Home Blog Page 1943

ਜਾਅਲੀ ਨਿਯੁਕਤੀ ਪੱਤਰਾਂ ਨਾਲ ਨੌਕਰੀ ਕਰਦੇ 5 ਅਧਿਆਪਕ ਕੀਤੇ ਗ੍ਰਿਫਤਾਰ

0

ਝਾਂਸੀ: ਉੱਤਰ ਪ੍ਰਦੇਸ਼ ਦੇ ਸ਼ਹਿਰ ਝਾਂਸੀ ਤੋਂ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਜਾਅਲੀ ਨਿਯੁਕਤੀ ਨੂੰ ਲੈ ਕੇ ਹੈ।ਜਾਅਲੀ ਨਿਯੁਕਤੀ ਪੱਤਰਾਂ ਦੇ ਆਧਾਰ ‘ਤੇ ਕੰਮ ਕਰਦੇ ਪਾਏ ਜਾਣ ਤੋਂ ਬਾਅਦ ਦੋ ਔਰਤਾਂ ਸਮੇਤ ਪੰਜ ਹਾਈ ਸਕੂਲ ਅਧਿਆਪਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਅਲੀ ਪੱਤਰਾਂ ਉਤੇ ਜ਼ਿਲ੍ਹੇ ਦੇ ਤਿੰਨ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ‘ਅਧਿਆਪਕ’ ਤਾਇਨਾਤ ਕੀਤੇ ਗਏ ਸਨ। ਇਹ ਮਾਮਲਾ ਪ੍ਰਯਾਗਰਾਜ ਵਿੱਚ ਉੱਚ ਅਧਿਕਾਰੀਆਂ ਦੁਆਰਾ ਕੀਤੀ ਗਈ ਪੜਤਾਲ ਦੌਰਾਨ ਸਾਹਮਣੇ ਆਇਆ। ਰਿਪੋਰਟਾਂ ਦੇ ਅਨੁਸਾਰ ਪੰਜ ਵਿਅਕਤੀ ਸਾਰੇ ਆਜ਼ਮਗੜ੍ਹ ਦੇ ਹਨ ਜੁਲਾਈ 2022 ਤੋਂ ਝਾਂਸੀ ਜ਼ਿਲ੍ਹੇ ਵਿੱਚ ਤਿੰਨ ਵੱਖ-ਵੱਖ ਸਕੂਲਾਂ ਵਿੱਚ ਕੰਮ ਕਰ ਰਹੇ ਹਨ।

ਸਬੰਧਤ ਪ੍ਰਿੰਸੀਪਲਾਂ ਵੱਲੋਂ ਉਨ੍ਹਾਂ ਖ਼ਿਲਾਫ਼ ਜ਼ਿਲ੍ਹੇ ਦੇ ਮੌਰਾਨੀਪੁਰ ਅਤੇ ਗਰੋਥਾ ਥਾਣਿਆਂ ਵਿੱਚ ਰਿਪੋਰਟ ਦਰਜ ਕਰਵਾਈ ਗਈ ਸੀ। ਇਨ੍ਹਾਂ ਦੀ ਪਛਾਣ ਪੰਚਦੇਵ, ਨਰੇਂਦਰ ਕੁਮਾਰ ਮੌਰੀਆ ਅਤੇ ਰਣਵਿਜੇ ਵਿਸ਼ਵਕਰਮਾ ਗਰੋਥਾ ਤਹਿਸੀਲ ਦੇ ਖਰਰੂਰਾ ਸਰਕਾਰੀ ਹਾਈ ਸਕੂਲ, ਬਮਹੋਰੀ ਸੁਹਾਗੀ ਵਿਖੇ ਮੈਨਾਵਤੀ ਅਤੇ ਮੌਰਾਨੀਪੁਰ ਤਹਿਸੀਲ ਦੇ ਸਰਕਾਰੀ ਹਾਈ ਸਕੂਲ ਵੀਰਾ ਵਿਖੇ ਅੰਮ੍ਰਿਤਾ ਕੁਸ਼ਵਾਹਾ ਵਜੋਂ ਹੋਈ ਹੈ। ਇਨ੍ਹਾਂ ਪੰਜਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 419, 420, 467, 468, 471 ਤਹਿਤ ਕੇਸ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ।

ਝਾਂਸੀ ਜ਼ਿਲ੍ਹੇ ਦੇ ਸਕੂਲਾਂ ਦੇ ਇੰਸਪੈਕਟਰ ਓਮਪ੍ਰਕਾਸ਼ ਸਿੰਘ ਨੇ ਕਿਹਾ, “ਉੱਚ ਪੱਧਰ ‘ਤੇ ਪੜਤਾਲ ਦੌਰਾਨ ਸਾਰੀਆਂ ਪੰਜ ਨਿਯੁਕਤੀਆਂ ਗਲਤ ਅਤੇ ਫਰਜ਼ੀ ਪਾਈਆਂ ਗਈਆਂ ਸਨ। ਇਨ੍ਹਾਂ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਕਿ ਕਿਵੇਂ ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਵਿਭਾਗ ਦੀ ਸਹਿਮਤੀ ਤੋਂ ਬਿਨਾਂ ਅਧਿਆਪਕਾਂ ਨੂੰ ਭਰਤੀ ਕੀਤਾ।

ਉੱਤਰ ਪ੍ਰਦੇਸ਼ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 11 ਲੋਕਾਂ ਦੀ ਹੋਈ ਮੌਤ

0

ਉੱਤਰ ਪ੍ਰਦੇਸ਼ ‘ਚ ਦੇਰ ਰਾਤ ਦੋ ਹਾਦਸਿਆਂ ‘ਚ ਦੋ ਪਰਿਵਾਰਾਂ ਦੇ 11 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਗਰਭਵਤੀ ਔਰਤਾਂ ਅਤੇ ਤਿੰਨ ਬੱਚੇ ਵੀ ਸ਼ਾਮਲ ਹਨ। ਪਹਿਲਾ ਹਾਦਸਾ ਬਾਗਪਤ ‘ਚ ਮੇਰਠ ਹਾਈਵੇ ‘ਤੇ ਟੋਲ ਪਲਾਜ਼ਾ ਨੇੜੇ ਵਾਪਰਿਆ। ਕੈਂਟਰ ਨੇ ਬਾਈਕ ਨੂੰ ਕੁਚਲ ਦਿੱਤਾ, ਜਿਸ ਕਾਰਨ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਸਾਰੇ ਸਿੰਘਾਵਾਲੀ ਅਹੀਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਡੋਲਾ ਦੇ ਰਹਿਣ ਵਾਲੇ ਸਨ।

ਖੇਕੜਾ ਦੇ ਸੀਓ ਵਿਜੇ ਚੌਧਰੀ ਨੇ ਦੱਸਿਆ ਕਿ ਫਤਿਹ ਮੁਹੰਮਦ ਆਪਣੇ ਪਰਿਵਾਰ ਨਾਲ ਮੇਰਠ ਤੋਂ ਆ ਰਿਹਾ ਸੀ। ਉਸ ਦੀ ਬਾਈਕ ਕੈਂਟਰ ਨਾਲ ਟਕਰਾ ਗਈ। ਹਾਦਸੇ ‘ਚ ਬੱਚਿਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ। ਕੈਂਟਰ ਚਾਲਕ ਇਰਸ਼ਾਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕੈਂਟਰ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ ਉਹ ਮੇਰਠ ਦਾ ਰਹਿਣ ਵਾਲਾ ਹੈ।

ਦੂਜੇ ਹਾਦਸੇ ‘ਚ ਸਹਾਰਨਪੁਰ ਵਿਖੇ ਟਰੱਕ ਨੇ ਵੈਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਵੈਨ ‘ਚ ਸਵਾਰ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ 2 ਦੀ ਅੱਜ ਸੋਮਵਾਰ ਸਵੇਰੇ ਹਸਪਤਾਲ ‘ਚ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਚਾਰ ਔਰਤਾਂ ਵੀ ਸ਼ਾਮਲ ਹਨ।ਹਾਦਸੇ ਤੋਂ ਬਾਅਦ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ। ਸੀਓ ਮੁਨੀਸ਼ ਚੰਦਰ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਭ੍ਰਿਸ਼ਟਾਚਾਰ ਮਾਮਲੇ ‘ਚ 135 ਅਫਸਰ ਕੀਤੇ ਗ੍ਰਿਫਤਾਰ

0

ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਸੱਤਾ ਵਿੱਚ ਆਉਣ ਦੇ ਪੰਜ ਮਹੀਨਿਆਂ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਨੂੰ ਬੇਮਿਸਾਲ ਸਫਲਤਾ ਮਿਲੀ ਹੈ। ਇਨ੍ਹਾਂ ਪੰਜ ਮਹੀਨਿਆਂ ਅੰਦਰ ਬਹੁਤ ਸਾਰੇ ਭ੍ਰਿਸ਼ਟਾਚਾਰੀ ਅਫਸਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਹੁਣ ਤੱਕ ਵਿਜੀਲੈਂਸ ਬਿਊਰੋ ਨੇ 25 ਗਜ਼ਟਿਡ ਅਫਸਰਾਂ ਸਮੇਤ 135 ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਪ੍ਰਾਪਤ ਕਰਨ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿੱਚ ‘ਆਪ’ ਦੀ ਮੌਜੂਦਾ ਸਰਕਾਰ ਦੇ ਮੰਤਰੀ ਅਤੇ ਪਿਛਲੀ ਕਾਂਗਰਸ ਸਰਕਾਰ ਦੇ ਪ੍ਰਮੁੱਖ ਮੰਤਰੀ ਸਮੇਤ ਇੱਕ IAS ਅਧਿਕਾਰੀ, ਇੱਕ IFS ਅਧਿਕਾਰੀ ਅਤੇ 50 ਤੋਂ ਵੱਧ ਪੁਲਿਸ ਕਰਮੀ ਸ਼ਾਮਿਲ ਹਨ।

ਮਾਨ ਸਰਕਾਰ ‘ਆਪ’ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਬਰਖਾਸਤ ਕਰਨ ਅਤੇ ਗ੍ਰਿਫਤਾਰ ਕਰਨ ਤੋਂ ਲੈ ਕੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ‘ਚ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ, 2008 ਬੈਚ ਦੇ ਆਈ.ਏ.ਐੱਸ. ਅਧਿਕਾਰੀ ਸੰਜੇ ਪੋਪਲੀ, ਡਾਇਰੈਕਟਰ ਪੈਨਸ਼ਨ ਅਤੇ ਭਾਰਤੀ ਜੰਗਲਾਤ ਸੇਵਾ (IFS) ਅਧਿਕਾਰੀ ਵਿਸ਼ਾਲ ਚੌਹਾਨ ਨੂੰ ਗ੍ਰਿਫਤਾਰ ਕਰਨ ਸਮੇਤ ਕਈ ਹੋਰ ਵੱਡੇ ਵੱਡੇ ਮਗਰਮੱਛਾਂ ‘ਤੇ ਸ਼ਿਕੰਜਾ ਕੱਸਦੀ ਨਜ਼ਰ ਆਈ। ਇਸ ਤੋਂ ਇਲਾਵਾ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਦੋ ਸਰਕਾਰੀ ਅਧਿਕਾਰੀਆਂ ਦੀਆਂ ਸੇਵਾਵਾਂ ਉਨ੍ਹਾਂ ਦੇ ਸਬੰਧਿਤ ਪ੍ਰਸ਼ਾਸਨਿਕ ਵਿਭਾਗਾਂ ਨੇ ਤੁਰੰਤ ਸਮਾਪਤ ਕਰ ਦਿੱਤੀਆਂ।

ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਤੇਜ਼ੀ ਨਾਲ ਕੰਮ ਕਰਦਿਆਂ ਸਿਰਫ਼ ਜੁਲਾਈ ਮਹੀਨੇ ਵਿੱਚ ਅੱਠ ਸਰਕਾਰੀ ਮੁਲਾਜ਼ਮਾਂ ਨੂੰ ਪੰਜ ਵੱਖ-ਵੱਖ ਮਾਮਲਿਆਂ ਵਿੱਚ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਦੋ ਮੁਲਾਜ਼ਮ ਅਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਤਿੰਨ ਮੁਲਾਜ਼ਮ ਸ਼ਾਮਲ ਹਨ। ਬਿਊਰੋ ਨੇ 14 ਅਪਰਾਧਿਕ ਮਾਮਲੇ ਦਰਜ ਕੀਤੇ ਸਨ ਜਿਨ੍ਹਾਂ ਵਿਚ 20 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਅਪਰਾਧਿਕ ਮਾਮਲਿਆਂ ਵਿੱਚ, ਚਾਰ ਪੁਲਿਸ ਮੁਲਾਜ਼ਮਾਂ, ਦੋ ਮਾਲ (ਰੈਵਨਿਊ) ਅਧਿਕਾਰੀਆਂ ਅਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਲੁਧਿਆਣਾ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਸਮੇਤ ਛੇ ਕਰਮਚਾਰੀਆਂ ਵਿਰੁੱਧ ਵਿਜੀਲੈਂਸ ਬਿਊਰੋ ਨੇ ਅਗਲੇਰੀ ਜਾਂਚ ਲਈ ਕੇਸ ਦਰਜ ਕੀਤਾ ਹੈ। ਸੁਬਰਾਮਨੀਅਮ ਨੂੰ ਮੁੱਖ ਦੋਸ਼ੀ ਵੱਜੋਂ ਨਾਮਜ਼ਦ ਕੀਤਾ ਗਿਆ, ਜਿਸ ਦੀ ਨਿਗਰਾਨੀ ਹੇਠ ਇਹ ਘੁਟਾਲਾ ਹੋਇਆ।

ਵਿਜੀਲੈਂਸ ਬਿਊਰੋ ਨੇ 80 ਦੇ ਕਰੀਬ ਆਮ ਵਿਅਕਤੀਆਂ ਨੂੰ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਕਾਬੂ ਕੀਤਾ ਹੈ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸੱਤ ਮਾਮਲਿਆਂ ਵਿੱਚ ਵੱਖ-ਵੱਖ ਅਦਾਲਤਾਂ ਵੱਲੋਂ ਠਹਿਰਾਏ ਦੋਸ਼ੀਆਂ ਵਿੱਚ ਅੱਠ ਸਰਕਾਰੀ ਅਧਿਕਾਰੀ ਅਤੇ ਇੱਕ ਆਮ ਵਿਅਕਤੀ ਸ਼ਾਮਿਲ ਸੀ।

ਵਾਹਨਾਂ ਦੇ ਫਰਜ਼ੀ ਰਜਿਸਟ੍ਰੇਸ਼ਨ ਨੰਬਰਾਂ ‘ਤੇ ਟਰਾਂਸਪੋਰਟੇਸ਼ਨ ਟੈਂਡਰ ਅਲਾਟ ਕਰਨ ਦੇ ਘੁਟਾਲੇ ‘ਚ ਸ਼ੁੱਕਰਵਾਰ ਨੂੰ ਸਾਬਕਾ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਖੁਰਾਕ ਤੇ ਸਪਲਾਈ ਵਿਭਾਗ ਦੇ ਹੋਰ ਅਧਿਕਾਰੀ ਵੀ ਜਾਂਚ ਦੇ ਘੇਰੇ ਵਿੱਚ ਹਨ।

ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟ ਅਧਿਕਾਰੀਆਂ ਨੂੰ ਬੇਨਕਾਬ ਕਰਨ ਵਿੱਚ ਮੋਹਰੀ ਹੈ ਕਿਉਂਕਿ ਲੋਕ ਆਪ ਮੁਹਾਰੇ ਇਸ ਸਾਧਨ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰ ਰਹੇ ਹਨ ਤਾਂ ਜੋ ਸੂਬੇ ਵਿੱਚ ਚੰਗੇ ਅਤੇ ਸਾਫ਼ ਸ਼ਾਸਨ ਵਿੱਚ ਰੁਕਾਵਟ ਪਾਉਣ ਵਾਲੇ ਲੋਕਾਂ ਦਾ ਪਰਦਾਫਾਸ਼ ਕੀਤਾ ਜਾ ਸਕੇ। ਇਸ ਸਾਲ 23 ਮਾਰਚ ਨੂੰ ਇਸ ਦੀ ਸ਼ੁਰੂਆਤ ਤੋਂ ਲੈ ਕੇ ਹੈਲਪਲਾਈਨ ‘ਤੇ ਆਈਆਂ ਸ਼ਿਕਾਇਤਾਂ ਦੀ ਪੜਤਾਲ ਅਤੇ ਪੁਸ਼ਟੀ ਕਰਨ ‘ਤੇ 61 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 40 ਐਫਆਈਆਰ ਦਰਜ ਕੀਤੀਆਂ ਗਈਆਂ।

‘ਆਪ’ ਸਰਕਾਰ ਦੀ ‘ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ’ ਵਾਲੀ ਨੀਤੀ ਨੂੰ ਦੁਹਰਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ, ਪਾਰਦਰਸ਼ੀ ਅਤੇ ਸਾਫ਼-ਸੁਥਰਾ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ ਸੀ, ਜਿਸਦੇ ਲਈ ਉਹਨਾਂ ਵੱਲੋਂ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਜਾਰੀ ਕਰਨ ਸਮੇਤ ਕਈ ਪਹਿਲਕਦਮੀਆਂ ਕੀਤੀਆਂ ਜਾ ਚੁੱਕੀਆਂ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਵਿਭਾਗਾਂ ਵਿੱਚ ਜਾਂਚ ਚੱਲ ਰਹੀ ਹੈ ਅਤੇ ਹੋਰ ਵੀ ਬਹੁਤ ਸਾਰੇ ਘੁਟਾਲਿਆਂ ਦਾ ਬਿਨਾਂ ਕਿਸੇ ਪੱਖਪਾਤ ਦੇ ਜਲਦ ਹੀ ਪਰਦਾਫਾਸ਼ ਕੀਤਾ ਜਾਵੇਗਾ। ਜਨਤਾ ਦੇ ਪੈਸੇ ਨੂੰ ਲੁੱਟਣ ਵਾਲੇ ਅਪਰਾਧੀਆਂ ‘ਚ ਫਿਰ ਭਾਵੇਂ ਉਹ ਸੀਨੀਅਰ ਅਧਿਕਾਰੀ ਹੋਣ ਜਾਂ ਸਿਆਸਤਦਾਨ ਸਾਰਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ।

ਦਿੱਲੀ ਜੰਤਰ ਮੰਤਰ ਦੇ ਧਰਨੇ ਚ ਸ਼ਾਮਿਲ ਹੋਣ ਲਈ ਕਿਸਾਨ ਹੋਏ ਰਵਾਨਾ

0

ਅੱਜ 22 ਅਗਸਤ ਨੂੰ ਦੇਸ਼ ਭਰ ਦੇ ਕਿਸਾਨ ਜਥੇਬੰਦੀਆਂ ਵਲੋਂ ਆਪਣੀਆਂ ਮੰਗਾ ਨੂੰ ਲੈਕੇ ਜੰਤਰ ਮੰਤਰ ਤੇ ਇੱਕ ਦਿਨ ਦੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਉਸਦੇ ਚਲਦੇ ਪੰਜਾਬ ਦੀ ਸੰਯੁਕਤ ਕਿਸਾਨ ਮੋਰਚਾ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਦਿਲੀ ਕੂਚ ਕਰਨ ਦੀ ਅਪੀਲ ਕੀਤੀ ਸੀ, ਜਿਸ ਦੇ ਤਹਿਤ ਦੇਰ ਸ਼ਾਮ ਕਿਸਾਨਾਂ ਦਾ ਵੱਡਾ ਇਕੱਠ ਦਿੱਲੀ ਪ੍ਰਦਰਸ਼ਨ ਚ ਸ਼ਾਮਿਲ ਹੋਣ ਲਈ ਟ੍ਰੇਨ ਰਾਹੀਂ ਗੁਰਦਾਸਪੁਰ ਅਤੇ ਬਟਾਲਾ ਤੋਂ ਦਿੱਲੀ ਰਵਾਨਾ ਹੋਇਆ। ਉੱਥੇ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਰੋਸ ਹੈ ਕਿ ਕੇਂਦਰ ਸਰਕਾਰ ਜੋ ਬਿਜਲੀ ਸੋਧ ਕਾਨੂੰਨ ਨਾ ਲੈਕੇ ਆਉਣ ਦਾ ਐਲਾਨ ਉਹਨਾਂ ਦੇ ਦਿੱਲੀ ਮੋਰਚੇ ਚ ਕਰ ਚੁੱਕੀ ਸੀ, ਲੇਕਿਨ ਹੁਣ ਇਹ ਬਿਲ  ਸੰਸਦ ਵਿੱਚ ਲਿਆਂਦਾ ਜਾ ਚੁੱਕਿਆ ਹੈ।

ਇਸੇ ਤਰ੍ਹਾਂ ਫ਼ਸਲਾਂ ‘ਤੇ ਐਮ ਐਸ ਪੀ ਕਾਨੂੰਨ ਲੈਕੇ ਆਉਣ ਦਾ ਜੋ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਲਾਖੀਮਪੁਰ ਖੇਰੀ ਮਾਮਲੇ ਚ ਦੋਸ਼ੀਆਂ ਨੂੰ ਸਜਾ ਦਿਵਾਉਣ ਦੇ ਸੰਘਰਸ਼ ਲੈਕੇ ਵੀ ਕੇਂਦਰ ਖਿਲਾਫ ਜੋ ਪ੍ਰੋਗਰਾਮ ਉਲੀਕੇ ਜਾਣਗੇ ਉਸ ਲਈ ਉਹ ਹਮੇਸ਼ਾ ਤਿਆਰ ਹਨ ਅਤੇ ਚਾਹੇ ਹੁਣ ਇਕ ਦਿਨ ਦਾ ਧਰਨਾ ਹੈ ਲੇਕਿਨ ਜੇਕਰ ਉਹਨਾਂ ਨੂੰ ਆਪਣੀਆਂ ਮੰਗਾ ਅਤੇ ਆਪਣੇ ਹੱਕਾਂ ਲਈ ਦੋਬਾਰਾ ਮੋਰਚਾ ਲਾਉਣਾ ਪਿਆ ਤਾ ਉਹ ਉਸ ਲਈ ਵੀ ਪੂਰੀ ਤਰ੍ਹਾਂ ਤਿਆਰ ਹਨ |

ਕਾਂਗਰਸ ਨੂੰ ਝਟਕਾ, ਆਨੰਦ ਸ਼ਰਮਾ ਨੇ ਸੰਚਾਲਨ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ

0

ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ( Former Congress Minister Anand Sharma) ਨੇ ਹਿਮਾਚਲ ਪ੍ਰਦੇਸ਼ ਕਾਂਗਰਸ (Himachal Congress) ਸੰਚਾਲਨ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ  ਸੋਨੀਆ ਗਾਂਧੀ (Sonia Gandhi) ਨੂੰ ਲਿਖੇ ਪੱਤਰ ਵਿਚ ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਕਿਹਾ ਕਿ ਉਹ ਆਪਣੇ ਸਵੈ-ਮਾਣ ਦੇ ਮੁੱਦੇ ‘ਤੇ ਸਮਝੌਤਾ ਨਹੀਂ ਕਰ ਸਕਦੇ। ਦੱਸਿਆ ਜਾ ਰਿਹਾ ਹੈ ਕਿ ਅਹਿਮ ਮੀਟਿੰਗਾਂ ਵਿੱਚ ਨਾ ਬੁਲਾਏ ਜਾਣ ਕਾਰਨ ਆਨੰਦ ਸ਼ਰਮਾ ਕਾਂਗਰਸ ਵਿੱਚ ਨਜ਼ਰਅੰਦਾਜ਼ ਅਤੇ ਅਲੱਗ-ਥਲੱਗ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਉਹ ਕਾਂਗਰਸੀ ਉਮੀਦਵਾਰਾਂ ਦੀ ਚੋਣ ਪ੍ਰਚਾਰ ਵਿਚ ਹਿੱਸਾ ਲੈਣਗੇ।

ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨਾਲ ਉਨ੍ਹਾਂ ਦੀ ਮੁਲਾਕਾਤ ਦੀ ਖ਼ਬਰ ਵੀ ਮੀਡੀਆ ਵਿੱਚ ਆਈ ਸੀ। ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਸਿਆਸੀ ਪਾਰਟੀ ਦੇ ਆਗੂਆਂ ਨਾਲ ਗੁਪਤ ਤੌਰ ‘ਤੇ ਮਿਲਣ ਦੀ ਕੋਈ ਲੋੜ ਨਹੀਂ ਹੈ। ਕਦੇ ਗਾਂਧੀ ਪਰਿਵਾਰ ਦੇ ਬਹੁਤ ਕਰੀਬੀ ਰਹੇ ਆਨੰਦ ਸ਼ਰਮਾ ਲੰਬੇ ਸਮੇਂ ਤੋਂ ਪਾਰਟੀ ਹਾਈਕਮਾਂਡ ਦੇ ਵਿਰੋਧੀ ਬਣ ਚੁੱਕੇ ਸਨ। ਸ਼ਰਮਾ ਵੀ ਪਾਰਟੀ ਦੇ 23 ਅਸੰਤੁਸ਼ਟ ਨੇਤਾਵਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਸੋਨੀਆ ਗਾਂਧੀ ਨੂੰ ਪੱਤਰ ਲਿਖਿਆ ਸੀ। ਉਦੋਂ ਤੋਂ ਉਹ ਲਗਾਤਾਰ ਕਾਂਗਰਸ ਦੀ ਆਲੋਚਨਾ ਕਰਦੇ ਬਿਆਨ ਦੇ ਰਹੇ ਸਨ।

ਬੁਲਬੁਲ-ਏ-ਪਾਕਿਸਤਾਨ’ ਨਾਲ ਸਨਮਾਨਿਤ ਪਾਕਿਸਤਾਨੀ ਗਾਇਕਾ Nayyara Noor ਦਾ ਹੋਇਆ ਦਿਹਾਂਤ

0

ਪਾਕਿਸਤਾਨੀ ਗਾਇਕਾ ਨਈਆਰਾ ਨੂਰ ਦੇ ਫੈਨਜ਼ ਲਈ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਨਈਆਰਾ ਨੂਰ ਦਾ ਦੇਹਾਂਤ ਹੋ ਗਿਆ ਹੈ। ਨਈਆਰਾ ਨੇ 71 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਨਈਆਰਾ ਦੇ ਪ੍ਰਸ਼ੰਸਕ ਪਾਕਿਸਤਾਨ ਵਿੱਚ ਹੀ ਨਹੀਂ ਸਗੋਂ ਭਾਰਤ ਸਮੇਤ ਪੂਰੇ ਦੱਖਣੀ ਏਸ਼ੀਆ ਵਿੱਚ ਮੌਜੂਦ ਹਨ। ਨਈਆਰਾ ਦੇ ਦੇਹਾਂਤ ਦੀ ਖਬਰ ਸਾਹਮਣੇ ਆਉਂਦੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਸੋਗ ਦੀ ਲਹਿਰ ਦੌੜ ਗਈ ਅਤੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਜਾਰੀ ਹੈ।

ਨਈਆਰਾ ਦਾ ਜਨਮ 1950 ਵਿੱਚ ਗੁਹਾਟੀ, ਅਸਾਮ ਵਿੱਚ ਹੋਇਆ ਸੀ। ਉਹਨਾਂ ਪਿਤਾ ਇੱਕ ਵਪਾਰੀ ਸਨ। ਆਪਣੇ ਕਾਰੋਬਾਰ ਨੂੰ ਵਧਾਉਣ ਲਈ ਉਹ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਤੋਂ ਆ ਕੇ ਆਸਾਮ ਆ ਕੇ ਵੱਸ ਗਏ। ਨਈਆਰਾ ਦੇ ਪਿਤਾ ਆਲ ਇੰਡੀਆ ਮੁਸਲਿਮ ਲੀਗ ਦੇ ਸਰਗਰਮ ਮੈਂਬਰਾਂ ਵਿੱਚੋਂ ਇੱਕ ਸਨ। ਉਹਨਾਂ ਨੇ 1947 ਦੀ ਭਾਰਤ-ਪਾਕਿਸਤਾਨ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਕਾਇਦ-ਏ-ਆਜ਼ਮ ਮੁਹੰਮਦ ਅਲੀ ਜਿਨਾਹ ਦੇ ਅਸਾਮ ਦੌਰੇ ਦੀ ਮੇਜ਼ਬਾਨੀ ਕੀਤੀ ਸੀ।

ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਨਈਆਰਾ ਆਪਣੇ ਭੈਣ-ਭਰਾ ਅਤੇ ਮਾਂ ਨਾਲ ਲਾਹੌਰ, ਪਾਕਿਸਤਾਨ ਚਲੀ ਗਈ, ਹਾਲਾਂਕਿ ਨਈਆਰਾ ਦੇ ਪਿਤਾ ਜਾਇਦਾਦ ਕਾਰਨ 1993 ਤੱਕ ਭਾਰਤ ਵਿੱਚ ਰਹੇ। ਨਈਆਰਾ ਨੂਰ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਕ ਸੀ। ਸ਼ੁਰੂ ਤੋਂ ਹੀ ਨਈਆਰਾ ਨੂੰ ਭਜਨ ਗਾਇਕਾ ਕਾਨਨ ਦੇਵੀ ਅਤੇ ਗ਼ਜ਼ਲ ਗਾਇਕਾ ਬੇਗਮ ਅਖ਼ਤਰ ਦੇ ਗੀਤ ਪਸੰਦ ਸਨ। ਪਰ ਨਈਆਰਾ ਨੇ ਗਾਇਕੀ ਦੀ ਕੋਈ ਟ੍ਰੇਨਿੰਗ ਨਹੀਂ ਲਈ। ਕਿਹਾ ਜਾਂਦਾ ਹੈ ਕਿ ਗਾਇਕੀ ਦੀ ਦੁਨੀਆ ਵਿੱਚ ਉਨ੍ਹਾਂ ਦਾ ਕਦਮ ਮਹਿਜ਼ ਇਤਫ਼ਾਕ ਸੀ।

1968 ਵਿੱਚ ਨੈਸ਼ਨਲ ਕਾਲਜ ਆਫ਼ ਆਰਟਸ, ਲਾਹੌਰ ਵਿੱਚ ਸਾਲਾਨਾ ਸਮਾਗਮ ਦੌਰਾਨਪ੍ਰੋਫੈਸਰ ਇਸਰਾਰ ਨੇ ਉਹਨਾਂ ਨੂੰ ਗਾਉਂਦੇ ਸੁਣਿਆ ਅਤੇ ਉਹਨਾਂ ਨੂੰ ਰੇਡੀਓ ਪਾਕਿਸਤਾਨ ਪ੍ਰੋਗਰਾਮਾਂ ਲਈ ਗਾਉਣ ਦੀ ਬੇਨਤੀ ਕੀਤੀ। ਉਸ ਤੋਂ ਬਾਅਦ ਕੀ ਸੀ ਨਈਆਰਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

 

ਕਾਲੀ ਮਿਰਚ ਦੇ ਸੇਵਨ ਨਾਲ ਬਵਾਸੀਰ ਦੀ ਸਮੱਸਿਆ ਤੋਂ ਮਿਲੇਗੀ ਰਾਹਤ, ਜਾਣੋ ਹੋਰ ਫਾਇਦੇ

0

ਆਮ ਤੌਰ ‘ਤੇ ਕਾਲੀ ਮਿਰਚ ਦਾ ਸੇਵਨ ਮਸਾਲਿਆਂ ਦੇ ਰੂਪ ‘ਚ ਕੀਤਾ ਜਾਂਦਾ ਹੈ। ਹਰ ਦਿਨ 2 ਤੋਂ 3 ਕਾਲੀਆਂ ਮਿਰਚਾਂ ਦਾ ਸੇਵਨ ਸਾਡੇ ਸਰੀਰ ਲਈ ਫ਼ਾਇਦੇਮੰਦ ਸਾਬਿਤ ਹੋਵੇਗਾ।  ਇੰਨਾ ਹੀ ਨਹੀਂ ਕਾਲੀ ਮਿਰਚ ਖਾਣ ਨਾਲ ਸਾਡੀਆਂ ਕਈ ਬਿਮਾਰੀਆਂ ਦਾ ਇਲਾਜ ਘਰ ਬੈਠੇ ਹੀ ਹੋ ਜਾਂਦਾ ਹੈ। ਆਯੁਰਵੇਦ ਵਿਚ ਕਾਲੀ ਮਿਰਚ ਨੂੰ ਦਵਾਈ ਦੱਸਿਆ ਗਿਆ ਹੈ। ਕਾਲੀ ਮਿਰਚ ਇੱਕ ਬਹੁਤ ਹੀ ਵਿਸ਼ੇਸ਼ ਆਯੁਰਵੈਦਿਕ ਔਸ਼ੁੱਧੀ ਹੈ। ਕਾਲੀ ਮਿਰਚ ਨੂੰ ਆਯੁਰਵੇਦ ਵਿਚ ਅਨਮੋਲ ਕਾਲਾ ਮੋਤੀ ਕਿਹਾ ਜਾਂਦਾ ਹੈ।

ਕਾਲੀ ਮਿਰਚ ਦੇ ਸੇਵਨ ਨਾਲ ਮਿਲਣ ਵਾਲੇ ਫਾਇਦੇ

ਗੈਸ ਦੀ ਸਮੱਸਿਆ ਨੂੰ ਕਰੇ ਦੂਰ
ਪੇਟ ਵਿਚ ਬਣਨ ਵਾਲੀ ਗੈਸ ਵਾਯੂ ਦੋਸ਼ ਦਾ ਹੀ ਇੱਕ ਉਪਦ੍ਰਵ ਹੈ। ਕਾਲੀ ਮਿਰਚ ਦਾ ਪ੍ਰਯੋਗ ਗੈਸ ਦੇ ਰੋਗ ਨੂੰ ਸ਼ਾਂਤ ਕਰਨ ਲਈ ਬਹੁਤ ਲਾਹੇਵੰਦ ਹੈ। ਜੇਕਰ ਰੋਜ਼ਾਨਾ ਸਵੇਰੇ ਖਾਲੀ ਪੇਟ ਸਵੇਰੇ 2-3 ਕਾਲੀਆਂ ਮਿਰਚਾਂ ਕੋਸੇ ਪਾਣੀ ਖਾਧੀਆਂ ਜਾਣ ਤਾਂ ਇਹ ਗੈਸ ਦੇ ਪੁਰਾਣੇ ਰੋਗ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੰਦੀਆਂ ਹਨ।

ਜੋੜਾਂ ਦੇ ਦਰਦਾਂ ਲਈ ਵੀ ਹੈ ਲਾਹੇਵੰਦ
ਜੋੜਾਂ ਵਿਚ ਦਰਦ ਹੋਣ ਦੇ ਦੋ ਪ੍ਰਮੁੱਖ ਕਾਰਨ ਹਨ। ਪਹਿਲਾਂ ਤਾਂ ਵਾਤ ਦਾ ਪ੍ਰਕੋਪ ਅਤੇ ਦੂਸਰਾ ਯੂਰਿਕ ਐਸਿਡ ਦੀ ਜ਼ਿਆਦਾ ਮਾਤਰਾ। ਇਸ ਨੂੰ ਗਠੀਆ ਵੀ ਕਹਿੰਦੇ ਹਨ। ਇਨ੍ਹਾਂ ਦੋਹਾਂ ਹਲਾਤਾਂ ਵਿਚ ਹੀ ਕਾਲੀ ਮਿਰਚ ਦੇ ਇਹ ਦੋ ਦਾਣੇ ਖਾਣੇ ਚਾਹੀਦੇ ਹਨ, ਜੋ ਕਿ ਬਹੁਤ ਲਾਭ ਦਿੰਦੇ ਹਨ। ਯੂਰਿਕ ਐਸਿਡ ਵੱਧ ਜਾਣ ਕਾਰਨ ਹੋਣ ਵਾਲੇ ਗਠੀਏ ਦੇ ਦਰਦ ਵਿਚ ਇਹ ਯੂਰਿਕ ਐਸਿਡ ਨੂੰ ਨਸ਼ਟ ਕਰਦੀ ਹੈ, ਜਿਸ ਨਾਲ ਦਰਦ ਤੋਂ ਵੀ ਲਾਭ ਮਿਲਦਾ ਹੈ।

ਵਾਇਰਲ ਬੁਖਾਰ ਨੂੰ ਕਰੇ ਦੂਰ
ਕਾਲੀ ਮਿਰਚ ਵਿਚ ਪਿਪਰੀਨ ਨਾਮਕ ਤੱਤ ਪਾਇਆ ਜਾਂਦਾ ਹੈ, ਜੋ ਕਿ ਬਹੁਤ ਵਧੀਆ ਕੀਟਾਣੂਨਾਸ਼ਕ ਤੱਤ ਹੁੰਦਾ ਹੈ। ਇਹ ਮਲੇਰੀਆ ਅਤੇ ਹੋਰ ਕਈ ਵਾਇਰਲ ਬੁਖਾਰਾਂ ਵਿਚ ਬਹੁਤ ਵਧੀਆ ਪ੍ਰਭਾਵ ਦਿਖਾਉਂਦਾ ਹੈ। ਕਾਲੀ ਮਿਰਚ ਦੇ ਦੋ ਦਾਣਿਆਂ ਨੂੰ ਤੁਲਸੀ ਦੇ ਪੰਜ ਪੱਤਿਆਂ ਨਾਲ ਸੇਵਨ ਕਰੋ। ਇਸ ਨਾਲ ਕਈ ਤਰ੍ਹਾਂ ਦੀਆਂ ਵਾਇਰਲ ਬਿਮਾਰੀਆਂ ਦੂਰ ਹੁੰਦੀਆਂ ਹਨ।

ਚਮੜੀ ਦੀ ਸਮੱਸਿਆ ਨੂੰ ਕਰੇ ਦੂਰ
ਜੇਕਰ ਤੁਹਾਡੇ ਸਰੀਰ ਉੱਤੇ ਕੋਈ ਫੋੜਾ ਜਾਂ ਦਾਣੇ ਨਿਕਲਦੇ ਹਨ ਤਾਂ ਕਾਲੀ ਮਿਰਚ ਨੂੰ ਪੀਸ ਕੇ ਉਸ ਜਗ੍ਹਾ ਉੱਤੇ ਲਗਾ ਲਵੋ। ਇਸ ਨਾਲ ਕਾਫ਼ੀ ਆਰਾਮ ਮਿਲੇਗਾ। ਇਸ ਤੋਂ ਇਲਾਵਾ ਮੁਹਾਸਿਆਂ ‘ਤੇ ਵੀ ਕਾਲੀ ਮਿਰਚ ਦੇ ਲੇਪ ਨੂੰ ਲਾਇਆ ਜਾਵੇ ਤਾਂ ਕਾਫ਼ੀ ਲਾਭ ਹੰੁਦਾ।

ਤਨਾਅ ਨੂੰ ਕਰੇ ਦੂਰ
ਕਾਲੀ ਮਿਰਚ ਵਿਚ ਐਂਟੀ ਸਪਰਿੰਟ ਦੇ ਗੁਣ ਵੀ ਹੁੰਦੇ ਹਨ। ਇਸ ਕਰਕੇ ਕਾਲੀ ਮਿਰਚ ਲੋਕਾਂ ਦੇ ਤਨਾਅ/ਡਿਪਰੈਸ਼ਨ ਨੂੰ ਦੂਰ ਕਰਨ ਵਿਚ ਮਦਦ ਕਰਦੀ ਹੈ।

ਦੰਦਾਂ ਲਈ ਵੀ ਹੈ ਫਾਇਦੇਮੰਦ
ਕਾਲੀ ਮਿਰਚ ਦਾ ਸੇਵਨ ਦੰਦਾਂ ਨਾਲ ਜੁੜੀ ਸਮੱਸਿਆਵਾਂ ਤੋਂ ਵੀ ਰਾਹਤ ਦਿੰਦਾ ਹੈ। ਕਾਲੀ ਮਿਰਚ ਨਾਲ ਮਸੂੜਿਆਂ ਦੇ ਦਰਦ ਵਿਚ ਆਰਾਮ ਮਿਲਦਾ ਹੈ। ਜੇਕਰ ਤੁਸੀਂ ਕਾਲੀ ਮਿਰਚ ਮਾਜੂਫਲ ਅਤੇ ਸੇਂਧਾ ਨਮਕ ਮਿਲਾ ਕੇ ਉਸ ਦਾ ਚੂਰਨ ਬਣਾ ਕੇ, ਉਸ ਵਿਚ ਕੁਝ ਬੂੰਦਾਂ ਸਰ੍ਹੋਂ ਦੇ ਤੇਲ ਦੀਆਂ ਮਿਲਾ ਕੇ ਦੰਦਾਂ ਅਤੇ ਮਸੂੜਿਆਂ ਵਿਚ ਲਗਾ ਕੇ ਅੱਧੇ ਘੰਟੇ ਬਾਅਦ ਨੂੰ ਸਾਫ ਕਰਦੇ ਹੋ ਤਾਂ ਤੁਹਾਡੇ ਦੰਦਾਂ ਅਤੇ ਮਸੂੜਿਆਂ ਦੇ ਦਰਦ ਦੀ ਸਮੱਸਿਆ ਨੂੰ ਦੂਰ ਕਰੇਗੀ।

ਬਵਾਸੀਰ ਤੋਂ ਰਾਹਤ
ਖਾਣ-ਪੀਣ ਦੀਆਂ ਗ਼ਲਤ ਆਦਤਾਂ ਦੇ ਨਾਲ ਤੇਲ ਅਤੇ ਜੰਕ ਫੂਡ ਦੀ ਵਰਤੋਂ ਕਾਰਨ ਬਵਾਸੀਰ ਦੀ ਸਮੱਸਿਆ ਨਾਲ ਅੱਜ-ਕੱਲ੍ਹ ਜ਼ਿਆਦਾਤਰ ਲੋਕ ਪ੍ਰੇਸ਼ਾਨ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ, ਜ਼ੀਰਾ ਅਤੇ ਚੀਨੀ ਜਾਂ ਮਿਸ਼ਰੀ ਨੂੰ ਪੀਸ ਕਰ ਕੇ ਇਕੱਠਾ ਮਿਲਾ ਲਓ। ਸਵੇਰੇ-ਸ਼ਾਮ ਦੋ ਤੋਂ ਤਿੰਨ ਵਾਰ ਇਸ ਨੂੰ ਖਾਣ ਨਾਲ ਬਵਾਸੀਰ ਤੋਂ ਰਾਹਤ ਮਿਲਦੀ ਹੈ।

PEMRA ਨੇ ਲਿਆ ਵੱਡਾ ਐਕਸ਼ਨ, ਇਮਰਾਨ ਖਾਨ ਦੇ ਭਾਸ਼ਣਾਂ ਦੇ ਲਾਈਵ ਪ੍ਰਸਾਰਣ ‘ਤੇ ਲਗਾਈ ਪਾਬੰਦੀ

0

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਪਾਕਿਸਤਾਨ ਦੀ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ ਨੇ ਵੱਡੀ ਕਾਰਵਾਈ ਕੀਤੀ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਸ਼ਿਕੰਜਾ ਕੱਸਦਿਆਂ ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ਼ ਦੀ ਸਰਕਾਰ ਨੇ ਇਲੈਕਟ੍ਰਾਨਿਕ ਮੀਡੀਆ ਰੈਗੂਲੇਟਰੀ ਅਥਾਰਟੀ (ਪੇਮਰਾ) ਅਨੁਸਾਰ ਇਮਰਾਨ ਖ਼ਾਨ ਦੇ ਭਾਸ਼ਣਾਂ ਦੇ ਲਾਈਵ ਟੈਲੀਕਾਸਟ ‘ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਇਮਰਾਨ ਦੀ ਇਸ ਟਿੱਪਣੀ ਤੋਂ ਬਾਅਦ ਲਗਾਈ ਗਈ ਹੈ ਕਿ ਸੰਸਥਾਵਾਂ ਅਤੇ ਅਧਿਕਾਰੀਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਰਹੇ ਹਨ। PEMRA ਨੇ ਆਪਣੇ ਨੋਟੀਫਿਕੇਸ਼ਨ ‘ਚ ਕਿਹਾ ਹੈ ਕਿ ਇਮਰਾਨ ਖਾਨ ਦਾ ਭਾਸ਼ਣ PEMRA ਨਿਯਮਾਂ ਦੀ ਖੁੱਲ੍ਹੀ ਉਲੰਘਣਾ ਹੈ।

ਨੋਟੀਫਿਕੇਸ਼ਨ ਮੁਤਾਬਕ ਨਿਗਰਾਨੀ ਤੋਂ ਬਾਅਦ ਪਹਿਲਾਂ ਤੋਂ ਰਿਕਾਰਡ ਕੀਤੇ ਭਾਸ਼ਣ ਹੀ ਪ੍ਰਸਾਰਿਤ ਕੀਤੇ ਜਾ ਸਕਦੇ ਹਨ। PEMRA ਨੇ ਛੇ ਪੰਨਿਆਂ ਦਾ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ ਇਮਰਾਨ ਖਾਨ ਦੇਸ਼ ਦੀਆਂ ਸੰਸਥਾਵਾਂ ‘ਤੇ ਲਗਾਤਾਰ ਬੇਬੁਨਿਆਦ ਦੋਸ਼ ਲਗਾ ਰਹੇ ਹਨ ਅਤੇ ਉਨ੍ਹਾਂ ਦੇ ਭਾਸ਼ਣ ਨਫ਼ਰਤ ਫੈਲਾ ਰਹੇ ਹਨ। ਇਹ ਪਾਬੰਦੀਆਂ PEMRA ਆਰਡੀਨੈਂਸ 2002 ਦੀ ਧਾਰਾ 27 ਤਹਿਤ ਲਗਾਈਆਂ ਗਈਆਂ ਹਨ। ਨੋਟੀਫਿਕੇਸ਼ਨ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ F9 ਪਾਰਕ ਵਿੱਚ ਇਮਰਾਨ ਖਾਨ ਦੇ ਭਾਸ਼ਣ ਦਾ ਹਵਾਲਾ ਦਿੱਤਾ ਗਿਆ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਪੀਟੀਆਈ ਮੁਖੀ ਜਨਤਕ ਵਿਵਸਥਾ ਨੂੰ ਤੋੜ ਰਹੇ ਹਨ। ਉਹ ਆਪਣੇ ਭਾਸ਼ਣ ਨਾਲ ਨਾਗਰਿਕਾਂ ਨੂੰ ਸੰਸਥਾਨਾਂ ਅਤੇ ਅਧਿਕਾਰੀਆਂ ਦੇ ਵਿਰੁੱਧ ਭੜਕਾ ਰਹੇ ਹਨ।

ਨੋਟੀਫਿਕੇਸ਼ਨ ਮੁਤਾਬਕ ਸਾਬਕਾ ਪੀਐਮ ਇਮਰਾਨ ਨੇ ਸਵੈ-ਗਿਆਨ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਬਿਆਨ ਦਿੱਤਾ ਹੈ। ਇਸ ਤੋਂ ਇਲਾਵਾ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਭਾਸ਼ਣ ਲਾਹੌਰ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਹੈ। ਪੇਮਰਾ ਨੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ‘ਤੇ ਚੈਨਲਾਂ ਨੂੰ ਸਖ਼ਤ ਚੇਤਾਵਨੀ ਦੇਣ ਦੀ ਗੱਲ ਕਹੀ ਹੈ। ਦੱਸ ਦੇਈਏ ਕਿ 20 ਅਗਸਤ ਨੂੰ ਇਮਰਾਨ ਨੇ ਚਿਤਾਵਨੀ ਦਿੱਤੀ ਸੀ ਕਿ ਉਹ ਇਸਲਾਮਾਬਾਦ ਦੇ ਆਈਜੀ, ਡੀਆਈਜੀ ਅਤੇ ਮਹਿਲਾ ਮੈਜਿਸਟ੍ਰੇਟ ਨੂੰ ਨਹੀਂ ਛੱਡਣਗੇ। ਉਨ੍ਹਾਂ ਨੇ ਇਹ ਬਿਆਨ ਦਿੰਦਿਆਂ ਕਿਹਾ ਕਿ ਉਸ ਵਿਰੁੱਧ ਉਸ ਦੇ ਸਾਥੀ ਸ਼ਾਹਬਾਜ਼ ਗਿੱਲ ‘ਤੇ ਤਸ਼ੱਦਦ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।

Tata Motors ਨੂੰ ਮਿਲਿਆ 921 ਇਲੈਕਟ੍ਰਿਕ ਬੱਸਾਂ ਦਾ ਆਰਡਰ, ਇਸ ਸ਼ਹਿਰ ‘ਚ ਦੌੜਣਗੀਆਂ ਇਹ ਬੱਸਾਂ

0

ਭਾਰਤ ‘ਚ ਇਲੈਕਟ੍ਰਿਕ ਵਾਹਨਾਂ ਦੇ ਰੁਝਾਨ ਨੂੰ ਵਧਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਦਿਨ-ਰਾਤ ਯਤਨ ਕਰ ਰਹੀਆਂ ਹਨ। ਭਾਰਤ ਦੇ ਕਈ ਰਾਜਾਂ ਵਿੱਚ ਇਲੈਕਟ੍ਰਿਕ ਬੱਸਾਂ ਵੀ ਚੱਲਣੀਆਂ ਸ਼ੁਰੂ ਹੋ ਗਈਆਂ ਹਨ ਤਾਂ ਜੋ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ। ਇਸ ਕ੍ਰਮ ਵਿੱਚ ਟਾਟਾ ਮੋਟਰਜ਼ ਨੂੰ ਬੈਂਗਲੁਰੂ ਮੈਟਰੋਪੋਲੀਟਨ ਟਰਾਂਸਪੋਰਟ ਕਾਰਪੋਰੇਸ਼ਨ (BMTC) ਲਈ 921 ਇਲੈਕਟ੍ਰਿਕ ਬੱਸਾਂ ਦੀ ਸਪਲਾਈ ਲਈ ਆਰਡਰ ਮਿਲ ਗਿਆ ਹੈ।

ਇਕਰਾਰਨਾਮੇ ਦੇ ਅਨੁਸਾਰ ਟਾਟਾ ਮੋਟਰਜ਼ 12-ਮੀਟਰ ਟਾਟਾ ਸਟਾਰਬੱਸ, ਇੱਕ ਸਵਦੇਸ਼ੀ ਤੌਰ ‘ਤੇ ਵਿਕਸਤ ਇਲੈਕਟ੍ਰਿਕ ਬੱਸ ਦੀ ਸਪਲਾਈ, ਸੰਚਾਲਨ ਅਤੇ ਰੱਖ-ਰਖਾਅ ਕਰੇਗੀ। ਰਾਜ ਸਰਕਾਰ ਵੱਲੋਂ ਪਿਛਲੇ ਇੱਕ ਮਹੀਨੇ ਵਿੱਚ ਟਾਟਾ ਮੋਟਰਜ਼ ਨੂੰ ਦਿੱਤਾ ਗਿਆ ਇਹ ਤੀਜਾ ਸਭ ਤੋਂ ਵੱਡਾ ਆਰਡਰ ਹੈ। ਇਸ ਤੋਂ ਪਹਿਲਾਂ, ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ (ਡੀਟੀਸੀ) ਅਤੇ ਪੱਛਮੀ ਬੰਗਾਲ ਟਰਾਂਸਪੋਰਟ ਕਾਰਪੋਰੇਸ਼ਨ ਨੇ ਟਾਟਾ ਮੋਟਰਜ਼ ਨੂੰ ਕ੍ਰਮਵਾਰ 1,500 ਅਤੇ 1,180 ਇਲੈਕਟ੍ਰਿਕ ਬੱਸਾਂ (ਡਬਲਯੂਬੀਟੀਸੀ) ਦੇ ਆਰਡਰ ਦਿੱਤੇ ਸਨ।

ਘੋਸ਼ਣਾ ‘ਤੇ ਟਿੱਪਣੀ ਕਰਦੇ ਹੋਏ BMTC ਦੀ ਮੈਨੇਜਿੰਗ ਡਾਇਰੈਕਟਰ, ਸੱਤਿਆਵਤੀ ਨੇ ਕਿਹਾ, “ਸਾਨੂੰ ਟਾਟਾ ਮੋਟਰਜ਼ ਨੂੰ 921 ਇਲੈਕਟ੍ਰਿਕ ਬੱਸਾਂ ਦੇ ਆਰਡਰ ਦੇਣ ਵਿੱਚ ਖੁਸ਼ੀ ਹੋ ਰਹੀ ਹੈ। ਇਹ ਆਰਡਰ ਬੇਂਗਲੁਰੂ ਦੀ ਸਾਫ਼, ਟਿਕਾਊ ਸ਼ਹਿਰੀ ਜਨਤਕ ਗਤੀਸ਼ੀਲਤਾ ਦੀ ਵੱਧ ਰਹੀ ਲੋੜ ਦੇ ਜਵਾਬ ਵਿੱਚ ਜ਼ਰੂਰੀ ਹੈ। BMTC ਆਧੁਨਿਕ ਇਲੈਕਟ੍ਰਿਕ ਬੱਸਾਂ ਨੂੰ ਸ਼ਾਮਲ ਕਰਨ ਲਈ ਖੁਸ਼ ਹੈ ਜੋ ਵਾਤਾਵਰਣ-ਅਨੁਕੂਲ ਜਨਤਕ ਆਵਾਜਾਈ ਲਈ ਵੱਧ ਤੋਂ ਵੱਧ ਸਵਾਰੀਆਂ ਨੂੰ ਆਕਰਸ਼ਿਤ ਕਰਨਗੀਆਂ।

ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਬੱਸ ‘ਚ ਏਅਰ ਪਿਊਰੀਫਾਇਰ, ਬਿਨਾਂ ਕਲਚ ਅਤੇ ਗਿਅਰ ਸ਼ਿਫਟ ਦੇ ਥਕਾਵਟ ਰਹਿਤ ਡਰਾਈਵਿੰਗ, ਸੁਰੱਖਿਆ ਲਈ ਇੰਟੈਲੀਜੈਂਟ ਟਰਾਂਸਪੋਰਟ ਸਿਸਟਮ (ITS), ਡਰਾਈਵਿੰਗ ਸੀਟ ਤੋਂ ਘੋਸ਼ਣਾ ਦੀ ਸੁਵਿਧਾ, ਬੱਸ ਸਟਾਪ ‘ਤੇ ਪਹੁੰਚਣ ਤੋਂ ਪਹਿਲਾਂ ਐਲਾਨ, LED ਹੈੱਡਲੈਂਪਸ ਦੇ ਨਾਲ ਆਧੁਨਿਕ ਵਿਸ਼ੇਸ਼ਤਾਵਾਂ ਹਨ। ਸਟਾਈਲਿਸ਼ ਇੰਟੀਰੀਅਰ ਅਤੇ ਐਕਸਟੀਰੀਅਰ ਦੀ ਤਰ੍ਹਾਂ ਪਲਸ਼ ਇੰਟੀਰਿਅਰ ਲਾਈਟਿੰਗ ਚਾਰਜਿੰਗ ਪੋਰਟ ਦਿੱਤੀ ਗਈ ਹੈ।

ਭਾਰਤ ਨੇ ਜ਼ਿੰਬਾਬਵੇ ਨੂੰ 5 ਵਿਕਟਾਂ ਨਾਲ ਹਰਾਇਆ, ਦੀਪਕ ਹੁੱਡਾ ਨੇ ਦਰਜ ਕੀਤਾ ਖਾਸ ਰਿਕਾਰਡ

0

ਟੀਮ ਇੰਡੀਆ ਨੇ ਦੂਜੇ ਵਨਡੇ ‘ਚ ਜ਼ਿੰਬਾਬਵੇ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਭਾਰਤ ਨੇ 3 ਵਨਡੇ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਹਾਲਾਂਕਿ ਭਾਰਤ ਨੂੰ ਜਿੱਤ ਲਈ ਜ਼ੋਰ ਲਾਉਣਾ ਪਿਆ ਪਰ ਕੇਐੱਲ ਰਾਹੁਲ(KL Rahul) ਦੀ ਅਗਵਾਈ ਵਾਲੀ ਟੀਮ ਨੇ ਆਖਰਕਾਰ ਸੀਰੀਜ਼ ਨੂੰ ਸਮੇਟ ਲਿਆ। ਹਾਲਾਂਕਿ ਸੀਰੀਜ਼ ਟੀਮ ਇੰਡੀਆ ਨੇ ਆਪਣੇ ਨਾਂ ਕੀਤੀ ਸੀ ਪਰ ਦੀਪਕ ਹੁੱਡਾ ਦੇ ਨਾਮ ਇੱਕ ਖਾਸ ਰਿਕਾਰਡ ਬਣ ਗਿਆ। ਉਸ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ‘ਚ ਡੈਬਿਊ ਕੀਤਾ ਹੈ ਅਤੇ ਟੀਮ ਇੰਡੀਆ ਦੀ ਜਿੱਤ ਦੀ ਗਾਰੰਟੀ ਬਣ ਗਈ ਹੈ। ਉਸ ਦੀ ਸਿਰਫ਼ ਮੌਜੂਦਗੀ ਹੀ ਜਿੱਤ ਦੀ ਗਾਰੰਟੀ ਬਣ ਗਈ ਹੈ।

ਦੀਪਕ ਹੁੱਡਾ ਨੇ ਇਸ ਸਾਲ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਤੋਂ ਬਾਅਦ ਵਨਡੇ ਅਤੇ ਟੀ-20 ਸਮੇਤ ਕੁੱਲ 16 ਮੈਚ ਖੇਡੇ ਹਨ। ਇਸ ਵਿੱਚ 7 ​​ਵਨਡੇ ਅਤੇ 9 ਟੀ-20 ਹਨ। ਇਤਫ਼ਾਕ ਦੀ ਗੱਲ ਹੈ ਕਿ ਟੀਮ ਇੰਡੀਆ ਨੇ ਇਹ ਸਾਰੇ 16 ਮੈਚ ਜਿੱਤੇ ਹਨ। ਕਿਸੇ ਵੀ ਖਿਡਾਰੀ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣੇ ਡੈਬਿਊ ਤੋਂ ਬਾਅਦ ਲਗਾਤਾਰ ਇੰਨੇ ਮੈਚ ਨਹੀਂ ਜਿੱਤੇ ਹਨ।

ਇਸ ਮਾਮਲੇ ‘ਚ ਹੁੱਡਾ ਨੇ ਰੋਮਾਨੀਆ ਦੇ ਸਾਤਵਿਕ ਨਦੀਗੋਤਲਾ ਦਾ ਰਿਕਾਰਡ ਤੋੜ ਦਿੱਤਾ, ਜਿਨ੍ਹਾਂ ਦਾ ਡੈਬਿਊ ਤੋਂ ਬਾਅਦ ਲਗਾਤਾਰ 15 ਮੈਚ ਜਿੱਤਣ ਦਾ ਰਿਕਾਰਡ ਸੀ। ਇਨ੍ਹਾਂ ਦੋਵਾਂ ਤੋਂ ਇਲਾਵਾ ਰੋਮਾਨੀਆ ਦੇ ਸ਼ਾਂਤਨੂ ਵਸ਼ਿਸ਼ਟ ਅਤੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਡੇਵਿਡ ਮਿਲਰ ਨੇ ਡੈਬਿਊ ਤੋਂ ਬਾਅਦ ਲਗਾਤਾਰ 13-13 ਮੈਚ ਜਿੱਤੇ। ਹਾਲਾਂਕਿ ਹੁੱਡਾ ਦਾ ਆਪਣਾ ਪ੍ਰਦਰਸ਼ਨ ਵੀ ਹੁਣ ਤੱਕ ਸ਼ਾਨਦਾਰ ਰਿਹਾ ਹੈ। ਉਹ ਜਿਸ ਵੀ ਨੰਬਰ ‘ਤੇ ਬੱਲੇਬਾਜ਼ੀ ਲਈ ਭੇਜਿਆ ਗਿਆ ਹੈ, ਉਸ ‘ਤੇ ਦੌੜਾਂ ਬਣਾਉਣ ‘ਚ ਸਫਲ ਰਿਹਾ ਹੈ।

ਉਨ੍ਹਾਂ ਨੇ ਜ਼ਿੰਬਾਬਵੇ ਖ਼ਿਲਾਫ਼ ਦੂਜੇ ਵਨਡੇ ਵਿੱਚ ਵੀ ਗੇਂਦ ਅਤੇ ਬੱਲੇ ਨਾਲ ਟੀਮ ਦੀ ਜਿੱਤ ਵਿੱਚ ਯੋਗਦਾਨ ਪਾਇਆ। ਉਨ੍ਹਾਂ ਨੇ ਇਸ ਤੋਂ ਪਹਿਲਾਂ ਸ਼ਾਨ ਵਿਲੀਅਮਜ਼ (42) ਦਾ ਵਿਕਟ ਲਿਆ ਸੀ। ਫਿਰ ਬੱਲੇਬਾਜ਼ੀ ਦੌਰਾਨ ਜਦੋਂ ਭਾਰਤ ਨੇ 100 ਦੌੜਾਂ ਦੇ ਅੰਦਰ 4 ਵਿਕਟਾਂ ਗੁਆ ਦਿੱਤੀਆਂ ਸਨ ਤਾਂ ਸੰਜੂ ਸੈਮਸਨ ਨਾਲ 56 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਦੀ ਜਿੱਤ ਪੱਕੀ ਕਰ ਦਿੱਤੀ। ਹੁੱਡਾ ਨੇ 25 ਦੌੜਾਂ ਬਣਾਈਆਂ। ਹੁੱਡਾ ਨੇ ਹੁਣ ਤੱਕ 16 ਮੈਚਾਂ ਦੀਆਂ 12 ਪਾਰੀਆਂ ਵਿੱਚ 414 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਸੈਂਕੜਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ 3 ਵਿਕਟਾਂ ਵੀ ਹਾਸਲ ਕੀਤੀਆਂ ਹਨ।