Home Blog Page 1961

ਜਗਦੀਪ ਧਨਖੜ ਨੇ ਜਿੱਤੀ ਉਪ ਰਾਸ਼ਟਰਪਤੀ ਦੀ ਚੋਣ, PM ਮੋਦੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਵਧਾਈ

0

ਭਾਰਤ ਦੇ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਹੋਈਆਂ ਚੋਣਾਂ ਦਾ ਨਤੀਜਾ ਆ ਗਿਆ ਹੈ, ਜਿਸ ’ਚ  ਐੱਨ. ਡੀ. ਏ ਦੇ ਉੱਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜਗਦੀਪ ਧਨਖੜ ਨੇ ਜਿੱਤ ਦਰਜ ਕੀਤੀ ਹੈ। ਜਗਦੀਪ ਧਨਖੜ ਭਾਰਤ ਦੇ ਨਵੇਂ ਉਪ ਰਾਸ਼ਟਰਪਤੀ ਹੋਣਗੇ। ਉਹ 11 ਅਗਸਤ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਜਗਦੀਪ ਧਨਖੜ ਦੇ ਉਪ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਵਧਾਈਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਜਗਦੀਪ ਧਨਖੜ ਨੂੰ ਜਿੱਤ ‘ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਅਕਬਰ ਰੋਡ ‘ਤੇ ਪਹੁੰਚ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰਾਹੁਲ ਗਾਂਧੀ ਸਮੇਤ ਕਈ ਨੇਤਾਵਾਂ ਨੇ ਧਨਖੜ ਨੂੰ ਵਧਾਈ ਦਿੱਤੀ ਹੈ।ਉਨ੍ਹਾਂ ਨੂੰ 528 ਵੋਟਾਂ ਪ੍ਰਾਪਤ ਹੋਈਆਂ, ਜਦਕਿ ਮਾਰਗਰੇਟ ਅਲਵਾ ਨੂੰ 182 ਵੋਟਾਂ ਪਈਆਂ। ਇਸ ਤਰ੍ਹਾਂ ਜਗਦੀਪ ਧਨਖੜ ਨੇ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ ਮਾਰਗਰੇਟ ਅਲਵਾ ਨੂੰ 346 ਵੋਟਾਂ ਨਾਲ ਹਰਾਇਆ। ਇਸ ਤਰ੍ਹਾਂ ਐੱਨ. ਡੀ. ਏ. ਉਮੀਦਵਾਰ ਧਨਖੜ ਨੇ ਵੱਡੀ ਜਿੱਤ ਦਰਜ ਕੀਤੀ। ਇਸ ਦੌਰਾਨ 780 ’ਚੋਂ 725 ਸੰਸਦ ਮੈਂਬਰਾਂ ਨੇ ਉਪ ਰਾਸ਼ਟਰਪਤੀ ਦੀ ਚੋਣ ’ਚ ਵੋਟ ਦੀ ਵਰਤੋਂ ਕੀਤੀ। ਭਾਜਪਾ ਦੇ ਦੋ ਸੰਸਦ ਮੈਂਬਰ ਸਿਹਤ ਕਾਰਨਾਂ ਕਰਕੇ ਵੋਟ ਨਹੀਂ ਪਾ ਸਕੇ। ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਤੇ ਸੰਜੇ ਧੋਤਰੇ ਨੇ ਵੋਟ ਨਹੀਂ ਪਾਈ। ਟੀ.ਐੱਮ.ਸੀ. ਦੇ ਦੋ ਸੰਸਦ ਮੈਂਬਰਾਂ ਸ਼ਿਸ਼ੀਰ ਅਧਿਕਾਰੀ ਅਤੇ ਭਰਾ ਦੁਬਯੇਂਦੂ ਅਧਿਕਾਰੀ ਨੇ ਆਪਣੀ ਵੋਟ ਦੀ ਵਰਤੋਂ ਕੀਤੀ, ਜਦਕਿ ਟੀ.ਐੱਮ.ਸੀ. ਨੇ ਵੋਟਿੰਗ ਤੋਂ ਦੂਰੀ ਬਣਾਉਣ ਦਾ ਫ਼ੈਸਲਾ ਕੀਤਾ ਹੋਇਆ ਸੀ।

ਜ਼ਿਕਰਯੋਗ ਹੈ ਕਿ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਦਾ ਕਾਰਜਕਾਲ 10 ਅਗਸਤ ਨੂੰ ਖ਼ਤਮ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਪਹਿਲਾਂ ਵੋਟ ਪਾਉਣ ਵਾਲੇ ਸੰਸਦ ਮੈਂਬਰਾਂ ’ਚ ਸ਼ਾਮਲ ਹੋਏ। ਓਧਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵ੍ਹੀਲਚੇਅਰ ’ਤੇ ਸੰਸਦ ਭਵਨ ਪਹੁੰਚੇ ਅਤੇ ਉੱਪ ਰਾਸ਼ਟਰਪਤੀ ਚੋਣ ’ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਸਭਾ ਅਤੇ ਰਾਜ ਸਭਾ ਦੇ ਸੰਸਦ ਮੈਂਬਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

ਭਾਰਤ ਦੇ ਉੱਪ ਰਾਸ਼ਟਰਪਤੀ, ਜੋ ਦੇਸ਼ ‘ਚ ਦੂਜਾ ਸਰਵਉੱਚ ਸੰਵਿਧਾਨਕ ਅਹੁਦਾ ਹੈ, ਦੀਆਂ ਚੋਣਾਂ ਇਕ ਚੋਣ ਮੰਡਲ ਦੇ ਮਾਧਿਅਮ ਨਾਲ ਹੁੰਦੀਆਂ ਹਨ, ਜਿਸ ’ਚ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰ ਹੁੰਦੇ ਹਨ। ਪੇਸ਼ੇ ਤੋਂ ਵਕੀਲ ਧਨਖੜ 1989 ’ਚ ਰਾਜਨੀਤੀ ’ਚ ਸ਼ਾਮਲ ਹੋਏ। ਉਹ ਜੁਲਾਈ 2019 ’ਚ ਪੱਛਮੀ ਬੰਗਾਲ ਦੇ ਰਾਜਪਾਲ ਬਣੇ ਅਤੇ ਉਦੋਂ ਤੋਂ ਮਮਤਾ ਬੈਨਰਜੀ ਸਰਕਾਰ ਨਾਲ ਆਪਣੇ ਅਸ਼ਾਂਤ ਸੰਬੰਧਾਂ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਨੇ ਪੱਛਮੀ ਬੰਗਾਲ ਦੇ ਰਾਜਪਾਲ ਦੇ ਰੂਪ ’ਚ ਆਪਣਾ ਅਸਤੀਫ਼ਾ ਦੇ ਦਿੱਤਾ। ਮਾਰਗਰੇਟ ਅਲਵਾ ਨੇ 19 ਜੁਲਾਈ ਨੂੰ ਉੱਪ ਰਾਸ਼ਟਰਪਤੀ ਚੋਣਾਂ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਵਿਰੋਧੀ ਦਲਾਂ ਨੇ 17 ਜੁਲਾਈ ਨੂੰ ਰਾਜਸਥਾਨ ਦੇ ਸਾਬਕਾ ਰਾਜਪਾਲ ਨੂੰ ਉੱਪ ਰਾਸ਼ਟਰਪਤੀ ਚੋਣਾਂ ਲਈ ਆਪਣੇ ਸੰਯੁਕਤ ਉਮੀਦਵਾਰ ਦੇ ਰੂਪ ’ਚ ਮੈਦਾਨ ’ਚ ਉਤਾਰਨ ਦਾ ਫ਼ੈਸਲਾ ਕੀਤਾ। ਅਲਵਾ ਨੂੰ ਮੈਦਾਨ ’ਚ ਉਤਾਰਨ ਦਾ ਫ਼ੈਸਲਾ ਐੱਨ. ਸੀ. ਪੀ. ਸੁਪਰੀਮੋ ਸ਼ਰਦ ਪਵਾਰ ਦੇ ਘਰ 17 ਪਾਰਟੀਆਂ ਦੇ ਵਿਰੋਧੀ ਨੇਤਾਵਾਂ ਦੀ ਬੈਠਕ ’ਚ ਲਿਆ ਗਿਆ।

ਰਾਸ਼ਟਰਮੰਡਲ ਖੇਡਾਂ ‘ਚ ਰਵੀ ਦਹੀਆ ਤੇ ਵਿਨੇਸ਼ ਫੋਗਾਟ ਨੇ ਜਿੱਤਿਆ ਗੋਲਡ ਮੈਡਲ

0

ਰਾਸ਼ਟਰਮੰਡਲ ਖੇਡਾਂ ‘ਚ ਭਾਰਤੀ ਖਿਡਾਰੀ ਕਮਾਲ ਦਾ ਪ੍ਰਦਰਸ਼ਨ ਕਰ ਰਹੇ ਹਨ। ਰਾਸ਼ਟਰਮੰਡਲ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ’ਚ ਭਾਰਤੀ ਪਹਿਲਵਾਨ ਰਵੀ ਦਹੀਆ, ਵਿਨੇਸ਼ ਫੋਗਾਟ ਤੇ ਨਵੀਨ ਕੁਮਾਰ ਨੇ ਸੋਨ ਤਗ਼ਮੇ ਜਦਕਿ ਪੂਜਾ ਗਹਿਲੋਤ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ।

ਟੋਕੀਓ ਓਲੰਪਿਕਸ ’ਚ ਚਾਂਦੀ ਦਾ ਤਗ਼ਮਾ ਜੇਤੂ ਰਵੀ ਦਹੀਆ ਨੇ ਫਾਈਨਲ ਮੁਕਾਬਲੇ ’ਚ ਨਾਇਜੀਰੀਆ ਦੇ ਐਬੀਕੇਵੇਨਿਮੋ ਵੈਲਸਨ ਨੂੰ ਹਰਾਇਆ। ਇਸ ਤੋਂ ਪਹਿਲਾਂ ਉਸ ਨੇ ਨਿਊਜ਼ੀਲੈਂਡ ਦੇ ਸੂਰਜ ਸਿੰਘ ਤੇ ਪਾਕਿਸਤਾਨ ਦੇ ਅਸਲ ਅਲੀ ਨੂੰ ਤਕਨੀਕੀ ਆਧਾਰ ’ਤੇ ਹਰਾਇਆ। ਨਵੀਨ ਕੁਮਾਰ ਨੇ 74 ਕਿਲੋ ਭਾਰ ਵਰਗ ਵਿੱਚ ਪਾਕਿਸਤਾਨ ਮੁਹੰਮਦ ਸ਼ਰੀਫ਼ ਤਾਹਿਰ ਨੂੰ ਮਾਤ ਦਿੱਤੀ। ਇਸੇ ਤਰ੍ਹਾਂ ਵਿਨੇਸ਼ ਫੋਗਾਟ ਨੇ ਵੀ ਰਾਸ਼ਟਰਮੰਡਲ ਖੇਡਾਂ ’ਚ ਸੋਨੇ ਦਾ ਤਗ਼ਮਾ ਹਾਸਲ ਕੀਤਾ ਹੈ। ਉਸ ਨੇ ਫਾਈਨਲ ਵਿੱਚ ਸ੍ਰੀਲੰਕਾ ਦੀ ਪਹਿਲਵਾਨ ਚਾਮੋਡੀਆ ਕੇਸ਼ਾਨੀ ਮਦੁਰਾਵਲਾਗੇ ਨੂੰ ਹਰਾਇਆ। ਫਾਈਨਲ ਤੋਂ ਪਹਿਲਾਂ ਉਸ ਨੇ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਤਗ਼ਮਾ ਜੇਤੂ ਕੈਨੇਡਾ ਦੀ ਸਾਮੰਥਾ ਲੀ ਸਟੀਵਰਟ ਨੂੰ ਹਰਾਇਆ। ਵਿਨੇਸ਼ ਲਈ ਇਹ ਮੁਕਾਬਲਾ ਮੁਸ਼ਕਲ ਸੀ ਪਰ ਉਸ ਨੇ ਸਿਰਫ਼ 36 ਸਕਿੰਟ ’ਚ ਇਹ ਮੁਕਾਬਲਾ ਜਿੱਤ ਲਿਆ। ਇਸ ਮਗਰੋਂ ਉਸ ਨੇ ਨਾਇਜੀਰੀਆ ਦੀ ਮਰਸੀ ਬੋਲਾਫੁਨੋਲੁਵਾ ਐਡੇਕੁਰੋਏ ਨੂੰ ਮਾਤ ਦਿੱਤੀ।

ਇਸੇ ਤਰ੍ਹਾਂ ਭਾਰਤੀ ਮਹਿਲਾ ਪਹਿਲਵਾਨ ਪੂਜਾ ਗਹਿਲੋਤ ਨੇ ਮਹਿਲਾਵਾਂ ਦੇ 50 ਕਿਲੋਗ੍ਰਾਮ ਭਾਰ ਵਰਗ ’ਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਉਸ ਨੇ ਸਕਾਟਲੈਂਡ ਦੀ ਕ੍ਰਿਸਟੈਲੇ ਐੱਲ ਨੂੰ ਮਾਤ ਦਿੱਤੀ। ਇਸ ਤੋਂ ਪਹਿਲਾਂ ਲੰਘੀ ਰਾਤ ਹੋਏ ਮੁਕਾਬਲਿਆਂ ’ਚ ਦਿਵਿਆ ਕਾਕਰਾਨ ਤੇ ਮੋਹਿਤ ਗਰੇਵਾਲ ਨੇ ਭਾਰਤ ਲਈ ਕਾਂਸੀ ਦੇ ਤਗ਼ਮੇ ਜਿੱਤੇ। ਦਿਵਿਆ ਕਾਕਰਾਨ ਨੇ ਮਹਿਲਾਵਾਂ ਦੇ 68 ਕਿਲੋ ਭਾਰ ਵਰਗ ’ਚ ਕਾਂਸੀ ਦਾ ਤਗ਼ਮੇ ਦੇ ਪਲੇਆਫ ਮੁਕਾਬਲੇ ’ਚ ਟੌਂਗਾ ਦੀ ਟਾਈਗਰ ਲਿਲੀ ਨੂੰ ਸਿਰਫ਼ 26 ਸਕਿੰਟ ’ਚ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਪੁਰਸ਼ਾਂ ਦੇ 125 ਕਿਲੋ ਭਾਰ ਵਰਗ ’ਚ ਮੋਹਿਤ ਗਰੇਵਾਲ ਨੇ ਜਮਾਇਕਾ ਦੇ ਆਰੋਨ ਜੌਹਨਸਨ ਨੂੰ 6-0 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਦਿਵਿਆ ਕਾਕਰਾਨ ਹਾਲਾਂਕਿ ਫਰੀ ਸਟਾਈਲ 68 ਕਿਲੋਗ੍ਰਾਮ ਭਾਰ ਵਰਗ ਦੇ ਕੁਆਰਟਰ ਫਾਈਨਲ ’ਚ ਨਾਇਜੀਰੀਆ ਦੀ ਬਲੈਸਿੰਗ ਓਬੋਰੁਡੁਡੂ ਤੋਂ ਤਕਨੀਕ ਪੱਖ (0-11) ਤੋਂ ਹਾਰ ਗਈ ਸੀ।

ਪੰਜਾਬ ਵਿਜੀਲੈਂਸ ਬਿਊਰੋ ਨੇ ਧਰਮਸੋਤ ਖਿਲਾਫ ਮੋਹਾਲੀ ਅਦਾਲਤ ‘ਚ ਚਲਾਨ ਕੀਤਾ ਪੇਸ਼

0

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮੋਹਾਲੀ ਦੀ ਅਦਾਲਤ ਵਿੱਚ ਜੰਗਲਾਤ ਘੁਟਾਲੇ ਦੇ ਮਾਮਲੇ ਵਿੱਚ ਮਿੱਥੇ ਸਮੇਂ ਅੰਦਰ ਚਲਾਨ ਪੇਸ਼ ਕਰ ਦਿੱਤਾ ਹੈ ,ਜਿਸ ਨੂੰ ਰੈਗੂਲਰ ਸੁਣਵਾਈ ਲਈ ਸ਼ੈਸ਼ਨ ਕੋਰਟ ਵਿੱਚ ਭੇਜ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਓਰੋ ਵੱਲੋਂ ਪਹਿਲਾਂ ਹੀ ਮੁਕੱਦਮਾ ਨੰ. 7, ਮਿਤੀ 6-7-2022 ਨੂੰ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਜ਼ਿਲ੍ਹਾ ਜੰਗਲਾਤ ਅਫਸਰ ਗੁਰਮਨਪ੍ਰੀਤ ਸਿੰਘ ਅਤੇ ਇੱਕ ਪ੍ਰੈਸ ਰਿਪੋਰਟਰ ਕਮਲਪ੍ਰੀਤ ਸਿੰਘ ਉਰਫ ਕਮਲ, ਤੱਤਕਾਲੀ ਮੰਤਰੀ ਦੇ ਓਐਸਡੀ ਤੋਂ ਇਲਾਵਾ ਹੋਰ ਮੁਲਜਮਾਂ ਖਿਲਾਫ ਕੇਸ ਦਰਜ ਕੀਤਾ ਹੋਇਆ ਹੈ।

ਉਨਾਂ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ 7/6/2022 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਸਮੇਂ ਉਹ ਨਿਆਂਇਕ ਹਿਰਾਸਤ ਵਿੱਚ ਹਨ। ਉਨਾਂ ਦੱਸਿਆ ਕਿ ਬਿਓਰੋ ਵੱਲੋਂ ਇਸ ਮਾਮਲੇ ਵਿੱਚ ਮੁਲਜ਼ਮ ਸਾਧੂ ਸਿੰਘ ਧਰਮਸੋਤ, ਗੁਰਮਨਪ੍ਰੀਤ ਸਿੰਘ, ਡੀਐਫਓ ਅਤੇ ਕਮਲਪ੍ਰੀਤ ਸਿੰਘ ਉਰਫ ਕਮਲ ਖਿਲਾਫ ਸੀਆਰਪੀਸੀ ਦੀ ਧਾਰਾ 173(2) ਤਹਿਤ ਸੈਸਨ ਕੋਰਟ, ਮੁਹਾਲੀ ਵਿੱਚ ਅੰਤਿਮ ਰਿਪੋਰਟ ਅੱਜ ਦਾਇਰ ਕਰ ਦਿੱਤੀ ਗਈ ਹੈ। ਹੁਣ ਇਹ ਮੁਕੱਦਮਾ ਮੁਹਾਲੀ ਦੀ ਵਧੀਕ ਅਤੇ ਸੈਸਨ ਅਦਾਲਤ ਵਿੱਚ ਸੁਣਵਾਈ ਲਈ ਭੇਜ ਦਿੱਤਾ ਗਿਆ ਹੈ ਅਤੇ ਇਸ ਤੇ ਵਿਚਾਰ ਲਈ ਅਗਲੀ ਤਰੀਕ 8 ਅਗਸਤ, 2022 ਨਿਸਚਿਤ ਕੀਤੀ ਗਈ ਹੈ।

ਸਾਬਕਾ ਮੰਤਰੀ ਹੋਰਨਾ ਸਮੇਤ ਖੈਰ ਦੇ ਦਰੱਖਤਾਂ ਦੀ ਕਟਾਈ ਦੇ ਪਰਮਿਟ ਦੇਣ, ਵਿਭਾਗ ਦੇ ਅਧਿਕਾਰੀਆਂ ਦੇ ਤਬਾਦਲੇ, ਖਰੀਦਦਾਰੀ ਕਰਨ ਅਤੇ ਜੰਗਲਾਤ ਵਿਭਾਗ ਦੇ ਹੋਰ ਮੁਲਜਮਾਂ ਅਤੇ ਨਿੱਜੀ ਠੇਕੇਦਾਰਾਂ ਦੀ ਮਿਲੀਭੁਗਤ ਨਾਲ ਵਿਭਾਗ ਵਿੱਚ ਸੰਗਠਿਤ ਭਿ੍ਰਸਟਾਚਾਰ ਵਿੱਚ ਸ਼ਾਮਲ ਸੀ। ਬੁਲਾਰੇ ਨੇ ਦੱਸਿਆ ਕਿ ਇਸ ਘੁਟਾਲੇ ਵਿੱਚ ਵੱਖ-ਵੱਖ ਦੋਸ਼ੀਆਂ ਤੋਂ ਮਿਲੇ ਦਸਤਾਵੇਜੀ ਸਬੂਤਾਂ ਅਤੇ ਜੁਬਾਨੀ ਖੁਲਾਸਿਆਂ ਦੇ ਆਧਾਰ ’ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਬਿਊਰੋ ਨੇ ਉਕਤ ਵਿਅਕਤੀਆਂ ਤੋਂ ਇਲਾਵਾ ਹੋਰ ਦੋਸੀਆਂ ਨੂੰ ਗਿ੍ਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।

ਪੰਜਾਬ ਸਰਕਾਰ ਨੇ ਕੱਚੇ ਅਧਿਆਪਕਾਂ ਲਈ ਕੀਤਾ ਵੱਡਾ ਐਲਾਨ, ਈ.ਟੀ.ਟੀ. ਅਧਿਆਪਕਾਂ ਦੀ ਸਿੱਧੀ ਭਰਤੀ ‘ਚ ਮਿਲੇਗੀ ਇਹ ਛੋਟ

0

ਪੰਜਾਬ ਸਰਕਾਰ ਨੇ ਅੱਜ ਇਕ ਹੋਰ ਮੁਲਾਜ਼ਮਾਂ ਪੱਖੀ ਫ਼ੈਸਲਾ ਲੈਂਦੇ ਹੋਏ ਸਿੱਖਿਆ ਪ੍ਰੋਵਾਈਡਰਜ਼ /ਐਜੂਕੇਸ਼ਨ ਪ੍ਰੋਵਾਈਡਰਜ਼ /ਐਜੂਕੇਸ਼ਨ ਵਲੰਟੀਅਰਜ਼/ ਈ.ਜੀ.ਐਸ/ਏ.ਆਈ.ਈ. ਅਤੇ ਐਸ.ਟੀ.ਆਰ.ਵਲੰਟੀਅਰਜ ਨੂੰ ਸਿੱਖਿਆ ਵਿਭਾਗ ਵਿੱਚ ਈ.ਟੀ.ਟੀ. ਅਧਿਆਪਕਾਂ ਦੀ ਸਿੱਧੀ ਭਰਤੀ ਲਈ ਅਪਲਾਈ ਕਰਨ ਲਈ ਮਿੱਥੀ ਉਮਰ ਹੱਦ ਵਿਚ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਹੁਣ ਸਿੱਧੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਵਿੱਚ ਭਾਗ ਲੈ ਸਕਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬੀਤੇ ਕਈ ਸਾਲਾਂ ਤੋਂ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਅਧੀਨ ਸਿੱਖਿਆ ਪ੍ਰੋਵਾਈਡਰਜ਼ /ਐਜੂਕੇਸ਼ਨ ਪ੍ਰੋਵਾਈਡਰਜ਼ /ਐਜੂਕੇਸ਼ਨ ਵਲੰਟੀਅਰਜ਼/ ਈ.ਜੀ.ਐਸ./ਏ.ਆਈ.ਈ. ਅਤੇ ਐਸ.ਟੀ.ਆਰ.ਵਲੰਟੀਅਰਜ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਿੱਧੀ ਭਰਤੀ ਲਈ ਪੰਜਾਬ ਸਰਕਾਰ ਵੱਲੋਂ ਤੈਅ ਉਮਰ ਹੱਦ ਦੀ ਸੀਮਾਂ ਉਹ ਪਾਰ ਕਰ ਚੁੱਕੇ ਹਨ ਇਸ ਲਈ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਉਮਰ ਹੱਦ ਵਿਚ ਵਾਧੇ ਦੀ ਮੰਗ ਕਰ ਰਹੇ ਸਨ।

ਹਰਜੋਤ ਬੈਂਸ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ਨੂੰ ਮੁੱਖ ਮੰਤਰੀ ਪੰਜਾਬ ਕੋਲ ਬਹੁਤ ਗੰਭੀਰਤਾ ਨਾਲ ਚੁਕਿਆ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਇਸ ਨੂੰ ਹਮਦਰਦੀ ਨਾਲ ਵਿਚਾਰਦਿਆਂ ਹੋਇਆ ਪੰਜਾਬ ਸਿਵਲ ਸੇਵਾਵਾਂ ( ਆਮ ਅਤੇ ਸਾਂਝੀਆਂ ਸੇਵਾ ਸ਼ਰਤਾਂ ) ਨਿਯਮ 1994 ਦੇ ਨਿਯਮ 19 ( ਢਿੱਲ ਦੇਣ ਦੀ ਸ਼ਕਤੀ ) ਤਹਿਤ ਇਨ੍ਹਾਂ ਨਿਯਮਾਂ ਦੇ ਨਿਯਮ 5 ਵਿੱਚ ਛੋਟ ਦਿੰਦੇ ਹੋਏ ਪ੍ਰਬੰਧਕੀ ਵਿਭਾਗ ਵਿੱਚ ਸਿੱਖਿਆ ਪ੍ਰੋਵਾਈਡਰਜ਼ /ਐਜੂਕੇਸ਼ਨ ਪ੍ਰੋਵਾਈਡਰਜ਼ / ਐਜੂਕੇਸ਼ਨ ਵਲੰਟੀਅਰਜ਼/ ਈ.ਜੀ.ਐਸ./ਏ.ਆਈ.ਈ. ਅਤੇ ਐਸ.ਟੀ.ਆਰ.ਵਲੰਟੀਅਰਜ ਦੀਆ ਆਸਾਮੀਆਂ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪ੍ਰਬੰਧਕੀ ਵਿਭਾਗ ਵਿੱਚ ਭਵਿੱਖ ਵਿੱਚ ਆਉਣ ਵਾਲੀਆਂ 5994 ਈ.ਟੀ.ਟੀ. ਦੀਆਂ ਆਸਾਮੀਆਂ ਲਈ ਅਪਲਾਈ ਕਰਨ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ ਇਸ ਫ਼ੈਸਲੇ ਨਾਲ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਲਗਭਗ 12 ਹਜ਼ਾਰ ਸਿੱਖਿਆ ਪ੍ਰੋਵਾਈਡਰਜ਼ /ਐਜੂਕੇਸ਼ਨ ਪ੍ਰੋਵਾਈਡਰਜ਼ / ਐਜੂਕੇਸ਼ਨ ਵਲੰਟੀਅਰਜ਼/ ਈ.ਜੀ.ਐਸ./ਏ.ਆਈ.ਈ. ਅਤੇ ਐਸ.ਟੀ.ਆਰ.ਵਲੰਟੀਅਰਜ ਨੂੰ ਅਪਲਾਈ ਕਰ ਸਕਣਗੇ ਅਤੇ ਉਨ੍ਹਾਂ ਵਲੋਂ ਜਿੰਨੇ ਸਾਲ / ਮਹੀਨੇ ਠੇਕੇ ਦੇ ਅਧਾਰ ਤੇ ਸਿੱਖਿਆ ਵਿਭਾਗ ਵਿੱਚ ਕੰਮ ਕੀਤਾ ਗਿਆ ਹੈ , ਉਨ੍ਹੇ ਸਾਲ / ਮਹੀਨੇ ਦੀ ਉਪਰਲੀ ਉਮਰ ਸੀਮਾ ਵਿੱਚ ਛੋਟ ਮਿਲਣਯੋਗ ਹੋਵੇਗੀ। ਉਨ੍ਹਾਂ  ਨੇ ਦੱਸਿਆ ਕਿ ਇਹ ਛੋਟ ਸਿਰਫ਼ ਪ੍ਰਬੰਧਕੀ ਵਿਭਾਗ ਵਿੱਚ ਭਵਿੱਖ ਵਿੱਚ ਆਉਣ ਵਾਲੀਆਂ 5994 ਈ.ਟੀ.ਟੀ. ਦੀਆਂ ਆਸਾਮੀਆਂ ਦੀ ਭਰਤੀ ਲਈ ਕੇਵਲ ਇੱਕ ਵਾਰ ਮਿਲਣਯੋਗ ਹੋਵੇਗੀ ।

 

ਯੂਪੀ ‘ਚ ਕੈਬਨਿਟ ਮੰਤਰੀ ਰਾਕੇਸ਼ ਸਚਾਨ ਸਜ਼ਾ ਮਿਲਣ ਤੋਂ ਬਾਅਦ ਕੋਰਟ ਤੋਂ ਹੋਇਆ ਫਰਾਰ

0

ਉੱਤਰ ਪ੍ਰਦੇਸ਼ ਦੀ ਯੋਗੀ ਆਦਿੱਤਿਆਨਾਥ ਸਰਕਾਰ ਦੇ ਕੈਬਨਿਟ ਮੰਤਰੀ ਰਾਕੇਸ਼ ਸਚਾਨ ਨੂੰ ਚੋਰੀ ਦੇ ਮਾਮਲੇ ‘ਚ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਮਾਜਵਾਦੀ ਪਾਰਟੀ ਨੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ ਹੈ। ਕਾਨਪੁਰ ਦੀ ਏਸੀਐਮਐਮ 3 ਅਦਾਲਤ ਨੇ ਅੱਜ ਜਦੋਂ ਰਾਕੇਸ਼ ਸਚਾਨ ਨੂੰ 35 ਸਾਲ ਪੁਰਾਣੇ ਕੇਸ ਵਿੱਚ ਸਜ਼ਾ ਸੁਣਾਈ ਤਾਂ ਉਨ੍ਹਾਂ ਦੀ ਪੁਰਾਣੀ ਪਾਰਟੀ ਯਾਨੀ ਸਮਾਜਵਾਦੀ ਪਾਰਟੀ ਨੂੰ ਮੰਤਰੀ ਰਾਕੇਸ਼ ਸਚਾਨ ਅਤੇ ਭਾਜਪਾ ਉੱਤੇ ਹਮਲਾ ਕਰਨ ਦਾ ਮੌਕਾ ਮਿਲ ਗਿਆ।

ਯੋਗੀ ਆਦਿਤਿਆਨਾਥ ਸਰਕਾਰ ਵਿੱਚ ਖਾਦੀ ਅਤੇ ਗ੍ਰਾਮ ਉਦਯੋਗ, ਰੇਸ਼ਮ, ਹੈਂਡਲੂਮ ਅਤੇ ਟੈਕਸਟਾਈਲ ਉਦਯੋਗ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ (ਐਮਐਸਐਮਈ) ਮੰਤਰੀ ਰਾਕੇਸ਼ ਸਚਾਨ ਨੂੰ 35 ਸਾਲ ਪੁਰਾਣੇ ਇੱਕ ਕੇਸ ਵਿੱਚ ਕਾਨਪੁਰ ਦੀ ਅਦਾਲਤ ਨੇ ਦੋਸ਼ੀ ਠਹਿਰਾਇਆ ਅਤੇ ਸਜ਼ਾ ਸੁਣਾਈ। ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਮੰਤਰੀ ਰਾਕੇਸ਼ ਸਚਾਨ ਅਦਾਲਤ ਤੋਂ ਗਾਇਬ ਹੋ ਗਏ।

ਸਮਾਜਵਾਦੀ ਪਾਰਟੀ ਦੇ ਮੀਡੀਆ ਸੈੱਲ ਨੇ ਇਸ ਬਾਰੇ ਇੱਕ ਟਵੀਟ ਕੀਤਾ ਹੈ। ਸਮਾਜਵਾਦੀ ਪਾਰਟੀ ਨੇ ਟਵੀਟ ਕੀਤਾ ਹੈ ਕਿ ਮੰਤਰੀ ਸਜ਼ਾ ਸੁਣਾ ਕੇ ਅਦਾਲਤ ਤੋਂ ਭੱਜ ਗਿਆ। ਹੁਣ ਯੋਗੀ ਜੀ ਤੁਸੀਂ ਦੱਸੋ ਇਸ ਸਰਕਾਰ ਦੇ ਗਿੱਟੀਚੋਰ ਭਗੌੜੇ ਮੰਤਰੀ ਦੇ ਘਰ/ਦਰਵਾਜ਼ੇ/ਸਥਾਪਨਾ ‘ਤੇ ਬੁਲਡੋਜ਼ਰ ਕਦੋਂ ਚਲਾਓਗੇ? ਦੱਸੋ ਯੋਗੀ ਜੀ ।

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ‘ਚ ਕੈਬਨਿਟ ਮੰਤਰੀ ਰਾਕੇਸ਼ ਸਚਾਨ, ਕਾਨਪੁਰ ਦੇਹਾਤ ਦੇ ਭੋਗੀਨੀਪੁਰ ਤੋਂ ਭਾਜਪਾ ਵਿਧਾਇਕ ‘ਤੇ ਸ਼ਨੀਵਾਰ ਨੂੰ ਕਾਨਪੁਰ ਦੀ ਏ.ਸੀ.ਐੱਮ.ਐੱਮ.-III ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਉਸ ਵਿਰੁੱਧ ਗਿੱਟੀ ਚੋਰੀ ਦਾ ਕੇਸ ਇੱਥੋਂ ਦੀ ਅਦਾਲਤ ਵਿੱਚ ਵਿਚਾਰ ਅਧੀਨ ਸੀ। ਸ਼ਨੀਵਾਰ ਨੂੰ ਅਦਾਲਤ ‘ਚ ਬਹਿਸ ਦੌਰਾਨ ਮੰਤਰੀ ਰਾਕੇਸ਼ ਸਚਾਨ ਅਦਾਲਤ ‘ਚ ਪਹੁੰਚੇ ਸਨ ਪਰ ਫੈਸਲਾ ਆਉਣ ਤੋਂ ਪਹਿਲਾਂ ਹੀ ਉਹ ਅਦਾਲਤ ‘ਚੋਂ ਫਰਾਰ ਹੋ ਗਏ।

ਅਮਰੀਕਾ ‘ਚ ਪੰਜਾਬਣ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ‘ਚ ਰਣਜੀਤ ਬਾਵਾ ਤੇ ਤਰਸੇਮ ਜੱਸੜ ਨੇ ਪਾਈ ਭਾਵੁਕ ਪੋਸਟ

0

ਅਮਰੀਕਾ ਦੀ ਰਹਿਣ ਵਾਲੀ 30 ਸਾਲਾਂ ਭਾਰਤੀ ਔਰਤ ਮਨਦੀਪ ਕੌਰ ਨੇ 3 ਅਗਸਤ ਨੂੰ ਆਪਣੇ ਪਤੀ ਰਣਜੋਧਬੀਰ ਸਿੰਘ ਸੰਧੂ ਵੱਲੋਂ ਕਰੀਬ ਅੱਠ ਸਾਲਾਂ ਤੋਂ ਲਗਾਤਾਰ ਘਰੇਲੂ ਹਿੰਸਾ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ ਸੀ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਘਟਨਾ ਨੂੰ ਦੇਖ ਹਰ ਕੋਈ ਹੈਰਾਨ ਰਹਿ ਗਿਆ ਹੈ। ਹਰ ਕਿਸੇ ਦਾ ਦਿਲ ਇਸ ਵੀਡਿਓ ਨੂੰ ਦੇਖ ਕੇ ਦੁਖੀ ਹੋ ਰਿਹਾ ਹੈ ਕਿ ਕਿਸ ਤਰ੍ਹਾਂ ਮਨਦੀਪ ਨੇ ਮਾਨਸਿਕ ਤੇ ਸਰੀਰਕ ਦੁੱਖਾਂ ਦਾ ਸਾਹਮਣਾ ਕੀਤਾ ਤੇ ਅੰਤ ਇਸ ਹਰ ਰੋਜ਼ ਦੀ ਪੀੜਾਂ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।

ਇਸ ਵੀਡਿਓ ਨੂੰ ਦੇਖ ਕੇ ਹੁਣ ਲੋਕਾਂ ਵਲੋਂ ਮਨਦੀਪ ਲਈ ਇਨਸਾਫ ਮੰਗਿਆ ਜਾ ਰਿਹਾ ਹੈ। ਅਮਰੀਕਾ ‘ਚ ਉਸਦੇ ਘਰ ਬਾਹਰ ਪੰਜਾਬੀ ਲੋਕ ਮਨਦੀਪ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਇੱਕਠੇ ਹੋ ਗਏ ਹਨ। ਉੱਥੇ ਹੀ ਪੰਜਾਬੀ ਗਾਇਕਾਂ ਵਲੋਂ ਵੀ ਮਨਦੀਪ ਦੀ ਵੀਡਿਓ ਨੂੰ ਦੇਖਣ ਤੋਂ ਬਾਅਦ ਭਾਵੁਕ ਪੋਸਟਾਂ ਪਾਈਆਂ ਗਈਆਂ ਹਨ। ਹਾਲ ਹੀ ’ਚ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ-ਗਾਇਕ ਰਣਜੀਤ ਬਾਵਾ ਨੇ ਇਸ ਘਟਨਾ ਨੂੰ ਸੁਣ ਕੇ ਭਾਵੁਕ ਹੋ ਗਏ।

ਗਾਇਕ ਨੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਉਸ ਲਿਖਿਆ ਹੈ ਕਿ ‘ਮਨਦੀਪ ਕੌਰ ਭੈਣ ਦੀ ਵੀਡੀਓ ਦੇਖ ਕੇ ਬਹੁਤ ਦੁੱਖ ਹੋਇਆ, ਅਸੀਂ ਇੰਨਾਂ ਪੜ੍ਹ-ਲੇਖ ਕੇ ਇੰਨੇ ਵੱਡੇ ਮੁਲਕਾ ’ਚ ਪਹੁੰਚੇ ਕੇ ਵੀ ਅਜੇ ਤੱਕ ਇੰਨਾ ਹੀ ਨਹੀਂ ਸਿੱਖੇ ਕਿ ਜਿਹੜੀ ਔਰਤ ਤੁਹਾਡੇ ਬੱਚੇ ’ਤੇ ਇੰਨੀਆਂ ਜ਼ਿੰਮੇਵਾਰੀਆਂ ਨੂੰ ਲੈ ਕੇ ਚੱਲ ਰਹੀ ਹੈ, ਫ਼ਿਰ ਵੀ ਉਸ ਉਪਰ ਇੰਨਾ ਅਤਿਆਚਾਰ ਅਤੇ ਇੰਨੀ ਕੁੱਟਮਾਰ, ਔਰਤ ਇੰਨੀ ਸ਼ਕਤੀਸ਼ਾਲੀ ਹੁੰਦੀ ਹੈ।’

ਰਣਜੀਤ ਬਾਵਾ ਨੇ ਅੱਗੇ ਕਿਹਾ ਕਿ ‘ਧੰਨ ਹੈ ਉਹ ਭੈਣ ਜਿਸ ਨੇ 8 ਸਾਲਾਂ ਤੱਕ ਇਹ ਸਹਿਣ ਕੀਤਾ, ਭੈਣ ਹੋ ਸਕਦਾ ਹੈ ਕਿ ਅਸੀਂ ਵੀ ਇਸ ਸਮਾਜ ਦਾ ਹਿੰਸਾ ਹੋਈਏ, ਮਾਫ਼ ਕਰੀ ਅਤੇ ਵਹਿਗੁਰੂ ਸਮਝ ਬਖ਼ਸ਼ੇ, ਇਹ ਲੋਕਾਂ ਨੂੰ ਸਜ਼ਾ ਦੇਵੇ ਤਾਂ ਜੋ ਹੋਰ ਕਿਸੇ ਧੀ–ਭੈਣ ’ਤੇ ਇਹ ਸਭ ਨਾ ਹੋਵੇ, ਬਹੁਤ ਜ਼ਿਆਦਾ ਦੁਖ ਲਗਦਾ ਆਸ ਹੈ ਜਲਦੀ ਇਨਸਾਫ਼ ਮਿਲੇ।’

ਇੱਕ ਪੋਸਟ ‘ਚ ਬਾਵਾ ਨੇ ਲਿਖਿਆ ਕਿ ਮੁੰਡਾ ਜਾਂ ਕੁੜੀ ਜੰਮਣ ‘ਚ ਔਰਤ ਦੀ ਕੁੱਖ ਹੁੁੰਦੀ ਹੈ, ਬਾਕੀ ਸਭ ਮਰਦ ਦੇ ਹੱਥ ਹੁੰਦਾ ਹੈ।ਉਨ੍ਹਾਂ ਨੇ ਕਿਹਾ ਕਿ ਆਪਣੇ ਲੋਕ ਅਜੇ ਵੀ ਨਹੀਂ ਸਮਝ ਰਹੇ ਸਾਰਾ ਕਸੂਰ ਔਰਤ ਦਾ ਕੱਢਦੇ ਹਨ। ਉਨ੍ਹਾਂ ਨੇ ਕਿਹਾ ਕਿ ਧੀ, ਮਾਂ,ਭੈਣ,ਪਤਨੀ ਤੇ ਹੋਰ ਕਈ ਰਿਸ਼ਤੇ ਔਰਤ ਬਿਨਾਂ ਅਧੂਰੇ ਹਨ। ਰੱਬ ਅਜਿਹੇ ਲੋਕਾਂ ਨੂੰ ਅਕਲ ਦੇਵੇ। ਇਸਦੇ ਨਾਲ ਹੀ ਉਨ੍ਹਾਂ ਨੇ ਮਨਦੀਪ ਲਈ ਇਨਸਾਫ ਦੀ ਮੰਗ ਕੀਤੀ ਹੈ।

ਇਸ ਦੇ ਨਾਲ ਇਕ ਹੋਰ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਨੇ ਇੰਸਟਾਗ੍ਰਾਮ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਅਦਾਕਾਰ ਨੇ ਭਾਵੁਕ ਹੋ ਕੇ ਲਿਖਿਆ ਹੈ ਕਿ ‘ਕੀ ਇਹ ਉਹ ਸੰਸਾਰ ਹੈ ਜਿਸ ’ਚ ਅਸੀਂ ਰਹਿ ਰਹੇ ਹਾਂ! ਐਨੀ ਨਫ਼ਰਤ ਕਿਥੋਂ ਲੈ ਕੇ ਆਉਂਦੇ, ਓ ਯਾਰ ਕਿਥੇ ਜਵਾਬ ਦੇਣਾ ਏਹੋ ਜੇ ਪਾਪ ਕਰ ਕੇ, ਬਾਹਰ ਆ ਕੇ ਅਸੀਂ ਇੱਥੇ ਖੜ੍ਹੇ ਹਾਂ, ਪੜ੍ਹ-ਲਿਖ ਕੇ ਵੀ ਅਸੀਂ ਇਹ ਕਰ ਰਹੇ ਹਾਂ, ਇਹ ਸਾਡੇ ਸਮਾਜ ਦੀ ਤਰਫੋਂ ਵੱਡੀ ਅਸਫ਼ਲਤਾ ਹੈ, ਸ਼ਰਮਨਾਕ ਹੈ।’

ਤਰਸੇਮ ਜੱਸੜ ਨੇ ਅੱਗੇ ਕਿਹਾ ਕਿ ‘ਮਨਦੀਪ ਕੌਰ (30) ਨੂੰ ਉਸ ਦੇ ਪਤੀ ਰਣਜੋਧਬੀਰ ਸਿੰਘ ਸੰਧੂ ਨੇ ਕਈ ਸਾਲਾਂ ਤੋਂ ਸਰੀਰਕ ਹਿੰਦਾ ਸ਼ਿਕਾਰ ਬਣਾਇਆ। ਕੱਲ੍ਹ ਸਾਨੂੰ ਪਤਾ ਲੱਗਾ ਕਿ ਉਸਨੇ ਆਪਣੀ ਜਾਨ ਲੈ ਲਈ। ਉਨ੍ਹਾਂ ਦੀਆਂ ਦੋ ਕੁੜੀਆਂ ਸਨ ਜੋ 4 ਅਤੇ 6 ਸਾਲਾਂ ਦੀਆਂ ਹਨ।’ ਇਸ ਦੁਖ ਭਰੀ ਘਟਨਾ ਨੂੰ ਲੈ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ।

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਬੇਹਰਿਮੀ ਨਾਲ ਕੀਤਾ ਕਤਲ

0

ਕੈਨੇਡਾ ਦੇ ਬਰੈਂਪਟਨ ਵਿਚ ਬੀਤੇ ਦਿਨੀ ਇੱਕ ਵਿਦਿਆਰਥੀ ਦਾ ਕਤਲ ਕੀਤੇ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਾਰੇ ਗਏ ਅੰਤਰ-ਰਾਸ਼ਟਰੀ ਵਿਦਿਆਰਥੀ ਲਖਬੀਰ ਸਿੰਘ ਬੈਂਸ ਉਰਫ ( ਲੱਕੀ) ਦੇ ਮਾਮਲੇ ਵਿਚ ਕੈਨੇਡਾ ਦੀ ਪੀਲ ਪੁਲਸ ਵੱਲੋਂ ਉਸ ਦੇ ਹੀ ਇਕ ਦੋਸਤ ਸ਼ਰਨਦੀਪ ਕੁਮਾਰ ਨੂੰ ਗ੍ਰਿਫ਼ਤਾਰ ਅਤੇ ਚਾਰਜ ਕੀਤਾ ਗਿਆ ਹੈ, ਜਿਸ ਦੀ ਕੋਰਟ ਵਿੱਚ ਪੇਸ਼ੀ 2 ਸਤੰਬਰ ਦੀ ਪਈ ਹੈ। ਮ੍ਰਿਤਕ ਲਖਬੀਰ ਸਿੰਘ ਬੈਂਸ ਦਾ ਪਿਛੋਕੜ ਪੰਜਾਬ ਦੇ ਬਲਾਚੌਰ ਨਾਲ ਸੀ।

ਉਥੇ ਹੀ ਕੈਨੇਡਾ ਦੇ ਬਰੈਂਪਟਨ ‘ਚ ਰਹਿੰਦੇ ਇਕ ਹੋਰ 31 ਸਾਲਾ ਪੰਜਾਬੀ ਨੌਜਵਾਨ ਲਕਸ਼ਬੀਰ ਸਿੰਘ ਸੰਘੇੜਾ ਦੀ ਜੌਰਜੀਅਨ ਬੇਅ (ਨਦੀ) ਵਿਚ ਡੁੱਬਣ ਨਾਲ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਹੈ। ਮ੍ਰਿਤਕ ਲਖਸ਼ਬੀਰ ਸਿੰਘ ਸੰਘੇੜਾ ਨੂੰ ਉੱਥੇ ਕੋਲ ਖੜ੍ਹੇ ਲੋਕ ਪਾਣੀ ਵਿਚੋਂ ਬਾਹਰ ਕੱਢ ਕੇ ਨੇੜਲੇ ਕਲੀਨਿਕ ਵਿਚ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇੱਥੇ ਦੱਸਣਯੋਗ ਹੈ ਕਿ ਬਹੁਤ ਵਾਰ ਐਡਵਾਇਜ਼ਰੀ ਜਾਰੀ ਕਰਨ ਦੇ ਬਾਵਜੂਦ ਵੀ ਇੱਥੇ ਪਾਣੀ ਵਿਚ ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਲਾ ਬੰਦ ਨਹੀਂ ਹੋ ਰਿਹਾ ਹੈ।

ਹੁਣ ਵੋਟਰ ਆਈਡੀ ਬਣਾਉਣ ਲਈ ਸਾਲ ‘ਚ ਮਿਲਣਗੇ 4 ਮੌਕੇ: ਡਾ. ਐੱਸ. ਕਰੁਣਾ ਰਾਜੂ

0

ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐੱਸ. ਕਰੁਣਾ ਰਾਜੂ ਨੇ ਯੋਗਤਾ ਮਿਤੀ 01.01.2023 ਤੱਕ ਦੇ ਯੋਗ ਵੋਟਰਾਂ ਲਈ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਦੀ ਸ਼ੁਰੂਆਤ ਸਬੰਧੀ ਜਾਣੂ ਕਰਵਾਉਣ ਲਈ ਪ੍ਰੈਸ ਕਾਨਫਰੰਸ ਕੀਤੀ। ਡਾ. ਰਾਜੂ ਨੇ ਮੀਡੀਆ ਨੂੰ ਜਾਣੂੰ ਕਰਵਾਇਆ ਕਿ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 14 ਅਤੇ ਰਜਿਸਟ੍ਰੇਸ਼ਨ ਆਫ਼ ਇਲੈਕਟਰਸ ਰੂਲਜ਼, 1960 ਵਿਚ ਕੀਤੀ ਸੋਧ ਅਨੁਸਾਰ 1 ਅਗਸਤ 2022 ਤੋਂ ਚਾਰ ਯੋਗਤਾ ਮਿਤੀਆਂ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਦੀ ਵਿਵਸਥਾ ਕੀਤੀ ਗਈ ਹੈ ਅਤੇ ਇਹ ਮਿਤੀਆਂ 9 ਨਵੰਬਰ 2022 ਤੋਂ ਸੁਧਾਈ ਸਬੰਧੀ ਗਤੀਵਿਧੀਆਂ ਦੀ ਸ਼ੁਰੂਆਤ ਤੋਂ ਲਾਗੂ ਹੋਣਗੀਆਂ।

ਇਸ ਸਬੰਧੀ ਪੇਸ਼ਕਾਰੀ ਦਿੰਦਿਆਂ ਸੀ.ਈ.ਓ. ਪੰਜਾਬ ਨੇ ਕਿਹਾ ਕਿ ਪਿਛਲੇ ਨਿਯਮ ਅਨੁਸਾਰ 1 ਜਨਵਰੀ ਨੂੰ ਯੋਗਤਾ ਮਿਤੀ ਵਜੋਂ ਲਿਆ ਜਾਂਦਾ ਸੀ ਅਤੇ 1 ਜਨਵਰੀ ਤੋਂ ਬਾਅਦ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨਾਗਰਿਕਾਂ ਨੂੰ ਵੋਟਰ ਵਜੋਂ ਅਪਲਾਈ ਕਰਨ ਲਈ ਅਗਲੇ ਸਾਲ ਦੀ ਉਡੀਕ ਕਰਨੀ ਪੈਂਦੀ ਸੀ। ਹੁਣ ਰਜਿਸਟ੍ਰੇਸ਼ਨ ਨਿਯਮ ਵਿਚ ਸੋਧ ਨਾਲ ਨਾਗਰਿਕਾਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਦੇ ਇਕ ਸਾਲ ਵਿਚ ਚਾਰ ਮੌਕੇ ਮਿਲਣਗੇ।

CEO ਪੰਜਾਬ ਅਤੇ  ਬੀ ਸ੍ਰੀਨਿਵਾਸਨ ਨੇ ਮੀਡੀਆ ਨੂੰ ਦੱਸਿਆ ਕੀਤਾ ਕਿ ਸਵੈਇੱਛਤ ਅਧਾਰ ‘ਤੇ ਰਜਿਸਟਰਡ ਵੋਟਰਾਂ ਦੇ ਆਧਾਰ ਨੰਬਰ ਇਕੱਤਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਆਧਾਰ ਕਾਰਡ ਨੰਬਰਾਂ ਦੀ ਸਵੈ-ਇੱਛਤ ਇਕੱਤਰਤਾ ਦੇ ਉਦੇਸ਼ ਲਈ ਫਾਰਮ 6ਬੀ ਜਾਰੀ ਕੀਤਾ ਗਿਆ ਹੈ। ਵੋਟਰ ਆਨਲਾਈਨ/ਆਫਲਾਈਨ ਮੋਡ ਰਾਹੀਂ ਫਾਰਮ ਜਮ੍ਹਾਂ ਕਰ ਸਕਦੇ ਹਨ, ਹਾਲਾਂਕਿ, ਆਨਲਾਈਨ ਮੋਡ ਨੂੰ ਤਰਜੀਹ ਦਿੱਤੀ ਜਾਵੇਗੀ।

ਡਾ. ਰਾਜੂ ਨੇ ਕਿਹਾ ਕਿ ਪੂਰਵ-ਸੋਧ ਪ੍ਰਕਿਰਿਆ 4 ਅਗਸਤ 2022 ਤੋਂ 24 ਅਕਤੂਬਰ 2022 ਦੀ ਮਿਆਦ ਦਰਮਿਆਨ ਹੋਵੇਗੀ, ਜਿਸ ਵਿਚ ਪੋਲਿੰਗ ਸਟੇਸ਼ਨਾਂ ਦੀ ਤਰਕਸੰਗਤ/ਪੁਨਰ-ਵਿਵਸਥਾ ਅਤੇ ਈ. ਪੀ. ਆਈ. ਸੀ ਵਿਚ ਜਨਸੰਖਿਆ ਦੀਆਂ ਸਮਾਨ ਐਂਟਰੀਆਂ (ਡੀ. ਐੱਸ. ਈ. ਜ਼) ਅਤੇ ਫੋਟੋ ਸਮਾਨ ਇੰਦਰਾਜ਼ਾਂ (ਪੀ. ਐੱਸ. ਈ. ਜ਼) ਨੂੰ ਹਟਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ 09.11.2022 ਤੋਂ 08.12.2022 ਤੱਕ ਸੋਧ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਅਤੇ ਇਸ ਸਮੇਂ ਦੌਰਾਨ ਨਾਗਰਿਕਾਂ ਨੂੰ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦਾ ਮੌਕਾ ਵੀ ਮਿਲੇਗਾ। ਸੀ. ਈ. ਓ ਪੰਜਾਬ ਨੇ ਦੱਸਿਆ ਕਿ 19 ਅਤੇ 20 ਨਵੰਬਰ 2022 ਅਤੇ 3 ਅਤੇ 4 ਦਸੰਬਰ 2022 ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ ਜਿੱਥੇ ਬੂਥ ਲੈਵਲ ਅਫ਼ਸਰ (ਬੀ.ਐੱਲ.ਓਜ਼) ਆਪੋ-ਆਪਣੇ ਪੋਲਿੰਗ ਸਟੇਸ਼ਨਾਂ ‘ਤੇ ਮੌਜੂਦ ਰਹਿਣਗੇ।

 

ਪੰਜਾਬ ਸਰਕਾਰ ਵਲੋਂ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਵਿੱਤੀ ਮਦਦ ਜਾਰੀ

0

ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਵਿੱਤੀ ਮਦਦ ਦੇਣ ਦਾ ਵਾਅਦਾ ਪੂਰਾ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਦੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਵਿੱਤੀ ਮਦਦ ਤਹਿਤ 5 ਲੱਖ ਪ੍ਰਤੀ ਪਰਿਵਾਰ ਦੀ ਰਾਸ਼ੀ ਜਾਰੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਸਰਕਾਰ 39.55 ਕਰੋੜ ਦੀ ਰਾਸ਼ੀ ਜਾਰੀ ਕਰ ਚੁੱਕੀ ਹੈ। ਦੱਸਣਯੋਗ ਹੈ ਕਿ ਹੁਣ ਤੱਕ 789 ਕਿਸਾਨ ਪਰਿਵਾਰਾਂ ਦੀ ਵਿੱਤੀ ਮਦਦ ਕੀਤੀ ਗਈ ਹੈ। ਇਹ ਵੀ ਦੱਸ ਦੇਈਏ ਕਿ ਪੰਜਾਬ ਭਵਨ ‘ਚ ਹੋਈ ਮੀਟਿੰਗ ਦੌਰਾਨ ਕਿਸਾਨਾਂ ਨੇ ਆਪਣੀ ਮੰਗ ਰੱਖੀ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 3 ਦਿਨਾਂ ‘ਚ ਹੀ ਵਿੱਤੀ ਮਦਦ ਜਾਰੀ ਕਰ ਦਿੱਤੀ ਹੈ।

ਜ਼ਹਿਰੀਲੀ ਸ਼ਰਾਬ ਪੀਣ ਨਾਲ 11 ਲੋਕਾਂ ਦੀ ਹੋਈ ਮੌਤ, 17 ਲੋਕਾਂ ਨੇ ਗਵਾਈ ਅੱਖਾਂ ਦੀ ਰੌਸ਼ਨੀ

0

11 people died due to drinking poisonous liquor: ਬਿਹਾਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਦਾ ਸਿਲਸਿਲਾ ਜਾਰੀ ਹੈ। ਬਿਹਾਰ ਦੇ ਛਪਰਾ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 11 ਲੋਕਾਂ ਦੀ ਮੌਤ ਹੋ ਗਈ ਹੈ। ਇਸਦੇ ਨਾਲ ਹੀ ਕਈ ਲੋਕ ਇਸ ਜ਼ਹਿਰੀਲੀ ਸ਼ਰਾਬ ਕਾਰਨ ਬਿਮਾਰ ਹੋ ਗਏ ਹਨ ਤੇ 17 ਲੋਕਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ।

ਸਾਰਨ ਦੇ ਜ਼ਿਲ੍ਹਾ ਮੈਜਿਸਟਰੇਟ ਰਾਜੇਸ਼ ਮੀਨਾ ਨੇ ਦੱਸਿਆ ਕਿ ਸਾਰੇ ਮਾਮਲੇ ਮਕੇਰ ਥਾਣੇ ਦੇ ਖੇਤਰ ‘ਚ ਆਉਣ ਵਾਲੇ ਪਿੰਡਾਂ ‘ਚੋਂ ਸਾਹਮਣੇ ਆਏ ਹਨ। ਪਹਿਲੀ ਨਜ਼ਰ ‘ਚ ਲੱਗਦਾ ਹੈ ਕਿ ਪੀੜਤ ਵਿਅਕਤੀਆਂ ਨੇ ਜ਼ਹਿਰੀਲੀ ਸ਼ਰਾਬ ਦਾ ਸੇਵਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ 5 ਵਿਅਕਤੀਆਂ ਦੀ ਇੱਥੇ ਮੌਤ ਹੋ ਗਈ ਹੈ ਤੇ ਜਦਕਿ 6 ਵਿਅਕਤੀਆਂ ਦੀ ਮੌਤ ਪਟਨਾ ਮੈਡੀਕਲ ਕਾਲਜ ਹਸਪਤਾਲ ‘ਚ ਹੋ ਗਈ ਹੈ। ਜਿੱਥੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਨੂੰ ਰੈਫਰ ਕੀਤਾ ਗਿਆ ਸੀ।

ਉਨ੍ਹਾਂ ਨੇ ਦੱਸਿਆ ਕਿ ਗੰਭੀਰ ਹਾਲਤ ਵਾਲੇ ਮਰੀਜ਼ਾਂ ‘ਚੋਂ 17 ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ।ਇਸ ਦਰਮਿਆਨ ਪੁਲਿਸ ਨੇ ਸ਼ਰਾਬ ਕਾਰੋਬਾਰੀ ਸਮੇਤ ਇੱਕ ਦਰਜਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਭੂਮਿਕਾ ਸ਼ਰਾਬ ਵੇਚਣ ‘ਚ ਸ਼ੱਕੀ ਪਾਈ ਗਈ ਹੈ। ਪਿਛਲੇ ਸਾਲ ਨਵੰਬਰ ਤੋਂ ਹੁਣ ਤੱਕ 50 ਦੇ ਕਰੀਬ ਲੋਕਾਂ ਦੀ ਮੌਤ ਗ਼ਹਿਰੀਲੀ ਸ਼ਰਾਬ ਪੀਣ ਕਾਰਨ ਹੋ ਚੁੱਕੀ ਹੈ।