Home Blog Page 1948

Amul ਤੇ Mother Dairy ਦਾ ਦੁੱਧ ਹੋਇਆ ਮਹਿੰਗਾ, ਜਾਣੋ ਨਵੀਂ ਕੀਮਤ

0

ਆਮ ਆਦਮੀ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਅਮੂਲ ਦਾ ਦੁੱਧ ਮਹਿੰਗਾ ਹੋ ਗਿਆ ਹੈ। ਦੁੱਧ ਦੀਆਂ ਕੀਮਤਾਂ ‘ਚ ਇਹ ਵਾਧਾ ਅਜਿਹੇ ਸਮੇਂ ‘ਚ ਹੋਇਆ ਹੈ ਜਦੋਂ ਮਹਿੰਗਾਈ ਪਹਿਲਾਂ ਹੀ ਬਹੁਤ ਉੱਚੇ ਪੱਧਰ ‘ਤੇ ਹੈ ਅਤੇ ਆਮ ਲੋਕਾਂ ਦਾ ਰਸੋਈ ਦਾ ਬਜਟ ਵਿਗੜਿਆ ਹੋਇਆ ਹੈ। ਕੱਲ੍ਹ ਤੋਂ ਤੁਹਾਨੂੰ ਇਸ ਲਈ ਹੋਰ ਵਾਧੂ ਪੈਸੇ ਦੇਣੇ ਪੈਣਗੇ। ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ, ਜੋ ਅਮੂਲ ਬ੍ਰਾਂਡ ਦੇ ਤਹਿਤ ਦੁੱਧ ਵੇਚਦੀ ਹੈ, ਨੇ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਮਦਰ ਡੇਅਰੀ ਨੇ ਵੀ ਦੁੱਧ ਦੀਆਂ ਕੀਮਤਾਂ ਵਿਚ ਦੋ ਰੁਪਏ ਦਾ ਵਾਧਾ ਕੀਤਾ ਹੈ। ਨਵੀਆਂ ਕੀਮਤਾਂ 17 ਅਗਸਤ ਤੋਂ ਲਾਗੂ ਹੋਣਗੀਆਂ। ਇਹ ਕੀਮਤ ਵਿਚ ਵਾਧਾ ਗੁਜਰਾਤ ਦੇ ਅਹਿਮਦਾਬਾਦ ਅਤੇ ਸੌਰਾਸ਼ਟਰ, ਦਿੱਲੀ-ਐਨਸੀਆਰ, ਪੱਛਮੀ ਬੰਗਾਲ, ਮੁੰਬਈ ਅਤੇ ਹੋਰ ਬਾਜ਼ਾਰਾਂ ਵਿੱਚ ਲਾਗੂ ਹੋਵੇਗਾ।

ਕੰਪਨੀ ਨੇ ਦੱਸਿਆ ਕਿ ਪਿਛਲੇ 5 ਮਹੀਨਿਆਂ ਦੌਰਾਨ ਲਾਗਤ ਕਈ ਗੁਣਾ ਵਧ ਗਈ ਸੀ। ਉਦਾਹਰਣ ਵਜੋਂ ਇਸ ਸਮੇਂ ਦੌਰਾਨ ਇਕੱਲੇ ਕੱਚੇ ਦੁੱਧ ਦੀਆਂ ਖੇਤੀ ਕੀਮਤਾਂ ਵਿੱਚ ਲਗਭਗ 10-11 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਦੇਸ਼ ਵਿੱਚ ਪਹਿਲਾਂ ਵੇਖੀ ਗਈ ਗਰਮੀ ਦੀ ਲਹਿਰ ਅਤੇ ਵਧੇ ਹੋਏ ਗਰਮੀ ਦੇ ਮੌਸਮ ਕਾਰਨ, ਉਸੇ ਸਮੇਂ ਫੀਡ ਅਤੇ ਚਾਰੇ ਦੀਆਂ ਕੀਮਤਾਂ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਮਦਰ ਡੇਅਰੀ ਆਪਣੇ ਦੁੱਧ ਦੀ ਵਿਕਰੀ ਦਾ ਲਗਭਗ 75-80 ਪ੍ਰਤੀਸ਼ਤ ਦੁੱਧ ਦੀ ਖਰੀਦ ‘ਤੇ ਖਰਚ ਕਰਦੀ ਹੈ।

ਫੈਡਰੇਸ਼ਨ ਨੇ ਕੀਮਤ ਵਧਾਉਣ ਦਾ ਕਾਰਨ ਇਨਪੁਟ ਲਾਗਤ ਵਿੱਚ ਵਾਧੇ ਨੂੰ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਬਾਜ਼ਾਰਾਂ ਵਿੱਚ ਅਮੂਲ ਆਪਣਾ ਤਾਜ਼ਾ ਦੁੱਧ ਵੇਚਦਾ ਹੈ, ਉੱਥੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਨਵੀਆਂ ਕੀਮਤਾਂ 17 ਅਗਸਤ 2022 ਤੋਂ ਲਾਗੂ ਹੋਣਗੀਆਂ। ਇਸ ਵਾਧੇ ਤੋਂ ਬਾਅਦ ਗੁਜਰਾਤ ਦੇ ਅਹਿਮਦਾਬਾਦ ਅਤੇ ਸੌਰਾਸ਼ਟਰ ਦੇ ਬਾਜ਼ਾਰਾਂ ਵਿੱਚ ਅਮੂਲ ਗੋਲਡ ਦੇ ਅੱਧੇ ਲੀਟਰ ਪੈਕੇਟ ਦੀ ਕੀਮਤ 31 ਰੁਪਏ, ਅਮੂਲ ਤਾਜ਼ਾ 25 ਰੁਪਏ ਅਤੇ ਅਮੂਲ ਸ਼ਕਤੀ 28 ਰੁਪਏ ਹੋ ਜਾਵੇਗੀ।

ਫਿਲਮ MOH ਸਿਨੇਮਾ ਘਰਾਂ ‘ਚ 16 ਸਤੰਬਰ ਨੂੰ ਹੋਵੇਗੀ ਰਿਲੀਜ਼

0

Shri Narotam Ji Studios ਦੀ ਨਵੀਂ ਫਿਲਮ ‘ਮੋਹ’ ਇਨ੍ਹੀਂ ਦਿਨੀ ਸੁਰਖੀਆਂ ਵਿੱਚ ਹੈ। ਫਿਲਮ ਮੋਹ ਦੀ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ। ਤਸਵੀਰ ‘ਚ ਅਦਾਕਾਰ ਤੇ ਅਦਾਕਾਰਾ ਦੀਆਂ ਅੱਖਾਂ ‘ਚ ਹੰਝੂ ਦਿਖਾਈ ਦੇ ਰਹੇ ਹਨ। ਇਹ ਤਸਵੀਰ ਭਾਵੁਕ ਕਰ ਦੇਣ ਵਾਲੀ ਹੈ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਪਹਿਲੀ ਵਾਰ ਸਰਗੁਣ ਮਹਿਤਾ ਗਾਇਕ ਅਤੇ ਅਦਾਕਾਰ ਗੀਤਾਜ਼ ਬਿੰਦਰਖੀਆ ਨਾਲ ਕੰਮ ਕਰਦੇ ਹੋਏ ਨਜ਼ਰ ਆਉਣਗੇ।

ਸਰਗੁਣ ਮਹਿਤਾ ਦੀ ਅਦਾਕਾਰੀ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਅਦਾਕਾਰੀ ਕਮਾਲ ਦੀ ਹੁੰਦੀ ਹੈ। ਸਰਗੁਣ ਮਹਿਤਾ ਫਿਲਮ ਵਿੱਚ ਗੀਤਾਜ਼ ਬਿੰਦਰਖੀਆ ਅਤੇ ਸਰਗੁਣ ਮਹਿਤਾ ਮੁੱਖ ਭੂਮਿਕਾਵਾਂ ਵਿੱਚ ਹਨ। ਗੀਤਾਜ਼ ਬਿੰਦਰਖੀਆ ਅਤੇ ਸਰਗੁਣ ਮਹਿਤਾ ਤੋਂ ਇਲਾਵਾ ਫਿਲਮ ਵਿੱਚ ਕਈ ਸਿਤਾਰੇ ਅਹਿਮ ਭੂਮਿਕਾਵਾਂ ਵਿੱਚ ਹਨ।

ਜਗਦੀਪ ਸਿੱਧੂ ਇਸ ਫਿਲ਼ਮ ਦੇ ਡਾਇਰੈਕਟਰ ਹਨ। ‘ਕਿਸਮਤ’, ‘ਸੁਫ਼ਨਾ’ ਅਤੇ ‘ਕਿਸਮਤ 2’ ਦੀ ਸਫ਼ਲਤਾ ਤੋਂ ਬਾਅਦ ਲੇਖਕ-ਨਿਰਦੇਸ਼ਕ ਪੰਜਾਬੀ ਫ਼ਿਲਮ ‘ਮੋਹ’ ਨਾਲ ਧਮਾਕਾ ਕਰਨ ਆ ਰਹੇ ਹਨ। ਇਸ ਫਿਲ਼ਮ ‘ਚ ਮਿਊਜ਼ਿਕ( B Praak) ਵਲੋਂ ਅਤੇ ਬੋਲ ਜਾਨੀ ਵਲੋਂ ਦਿੱਤੇ ਗਏ ਹਨ। ਇਹ ਫਿਲਮ 16 ਸਤੰਬਰ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।

ਇਸ ਤੋਂ ਇਲਾਵਾ ਇਸ ਫਿਲਮ ਦੇ ਪ੍ਰੋਡਿਊਸਰ ਅੰਕਿਤ ਵਿਜਾਨ, ਨਵਦੀਪ ਨਰੂਲਾ, ਗਿਰਿਸ਼ ਕੁਮਾਰ, ਰਿਕੀ ਸਿੰਘ ਬੇਦੀ, ਰਮਨਦੀਪ ਸਿੰਘ ਅਤੇ ਬਰਿੰਦਰ ਸਿੰਘ ਹਨ।

1947 ਦੀ ਵੰਡ ਸਮੇਂ ਮਾਰੇ ਗਏ ਲੱਖਾਂ ਪੰਜਾਬੀਆਂ ਦੀ ਯਾਦ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਇਆ ਅਰਦਾਸ ਸਮਾਗਮ

0

ਸੰਨ 1947 ’ਚ ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਜਾਨਾਂ ਗਵਾਉਣ ਵਾਲੇ ਲੱਖਾਂ ਪੰਜਾਬੀਆਂ ਨੂੰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਯਾਦ ਕੀਤਾ ਗਿਆ। ਇਸ ਸਬੰਧੀ ਵਿਸ਼ੇਸ਼ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਹੋਇਆ, ਜਿਸ ਵਿਚ ਦੇਸ਼ ਵੰਡ ਦੌਰਾਨ ਮਾਰੇ ਗਏ ਲੱਖਾਂ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ।

ਅਰਦਾਸ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਵੰਡ ਦੌਰਾਨ ਜਾਨਾਂ ਗਵਾਉਣ ਵਾਲੇ ਅਤੇ ਉਜਾੜੇ ਦਾ ਦਰਦ ਹੰਢਾਉਣ ਵਾਲੇ ਲੱਖਾਂ ਲੋਕਾਂ ਪ੍ਰਤੀ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਸੰਸਦ ਵਿਚ ਸ਼ੋਕ ਮਤੇ ਪਾਸ ਕਰਨ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ 75ਵੀਂ ਵਰ੍ਹੇਗੰਢ ਮਨਾਉਂਦਿਆਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਉਜਾੜੇ ਦਾ ਸਿਤਮ ਹੰਢਾਉਣ ਵਾਲੇ ਲੋਕਾਂ ਨੂੰ ਪਾਰਲੀਮੈਂਟ ਅੰਦਰ ਯਾਦ ਕਰਦੀਆਂ ਅਤੇ ਆਪਣੇ ਆਪ ਸ਼ੋਕ ਮਤੇ ਲਿਆਉਂਦੀਆਂ, ਪਰ ਸਰਕਾਰਾਂ ਨੇ ਇਹ ਜ਼ਰੂਰੀ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਸ਼ੋਕ ਮਤੇ ਜ਼ਰੂਰ ਪਾਸ ਕਰਨੇ ਚਾਹੀਦੇ ਹਨ ਅਤੇ ਇਸ ਦੇ ਨਾਲ ਹੀ 1947 ਤੋਂ ਪਹਿਲਾਂ ਜਨਮ ਲੈਣ ਵਾਲੇ ਲੋਕਾਂ ਨੂੰ ਆਪਣੀ ਜਨਮ ਭੂਮੀ ਅਤੇ ਧਾਰਮਿਕ ਅਸਥਾਨਾਂ ’ਤੇ ਜਾਣ ਲਈ ਖੁੱਲ੍ਹਦਿਲੀ ਨਾਲ ਵੀਜਿਆਂ ਦਾ ਵੀ ਪ੍ਰਬੰਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 1947 ਦੀ ਦੇਸ਼ ਵੰਡ ਮੌਕੇ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਨੂੰ ਸਹਿਣਾ ਪਿਆ ਅਤੇ ਇਸ ਤੋਂ ਇਲਾਵਾ ਬੰਗਾਲੀਆਂ ਨੂੰ ਵੀ ਵੱਡੀ ਮਾਰ ਝੱਲਣੀ ਪਈ। ਅੰਗਰੇਜ਼ਾਂ ਖਿਲਾਫ ਪੰਜਾਬ ਤੇ ਬੰਗਾਲ ਦੇ ਲੋਕਾਂ ਨੇ ਸਭ ਤੋਂ ਵੱਧ ਜਦੋਜਹਿਦ ਕੀਤੀ, ਆਪਣੀਆਂ ਜਾਇਦਾਦਾਂ ਕੁਰਕ ਕਰਵਾਈਆਂ ਅਤੇ ਕੁਰਬਾਨੀਆਂ ਦਿੱਤੀਆਂ। ਪਰੰਤੂ ਆਜ਼ਾਦੀ ਸਮੇਂ ਇਨ੍ਹਾਂ ਦੋਹਾਂ ਸੂਬਿਆਂ ਨੂੰ ਹੀ ਤੋੜ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਗੱਲ ਕਰੀਏ ਤਾਂ ਜਿਥੇ ਪੰਜਾਬੀਆਂ ਨੂੰ ਵੱਡੀ ਗਿਣਤੀ ਵਿਚ ਜਾਨਾਂ ਗਵਾਉਣੀਆਂ ਪਈਆਂ, ਉਥੇ ਆਪਣੀਆਂ ਜ਼ਮੀਨਾਂ, ਜਾਇਦਾਦਾਂ, ਘਰਾਂ ਅਤੇ ਪਾਵਨ ਗੁਰਧਾਮਾਂ ਨੂੰ ਵੀ ਛੱਡਣਾ ਪਿਆ। ਉਨ੍ਹਾਂ ਕਿਹਾ ਕਿ ਪੰਜਾਬੀਆਂ ਅੰਦਰ ਇਹ ਦਰਦ ਅੱਜ ਵੀ ਜਿੰਦਾ ਹੈ ਅਤੇ ਉਹ ਜਿਥੇ ਆਪਣੀ ਜਨਮ ਭੂਮੀ ਵੇਖਣਾ ਚਾਹੁੰਦੇ ਹਨ, ਉਥੇ ਹੀ ਪਾਵਨ ਗੁਰਧਾਮਾਂ ਦੇ ਦਰਸ਼ਨ ਕਰਨ ਨੂੰ ਵੀ ਤਰਸਦੇ ਹਨ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਜਿਸ ਤਰ੍ਹਾਂ ਮੁਸਲਮਾਨਾਂ ਨੂੰ ਹੱਜ ਕਰਨ ਤੋਂ ਰੋਕਣਾ ਵੱਡਾ ਗੁਨਾਹ ਹੈ, ਇਸੇ ਤਰ੍ਹਾਂ ਸਿੱਖਾਂ ਨੂੰ ਸ੍ਰੀ ਨਨਕਾਣਾ ਸਾਹਿਬ ਸਮੇਤ ਪਾਕਿਸਤਾਨ ਵਿਚ ਰਹਿ ਗਏ ਹੋਰ ਗੁਰਧਾਮਾਂ ਦੇ ਦਰਸ਼ਨਾਂ ਤੋਂ ਰੋਕਣਾ ਵੀ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਲਈ ਸੰਜੀਦਗੀ ਨਾਲ ਵਿਚਾਰਨ ਦਾ ਮਸਲਾ ਹੈ ਅਤੇ ਸਰਕਾਰਾਂ ਨੂੰ ਹਰ ਧਰਮ ਦੇ ਲੋਕਾਂ ਲਈ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਵੀਜੇ ਦੇਣ ਦੀ ਖੁੱਲ੍ਹਦਿਲੀ ਵਿਖਾਉਣੀ ਚਾਹੀਦੀ ਹੈ।

ਇਸੇ ਦੌਰਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੀ ਵਰਤਮਾਨ ਸਥਿਤੀ ’ਤੇ ਵੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦਾ ਮਾਹੌਲ ਬੇਹੱਦ ਚਿੰਤਾਜਨਕ ਹੈ। ਨਸ਼ਿਆਂ ਦਾ ਬੋਲਬਾਲਾ ਅਤੇ ਕੁਦਰਤ ਨਾਲ ਖਿਲਵਾੜ ਜਿਹੇ ਅਣਮਨੁੱਖੀ ਵਰਤਾਰੇ ਪੰਜਾਬ ਨੂੰ ਤਬਾਹੀ ਕੰਡੇ ਲੈ ਜਾ ਰਿਹੇ ਹਨ। ਉਨ੍ਹਾਂ ਕਿਹਾ ਕਿ ਆਪਣੀਆਂ ਆਉਣ ਵਾਲੀਆਂ ਨਸਲਾਂ ਪ੍ਰਤੀ ਜ਼ੁੰਮੇਵਾਰੀ ਸਭ ਦਾ ਫ਼ਰਜ਼ ਹੈ ਅਤੇ ਧਰਮ ਤੇ ਸਮਾਜ ਵਿਰੋਧੀ ਵਰਤਾਰੇ ਠੀਕ ਨਹੀਂ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਆਸ਼ੇ ਅਨੁਸਾਰ ਜੀਵਨ ਜਾਚ ਨਿਰਧਾਰਤ ਕਰਨ, ਤਾਂ ਜੋ ਇਸ ਖਿੱਤੇ ਦੀ ਖੁਸ਼ਹਾਲੀ ਕਾਇਮ ਰਹੇ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ੍ਰੀ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਅੰਤ੍ਰਿੰਗ ਕਮੇਟੀ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਅਮਰਜੀਤ ਸਿੰਘ ਬੰਡਾਲਾ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ ਭੂਰਾਕੋਹਨਾ, ਸ. ਸੁਰਜੀਤ ਸਿੰਘ ਭਿੱਟੇਵੱਡ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਗੁਰਚਰਨ ਸਿੰਘ ਗਰੇਵਾਲ, ਸ. ਜਗਸੀਰ ਸਿੰਘ ਮਾਂਗੇਆਣਾ, ਸ. ਗੁਰਮੀਤ ਸਿੰਘ ਬੂਹ, ਸ. ਪਰਮਜੀਤ ਸਿੰਘ ਖਾਲਸਾ, ਬੀਬੀ ਕਿਰਨਜੋਤ ਕੌਰ, ਸ. ਖੁਸ਼ਵਿੰਦਰ ਸਿੰਘ ਭਾਟੀਆ, ਸ. ਸੁਖਵਰਸ਼ ਸਿੰਘ ਪੰਨੂ, ਸ. ਕੁਲਦੀਪ ਸਿੰਘ ਤੇੜਾ, ਫੈਡਰੇਸ਼ਨ ਆਗੂ ਸ. ਕਰਨੈਲ ਸਿੰਘ ਪੀਰ ਮੁਹੰਮਦ, ਭਾਈ ਸੁਖਵਿੰਦਰ ਸਿੰਘ ਅਗਵਾਨ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਪ੍ਰਤਾਪ ਸਿੰਘ, ਸ. ਬਿਜੈ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਹਰਜਿੰਦਰ ਸਿੰਘ ਕੈਰੋਂਵਾਲ, ਸ. ਨਿਰਵੈਲ ਸਿੰਘ, ਸ. ਸਤਨਾਮ ਸਿੰਘ ਮਾਂਗਾਸਰਾਏ, ਸ. ਗੁਰਚਰਨ ਸਿੰਘ ਕੁਹਾਲਾ, ਸੁਪਰਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਸ. ਪਲਵਿੰਦਰ ਸਿੰਘ, ਸਾਬਕਾ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਆਨਰੇਰੀ ਸਕੱਤਰ ਸ. ਗੁਰਮੀਤ ਸਿੰਘ, ਕਿਸਾਨ ਆਗੂ ਸ. ਬਲਬੀਰ ਸਿੰਘ ਰਾਜੇਵਾਲ, ਮਲੇਰਕੋਟਲਾ ਤੋਂ ਜਥੇ ਸਮੇਤ ਪੁੱਜੇ ਮੁਸਲਿਮ ਆਗੂ ਡਾ. ਨਸੀਰ, ਭਾਈ ਹਰਦੀਪ ਸਿੰਘ, ਸ. ਪਰਮਪਾਲ ਸਿੰਘ, ਭਾਈ ਸਰਬਜੀਤ ਸਿੰਘ ਢੋਟੀਆਂ, ਸਮੇਤ ਵੱਖ-ਵੱਖ ਸਿੱਖ ਸੰਗਠਨਾਂ ਦੇ ਨੁਮਾਇੰਦੇ ਹਾਜ਼ਰ ਸਨ।

ਦੇਸ਼ ਵੰਡ ਦੌਰਾਨ ਪਾਕਿਸਤਾਨ ’ਚ ਰਹਿ ਗਏ ਬਹੁਤ ਸਾਰੇ ਗੁਰਧਾਮ ਅਣਗੌਲੇ ਜਾ ਰਹੇ ਹਨ- ਐਡਵੋਕੇਟ ਧਾਮੀ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਅਰਦਾਸ ਸਮਾਗਮ ਮੌਕੇ ਪੁੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ  ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਭਾਰਤ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ, ਪਰ ਪੰਜਾਬੀਆਂ ਅਤੇ ਖਾਸਕਰ ਸਿੱਖਾਂ ਨੂੰ ਆਪਣਾ ਦਰਦ ਨਹੀਂ ਭੁੱਲਦਾ। ਉਨ੍ਹਾਂ ਕਿਹਾ ਕਿ ਦੇਸ਼ ਵੰਡ ਦੌਰਾਨ ਪੰਜਾਬ ਦੇ ਸੱਭਿਆਚਾਰ ’ਤੇ ਵੱਡੀ ਸੱਟ ਮਾਰੀ ਗਈ ਅਤੇ ਗੁਰੂ ਸਾਹਿਬਾਨ ਦੇ ਨਾਂ ’ਤੇ ਵੱਸਦੇ ਪੰਜਾਬ ਦੇ ਦੋ ਟੁੱਕੜੇ ਕਰ ਦਿੱਤੇ ਗਏ। ਬਹੁਤ ਸਾਰੇ ਸਿੱਖ ਗੁਰਧਾਮ ਪਾਕਿਸਤਾਨ ਵਾਲੇ ਪਾਸੇ ਰਹਿ ਗਏ, ਜਿਨ੍ਹਾਂ ਵਿੱਚੋਂ ਕੁਝ ਅਸਥਾਨਾਂ ਦੀ ਸੰਭਾਲ ਠੀਕ ਢੰਗ ਨਾਲ ਹੋ ਰਹੀ ਹੈ, ਜਦਕਿ ਬਾਕੀ ਅਣਗੌਲੇ ਜਾ ਰਹੇ ਹਨ।

ਇਸ ਸਬੰਧੀ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੇਸ਼ ਵੰਡ ਸਮੇਂ ਜਾਨਾਂ ਗਵਾਉਣ ਵਾਲੇ ਲੱਖਾਂ ਪੰਜਾਬੀਆਂ ਨੂੰ ਯਾਦ ਕਰਨਾ ਅਤੇ ਸ਼ਰਧਾਂਜਲੀ ਭੇਟ ਕਰਨੀ ਬਹੁਤ ਵਧੀਆ ਫੈਸਲਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਇਤਿਹਾਸਕ ਗੁਰਦੁਆਰਿਆਂ ਅੰਦਰ ਵੀ ਦੇਸ਼ ਵੰਡ ਦੇ ਪੀੜਤਾਂ ਨੂੰ ਯਾਦ ਕਰਦਿਆਂ ਅਰਦਾਸ ਸਮਾਗਮ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਦੇਸ਼ ਵੰਡ ਸਮੇਂ ਮਾਰੇ ਗਏ ਲੱਖਾਂ ਲੋਕਾਂ ਦੀ ਯਾਦ ਵਿਚ ਹਰ ਸਾਲ ਅਰਦਾਸ ਸਮਾਗਮ ਕਰਨ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਵਿਚਾਰ ਕੀਤਾ ਜਾਵੇਗਾ।

ਦਿੱਲੀ ਤੋਂ ਪੰਜਾਬ ਸੜਕ ਮਾਰਗ ਤੋਂ ਜਾਣਾ ਹੋਵੇਗਾ ਆਸਾਨ, ਐਕਸਪ੍ਰੈੱਸ ਵੇਅ ਦੇ ਨਿਰਮਾਣ ਕਾਰਜ ਨੂੰ ਪੂਰਾ ਕਰਨ ਦੀ ਸਮਾਂ ਸੀਮਾ ਕੀਤੀ ਤੈਅ

0

ਬਹੁਤ ਜਲਦ ਸੜਕ ਰਾਹੀਂ ਦਿੱਲੀ (Delhi) ਤੋਂ ਪੰਜਾਬ (Punjab) ਜਾਣਾ ਆਸਾਨ ਹੋ ਜਾਵੇਗਾ। ਦਿੱਲੀ-ਅੰਮ੍ਰਿਤਸਰ-ਕਟੜਾ (Delhi-Amritsar-Katra Expressway) ਐਕਸਪ੍ਰੈੱਸ ਵੇਅ  (Expressway) ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।

ਤਿੰਨ ਸੂਬਿਆਂ ਵਿੱਚੋਂ ਲੰਘਣ ਵਾਲੇ ਇਸ ਐਕਸਪ੍ਰੈੱਸ ਵੇਅ ’ਤੇ ਦੋ ਸੂਬਿਆਂ ਵਿੱਚ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਤੀਜੇ ਸੂਬੇ ਵਿੱਚ ਉਸਾਰੀ ਸ਼ੁਰੂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ (Ministry of Road Highways and Transport) ਨੇ ਹਰਿਆਣਾ ਵਿੱਚੋਂ ਲੰਘਣ ਵਾਲੇ ਇਸ ਐਕਸਪ੍ਰੈੱਸ-ਵੇਅ ਦੇ ਹਿੱਸੇ ਦੇ ਨਿਰਮਾਣ ਕਾਰਜ ਨੂੰ ਪੂਰਾ ਕਰਨ ਦੀ ਸਮਾਂ ਸੀਮਾ ਤੈਅ ਕੀਤੀ ਹੈ। ਇਹ ਮਾਰਚ 2024 ਤੱਕ ਪੂਰਾ ਹੋ ਜਾਵੇਗਾ। ਇਸ ਦੇ ਤਿਆਰ ਹੋਣ ਤੋਂ ਬਾਅਦ ਦਿੱਲੀ ਤੋਂ ਪੰਜਾਬ ਜਾਣਾ ਆਸਾਨ ਹੋ ਜਾਵੇਗਾ।

ਦਿੱਲੀ-ਕਟੜਾ ਐਕਸਪ੍ਰੈੱਸ-ਵੇਅ 668 ਕਿਲੋਮੀਟਰ ਲੰਬਾ ਹੈ, ਜੋ ਤਿੰਨ ਸੂਬਿਆਂ ਹਰਿਆਣਾ, ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚੋਂ ਲੰਘੇਗਾ। ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅਨੁਸਾਰ 597 ਕਿਲੋਮੀਟਰ ਜ਼ਮੀਨ ਐਕੁਆਇਰ ਕਰਕੇ ਉਸਾਰੀ ਲਈ ਸੌਂਪ ਦਿੱਤੀ ਗਈ ਹੈ। ਬਾਕੀ ਰਹਿੰਦੀ ਜ਼ਮੀਨ ਵੀ ਜਲਦੀ ਐਕੁਆਇਰ ਕਰ ਲਈ ਜਾਵੇਗੀ। ਇਸ ਐਕਸਪ੍ਰੈੱਸ-ਵੇਅ ਦਾ ਵੱਧ ਤੋਂ ਵੱਧ ਹਿੱਸਾ 422 ਕਿਲੋਮੀਟਰ ਪੰਜਾਬ ਵਿੱਚੋਂ ਲੰਘੇਗਾ। ਹਰਿਆਣਾ ਅਤੇ ਪੰਜਾਬ ਵਿਚ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ, ਜਦਕਿ ਜੰਮੂ-ਕਸ਼ਮੀਰ ਵਿਚ ਜ਼ਮੀਨ ਐਕੁਆਇਰ ਕਰਕੇ ਉਸਾਰੀ ਏਜੰਸੀ ਨੂੰ ਸੌਂਪ ਦਿੱਤੀ ਗਈ ਹੈ। ਹਰਿਆਣਾ ਵਿੱਚ 158 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ ਹੋਵੇਗਾ।

ਹਰਿਆਣਾ ਵਿੱਚ ਇਨ੍ਹਾਂ ਜ਼ਿਲ੍ਹਿਆਂ ‘ਚੋਂ ਲੰਘੇਗਾ

ਐਕਸਪ੍ਰੈੱਸ-ਵੇਅ ਕੁੰਡਲੀ, ਮਾਨੇਸਰ, ਪਲਵਲ (ਕੇਐਮਪੀ) ਇੰਟਰਚੇਂਜ ਤੋਂ ਸ਼ੁਰੂ ਹੋ ਕੇ ਝੱਜਰ, ਰੋਹਤਕ, ਸੋਨੀਪਤ, ਜੀਂਦ, ਕਰਨਾਲ ਅਤੇ ਕੈਥਲ ਜ਼ਿਲ੍ਹਿਆਂ ਵਿੱਚੋਂ ਲੰਘੇਗਾ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਇੱਥੋਂ ਲੰਘਣ ਵਾਲਾ ਐਕਸਪ੍ਰੈਸਵੇਅ ਮਾਰਚ 2024 ਤੱਕ ਪੂਰਾ ਹੋ ਜਾਵੇਗਾ।

668 ਕਿਲੋਮੀਟਰ ਲੰਬਾ ਐਕਸਪ੍ਰੈੱਸ ਵੇਅ 158 ਕਿਲੋਮੀਟਰ ਹਰਿਆਣਾ ਅਤੇ 422 ਕਿਲੋਮੀਟਰ ਪੰਜਾਬ ਵਿੱਚ ਹੋਵੇਗਾ। ਹਰਿਆਣਾ ਵਿੱਚ 158 ਕਿਲੋਮੀਟਰ ਦੇ ਖੇਤਰ ਵਿੱਚ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ, ਜਦੋਂ ਕਿ ਪੰਜਾਬ ਵਿੱਚ 107 ਕਿਲੋਮੀਟਰ ਦੇ ਖੇਤਰ ਵਿੱਚ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਕੁੱਲ 384 ਕਿਲੋਮੀਟਰ ਜ਼ਮੀਨ ਸੌਂਪੀ ਗਈ ਹੈ। ਇੱਥੇ 39 ਕਿਲੋਮੀਟਰ ਸੈਕਸ਼ਨ ਲਈ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਵਿੱਚ 88 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ ਹੋਵੇਗਾ, ਜਿਸ ਵਿੱਚੋਂ 55 ਕਿਲੋਮੀਟਰ ਜ਼ਮੀਨ ਸੌਂਪ ਦਿੱਤੀ ਗਈ ਹੈ। ਇਸ ਐਕਸਪ੍ਰੈਸ ਵੇਅ ਦੀ ਕੁੱਲ ਅਨੁਮਾਨਿਤ ਲਾਗਤ 3737525 ਕਰੋੜ ਰੁਪਏ ਹੈ।

ਸਮੇਂ ਦੀ ਹੋਵੇਗੀ ਬਚਤ

ਮੌਜੂਦਾ ਸਮੇਂ ‘ਚ ਦਿੱਲੀ ਤੋਂ ਵੈਸ਼ਨੋਦੇਵੀ, ਕਟੜਾ ਤੱਕ ਸੜਕ ਰਾਹੀਂ ਜਾਣ ‘ਚ ਕਰੀਬ 14 ਘੰਟੇ ਲੱਗਦੇ ਹਨ। ਦਿੱਲੀ ਤੋਂ ਅੰਮ੍ਰਿਤਸਰ ਤੱਕ 405 ਕਿਲੋਮੀਟਰ ਦਾ ਸਫਰ ਕਰਨ ਲਈ ਅੱਠ ਘੰਟੇ ਲੱਗਦੇ ਹਨ। ਪਰ ਐਕਸਪ੍ਰੈਸ ਵੇਅ ਬਣਨ ਤੋਂ ਬਾਅਦ ਕਟੜਾ ਦੀ ਦੂਰੀ ਅੱਠ ਘੰਟਿਆਂ ਵਿੱਚ ਅਤੇ ਅੰਮ੍ਰਿਤਸਰ ਦੀ ਦੂਰੀ ਚਾਰ ਘੰਟਿਆਂ ਵਿੱਚ ਤੈਅ ਕੀਤੀ ਜਾ ਸਕੇਗੀ। ਇਹ ਐਕਸਪ੍ਰੈੱਸ ਵੇਅ ਚਾਰ ਮਾਰਗੀ ਹੋਵੇਗਾ, ਜਿਸ ਵਿੱਚ ਟਰੱਕ ਸਟਾਪ, ਫੂਡ ਕੋਰਟ, ਟਰਾਮਾ ਸੈਂਟਰ, ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਟਰੈਫਿਕ ਪੁਲਿਸ ਸਟੇਸ਼ਨ ਹੋਣਗੇ।

ਹੁਣ ਆਧਾਰ ਕਾਰਡ ਤੋਂ ਬਿਨਾਂ ਨਹੀਂ ਮਿਲੇਗੀ ਸਬਸਿਡੀ! UIDAI ਨੇ ਜਾਰੀ ਕੀਤਾ ਸਰਕੂਲਰ

0

UIDAI ਨੇ ਨਵਾਂ ਸਰਕੂਲਰ ਜਾਰੀ ਕੀਤਾ ਹੈ। ਜੇਕਰ ਹੁਣ ਤੱਕ ਤੁਹਾਡੇ ਕੋਲ ਆਧਾਰ ਨੰਬਰ ਨਹੀਂ ਹੈ ਜਾਂ ਅਜੇ ਤੱਕ ਆਧਾਰ ਲਈ ਰਜਿਸਟਰੇਸ਼ਨ ਨਹੀਂ ਕਰਵਾਇਆ ਹੈ ਤਾਂ ਸਾਵਧਾਨ ਹੋ ਜਾਓ। ਕਿਉਂਕਿ ਜੇਕਰ ਤੁਹਾਡੇ ਕੋਲ ਆਧਾਰ ਨਹੀਂ ਹੈ ਤਾਂ ਹੁਣ ਤੁਹਾਨੂੰ ਵੱਡਾ ਨੁਕਸਾਨ ਝੱਲਣਾ ਪਵੇਗਾ।

UIDAI (ਭਾਰਤੀ ਵਿਲੱਖਣ ਪਛਾਣ ਅਥਾਰਟੀ ) ਨੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਸਾਰੇ ਮੰਤਰਾਲਿਆਂ ਨੂੰ ਇੱਕ ਸਰਕੂਲਰ ਜਾਰੀ ਕਰਕੇ ਸਾਰੀਆਂ ਸਰਕਾਰੀ ਸਬਸਿਡੀਆਂ ਅਤੇ ਲਾਭਾਂ ਲਈ ਆਧਾਰ ਨੰਬਰ ਨੂੰ ਲਾਜ਼ਮੀ ਬਣਾਉਣ ਲਈ ਕਿਹਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਆਧਾਰ ਐਕਟ ਦੇ ਸੈਕਸ਼ਨ 7 ਵਿੱਚ ਆਧਾਰ ਤੋਂ ਬਿਨਾਂ ਕਿਸੇ ਵਿਅਕਤੀ ਨੂੰ ਸਹੂਲਤਾਂ ਪ੍ਰਦਾਨ ਕਰਨ ਦਾ ਮੌਜੂਦਾ ਪ੍ਰਬੰਧ ਹੈ। ਅਜਿਹੇ ਵਿਅਕਤੀਆਂ ਲਈ ਪਛਾਣ ਦੇ ਵਿਕਲਪਕ ਅਤੇ ਵਿਹਾਰਕ ਸਾਧਨਾਂ ਰਾਹੀਂ ਸਰਕਾਰੀ ਲਾਭ, ਸਬਸਿਡੀਆਂ ਅਤੇ ਸੇਵਾਵਾਂ ਪ੍ਰਾਪਤ ਕਰਨ ਦਾ ਪ੍ਰਬੰਧ ਹੈ। ਹਾਲਾਂਕਿ ਸਰਕੂਲਰ ‘ਚ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ‘ਚ 99 ਫੀਸਦੀ ਬਾਲਗਾਂ ਕੋਲ ਆਧਾਰ ਨੰਬਰ ਹੈ।

ਸਰਕੂਲਰ ‘ਚ ਕਿਹਾ ਗਿਆ ਹੈ ਕਿ ਉਪਰੋਕਤ ਪਿਛੋਕੜ ਦੇ ਆਧਾਰ ‘ਤੇ ਆਧਾਰ ਐਕਟ ਦੀ ਧਾਰਾ 7 ਦੇ ਤਹਿਤ ਜੇਕਰ ਕਿਸੇ ਵਿਅਕਤੀ ਕੋਲ ਅਜੇ ਤੱਕ ਆਧਾਰ ਨੰਬਰ ਨਹੀਂ ਹੈ ਤਾਂ ਉਹ ਇਸ ਲਈ ਅਪਲਾਈ ਕਰੇਗਾ। ਜਦੋਂ ਤੱਕ ਅਜਿਹੇ ਵਿਅਕਤੀ ਨੂੰ ਆਧਾਰ ਨੰਬਰ ਅਲਾਟ ਨਹੀਂ ਕੀਤਾ ਜਾਂਦਾ, ਉਹ ਆਧਾਰ ਨਾਮਾਂਕਣ ਪਛਾਣ (EID) ਨੰਬਰ/ਸਲਿੱਪ ਨਾਲ ਪਛਾਣ ਦੇ ਵਿਕਲਪਕ ਅਤੇ ਵਿਹਾਰਕ ਸਾਧਨਾਂ ਰਾਹੀਂ ਸਰਕਾਰੀ ਲਾਭ, ਸਬਸਿਡੀਆਂ ਅਤੇ ਸੇਵਾਵਾਂ ਪ੍ਰਾਪਤ ਕਰ ਸਕਦਾ ਹੈ।

ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਕੋਲ ਅਜੇ ਤੱਕ ਆਧਾਰ ਨੰਬਰ ਨਹੀਂ ਹੈ, ਤਾਂ ਉਸ ਨੂੰ ਸਰਕਾਰੀ ਸੇਵਾ, ਲਾਭ ਜਾਂ ਸਬਸਿਡੀ ਲਈ ਤੁਰੰਤ ਆਧਾਰ ਰਜਿਸਟਰ ਕਰਨਾ ਹੋਵੇਗਾ। ਜਦੋਂ ਤੱਕ ਆਧਾਰ ਨੰਬਰ ਉਪਲਬਧ ਨਹੀਂ ਹੁੰਦਾ, ਰਜਿਸਟ੍ਰੇਸ਼ਨ ਸਲਿੱਪ ਦਿਖਾ ਕੇ ਸਰਕਾਰੀ ਸੇਵਾਵਾਂ ਦਾ ਲਾਭ ਉਠਾਇਆ ਜਾ ਸਕਦਾ ਹੈ। ਸਰਕੂਲਰ ‘ਚ ਕਿਹਾ ਗਿਆ ਹੈ ਕਿ ਦੇਸ਼ ‘ਚ 99 ਫੀਸਦੀ ਬਾਲਗਾਂ ਕੋਲ ਆਧਾਰ ਪਛਾਣ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਸੇਵਾਵਾਂ ਅਤੇ ਲਾਭ ਸਿੱਧੇ ਉਨ੍ਹਾਂ ਨੂੰ ਟਰਾਂਸਫਰ ਕੀਤੇ ਜਾਂਦੇ ਹਨ।

ਜੰਮੂ ਕਸ਼ਮੀਰ ਦੇ ਪਹਿਲਗਾਮ ‘ਚ ਵਾਪਰਿਆ ਵੱਡਾ ਹਾਦਸਾ, ITBP ਦੀ ਬੱਸ ਡਿੱਗੀ ਖੱਡ ‘ਚ, 7 ਤੋਂ ਜ਼ਿਆਦਾ ਜਵਾਨਾਂ ਦੀ ਹੋਈ ਮੌਤ

0

ਜੰਮੂ ਕਸ਼ਮੀਰ ਦੇ ਪਹਿਲਗਾਮ ‘ਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ITBP ਦੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਬੱਸ ‘ਚ 39 ਜਵਾਨ ਸਵਾਰ ਸਨ। ਇਹ ਜਵਾਨ ਅਮਰਨਾਥ ਯਾਤਰਾ ਦੀ ਡਿਊਟੀ ਤੋਂ ਪਰਤ ਰਹੇ ਸਨ। ਵਾਪਸੀ ਸਮੇਂ ਇਹ ਹਾਦਸਾ ਵਾਪਰ ਗਿਆ।

ਦੱਸ ਦਈਏ ਕਿ ਚੰਦਨਵਾੜੀ ‘ਚ ਖੱਡ ‘ਚ ITBP ਦੀ ਬੱਸ ਡਿੱਗ ਗਈ। ਇਸ ਹਾਦਸੇ ‘ਚ 7 ਤੋਂ ਜ਼ਿਆਦਾ ਜਵਾਨਾਂ ਦੀ ਮੌਤ ਹੋ ਗਈ ਹੈ। ਰਾਹਤ ਤੇ ਬਚਾਅ ਕਾਰਜ ਜਾਰੀ ਹੈ। ਜਾਣਕਾਰੀ ਅਨੁਸਾਰ ਬਾਕੀ ਜਵਾਨਾਂ ਨੂੰ ਏਅਰਲਿਫਟ ਕੀਤਾ ਜਾ ਰਿਹਾ ਹੈ।

ਪੰਜਾਬ ਸਰਕਾਰ ਦੇ 5 ਮੰਤਰੀ ਅੱਜ ਕਰਨਗੇ ਪ੍ਰੈਸ ਕਾਨਫੰਰਸ, ਆਪਣੇ ਕੰਮਾਂ ਦਾ ਦੇਣਗੇ ਬਿਓਰਾ

0

ਭਗਵੰਤ ਮਾਨ ਸਰਕਾਰ ਦੇ 5 ਮਹੀਨੇ ਅੱਜ 16 ਅਗਸਤ ਨੂੰ ਪੂਰੇ ਹੋਏ ਹਨ। ਪੰਜਾਬ ਸਰਕਾਰ ਦੇ 5 ਮੰਤਰੀ ਅੱਜ ਪੰਜਾਬ ਭਵਨ ਵਿਖੇ ਦੁਪਹਿਰ 1 ਵਜੇ ਪ੍ਰੈਸ ਕਾਨਫਰੰਸ ਕਰਨਗੇ। ਉਹ ਆਪਣੇ 5 ਮਹੀਨਿਆਂ ਦੇ ਕੰਮਾਂ ਦਾ ਬਿਓਰਾ ਦੇਣਗੇ।

ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹਰਭਜਨ ਸਿੰਘ ETO ਪ੍ਰੈਸ ਕਾਨਫਰੰਸ ਕਰਨਗੇ। ਇਸ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਕੁਲਦੀਪ ਸਿੰਘ ਧਾਲੀਵਾਲ ਅਤੇ ਚੇਤਨ ਸਿੰਘ ਜੋੜਾਮਾਜਰਾ ਵੀ ਸ਼ਾਮਲ ਹੋਣਗੇ।

 

ਪੰਜਾਬ ‘ਚ ਇਸ ਦਿਨ ਤੋਂ ਸ਼ੁਰੂ ਹੋਵੇਗੀ ਆਟੇ ਦੀ ਹੋਮ ਡਿਲੀਵਰੀ, 8 ਜ਼ੋਨਾਂ ‘ਚ ਵੰਡਿਆ ਰਾਜ

0

ਲੋਕਾਂ ਨੂੰ ਘਰ-ਘਰ ਰਾਸ਼ਨ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਇਸ ਸਾਲ 1 ਅਕਤੂਬਰ ਤੋਂ ਆਟੇ ਦੀ ਹੋਮ ਡਿਲੀਵਰੀ ਸੇਵਾ ਸ਼ੁਰੂ ਕਰੇਗੀ। ਇਹ ਸਕੀਮ ਸੂਬੇ ਭਰ ਵਿੱਚ ਇੱਕੋ ਪੜਾਅ ਵਿੱਚ ਲਾਗੂ ਕੀਤੀ ਜਾਵੇਗੀ। ਇਸ ਦੇ ਲਈ ਪੂਰੇ ਸੂਬੇ ਨੂੰ ਅੱਠ ਜ਼ੋਨਾਂ ਵਿੱਚ ਵੰਡਿਆ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਐੱਨਐੱਫਐੱਸਏ ਤਹਿਤ ਰਜਿਸਟਰਡ ਹਰੇਕ ਲਾਭਪਾਤਰੀ ਨੂੰ ਆਟੇ ਦੀ ਹੋਮ ਡਿਲੀਵਰੀ ਦਾ ਵਿਕਲਪ ਦਿੱਤਾ ਜਾਵੇਗਾ। ਕੋਈ ਵੀ ਲਾਭਪਾਤਰੀ ਜੋ ਖੁਦ ਡੀਪੂ ਤੋਂ ਕਣਕ ਲੈਣਾ ਚਾਹੁੰਦਾ ਹੈ, ਉਸ ਕੋਲ ਸਹੀ IT ਦਖਲਅੰਦਾਜ਼ੀ ਨਾਲ ਇਸਦੀ ਮੁਫਤ ਚੋਣ ਕਰਨ ਦਾ ਵਿਕਲਪ ਹੋਵੇਗਾ।

ਰਾਸ਼ਨ ਦੀ ਵੰਡ ਹੁਣ ਤਿਮਾਹੀ ਦੀ ਬਜਾਏ ਮਹੀਨਾਵਾਰ ਢੰਗ ਨਾਲ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਹੋਮ ਡਿਲੀਵਰੀ ਸੇਵਾ ਮੋਬਾਈਲ ਫੇਅਰ ਪ੍ਰਾਈਸ ਸ਼ੌਪਸ (ਐਮਪੀਐਸ) ਦੀ ਧਾਰਨਾ ਨੂੰ ਪੇਸ਼ ਕਰੇਗੀ। MPS ਇੱਕ ਟਰਾਂਸਪੋਰਟ ਵਾਹਨ ਹੋਵੇਗਾ, ਜਿਸ ‘ਚ GPS ਸੁਵਿਧਾ ਅਤੇ ਕੈਮਰਿਆਂ ਲਗੇ ਹੋਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਵਾਹਨ ਵਿੱਚ ਲਾਜ਼ਮੀ ਤੌਰ ‘ਤੇ ਤੋਲਣ ਦੀ ਸਹੂਲਤ ਹੋਵੇਗੀ, ਤਾਂ ਜੋ ਲਾਭਪਾਤਰੀ ਆਟੇ ਦੀ ਡਿਲੀਵਰੀ ਤੋਂ ਪਹਿਲਾਂ ਇਸ ਦੇ ਭਾਰ ਬਾਰੇ ਸੰਤੁਸ਼ਟ ਹੋ ਸਕੇ।

ਐਮਪੀਐਸ ਵਾਹਨ ਵਿੱਚ ਬਾਇਓਮੀਟ੍ਰਿਕ ਤਸਦੀਕ, ਲਾਭਪਾਤਰੀ ਨੂੰ ਸੌਂਪਣ ਲਈ ਪ੍ਰਿੰਟਿਡ ਵਜ਼ਨ ਸਲਿੱਪ ਆਦਿ ਪ੍ਰਦਾਨ ਕੀਤੇ ਜਾਣਗੇ। ਸਾਰੇ ਐਮਪੀਐਸ ਲਾਇਸੰਸ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਵਿਭਾਗ ਦੁਆਰਾ ਜਾਰੀ ਕੀਤੇ ਜਾਣਗੇ। ਐਮਪੀਐਸ ਨੂੰ NFSA ਤਹਿਤ ਵਾਜਬ ਕੀਮਤ ਦੀਆਂ ਦੁਕਾਨਾਂ ਦਾ ਦਰਜਾ ਦਿੱਤਾ ਜਾਵੇਗਾ। ਸਿਫਰ MPS ਹੀ ਆਟੇ ਦੀ ਹੋਮ ਡਿਲੀਵਰੀ ਦੀ ਸਹੂਲਤ ਪ੍ਰਦਾਨ ਕਰੇਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਐਨ.ਐਫ.ਐਸ.ਏ. ਦੇ ਲਾਭਪਾਤਰੀਆਂ ਨੂੰ ਆਟਾ ਦੀ ਸਫਲਤਾਪੂਰਵਕ ਘਰ-ਘਰ ਪਹੁੰਚਾਉਣ ਲਈ ਲੋੜੀਂਦੀਆਂ ਸਾਰੀਆਂ ਗਤੀਵਿਧੀਆਂ ਲਈ ਮਾਰਕਫੈੱਡ ਵੱਲੋਂ ਇੱਕ ਵਿਸ਼ੇਸ਼ ਮੰਤਵ ਵਾਹਨ ਤਿਆਰ ਕੀਤਾ ਜਾਵੇਗਾ। ਰਾਜ ਸਰਕਾਰ ਕਣਕ ਨੂੰ ਆਟੇ ਵਿੱਚ ਪੀਸਣ ਦਾ ਸਾਰਾ ਖਰਚਾ ਖੁਦ ਕਰੇਗੀ, ਭਾਵੇਂ ਕਿ ਇਸ ਨੂੰ NFSA ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਾਭਪਾਤਰੀ ਤੋਂ ਵਸੂਲਣ ਲਈ ਕਿਹਾ ਗਿਆ ਹੈ। ਕਟਾਰੂਚੱਕ ਨੇ ਕਿਹਾ ਕਿ ਇਸ ਨਵੀਂ ਸੇਵਾ ਨਾਲ ਲਾਭਪਾਤਰੀਆਂ ਨੂੰ ਸਥਾਨਕ ਆਟਾ ਚੱਕੀ ਤੋਂ ਕਣਕ ਨੂੰ ਆਟੇ ‘ਚ ਪੀਸਣ ਦੇ ਖਰਚੇ ਦੇ ਸਬੰਧ ਵਿੱਚ ਲਗਭਗ 170 ਕਰੋੜ ਰੁਪਏ ਦੀ ਬਚਤ ਹੋਣ ਦੀ ਉਮੀਦ ਹੈ।

ਹਰਸਿਮਰਤ ਕੌਰ ਬਾਦਲ ਨੇ ਲੰਪੀ ਸਕਿਨ ਤੋਂ ਪੀੜਤ ਪਸ਼ੂ ਪਾਲਕਾਂ ਲਈ ਮੁਆਵਜ਼ੇ ਦੀ ਕੀਤੀ ਮੰਗ

0

ਲੰਪੀ ਸਕਿਨ ਬਿਮਾਰੀ ਆਪਣਾ ਕਹਿਰ ਬਰਸਾ ਰਹੀ ਹੈ। ਇਸ ਬਿਮਾਰੀ ਨਾਲ ਰੋਜ਼ਾਨਾ ਪਸ਼ੂਆਂ ਦੀ ਮੌਤ ਹੋ ਰਹੀ ਹੈ। ਬਠਿੰਡਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪਸ਼ੂਆਂ ਦੀ ਲੰਪੀ ਸਕਿਨ ਬੀਮਾਰੀ ਤੋਂ ਪੀੜਤ ਪਸ਼ੂ ਪਾਲਕਾਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

ਹਰਸਿਮਰਤ ਕੌਰ ਬਾਦਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਸ਼ੂ ਪਾਲਕਾਂ ਨੂੰ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਬੀਮਾਰੀ ਨਾਲ ਅਨੇਕਾਂ ਹੀ ਪਸ਼ੂਆਂ ਦੀ ਮੌਤ ਹੋ ਰਹੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਵਿਚ ਕੇਂਦਰੀ ਟੀਮ ਭੇਜੀ ਜਾਵੇ ਅਤੇ ਲੰਪੀ ਸਕਿਨ ਤੋਂ ਬਚਾਅ ਲਈ ਪਸ਼ੂਆਂ ਦਾ ਟੀਕਾਕਰਨ ਕੀਤਾ ਜਾਵੇ।

PM ਮੋਦੀ ਨੇ CM ਅਰਵਿੰਦ ਕੇਜਰੀਵਾਲ ਨੂੰ ਜਨਮ ਦਿਨ ਦੀ ਦਿੱਤੀ ਵਧਾਈ

0

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅੱਜ ਜਨਮਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ।ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਭਕਾਮਨਾਵਾਂ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਪੀਐਮ ਮੋਦੀ ਨੇ ਇੱਕ ਟਵੀਟ ਵਿੱਚ ਕਿਹਾ, “ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਨਮ ਦਿਨ ਦੀਆਂ ਮੁਬਾਰਕਾਂ। ਮੈਂ ਉਨ੍ਹਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।”

ਇਸ ਮੌਕੇ ਪੰਜਾਬ ਦੀ ਮਾਨ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਗਈ ਹੈ। ਇਸ ਮੌਕੇ ਟਵੀਟ ਕਰਕੇ ਕਿਹਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਦੇਸ਼ ਦੀ ਸਿਆਸਤ ਨੂੰ ਅਸਲ ਲੋਕ ਮੁੱਦਿਆਂ ‘ਤੇ ਲੈ ਕੇ ਆਉਣ ਵਾਲੇ ਇਕਲੌਤਾ ਇਨਸਾਨ ਹਨ ਅਤੇ ਪਰਮਾਤਮਾ ਕਰੇ ਕਿ ਉਨ੍ਹਾਂ ਦੀ ਹਿੰਮਤ-ਹੌਂਸਲਾ ਇੰਝ ਹੀ ਬਰਕਰਾਰ ਰਹੇ।

ਇਸ ਮੌਕੇ ਅਰਵਿੰਦ ਕੇਜਰੀਵਾਲ ਦੀ ਇਕ ਜਨਮ ਦਿਨ ਨਾਲ ਸਬੰਧਿਤ ਇਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਅਤੇ ਅਖ਼ੀਰ ‘ਚ ਲਿਖਿਆ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ। ਅਰਵਿੰਦ ਕੇਜਰੀਵਾਲ ਦਾ ਜਨਮ 16 ਅਗਸਤ 1968 ਨੂੰ ਹੋਇਆ ਸੀ।