫ ਦਾ ਇੱਕ ਜਵਾਨ ਜ਼ਖਮੀ ਹੋਇਆ ਸੀ ਅਤੇ ਬਾਅਦ ਵਿੱਚ ਪੁਲਿਸ ਅਤੇ ਬੀ ਐਸ ਐਫ ਵਲੋਂ ਸਾਂਝੇ ਤੌਰ ਤੇ ਚਲਾਏ ਗਏ ਘਟਨਾ ਵਾਲੇ ਇਲਾਕੇ ਦੇ ਆਲੇ-ਦੁਆਲੇ ਦੇ ਤਲਾਸ਼ੀ ਅਭਿਆਨ ਦੌਰਾਨ 53 ਕਿਲੋ ਦੇ ਕਰੀਬ ਹੈਰੋਇਨ ਅਤੇ ਦੋ ਪਿਸਟਲ ਬਰਾਮਦ ਕੀਤੇ ਗਏ ਸਨ।
ਇਸ ਮਾਮਲੇ ਵਿਚ ਜੱਗੂ ਭਗਵਾਨਪੁਰੀਆ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਅਤੇ ਇਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜੱਗੂ ਭਗਵਾਨਪੁਰੀਆ ਨੂੰ ਤੇ ਟਰਾਂਸਿਟ ਰਿਮਾਂਡ ਦੇ ਤਹਿਤ ਗੁਰਦਾਸਪੁਰ ਲਿਆ ਕੇ 21 ਜੁਲਾਈ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਮਾਨਯੋਗ ਅਦਾਲਤ ਵੱਲੋਂ ਉਸ ਨੂੰ 6 ਦਿਨ ਦੇ ਰਿਮਾਂਡ ਤੇ ਕਲਾਨੌਰ ਪੁਲਿਸ ਦੇ ਸਪੁਰਦ ਕਰਨ ਦਾ ਹੁਕਮ ਸੁਣਾਇਆ ਗਿਆ ਸੀ। ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਗੁਰਦਾਸਪੁਰ ਅਦਾਲਤ ਵਿੱਚ ਜੱਗੂ ਨੂੰ ਫਿਰ ਤੋਂ ਪੇਸ਼ ਕੀਤਾ ਗਿਆ ਜਿਥੇ ਕਲਾਨੌਰ ਪੁਲਿਸ ਵੱਲੋਂ ਮਾਣਯੋਗ ਅਦਾਲਤ ਨੂੰ ਬੇਨਤੀ ਕੀਤੀ ਗਈ ਕਿ ਜੱਗੂ ਪਾਸੋਂ ਅਜੇ ਹੋਰ ਵੀ ਕਾਫੀ ਤਫਤੀਸ਼ ਅਤੇ ਪੁੱਛਗਿੱਛ ਕਰਨੀ ਬਾਕੀ ਹੈ ਅਤੇ ਕਲਾਨੌਰ ਪੁਲਿਸ ਵੱਲੋਂ ਮਾਣਯੋਗ ਅਦਾਲਤ ਅੱਗੇ ਜੱਗੂ ਦਾ ਰਿਮਾਂਡ ਵਧਾਉਣ ਦੀ ਅਪੀਲ ਕੀਤੀ ਗਈ ਸੀ ਜਿਸ ਨੂੰ ਮਨਜ਼ੂਰ ਕਰਦੇ ਹੋਏ ਮਾਣਯੋਗ ਅਦਾਲਤ ਵੱਲੋਂ ਜੱਗੂ ਭਗਵਾਨਪੁਰੀਏ ਨੂੰ ਇਕ ਵਾਰ ਫਿਰ ਤੋਂ 4 ਦਿਨ ਦੇ ਪੁਲਸ ਰਿਮਾਂਡ ਤੇ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਅੰਮ੍ਰਿਤਸਰ ‘ਚ ਮਿਲਿਆ ਮੰਕੀਪੌਕਸ ਦਾ ਸ਼ੱਕੀ ਮਰੀਜ਼, ਸਿਹਤ ਵਿਭਾਗ ਨੇ ਕੀਤਾ ਅਲਰਟ ਜਾਰੀ
ਅੰਮ੍ਰਿਤਸਰ ‘ਚ ਮੰਕੀਪੌਕਸ (Monkeypox) ਦਾ ਸ਼ੱਕੀ ਮਰੀਜ਼ ਮਿਲਿਆ ਹੈ। ਇਸ ਨੂੰ ਸਰਕਾਰੀ ਮੈਡੀਕਲ ਕਾਲਜ ਗੁਰੂ ਨਾਨਕ ਦੇਵ ਹਸਪਤਾਲ ‘ਚ ਸਥਿਤ ਮੰਕੀਪੌਕਸ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਹੈ। ਸ਼ੱਕੀ ਮਰੀਜ਼ ਦੇ ਹੱਥਾਂ ‘ਤੇ ਧੱਫੜ ਹਨ। ਜਿਵੇਂ ਇਨਫੈਕਟਿਡ ਮਰੀਜ਼ ਦੀ ਚਮੜੀ ‘ਤੇ ਮੰਕੀਪੌਕਸ ਉੱਭਰਦਾ ਹੈ। ਹਾਲਾਂਕਿ ਡਾਕਟਰਾਂ ਨੇ ਮਰੀਜ਼ ਦਾ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਵੀਡੀਆਰਐਲ ਸਥਿਤ ਵਾਇਰਲ ਡਿਜ਼ੀਜ਼ ਰਿਸਰਚ ਲੈਬ ਵਿੱਚ ਭੇਜ ਦਿੱਤਾ ਹੈ। ਸਿਹਤ ਵਿਭਾਗ ਮੰਕੀਪੌਕਸ ਨੂੰ ਲੈ ਕੇ ਚੌਕਸ ਹੋ ਗਿਆ ਹੈ। ਇੱਥੇ RTPCR ਮਸ਼ੀਨ ‘ਚ ਸੈਂਪਲ ਪਾ ਕੇ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਮਰੀਜ਼ ਦਿੱਲੀ ਵਿਚ ਇਕ ਮਰੀਜ਼ ਦੇ ਸੰਪਰਕ ‘ਚ ਆਇਆ ਸੀ, ਜਿਸ ਨੂੰ ਮੰਕੀਪੌਕਸ ਨਾਲ ਇਨਫੈਕਟਿਡ ਦੱਸਿਆ ਸੀ। ਵੀਡੀਆਰਐਲ ਲੈਬ ਦੇ ਇੰਚਾਰਜ ਅਤੇ ਮਾਈਕਰੋਬਾਇਓਲੋਜੀ ਵਿਭਾਗ ਦੇ ਪ੍ਰੋਫੈਸਰ ਡਾ.ਕੇਡੀ ਸਿੰਘ ਅਨੁਸਾਰ ਮਰੀਜ਼ ਨੂੰ ਹਲਕਾ ਬੁਖਾਰ ਹੈ। ਇਸ ਮੌਸਮ ‘ਚ ਇਹ ਆਮ ਗੱਲ ਹੋ ਸਕਦੀ ਹੈ ਪਰ ਚਮੜੀ ‘ਤੇ ਪਏ ਧੱਫੜ ਮੰਕੀਪੌਕਸ ਦੀ ਨਿਸ਼ਾਨੀ ਹਨ। ਹਾਲਾਂਕਿ ਟੈਸਟ ਦੀ ਰਿਪੋਰਟ ਆਉਣ ਤੋਂ ਪਹਿਲਾਂ ਕੁਝ ਨਹੀਂ ਕਿਹਾ ਜਾ ਸਕਦਾ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਨਵੀਂ ਦਿੱਲੀ ਨੇ ਸਰਕਾਰੀ ਮੈਡੀਕਲ ਕਾਲਜ ‘ਚ ਮੰਕੀਪਾਕਸ ਦੀ ਜਾਂਚ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ICMR ਨੇ ਮੰਕੀਪੌਕਸ ਦੀ ਜਾਂਚ ਲਈ ਮੈਡੀਕਲ ਕਾਲਜ ਵਿਖੇ ਸਥਿਤ ਵਾਇਰਲ ਡਿਜ਼ੀਜ਼ ਰਿਸਰਚ ਲੈਬ ‘ਚ ਰੀ-ਏਜੰਟ ਵੀ ਭੇਜੇ ਹਨ। ਇਨ੍ਹਾਂ ਰੀ-ਏਜੈਂਟਾਂ ਨੂੰ ਆਰਟੀਪੀਸੀਆਰ ਮਸ਼ੀਨ ‘ਚ ਲਗਾ ਕੇ ਮੰਕੀਪੌਕਸ ਦੀ ਲਾਗ ਦੀ ਜਾਂਚ ਕੀਤੀ ਜਾਵੇਗੀ। RTPCR ਉਹੀ ਮਸ਼ੀਨ ਹੈ ਜਿਸ ਨਾਲ ਕੋਰੋਨਾ ਟੈਸਟ ਕੀਤੇ ਗਏ ਸਨ। ਇਸ ਮਸ਼ੀਨ ਦਾ ਸਿਰਫ਼ ਰੀ-ਏਜੰਟ ਹੀ ਬਦਲਿਆ ਗਿਆ ਹੈ ਜਿਸ ਨਾਲ ਮੰਕੀਪੌਕਸ ਦੀ ਜਾਂਚ ਕੀਤੀ ਜਾਵੇਗੀ।
ਸਿਹਤ ਵਿਭਾਗ ਨੇ ਅਲਰਟ ਕੀਤਾ , ਦੱਸੇ ਇਹ ਲੱਛਣ
ਮੰਕੀਪੌਕਸ ਦੇ ਲੱਛਣਾਂ ਵਿੱਚ ਅੱਖਾਂ ‘ਚ ਦਰਦ ਜਾਂ ਧੁੰਦਲਾ ਨਜ਼ਰ ਆਉਣਾ
ਸਾਹ ਦੀ ਸਮੱਸਿਆ
ਛਾਤੀ ਵਿੱਚ ਦਰਦ
ਚੇਤਨਾ ਦਾ ਨੁਕਸਾਨ
ਪਿਸ਼ਾਬ ਘਟ ਆਉਣਾ
ਬੁਖਾਰ
ਸਰੀਰ ‘ਤੇ ਲਾਲ ਧੱਫੜ
ਸਰੀਰ ‘ਤੇ ਮੋਟੇ ਦਾਣੇ ਉਭਰਣਾ ਤੇ ਉਨ੍ਹਾਂ ਵਿਚ ਪਸ
ਸਿਰ ਦਰਦ ਤੇ ਮਾਸਪੇਸ਼ੀਆਂ ‘ਚ ਦਰਦ
ਅਮਰਿੰਦਰ ਗਿੱਲ ਦੀ ਨਵੀਂ ਫਿਲਮ ‘ਛੱਲਾ ਮੁੜ ਕੇ ਨਹੀਂ ਆਇਆ’ ਦਾ ਟਾਈਟਲ ਟਰੈਕ ਹੋਇਆ ਰਿਲੀਜ਼
ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਦੀ ਨਵੀਂ ਫਿਲਮ ‘ਛੱਲਾ ਮੁੜ ਕੇ ਨਹੀਂ ਆਇਆ’ ਦਾ ਦਰਸ਼ਕਾਂ ਵਲੋਂ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਦਰਸ਼ਕ ਉਨ੍ਹਾਂ ਦੀ ਫ਼ਿਲਮ ਨੂੰ ਲੈ ਕੇ ਕਾਫੀ ਜ਼ਿਆਦਾ ਉਤਸੁਕ ਹਨ। ਹੁਣ ਫ਼ਿਲਮ ਦਾ ਟਾਈਟਲ ਟਰੈਕ ਵੀ ਰਿਲੀਜ਼ ਹੋ ਗਿਆ ਹੈ।

ਦੱਸ ਦਈਏ ਕਿ ਲੋਕ ਗੀਤ ‘ਛੱਲਾ’ ਜਿਸ ਨੂੰ ਪਹਿਲਾਂ ਵੀ ਬਹੁਤ ਸਾਰੇ ਗਾਇਕ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰ ਚੁੱਕੇ ਹਨ ਪਰ ਇਸ ਵਾਰ ਅਮਰਿੰਦਰ ਗਿੱਲ ਨੇ ਆਪਣੀ ਗਾਇਕੀ ਦੇ ਨਾਲ ‘ਛੱਲਾ’ ਗੀਤ ਨੂੰ ਇੱਕ ਨਵਾਂ ਮੁਕਾਮ ਦੇ ਦਿੱਤਾ ਹੈ। ਜੀ ਹਾਂ ‘ਛੱਲਾ ਮੁੜ ਕੇ ਨਹੀਂ ਆਇਆ’ ਦਾ ਟਾਈਟਲ ਟਰੈਕ ਗਾਇਕ ਅਮਰਿੰਦਰ ਗਿੱਲ ਦੀ ਆਵਾਜ਼ ‘ਚ ਹੀ ਰਿਲੀਜ਼ ਹੋਇਆ ਹੈ।

‘ਛੱਲਾ ਮੁੜ ਕੇ ਨਹੀਂ ਆਇਆ’ ਗੀਤ ‘ਚ ਉਨ੍ਹਾਂ ਨੇ ਪੰਜਾਬੀ ਮਾਵਾਂ ਦੀਆਂ ਕੁਰਬਾਨੀਆਂ ਤੇ ਮਜ਼ਬੂਰੀਆਂ ਕਰਕੇ ਪ੍ਰਦੇਸ਼ਾਂ ‘ਚ ਮਿੱਟੀ ਨਾਲ ਮਿੱਟੀ ਹੁੰਦੇ ਪੰਜਾਬੀ ਗੱਭਰੂਆਂ ਦੇ ਹਾਲਾਤਾਂ ਨੂੰ ਬਿਆਨ ਕੀਤਾ ਹੈ। ਇਸ ਗੀਤ ‘ਚ ਪੰਜਾਬੀ ਮਾਵਾਂ ਦੇ ਦੁੱਖਾਂ ਨੂੰ ਬਿਆਨ ਕੀਤਾ ਹੈ। ਇਸ ਗੀਤ ਦੇ ਬੋਲਾਂ ਅਨੁਸਾਰ ਪੰਜਾਬੀ ਮਾਵਾਂ ਦੀ ਕੋਈ ਰੀਸ ਨਹੀਂ ਕਰ ਸਕਦਾ ਜੋ ਕਿ ਆਪਣੇ ਪੁੱਤਾਂ ਨੂੰ ਜੰਗਾਂ ਤੇ ਪਰਦੇਸਾਂ ‘ਚ ਹੱਸ ਕੇ ਤੋਰ ਦਿੰਦੀਆਂ ਹਨ। ਇਸ ਗੀਤ ਨੂੰ Lowkey ਨੇ ਮਿਊਜ਼ਿਕ ਦਿੱਤਾ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਫ਼ਿਲਮ ਰਿਦਮ ਬੁਆਏਜ਼ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਹੈ ਜਿਸ ਵਿੱਚ ਅਮਰਿੰਦਰ ਗਿੱਲ, ਸਰਗੁਣ ਮਹਿਤਾ, ਸਿਡਨੀ ਐਬਰਵਿਨ, ਬਿਨੂੰ ਢਿੱਲੋਂ, ਕਰਮਜੀਤ ਅਨਮੋਲ, ਰਾਜ ਕਾਕੜਾ ਤੇ ਕਈ ਹੋਰ ਕਲਾਕਾਰ ਇਸ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ, ਜਦਕਿ ਫ਼ਿਲਮ ‘ਚ ਨਿਰਦੇਸ਼ਨ ਖੁਦ ਅਮਰਿੰਦਰ ਗਿੱਲ ਦੇ ਰਹੇ ਹਨ। ਇਹ ਫ਼ਿਲਮ 29 ਜੁਲਾਈ 2022 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।
AAP ਸੰਸਦ ਮੈਂਬਰ ਸੰਜੇ ਸਿੰਘ ਨੂੰ ਇੱਕ ਹਫ਼ਤੇ ਲਈ ਰਾਜ ਸਭਾ ਤੋਂ ਕੀਤਾ ਸਸਪੈਂਡ
ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ। ਦੱਸ ਦਈਏ ਕਿ ਹਰ ਵਾਰ ਵਾਂਗ ਇਸ ਵਾਰ ਵੀ ਸੈਸ਼ਨ ਹੰਗਾਮੇਦਾਰ ਹੀ ਚੱਲ ਰਿਹਾ ਹੈ। ਅੱਜ ਯਾਨੀ ਕਿ ਬੁੱਧਵਾਰ ਨੂੰ ਰਾਜ ਸਭਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਇੱਕ ਹਫ਼ਤੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੂੰ ਨਾਅਰੇ ਲਾਉਣ, ਕਾਗਜ਼ ਪਾੜਨ ਅਤੇ ਸਪੀਕਰ ਦੀ ਕੁਰਸੀ ਵੱਲ ਸੁੱਟਣ ਦੇ ਦੋਸ਼ ’ਚ ਸਸਪੈਂਡ ਕੀਤਾ ਗਿਆ ਹੈ।
ਰਾਜ ਸਭਾ ਦੇ ਡਿਪਟੀ ਸਪੀਕਰ ਹਰੀਵੰਸ਼ ਨਾਰਾਇਣ ਸਿੰਘ ਨੇ ਕਿਹਾ ਕਿ ਸੰਜੇ ਸਿੰਘ ਨਾਅਰੇਬਾਜ਼ੀ ਕਰ ਰਹੇ ਸਨ। ਉਨ੍ਹਾਂ ਨੇ ਪੇਪਰ ਪਾੜਿਆ ਅਤੇ ਉਸ ਨੂੰ ਕੁਰਸੀ ਵੱਲ ਉਛਾਲਿਆ ਜੋ ਕਿ ਆਸਨ ਦੀ ਪੂਰੀ ਤਰ੍ਹਾਂ ਉਲੰਘਣਾ ਹੈ। ਇਸ ਦੇ ਤੁਰੰਤ ਬਾਅਦ ਸੰਜੇ ਸਿੰਘ ਖ਼ਿਲਾਫ ਇਕ ਮੋਸ਼ਨ ਵਾਇਸ ਵੋਟ ਪਾਸ ਕੀਤਾ ਗਿਆ ਅਤੇ ਉਨ੍ਹਾਂ ਨੂੰ ਤੁਰੰਤ ਬਾਹਰ ਜਾਣ ਦਾ ਨਿਰਦੇਸ਼ ਦਿੱਤਾ ਗਿਆ। ਦੱਸ ਦੇਈਏ ਕਿ ਹੁਣ ਤੱਕ ਰਾਜ ਸਭਾ ਦੇ 19 ਸੰਸਦ ਮੈਂਬਰਾਂ ਅਤੇ ਲੋਕ ਸਭਾ ਦੇ 4 ਮੈਂਬਰਾਂ ਜੋ ਕਾਂਗਰਸ ਪਾਰਟੀ ਤੋਂ ਹਨ, ਸਦਨ ਨਾ ਚੱਲਣ ਦੇਣ ਅਤੇ ਹੰਗਾਮਾ ਕਰਨ ਕਰ ਕੇ ਸਸਪੈਂਡ ਕੀਤੇ ਜਾ ਚੁੱਕੇ ਹਨ।
ਹਾਈਕੋਰਟ ਨੇ ਖਾਰਿਜ ਕੀਤੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ
high court rejected the bail application of Ashish Mishra: ਲਖੀਮਪੁਰ ਖੀਰੀ ਹਿੰਸਾ ਮਾਮਲੇ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ਇਲਾਹਾਬਾਦ ਹਾਈਕੋਰਟ ਨੇ ਰੱਦ ਕਰ ਦਿੱਤੀ। ਅਦਾਲਤ ਨੇ ਕਿਹਾ ਕਿ ਰਿਕਾਰਡ ’ਤੇ ਮੌਜੂਦ ਤੱਥਾਂ ਦੇ ਮੱਦੇਨਜ਼ਰ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ’ਤੇ ਰਿਹਾਅ ਨਹੀਂ ਕੀਤਾ ਜਾ ਸਕਦਾ। ਇਹ ਫੈਸਲਾ ਜਸਟਿਸ ਕਿ੍ਰਸ਼ਨਾ ਪਹਿਲ ਦੇ ਸਿੰਗਲ ਬੈਂਚ ਨੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਸੁਣਾਇਆ। ਜਸਟਿਸ ਕਿ੍ਰਸ਼ਨਾ ਬੈਂਚ ਨੇ ਸੁਣਵਾਈ ਪੂਰੀ ਕਰਨ ਤੋਂ ਬਾਅਦ 15 ਜੁਲਾਈ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ 10 ਫਰਵਰੀ 2022 ਨੂੰ ਆਸ਼ੀਸ਼ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਬਾਅਦ ਵਿੱਚ ਸੁਪਰੀਮ ਕੋਰਟ ਨੇ ਜ਼ਮਾਨਤ ਰੱਦ ਕਰ ਦਿੱਤੀ ਸੀ। ਜ਼ਿਕਰਯੋਗ ਹੈ ਕਿ ਲੰਘੇ ਸਾਲ ਅਕਤੂਬਰ ਮਹੀਨੇ ਉਤਰ ਪ੍ਰਦੇਸ਼ ਵਿਚ ਪੈਂਦੇ ਲਖੀਮਪੁਰ ਖੀਰੀ ਵਿਚ ਖੇਤੀ ਕਾਨੂੰਨਾਂ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਇਕ ਗੱਡੀ ਆ ਚੜ੍ਹੀ ਸੀ ਅਤੇ ਇਸ ਗੱਡੀ ਵਿਚ ਆਸ਼ੀਸ਼ ਮਿਸ਼ਰਾ ਬੈਠਾ ਹੋਇਆ ਸੀ। ਇਸ ਦੌਰਾਨ ਚਾਰ ਕਿਸਾਨਾਂ ਦੀ ਜਾਨ ਚਲੇ ਗਈ ਸੀ ਅਤੇ ਇਸ ਤੋਂ ਬਾਅਦ ਹੋਈ ਹਿੰਸਾ ਵਿਚ ਚਾਰ ਹੋਰ ਵਿਅਕਤੀਆਂ ਦੀ ਮੌਤ ਵੀ ਹੋ ਗਈ ਸੀ।
ਪੰਜਾਬੀ ਗਾਇਕ ਬਲਵਿੰਦਰ ਸਫ਼ਰੀ ਦਾ ਹੋਇਆ ਦਿਹਾਂਤ
ਪਿੰਡ ਬਲੇਰ ਖਾਨਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਜਨਮੇ ਤੇ ਸਫ਼ਰੀ ਬੁਆਏਜ਼ ਗਰੁੱਪ ਨਾਲ ਇੰਗਲੈਂਡ ਸਮੇਤ ਦੁਨੀਆ ਵਿੱਚ ਪ੍ਰਸਿੱਧੀ ਹਾਸਲ ਕਰਨ ਵਾਲੇ ਪੰਜਾਬੀ ਗਾਇਕ ਬਲਵਿੰਦਰ ਸਫਰੀ ਦਾ ਲੰਮੀ ਬਿਮਾਰੀ ਪਿੱਛੋਂ ਦੇਹਾਂਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਪਿੰਡ ਬਲੇਰਖਾਨਪੁਰ (ਕਪੂਰਥਲਾ) ਤੋਂ ਆਪਣੀ ਗਾਇਕੀ ਦੀ ਸ਼ੁਰੁਆਤ ਕਰਕੇ ਫਿਰ ਇੰਗਲੈਂਡ ਜਾ ਵਸੇ ਗਾਇਕ ਸਫ਼ਰੀ ਦੇ ਪ੍ਰਸਿੱਧ ਗੀਤਾਂ ਵਿੱਚ “ਪਾ ਲੳ ਭੰਗੜੇ ਕਰੋ ਚਿੱਤ ਰਾਜੀ, ਅੰਬਰਾਂ ਤੋਂ ਆਈ ਹੋਈ ਹੂਰ, ਰਾਹੇ ਰਾਹੇ ਜਾਣ ਵਾਲੀਏ ਆਦਿ ਅਣਗਿਣਤ ਗੀਤਾਂ ਰਾਹੀਂ ਦੁਨੀਆ ‘ਤੇ ਆਪਣਾ ਅਤੇ ਇਲਾਕੇ ਦਾ ਨਾਂਅ ਚਮਕਾਇਆ। ਉਹਨਾਂ ਦਾ ਅਖੀਰਲਾ ਗੀਤ “ਧਮਾਲਾਂ” ਪਿਛਲੇ ਵਰ੍ਹੇ ਰਿਲੀਜ਼ ਹੋਇਆ ਜਿਸ ਨੂੰ ਸਰੋਤਿਆਂ ਦਾ ਮਣਾਂ ਮੂੰਹੀਂ ਪਿਆਰ ਮਿਲਿਆ। ਬਲਵਿੰਦਰ ਸਫ਼ਰੀ ਨੂੰ ਸੰਗੀਤ ਦੀ ਦੁਨੀਆ ਵਿੱਚ ਬੀਟ ਸਟਾਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। 63 ਸਾਲਾ ਗਾਇਕ ਸਫ਼ਰੀ ਲੰਬੇ ਸਮੇਂ ਤੋਂ ਦਿਲ ਦੀ ਬਿਮਾਰੀ ਨਾਲ ਜੂਝ ਰਹੇ ਸਨ।
ਉਹਨਾਂ ਦਾ ਵਿਦੇਸ਼ ਵਿਖੇ ਅਪ੍ਰੈਲ ਮਹੀਨੇ ਦਿਲ ਦਾ ਆਪ੍ਰੇਸ਼ਨ ਹੋਣ ਉਪਰੰਤ ਹਸਪਤਾਲ ਛੁੱਟੀ ਮਿਲ ਗਈ ਪਰ ਉਹਨਾਂ ਦੀ ਸਿਹਤ ਸਬੰਧੀ ਮੁਸ਼ਕਿਲਾਂ ਠੀਕ ਨਾ ਹੋਣ ਕਾਰਨ ਅੱਜ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹਨਾਂ ਦੀ ਮੌਤ ਦੀ ਖ਼ਬਰ ਨਾਲ ਉਹਨਾਂ ਦੀ ਜਨਮ ਭੂਮੀ ਬਲੇਰ ਖਾਨਪੁਰ, ਕਾਲਾ ਸੰਘਿਆਂ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸਫ਼ਰੀ ਦੀ ਮੌਤ ਦੀ ਖ਼ਬਰ ਆਉਣ ਤੇ ਪ੍ਰਸਿੱਧ ਕਲਾਕਾਰਾਂ, ਗੀਤਕਾਰਾਂ ਅਤੇ ਸੰਗੀਤਕਾਰਾਂ ਨੇ ਆਪਣੇ ਆਪਣੇ ਆਪਣੇ ਸੋਸ਼ਲ ਮੀਡੀਆ ਰਾਹੀਂ ਸਫ਼ਰੀ ਦੀ ਮੌਤ ਤੇ ਦੁਖ ਪ੍ਰਗਟ ਕੀਤਾ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਬਲਵਿੰਦਰ ਸਫ਼ਰੀ ਆਪਣੇ ਗੀਤਾਂ ਰਾਹੀਂ ਦੁਨੀਆ ‘ਤੇ ਹਮੇਸ਼ਾ ਜਿਉਂਦਾ ਰਹੇਗਾ।












