Home Blog Page 1929

ਗੁਰੂ ਨਾਨਕ ਦੇਵ ਸਟੇਡੀਅਮ ਅੰਮ੍ਰਿਤਸਰ ਵਿਖੇ ਸਿੰਥੈਟਿਕ-ਐਥਲੈਟਿਕ ਟਰੈਕ ਵਿਛਾਉਣ ਤੇ ਸਹਾਇਕ ਕੰਮਾਂ ਲਈ 748.36 ਲੱਖ ਰੁਪਏ ਕੀਤੇ ਜਾਣਗੇ ਖਰਚ: ਹਰਭਜਨ ਸਿੰਘ ਈ.ਟੀ.ਓ

0

ਸੂਬੇ ਵਿੱਚ ਵਧੀਆ ਸੰਭਵ ਖੇਡ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਗੁਰੂ ਨਾਨਕ ਦੇਵ ਸਟੇਡੀਅਮ ਅੰਮ੍ਰਿਤਸਰ ਵਿਖੇ ਸਿੰਥੈਟਿਕ-ਐਥਲੈਟਿਕ ਟਰੈਕ ਵਿਛਾਉਣ ਅਤੇ ਇਸ ਨਾਲ ਸਬੰਧਤ ਕੰਮਾਂ ਲਈ 748.36 ਲੱਖ ਰੁਪਏ ਖਰਚ ਕਰੇਗੀ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਪੰਜਾਬ ਨੇ ਟੈਂਡਰ ਮੰਗੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਸੂਬਾ ਸਰਕਾਰ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਹਫਤੇ ਇੱਕ ਮੈਗਾ ਖੇਡ ਸਮਾਗਮ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਸ਼ੁਰੂਆਤ ਕੀਤੀ। ਪੰਜਾਬ ਸਰਕਾਰ ਵਿਸ਼ਵ ਪੱਧਰੀ ਖੇਡਾਂ ਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ। ਸੂਬਾ ਸਰਕਾਰ ਨੇ ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ ਵਿਖੇ ਸਿੰਥੈਟਿਕ-ਐਥਲੈਟਿਕ ਟਰੈਕ ਵਿਛਾਉਣ ਅਤੇ ਸਹਾਇਕ ਕੰਮਾਂ ਲਈ 748.36 ਲੱਖ ਰੁਪਏ ਜਾਰੀ ਕਰਨ ਲਈ ਪਹਿਲਾਂ ਹੀ ਪ੍ਰਬੰਧਕੀ ਪ੍ਰਵਾਨਗੀ ਦੇ ਦਿੱਤੀ ਹੈ।

ਲੋਕ ਨਿਰਮਾਣ ਮੰਤਰੀ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਸਟੇਡੀਅਮ ਵਿੱਚ 400 ਮੀਟਰ ਅੱਠ ਮਾਰਗੀ ਸਿੰਥੈਟਿਕ-ਐਥਲੈਟਿਕ ਟਰੈਕ ਤਿਆਰ ਕੀਤਾ ਜਾਵੇਗਾ, ਜਿਸ `ਤੇ 668.22 ਲੱਖ ਰੁਪਏ ਦੀ ਲਾਗਤ ਆਵੇਗੀ। ਟਰੈਕ `ਤੇ ਸਪ੍ਰਿੰਕਲਰ ਸਿਸਟਮ ਵੀ ਲਗਾਇਆ ਜਾਵੇਗਾ। ਸਟੇਡੀਅਮ ਵਿੱਚ ਰਾਤ ਦੀਆਂ ਖੇਡਾਂ ਲਈ 21.70 ਲੱਖ ਰੁਪਏ ਨਾਲ ਐਲ.ਈ.ਡੀ. ਲਾਈਟਾਂ ਵੀ ਲਗਾਈਆਂ ਜਾਣਗੀਆਂ।

ਸ. ਈ.ਟੀ.ਓ ਨੇ ਦੱਸਿਆ ਕਿ ਸਟੇਡੀਅਮ ਵਿੱਚ ਡਿਸਕਸ ਥਰੋਅ ਰਿੰਗ, ਹੈਮਰ ਥਰੋ ਸਰਕਲ, ਸ਼ਾਟ ਪੁੱਟ ਰਿੰਗ, ਲੰਬੀ ਛਾਲ ਅਤੇ ਤੀਹਰੀ ਛਾਲ ਲਈ ਟੇਕ ਆਫ ਬੋਰਡ ਅਤੇ ਆਟੋਮੈਟਿਕ ਟਰੈਕ ਕਲੀਨਿੰਗ ਮਸ਼ੀਨ ਵੀ ਲਗਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਸਟੇਡੀਅਮ ਦੀ ਹਰਿਆਲੀ ਅਤੇ ਦਿੱਖ ਨੂੰ ਵਧੀਆ ਬਣਾਈ ਰੱਖਣ ਲਈ ਟਿਊਬਵੈੱਲ ਸਿਸਟਮ, ਪੰਪ ਚੈਂਬਰ ਅਤੇ ਪੌਦੇ ਲਗਾਏ ਜਾਣਗੇ, ਜਿਸ `ਤੇ 33.65 ਲੱਖ ਰੁਪਏ ਖਰਚ ਆਉਣਗੇ। ਉਨ੍ਹਾਂ ਦੱਸਿਆ ਕਿ ਇਹ ਸਾਰੇ ਕੰਮ 30 ਜੂਨ 2023 ਤੱਕ ਮੁਕੰਮਲ ਕਰ ਲਏ ਜਾਣਗੇ।

ਪਟਿਆਲਾ ਸ਼ਹਿਰ ਦੀ ਜਲਦ ਬਦਲੇਗੀ ਨੁਹਾਰ, ਕੈਬਨਿਟ ਮੰਤਰੀ ਨਿੱਜਰ ਨੇ 165 ਕਰੋੜ ਦੇ ਪ੍ਰੋਜੈਕਟ ਨੂੰ ਨਿਰਧਾਰਤ ਸਮੇਂ ‘ਚ ਪੂਰਾ ਕਰਨ ਦੇ ਦਿੱਤੇ ਹੁਕਮ

0

ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਲਈ ਸਾਫ਼ ਸੁਥਰਾ ਤੇ ਪ੍ਰਦੂਸ਼ਣ ਰਹਿਤ ਵਾਤਾਵਰਨ ਉਪਲਬਧ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਇਕ ਕਦਮ ਅੱਗੇ ਵਧਾਉਂਦੇ ਹੋਇਆ ਪਟਿਆਲਾ ਦੀ ਵੱਡੀ ਨਦੀ ਅਤੇ ਛੋਟੀ ਨਦੀ ਨੂੰ ਪੁਨਰਜੀਵੰਤ ਅਤੇ ਸੁੰਦਰੀਕਰਨ ਕਰਨ ਲਈ 165 ਕਰੋੜ ਦੀ ਲਾਗਤ ਵਾਲਾ ਪ੍ਰਾਜੈਕਟ ਪ੍ਰਗਤੀ ਅਧੀਨ ਹੈ। ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਇਸ ਪ੍ਰਾਜੈਕਟ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਪ੍ਰਾਜੈਕਟ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਨਿੱਜਰ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੀਆਂ ਗੈਰ-ਯੋਜਨਾਬੱਧ ਕਲੋਨੀਆਂ ਦਾ ਗੰਦਾਂ ਪਾਣੀ, ਉਦਯੋਗਿਕ ਖੇਤਰਾਂ ਦਾ ਰਸਾਇਣ ਵਾਲਾ ਪਾਣੀ ਅਤੇ ਕਚਰਾ ਆਦਿ ਵੱਡੀ ਨਦੀ ਅਤੇ ਛੋਟੀ ਨਦੀ ਵਿੱਚ ਵਹਿ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਨਦੀਆਂ ਦੇ ਨਾਲ ਲੱਗਦੇ ਖੇਤਰਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੀ ਸਹੀ ਵਿਵਸਥਾ ਦੀ ਘਾਟ ਹੈ। ਜਿਸ ਕਾਰਨ ਇਹ ਦੋਵੇਂ ਨਦੀਆਂ ਪ੍ਰਦੂਸ਼ਿਤ ਹੋ ਰਹੀਆਂ ਹਨ ਅਤੇ ਇਹ ਨਦੀਆਂ ਘੱਗਰ ਨਦੀ ਨੂੰ ਦੁਸ਼ਿਤ ਕਰਨ ਦਾ ਵੱਡਾ ਸਰੋਤ ਹੈ।

ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਨਦੀਆਂ ਵਿੱਚ ਘਰਾਂ ਦਾ ਗੰਦਾ ਪਾਣੀ ਅਤੇ ਉਦਯੋਗਿਕ ਖੇਤਰਾਂ ਦਾ ਅਣਸੋਧਿਆ ਗੰਦਾ ਰਸਾਇਣਾਂ ਵਾਲਾ ਪਾਣੀ ਜਾਣ ਨਾਲ ਧਰਤੀ ਹੇਠਲੇ ਪਾਣੀ ਦੇ ਸਰੋਤ ਵੀ ਦੂਸ਼ਿਤ ਹੋ ਰਹੇ ਹਨ। ਇਸ ਨਾਲ ਲੋਕਾਂ ਵਿੱਚ ਗੰਭੀਰ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਅਤੇ ਸੁੰਦਰਤਾ ਵੀ ਪ੍ਰਭਾਵਿਤ ਹੋ ਰਹੀ ਹੈ।

ਡਾ. ਨਿੱਜਰ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਪਟਿਆਲਾ ਸ਼ਹਿਰ ਵਿੱਚ ਪਾਣੀ ਦੀ ਮੌਜੂਦਾ ਸਥਿਤੀ ਨੂੰ ਸੁਧਾਰਨਾ ਅਤੇ ਵਾਤਾਵਰਣ ਨੂੰ ਦੂਸ਼ਿਤ ਰਹਿਤ ਅਤੇ ਸੁੰਦਰ ਬਣਾਉਣਾ ਹੈ। ਇਸ ਤੋਂ ਇਲਾਵਾ ਪਾਣੀ ਨੂੰ ਰਿਚਾਰਜ਼ ਕਰਕੇ ਧਰਤੀ ਹੇਠਲੇ ਪਾਣੀ ਦੀ ਸਥਿਤੀ ਵਿੱਚ ਸੁਧਾਰ ਲਿਆਉਣਾ ਹੈ। ਉਨ੍ਹਾਂ ਨੇ ਦੱਸਿਆ ਕਿ ਘਰੇਲੂ ਅਤੇ ਉਦਯੋਗਿਕ ਖੇਤਰਾਂ ਦੇ ਗੰਦੇ ਪਾਣੀ ਨੂੰ ਸੀਵਰ ਲਾਈਨਾਂ ਰਾਹੀਂ ਰੋਕਿਆ ਜਾਵੇਗਾ ਅਤੇ ਇਸ ਨੂੰ ਟਰੀਟਮੈਂਟ ਪ੍ਰਣਾਲੀ ਰਾਹੀਂ ਸੋਧਣ ਉਪਰੰਤ ਦੁਬਾਰਾ ਨਦੀਆਂ ਵਿੱਚ ਪਾਇਆ ਜਾਵੇਗਾ।

ਮੰਤਰੀ ਵੱਲੋ ਇਹ ਵੀ ਦੱਸਿਆ ਕਿ ਆਟੋਮੈਟਿਕ ਟਿਲਟਿੰਗ ਗੇਟਾਂ/ਫਲੈਪ ਗੇਟਾਂ ਨਾਲ ਚੈਕ ਡੈਮਾਂ ਰਾਹੀਂ ਵੱਡੀ ਨਦੀ ਵਿੱਚ ਸਾਫ਼ ਪਾਣੀ ਦੀ ਸਟੋਰੇਜ ਦੀ ਵਿਵਸਥਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਾਰਕਾਂ, ਵਾਕਵੇਅ, ਸਾਈਕਲ ਟਰੈਕ ਨੂੰ ਵਿਕਸਿਤ ਕਰਕੇ ਛੋਟੀ ਨਦੀ ਨਾਲ ਲੱਗਦੇ ਖੇਤਰ ਨੂੰ ਜਨਤਾ ਲਈ ਤਿਆਰ ਕੀਤਾ ਜਾਵੇਗਾ। ਉਨ੍ਹਾਂ ਇਹ ਦੱਸਿਆ ਕਿ ਹੜ੍ਹਾਂ ਦੇ ਪਾਣੀ ਨੂੰ ਸਚਾਰੂ ਢੰਗ ਨਾਲ ਲਿਜਾਣ ਲਈ ਦੋਵੇਂ ਨਦੀਆਂ ਦੇ ਵਾਟਰ ਚੈਂਨਲਾਂ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ।

ਲੁਧਿਆਣਾ ਦੇ ਸੁਸਾਇਟੀ ਸਿਨੇਮਾ ਦੇ ਮਾਲਕ ਤੇਜੇਸ਼ਵਰ ਮਲਹੋਤਰਾ ਨੇ ਕੀਤੀ ਖ਼ੁਦਕੁਸ਼ੀ

0

ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਇੱਕ ਸਿਨੇਮਾ ਹਾਲ ਦੇ ਮਾਲਕ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਫਿਲਹਾਲ ਪੁਲਿਸ ਮਾਮਲੇ ਨੂੰ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ। ਸ਼ਹਿਰ ਦੀ ਸੁਸਾਇਟੀ ਸਿਨੇਮਾ ਦੇ ਮਾਲਕ ਤੇਜੇਸ਼ਵਰ ਸਿੰਘ ਮਲਹੋਤਰਾ (ਰਾਜਾ) ਨੇ ਖ਼ੁਦ ਨੂੰ ਗੋਲੀ ਮਾਰ ਲਈ ਹੈ। ਘਟਨਾ ਪੰਚਸ਼ੀਲ ਵਿਹਾਰ ਦੀ ਹੈ।

ਤੇਜੇਸ਼ਵਰ ਕੁਝ ਸਮੇਂ ਤੋਂ ਬਿਮਾਰ ਵੀ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਲੀਵਰ ਦੀ ਸਮੱਸਿਆ ਸੀ। ਤਬੀਅਤ ਠੀਕ ਨਾ ਹੋਣ ਕਾਰਨ ਉਹ ਚਿੰਤਤ ਸੀ। ਸੂਤਰਾਂ ਅਨੁਸਾਰ ਬੀਤੀ ਰਾਤ ਉਨ੍ਹਾਂ ਦੀ ਆਪਣੇ ਬੇਟੇ ਨਾਲ ਮੋਬਾਈਲ ‘ਤੇ ਗੱਲਬਾਤ ਹੋਈ ਅਤੇ ਇਸ ਤੋਂ ਤੁਰੰਤ ਬਾਅਦ ਉਹ ਬਾਥਰੂਮ ਚਲੇ ਗਏ। ਉੱਥੇ ਉਸ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਤੇਜੇਸ਼ਵਰ ਸਿੰਘ ਰਾਜਾ ਵੀਰਵਾਰ ਨੂੰ ਸਤਲੁਜ ਕਲੱਬ ਆਏ ਸਨ।

ਇੱਥੇ ਦੋਸਤਾਂ ਨਾਲ ਗੱਲਬਾਤ ਵੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਡਿਪ੍ਰੈਸ਼ਨ ‘ਚ ਸੀ ਪਰ ਡਿਪ੍ਰੈਸ਼ਨ ਦਾ ਕਾਰਨ ਕੀ ਸੀ ਇਹ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਵਾਸੀਆਂ ਨੂੰ ਇਸ ਮਹੀਨੇ ਜ਼ੀਰੋ ਬਿਜਲੀ ਬਿੱਲ ਆਉਣੇ ਹੋਏ ਸ਼ੁਰੂ: ਰਾਘਵ ਚੱਢਾ

0

ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਹੈ ਕਿ ਪੰਜਾਬ ਵਾਸੀਆਂ ਨੂੰ ਇਸ ਮਹੀਨੇ ਤੋਂ ਜ਼ੀਰੋ ਬਿਜਲੀ ਬਿੱਲ ਆਉਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਚੋਣਾਂ ਤੋਂ ਪਹਿਲਾਂ ਇਸ ਦਾ ਵਾਅਦਾ ਕੀਤਾ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ 6 ਮਹੀਨਿਆਂ ਤੋਂ ਵੀ ਘੱਟ ਸਮੇਂ ਅੰਦਰ ਹੀ ਇਹ ਵਾਅਦਾ ਪੂਰਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਕਿਹਾ ਸੀ ਉਹ ਕੀਤਾ ਹੈ। ਉਨ੍ਹਾਂ ਵਲੋਂ ਕੀਤੇ ਟਵੀਟ ‘ਚ ਇੱਕ ਬਿੱਲ ਦੀ ਫੋਟੋ ਦਿੱਤੀ ਗਈ ਹੈ। ਜਿਸ ‘ਚ ਜ਼ੀਰੋ ਬਿਜਲੀ ਬਿੱਲ ਦਰਸਾਇਆ ਗਿਆ ਹੈ।

ਗੁਜਰਾਤ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 6 ਸ਼ਰਧਾਲੂਆਂ ਦੀ ਹੋਈ ਮੌਤ, ਕਈ ਹੋਏ ਜ਼ਖ਼ਮੀ

0

ਗੁਜਰਾਤ ਦੇ ਅਰਾਵਲੀ ਜ਼ਿਲ੍ਹੇ ਦੇ ਮਾਲਪੁਰ ਖੇਤਰ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ।ਜਾਣਕਾਰੀ ਅਨੁਸਾਰ ਅੱਜ ਸਵੇਰੇ ਇੱਕ ਕਾਰ ਪੈਦਲ ਜਾ ਰਹੇ ਸ਼ਰਧਾਲੂਆਂ ’ਤੇ ਚੜ੍ਹ ਗਈ ਜਿਸ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਪੁਲਿਸ ਅਨੁਸਾਰ ਇਹ ਲੋਕ ਆਪਣੇ ਨਾਲ ਲੱਗਦੇ ਬਨਾਸਕਾਂਠਾ ਜ਼ਿਲ੍ਹੇ ਦੇ ਅੰਬਾਜੀ ਕਸਬੇ ਦੇ ਅੰਬਾਜੀ ਮੰਦਰ ਵੱਲ ਪੈਦਲ ਜਾ ਰਹੇ ਸਨ, ਜਦੋਂ ਇਹ ਹਾਦਸਾ ਹੋਇਆ।

ਸ਼ੁਰੂਆਤੀ ਜਾਣਕਾਰੀ ਅਨੁਸਾਰ ਅਰਾਵਲੀ ਜ਼ਿਲ੍ਹੇ ਦੇ ਮਾਲਪੁਰ ਨੇੜੇ ਕ੍ਰਿਸ਼ਨਪੁਰ ਪਾਟੀਆ ਨੇੜੇ ਕਾਰ ਦੇ ਡਰਾਈਵਰ ਨੇ ਆਪਣੀ ਗੱਡੀ ਤੋਂ ਕੰਟਰੋਲ ਗੁਆ ਦਿੱਤਾ। ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਤੇ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਹਰੇਕ ਮ੍ਰਿਤਕ ਪਰਿਵਾਰ ਲਈ 4 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50,000 ਰੁਪਏ ਦੀ ਐਕਸਗ੍ਰੇਸ਼ੀਆ ਗਰਾਂਟ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਅਰਾਵਲੀ ਦੇ ਜ਼ਿਲ੍ਹਾ ਕੁਲੈਕਟਰ ਨੂੰ ਜ਼ਖਮੀਆਂ ਲਈ ਜ਼ਰੂਰੀ ਡਾਕਟਰੀ ਇਲਾਜ ਯਕੀਨੀ ਬਣਾਉਣ ਲਈ ਕਿਹਾ ਹੈ।

ਗੌਰਵ ਯਾਦਵ ਬਣੇ ਰਹਿਣਗੇ ਪੰਜਾਬ ਦੇ DGP

0

IPS ਅਫਸਰ ਗੌਰਵ ਯਾਦਵ ਹੀ ਪੰਜਾਬ ਪੁਲਿਸ ਦੇ ਡੀਜੀਪੀ ਰਹਿਣਗੇ। ਸੂਤਰਾਂ ਅਨੁਸਾਰ 4 ਸਤੰਬਰ ਨੂੰ ਛੁੱਟੀ ਤੋਂ ਪਰਤ ਰਹੇ ਵੀਕੇ ਭਵਰਾ ਨੂੰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵਿੱਚ ਲਗਾਇਆ ਜਾਵੇਗਾ। ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਇਸ ਦੀ ਤਿਆਰੀ ਕਰ ਲਈ ਹੈ। ਇਸ ਤੋਂ ਪਹਿਲਾਂ ਸਾਬਕਾ CM ਚਰਨਜੀਤ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੀ ਅਜਿਹਾ ਕਰ ਚੁੱਕੀ ਹੈ।

ਦੱਸ ਦਈਏ ਕਿ ਉਸ ਸਮੇਂ ਦਿਨਕਰ ਗੁਪਤਾ ਦੇ ਛੁੱਟੀ ‘ਤੇ ਜਾਣ ਤੋਂ ਬਾਅਦ ਪਹਿਲਾਂ ਇਕਬਾਲਪ੍ਰੀਤ ਸਹੋਤਾ ਨੂੰ ਡੀ.ਜੀ.ਪੀ. ਲਗਾਇਆ ਗਿਆ। ਇਸ ਤੋਂ ਬਾਅਦ ਨਵਜੋਤ ਸਿੱਧੂ ਦੇ ਜ਼ੋਰ ਪਾਉਣ ‘ਤੇ ਸਿਧਾਰਥ ਚਟੋਪਾਧਿਆਏ ਨੂੰ ਡੀਜੀਪੀ ਨਿਯੁਕਤ ਕੀਤਾ ਗਿਆ ਸੀ। ਪਰਮਾਨੈਂਟ ਡੀਜੀਪੀ ਦਿਨਕਰ ਗੁਪਤਾ ਨੂੰ ਇਸੇ ਕਾਰਪੋਰੇਸ਼ਨ ਵਿੱਚ ਲਾਇਆ ਗਿਆ ਸੀ। ਜਿਸ ਤੋਂ ਬਾਅਦ ਉਹ ਕੇਂਦਰ ਵਿੱਚ ਡੈਪੂਟੇਸ਼ਨ ’ਤੇ ਚਲੇ ਗਏ।ਜ਼ਿਕਰਯੋਗ ਹੈ ਕਿ ਵੀਕੇ ਭਵਰਾ ਨੂੰ ਯੂਪੀਐਸਸੀ ਤੋਂ ਪੈਨਲ ਮਿਲਣ ਬਾਅਦ ਡੀਜੀਪੀ ਨਿਯੁਕਤ ਕੀਤਾ ਗਿਆ ਸੀ।

ਉਨ੍ਹਾਂ ਦੀ ਨਿਯੁਕਤੀ ਤਤਕਾਲੀ ਸਰਕਾਰ ਵੱਲੋਂ ਯੂਪੀਐਸਸੀ ਨੂੰ ਭੇਜੇ ਗਏ ਅਧਿਕਾਰੀਆਂ ਦੇ ਪੈਨਲ ਵਿੱਚੋਂ ਕੀਤੀ ਗਈ ਸੀ। ਭਾਵਰਾ ਦੇ ਦੋ ਮਹੀਨਿਆਂ ਦੀ ਛੁੱਟੀ ‘ਤੇ ਜਾਣ ਤੋਂ ਬਾਅਦ ਰਾਜ ਸਰਕਾਰ ਨੇ ਨਵੇਂ ਡੀਜੀਪੀ ਲਈ ਯੂਪੀਐਸਸੀ ਨੂੰ ਕੋਈ ਪੈਨਲ ਵੀ ਨਹੀਂ ਭੇਜਿਆ। ਇਸ ਕਾਰਨ 4 ਸਤੰਬਰ ਤੋਂ ਬਾਅਦ ਸਰਕਾਰ ਲਈ ਨਵੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ। ਫਿਲਹਾਲ ਗੌਰਵ ਯਾਦਵ ਡੀਜੀਪੀ ਬਣੇ ਰਹਿਣਗੇ, ਛੁੱਟੀ ਖਤਮ ਹੋਣ ਤੋਂ ਬਾਅਦ ਵੀਕੇ ਭੰਵਰਾ ਨੂੰ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਦੀਆਂ ਹਨ।

ਜੇਕਰ ਹੁਣ ‘ਆਪ’ ਸਰਕਾਰ ਗੌਰਵ ਯਾਦਵ ਨੂੰ ਕਾਰਜਕਾਰੀ ਡੀਜੀਪੀ ਦੇ ਤੌਰ ‘ਤੇ ਬਰਕਰਾਰ ਰੱਖਦੀ ਹੈ ਤਾਂ ਉਸ ਨੂੰ 6 ਮਹੀਨਿਆਂ ਦੇ ਅੰਦਰ ਨਵਾਂ ਪੈਨਲ ਬਣਾ ਕੇ ਯੂਪੀਐਸਸੀ ਨੂੰ ਭੇਜਣਾ ਹੋਵੇਗਾ।

 

ਅਰਜਨਟੀਨਾ ਦੀ ਉਪ ਰਾਸ਼ਟਰਪਤੀ ‘ਤੇ ਹੋਇਆ ਜਾਨਲੇਵਾ ਹਮਲਾ

0

ਅਰਜਨਟੀਨਾ ਦੀ ਉਪ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੀਜ਼ ‘ਤੇ ਜਾਨਲੇਵਾ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਇਸ ਹਮਲੇ ‘ਚ ਉਹ ਵਾਲ -ਵਾਲ ਬਚ ਗਏ ਹਨ।  ਜਾਣਕਾਰੀ ਮੁਤਾਬਕ ਕ੍ਰਿਸਟੀਨਾ ਦੇ ਘਰ ਦੇ ਬਾਹਰ ਇਕ ਵਿਅਕਤੀ ਨੇ ਉਨ੍ਹਾਂ ‘ਤੇ ਪਿਸਤੌਲ ਤਾਣ ਲਈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਘਟਨਾ ਸਥਾਨਕ ਸਮੇਂ ਅਨੁਸਾਰ ਰਾਤ ਕਰੀਬ 9.30 ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਹਮਲਾਵਰ ਨੇ ਉਪ ਰਾਸ਼ਟਰਪਤੀ ‘ਤੇ ਪਿਸਤੌਲ ਤਾਣੀ ਤਾਂ ਉਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਪਿੱਛੇ ਧੱਕ ਦਿੱਤਾ, ਜਿਸ ਕਾਰਨ ਉਹ ਵਾਲ-ਵਾਲ ਬਚ ਗਏ । ਹਮਲਾਵਰ ਨੂੰ ਸੁਰੱਖਿਆ ਕਰਮੀਆਂ ਨੇ ਤੁਰੰਤ ਕਾਬੂ ਕਰ ਲਿਆ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਹਮਲਾਵਰ ਬ੍ਰਾਜ਼ੀਲ ਮੂਲ ਦਾ ਦੱਸਿਆ ਜਾ ਰਿਹਾ ਹੈ।

ਸੁਰੱਖਿਆ ਮੰਤਰੀ ਅਨੀਬਲ ਫਰਨਾਂਡੀਜ਼ ਨੇ ਦੱਸਿਆ, ‘ਜਿਸ ਵਿਅਕਤੀ ਕੋਲ ਹਥਿਆਰ ਸੀ, ਉਸ ਨੂੰ (ਉਪ ਰਾਸ਼ਟਰਪਤੀ ਦੇ) ਸੁਰੱਖਿਆ ਕਰਮਚਾਰੀਆਂ ਨੇ ਹਿਰਾਸਤ ‘ਚ ਲੈ ਲਿਆ ਹੈ।’ ਮੰਤਰੀ ਨੇ ਕਿਹਾ ਕਿ ਉਹ ਅਜੇ ਇਸ ਸਬੰਧ ਵਿਚ ਹੋਰ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ, ਕਿਉਂਕਿ ਜਾਂਚ ਜਾਰੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਵਿੱਚ, ਹਥਿਆਰ ਲਗਭਗ ਫਰਨਾਂਡੀਜ਼ ਦੇ ਚਿਹਰੇ ਨੂੰ ਛੂਹਦਾ ਦਿਖਾਈ ਦੇ ਰਿਹਾ ਹੈ।

ਸਰਕਾਰੀ ਅਧਿਕਾਰੀਆਂ ਨੇ ਇਸ ਘਟਨਾ ਨੂੰ ਕਤਲ ਦੀ ਕੋਸ਼ਿਸ਼ ਦੱਸਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਇੱਕ ਸਰਕਾਰੀ ਵਕੀਲ ਵੱਲੋਂ ਜਨਤਕ ਕੰਮਾਂ ਵਿੱਚ ਕਥਿਤ ਭ੍ਰਿਸ਼ਟਾਚਾਰ ਨਾਲ ਸਬੰਧਤ ਇੱਕ ਕੇਸ ਵਿੱਚ ਫਰਨਾਂਡੀਜ਼ ਲਈ 12 ਸਾਲ ਦੀ ਸਜ਼ਾ ਦੀ ਮੰਗ ਕੀਤੇ ਜਾਣ ਤੋਂ ਬਾਅਦ ਉਪ ਰਾਸ਼ਟਰਪਤੀ ਦੇ ਸਮਰਥਕ ਉਨ੍ਹਾਂ ਨਾਲ ਇੱਕਜੁੱਟਤਾ ਦਿਖਾਉਣ ਲਈ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਸੜਕਾਂ ‘ਤੇ ਜਮ੍ਹਾਂ ਹੁੰਦੇ ਰਹੇ ਹਨ। ਉਪ ਰਾਸ਼ਟਰਪਤੀ ਕ੍ਰਿਸਟੀਨਾ ਫਰਨਾਂਡੀਜ਼ 2007 ਤੋਂ 2015 ਤੱਕ ਦੇਸ਼ ਦੀ ਰਾਸ਼ਟਰਪਤੀ ਵੀ ਰਹਿ ਚੁੱਕੀ ਹੈ।

ਪੰਜਾਬ ਦਾ GST ਮਾਲੀਆ 17 ਫੀਸਦ ਵਧਿਆ:ਵਿੱਤ ਮੰਤਰੀ ਹਰਪਾਲ ਚੀਮਾ

0

ਪੰਜਾਬ ਸਰਕਾਰ ਨੇ ਪਿਛਲੇ ਸਾਲ ਦੇ ਅਗਸਤ ਮਹੀਨੇ ਮੁਕਾਬਲੇ ਚਾਲੂ ਵਿੱਤੀ ਵਰ੍ਹੇ ਦੇ ਅਗਸਤ ਮਹੀਨੇ ਵਿੱਚ ਜੀਐੱਸਟੀ ਮਾਲੀਏ ਵਿੱਚ 17 ਫੀਸਦੀ ਦਾ ਵਾਧਾ ਦਰਜ ਕੀਤਾ ਹੈ ਜਦਕਿ ਗੁਆਂਢੇ ਸੂਬੇ ਹਰਿਆਣਾ ’ਚ ਇਹ ਵਾਧਾ 21 ਫੀਸਦ ਅਤੇ ਰਾਜਸਥਾਨ ਵਿਚ ਇਹੋ ਵਾਧਾ 10 ਫੀਸਦੀ ਦਰਜ ਕੀਤਾ ਗਿਆ ਹੈ। ਅਗਸਤ ਮਹੀਨੇ ਦੇ ਜੀਐੱਸਟੀ ਮਾਲੀਏ ’ਤੇ ਨਜ਼ਰ ਮਾਰੀਏ ਤਾਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ ਵਰਗੇ ਵੱਡੇ ਰਾਜਾਂ ਤੋਂ ਪੰਜਾਬ ਅੱਗੇ ਰਿਹਾ ਹੈ।

ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦਾ ਜੀਐੱਸਟੀ ਮਾਲੀਆ ਇਸ ਵਰ੍ਹੇ ਦੇ ਅਗਸਤ ਮਹੀਨੇ ਦੌਰਾਨ 1651 ਕਰੋੜ ਰੁਪਏ ਰਿਹਾ ਜਦਕਿ ਸਾਲ 2021 ਦੇ ਅਗਸਤ ਮਹੀਨੇ ਵਿਚ ਇਹ ਮਾਲੀਆ 1414 ਕਰੋੜ ਰੁਪਏ ਸੀ। ਦਿੱਲੀ ਦੇ ਜੀਐੱਸਟੀ ਮਾਲੀਏ ਵਿੱਚ 21 ਫੀਸਦ ਦਾ ਵਾਧਾ ਦਰਜ ਹੋਇਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਟਵੀਟ ਕਰਕੇ ਦੱਸਿਆ ਕਿ ਪੰਜਾਬ ਨੇ ਵਿੱਤੀ ਸਾਲ 2021-22 ਦੇ ਪਹਿਲੇ ਪੰਜ ਮਹੀਨਿਆਂ ਮੁਕਾਬਲੇ ਚਾਲੂ ਵਿੱਤੀ ਵਰ੍ਹੇ ਦੌਰਾਨ ਜੀਐੱਸਟੀ ਮਾਲੀਏ ਵਿੱਚ 23 ਫੀਸਦੀ ਵਾਧਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜੀਐੱਸਟੀ ਮਾਲੀਏ ਵਿੱਚ ਵਾਧੇ ਪਿੱਛੇ ਪੰਜਾਬ ਸਰਕਾਰ ਵੱਲੋਂ ਟੈਕਸ ਚੋਰੀ ਨੂੰ ਰੋਕਣ ਲਈ ਕੀਤੇ ਗਏ ਉਪਰਾਲੇ ਹਨ। ਉਨ੍ਹਾਂ ਪਿਛਲੀ ਕਾਂਗਰਸ ਸਰਕਾਰ ਨੂੰ ਇਸ ਮਾਮਲੇ ਵਿੱਚ ਕਟਹਿਰੇ ਵਿੱਚ ਖੜ੍ਹਾ ਕਰਦਿਆਂ ਕਿਹਾ ਕਿ ਕਾਂਗਰਸੀ ਹਕੂਮਤ ਆਪਣੇ ਕਾਰਜਕਾਲ ਦੌਰਾਨ ਜੀਐੱਸਟੀ ਮਾਲੀਆ ਵਧਾਉਣ ਵਿਚ ਨਾਕਾਮ ਰਹੀ ਹੈ ਜਦਕਿ ਉਨ੍ਹਾਂ ਦੀ ਸਰਕਾਰ ਨੇ ਸ਼ੁਰੂਆਤੀ ਪੜਾਅ ’ਤੇ ਹੀ ਮਾਲੀਆ ਵਧਾਉਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਮੰਗ ’ਚ ਸੁਧਾਰ ਅਤੇ ਉੱਚੀਆਂ ਦਰਾਂ ਰਹਿਣ ਕਾਰਨ ਅਗਸਤ ’ਚ ਜੀਐੱਸਟੀ ਉਗਰਾਹੀ 28 ਫ਼ੀਸਦ ਵਧ ਕੇ 1.43 ਲੱਖ ਕਰੋੜ ਰੁਪਏ ’ਤੇ ਪਹੁੰਚ ਗਈ ਹੈ। ਲਗਾਤਾਰ ਛੇਵੇਂ ਮਹੀਨੇ ਅਗਸਤ ’ਚ ਜੀਐੱਸਟੀ ਉਗਰਾਹੀ 1.4 ਲੱਖ ਕਰੋੜ ਰੁਪਏ ਤੋਂ ਵਧ ਰਹੀ ਹੈ। ਆਉਂਦੇ ਤਿਉਹਾਰਾਂ ਨੂੰ ਦੇਖਦਿਆਂ ਇਹ ਰੁਝਾਨ ਜਾਰੀ ਰਹਿਣ ਦਾ ਅਨੁਮਾਨ ਹੈ। ਉਂਜ ਜੀਐੱਸਟੀ ਮਾਲੀਆ ਜੁਲਾਈ ਦੇ 1.49 ਲੱਖ ਕਰੋੜ ਰੁਪਏ ਦੇ ਅੰਕੜੇ ਤੋਂ ਘੱਟ ਹੈ। ਅਪਰੈਲ ’ਚ ਇਹ 1.67 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ ’ਤੇ ਸੀ। ਵਿੱਤ ਮੰਤਰਾਲੇ ਨੇ ਦੱਸਿਆ ਕਿ ਅਗਸਤ ’ਚ ਕੁੱਲ ਜੀਐੱਸਟੀ ਮਾਲੀਆ 1,43,612 ਕਰੋੜ ਰੁਪਏ ਰਿਹਾ ਜੋ ਪਿਛਲੇ ਵਰ੍ਹੇ ਇਸੇ ਮਹੀਨੇ ਦੇ 1,12,020 ਕਰੋੜ ਰੁਪਏ ਨਾਲੋਂ 28 ਫ਼ੀਸਦ ਵਧ ਹੈ।

PM ਮੋਦੀ ਨੇ ਜਲ ਸੈਨਾ ਨੂੰ ਸੌਂਪਿਆ ਸਵਦੇਸ਼ੀ INS ਵਿਕਰਾਂਤ

0

ਅੱਜ ਭਾਰਤੀ ਜਲ ਸੈਨਾ ਲਈ ਮਹੱਤਵਪੂਰਨ ਦਿਨ ਹੈ। ਪਹਿਲੇ ਸਵਦੇਸ਼ੀ ਜਹਾਜ਼ ਕੈਰੀਅਰ ਆਈਐਨਐਸ ਵਿਕਰਾਂਤ ਨੂੰ ਜਲ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਮੁੰਦਰੀ ਜਹਾਜ਼ INS ਵਿਕ੍ਰਾਂਤ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਇਸ ਜਹਾਜ਼ ਨੂੰ ਜਲ ਸੈਨਾ ਦੇ ਬੇੜੇ ’ਚ ਸ਼ਾਮਲ ਕੀਤਾ ਹੈ। ਜਲ ਸੈਨਾ ਲਈ ਅੱਜ ਦਾ ਦਿਨ ਇਤਿਹਾਸਕ ਹੈ ਕਿਉਂਕਿ 25 ਸਾਲ ਬਾਅਦ ਵਿਕ੍ਰਾਂਤ ਇਕ ਵਾਰ ਫਿਰ ਤੋਂ ਨਵੇਂ ਰੂਪ ਅਤੇ ਨਵੀਂ ਤਾਕਤ ਨਾਲ ਜਲ ਸੈਨਾ ਦੀ ਸ਼ਾਨ ਬਣ ਗਿਆ ਹੈ।

ਵਿਕ੍ਰਾਂਤ ਦਾ ਅਰਥ ਹੈ ਜੇਤੂ, ਬਹਾਦਰ ਅਤੇ ਪ੍ਰਤਿਸ਼ਠਾਵਾਨ। ਵਿਕ੍ਰਾਂਤ ਭਾਰਤ ’ਚ ਹੁਣ ਤੱਕ ਦਾ ਸਭ ਤੋਂ ਵੱਡਾ ਜੰਗੀ ਬੇੜਾ ਹੈ। ਇਸ ਨੂੰ ਬਣਾਉਣ ’ਚ 20 ਕਰੋੜ ਤੋਂ ਜ਼ਿਆਦਾ ਦੀ ਲਾਗਤ ਆਈ ਹੈ। ਇਹ ਭਾਰਤੀ ਜਲ ਸੈਨਾ ਲਈ ਸਵਦੇਸ਼ੀ ਤੌਰ ’ਤੇ ਡਿਜ਼ਾਈਨ ਅਤੇ ਬਣਾਇਆ ਗਿਆ ਪਹਿਲਾ ਏਅਰਕ੍ਰਾਫਟ ਜਹਾਜ਼ ਵੀ ਹੈ। ਇਸ ਨਾਲ ਜਲ ਸੈਨਾ ਦੀ ਮਾਰਕ ਸਮਰੱਥਾ ਕਈ ਗੁਣਾ ਵਧ ਗਈ ਹੈ।

ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੇ ਕੁਝ ਖ਼ਾਸ ਅੰਸ਼
ਵਿਕ੍ਰਾਂਤ ਸਿਰਫ਼ ਇਕ ਜੰਗੀ ਜਹਾਜ਼ ਨਹੀਂ ਹੈ।
ਇਹ 21ਵੀਂ ਸਦੀ ਦੇ ਭਾਰਤ ਦੀ ਸਖ਼ਤ ਮਿਹਨਤ, ਹੁਨਰ ਅਤੇ ਪ੍ਰਭਾਵ ਦਾ ਪ੍ਰਮਾਣ ਹੈ।
ਵਿਕ੍ਰਾਂਤ ਭਾਰਤ ਦੇ ਸਵੈ-ਨਿਰਭਰ ਬਣਨ ਦਾ ਇਕ ਵਿਲੱਖਣ ਪ੍ਰਤੀਬਿੰਬ ਹੈ।
ਜੇਕਰ ਟੀਚੇ ਅਤੇ ਸਫ਼ਰ ਲੰਬੇ ਹਨ, ਸਮੁੰਦਰ ਅਤੇ ਚੁਣੌਤੀਆਂ ਬੇਅੰਤ ਹਨ ਤਾਂ ਭਾਰਤ ਦਾ ਉੱਤਰ ਵਿਕਰਾਂਤ ਹੈ।
ਅੱਜ INS ਵਿਕਰਾਂਤ ਨੇ ਦੇਸ਼ ਨੂੰ ਇਕ ਨਵੇਂ ਆਤਮਵਿਸ਼ਵਾਸ ਨਾਲ ਭਰ ਦਿੱਤਾ ਹੈ।
INS ਵਿਕ੍ਰਾਂਤ ਦੇ ਹਰ ਹਿੱਸੇ ਦੀਆਂ ਆਪਣੀਆਂ ਖੂਬੀਆਂ, ਤਾਕਤ, ਆਪਣੀ ਇਕ ਵਿਕਾਸ ਯਾਤਰਾ ਹੈ।
ਇਤਿਹਾਸ ਗਵਾਹ ਹੈ ਕਿਵੇਂ ਬ੍ਰਿਟਿਸ਼ ਸੰਸਦ ’ਚ ਕਾਨੂੰਨ ਬਣਾ ਕੇ ਭਾਰਤੀ ਜਹਾਜ਼ਾਂ ’ਤੇ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਸਨ।
ਜਦੋਂ ਅੰਗਰੇਜ਼ ਭਾਰਤ ਆਏ ਤਾਂ ਉਹ ਭਾਰਤੀ ਜਹਾਜ਼ਾਂ ਦੀ ਤਾਕਤ ਅਤੇ ਉਨ੍ਹਾਂ ਰਾਹੀਂ ਵਪਾਰ ਦੀ ਤਾਕਤ ਤੋਂ ਡਰੇ ਰਹਿੰਦੇ ਸਨ।
ਅੱਜ 2 ਸਤੰਬਰ 2022 ਦੀ ਇਤਿਹਾਸਕ ਤਾਰੀਖ਼ ਨੂੰ ਇਤਿਹਾਸ ਨੂੰ ਬਦਲਣ ਵਾਲੀ ਇਕ ਹੋਰ ਕੰਮ ਹੋਇਆ ਹੈ।
ਭਾਰਤੀ ਜਲ ਸੈਨਾ ਨੂੰ ਅੱਜ ਤੋਂ ਨਵਾਂ ਝੰਡਾ ਮਿਲ ਗਿਆ ਹੈ।
ਭਾਰਤੀ ਜਲ ਸੈਨਾ ਨੇ ਔਰਤਾਂ ਲਈ ਆਪਣੀਆਂ ਸਾਰੀਆਂ ਸ਼ਾਖਾਵਾਂ ਖੋਲ੍ਹਣ ਦਾ ਫੈਸਲਾ ਕੀਤਾ ਹੈ।
ਜਿਵੇਂ ਸਮਰੱਥ ਲਹਿਰਾਂ ਲਈ ਕੋਈ ਦਾਇਰ ਨਹੀਂ ਹੁੰਦਾ, ਉਸੇ ਤਰ੍ਹਾਂ ਭਾਰਤ ਦੀਆਂ ਧੀਆਂ ਲਈ ਕੋਈ ਪਾਬੰਦੀਆਂ ਨਹੀਂ ਹੋਣਗੀਆਂ।

 

ਤਰਨਤਾਰਨ ਵਿਖੇ ਚਰਚ ‘ਚ ਹੋਈ ਭੰਨਤੋੜ ਦਾ ਮਾਮਲਾ ਪਹੁੰਚਿਆ ਹਾਈਕੋਰਟ

0

ਤਰਨਤਾਰਨ ਜ਼ਿਲ੍ਹੇ ਦੇ ਕਸਬਾ ਪੱਟੀ ਅਧੀਨ ਆਉਂਦੇ ਪਿੰਡ ਠੱਕਰਪੁਰਾ ਵਿਖੇ ਸਥਿਤ ਨਾਮੀ ਚਰਚ ਨੂੰ ਬੀਤੇ ਦਿਨੀਂ ਕੁੱਝ ਅਣਪਛਾਤੇ ਸ਼ਰਾਰਤੀ ਵਿਅਕਤੀਆਂ ਨੇ ਨਿਸ਼ਾਨਾ ਬਣਾ ਕੇ ਮੂਰਤੀਆਂ ਦੀ ਭੰਨਤੋੜ ਕੀਤੀ ਸੀ। ਜਿਸ ਕਾਰਨ ਈਸਾਈ ਭਾਈਚਾਰੇ ‘ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੀਆਂ ਧਾਰਮਿਕ ਭਵਨਾਵਾਂ ਨੂੰ ਵੀ ਠੇਸ ਪਹੁੰਚਾਈ ਗਈ ਹੈ। ਹੁਣ ਚਰਚ ’ਚ ਪਈਆਂ ਯੀਸ਼ੂ ਮਸੀਹ ਤੇ ਮਰੀਅਮ ਦੀਆਂ ਮੂਰਤੀਆਂ ਦੀ ਭੰਨਤੋੜ ਦਾ ਮਾਮਲਾ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਹੁੰਚ  ਗਿਆ ਹੈ।

ਇਸ ਮਾਮਲੇ ਦੇ ਸਬੰਧ ’ਚ ਪਟੀਸ਼ਨ ਦਾਇਰ ਕਰਦਿਆਂ ਪੰਜਾਬ ਵਿਚ ਸਾਰੀਆਂ ਚਰਚਾਂ ਤੇ ਕ੍ਰਿਸ਼ਚੀਅਨ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ। ਨੈਸ਼ਨਲ ਕ੍ਰਿਸ਼ਚੀਅਨ ਲੀਗ ਦੇ ਪ੍ਰਧਾਨ ਜਗਦੀਸ਼ ਮਸੀਹ ਅਤੇ ਚੰਡੀਗੜ੍ਹ ਦੇ ਸੁਖਜਿੰਦਰ ਗਿੱਲ ਨੇ ਉਕਤ ਪਟੀਸ਼ਨ ਦਾਇਰ ਕੀਤੀ ਹੈ, ਜਿਸ ’ਤੇ ਜਲਦੀ ਸੁਣਵਾਈ ਹੋਵੇਗੀ।

ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿਚ ਈਸਾਈ ਭਾਈਚਾਰੇ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਹੁਣ ਚਰਚ ਵਿਚ ਵਾਪਰੀ ਘਟਨਾ ਤੋਂ ਬਾਅਦ ਭਾਈਚਾਰਾ ਪੰਜਾਬ ਵਿਚ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਕਤ ਘਟਨਾ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਖੜ੍ਹੇ ਕਰਦੀ ਹੈ। ਜੇਕਰ ਪੁਲਸ ਨੇ ਜਲਦੀ ਕਾਰਵਾਈ ਨਾ ਕੀਤੀ ਤਾਂ ਪੰਜਾਬ ਵਿਚ ਫਿਰਕੂ ਦੰਗਿਆਂ ਦੀ ਸਥਿਤੀ ਬਣ ਜਾਵੇਗੀ।