Home Blog Page 1928

SGPC ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ 12 ਸਤੰਬਰ ਤੋਂ ਸੰਘਰਸ਼ ਦਾ ਐਲਾਨ

0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਅਤੇ ਪੰਥ ਦਰਦੀਆਂ ਦੇ ਸਹਿਯੋਗ ਨਾਲ ਇਕ ਵਿਸ਼ਾਲ ਜਨਤਕ ਲਹਿਰ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਆਰੰਭੇ ਜਾਣ ਵਾਲੇ ਸੰਘਰਸ਼ ਦੀ ਸ਼ੁਰੂਆਤ 12 ਸਤੰਬਰ ਤੋਂ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰਾਂ ਦੀ ਅੱਜ ਹੋਈ ਇਕੱਤਰਤਾ ਵਿਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਹਿਮ ਮਤੇ ਪਾਸ ਕੀਤੇ ਗਏ, ਜਿਸ ਤਹਿਤ ਸੰਘਰਸ਼ ਅੱਗੇ ਵਧਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ’ਚ ਹੋਏ ਇਸ ਪੰਥਕ ਇਕੱਠ ਵਿਚ ਵੱਖ-ਵੱਖ ਬੁਲਾਰਿਆਂ ਨੇ ਬੰਦੀ ਸਿੰਘਾਂ ਦੇ ਮੁੱਦੇ ਸਬੰਧੀ ਸਰਕਾਰਾਂ ਦੀ ਉਦਾਸੀਨਤਾ ’ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਅਤੇ ਭਵਿੱਖ ਵਿਚ ਲੋਕ ਲਹਿਰ ਸਿਰਜਣ ਦਾ ਸੁਝਾਅ ਦਿੱਤਾ।

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਆਪਣੇ ਸੰਬੋਧਨ ਦੌਰਾਨ ਬੀਤੇ ਸਮੇਂ ’ਚ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਕਾਰਜਾਂ ਦਾ ਵਿਸਥਾਰ ਦਿੰਦਿਆਂ ਸਰਕਾਰਾਂ ਦੇ ਅੜੀਅਲ ਰਵੱਈਏ ਦੀ ਕਰੜੀ ਨਿੰਦਾ ਕੀਤੀ ਅਤੇ ਹਾਜ਼ਰ ਮੈਂਬਰਾਂ ਦੇ ਸੁਝਾਅ ਅਨੁਸਾਰ ਭਵਿੱਖੀ ਸੰਘਰਸ਼ ਨੂੰ ਲੈ ਕੇ ਮਤੇ ਪੇਸ਼ ਕੀਤੇ, ਜਿਸ ਨੂੰ ਮੈਂਬਰਾਂ ਨੇ ਸਰਬਸਹਿਮਤੀ ਨਾਲ ਜੈਕਾਰਿਆਂ ਦੀ ਗੂੰਜ ਵਿਚ ਪ੍ਰਵਾਨ ਕੀਤਾ। ਐਡਵੋਕੇਟ ਧਾਮੀ ਵੱਲੋਂ ਇਸ ਸਬੰਧੀ ਪੇਸ਼ ਮਤੇ ਵਿਚ ਪ੍ਰਵਾਨ ਹੋਇਆ ਕਿ 12 ਸਤੰਬਰ 2022 ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਡਿਪਟੀ ਕਮਿਸ਼ਨਰਾਂ ਅਤੇ ਯੂਟੀ ਪ੍ਰਕਾਸ਼ਕ ਦੇ ਦਫ਼ਤਰਾਂ ਬਾਹਰ ਸ਼੍ਰੋਮਣੀ ਕਮੇਟੀ ਵੱਲੋਂ ਧਰਨੇ ਲਗਾਏ ਜਾਣਗੇ। ਇਸ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਾਲੇ ਚੋਲੇ ਅਤੇ ਜ਼ੰਜੀਰਾਂ ਪਾ ਕੇ ਸਰਕਾਰਾਂ ਦੇ ਰਵੱਈਏ ਵਿਰੁੱਧ ਰੋਸ ਪ੍ਰਗਟ ਕਰਨਗੇ।

ਇਸ ਦੇ ਨਾਲ ਹੀ ਲੋਕ ਲਹਿਰ ਸਿਰਜਣ ਲਈ ਦਸਤਖ਼ਤੀ ਮੁਹਿੰਮ ਵਿੱਢੀ ਜਾਵੇਗੀ, ਜਿਸ ਤਹਿਤ ਇਤਿਹਾਸਕ ਗੁਰ-ਅਸਥਾਨਾਂ, ਸ਼ਹਿਰਾਂ ਦੇ ਮੁੱਖ ਸਥਾਨਾਂ, ਕਸਬਿਆਂ ਅਤੇ ਪਿੰਡਾਂ ਅੰਦਰ ਜਾ ਕੇ ਸੰਗਤ ਤੋਂ ਫਾਰਮ ਭਰਵਾਏ ਜਾਣਗੇ। ਮਤੇ ਅਨੁਸਾਰ ਸ਼ਹਿਰਾਂ ਦੇ ਅਹਿਮ ਚੌਂਕਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਫਲੈਕਸ ਬੋਰਡ ਲਗਾ ਕੇ ਕਾਊਂਟਰ ਸਥਾਪਿਤ ਕੀਤੇ ਜਾਣਗੇ, ਜਿਥੇ ਆਵਾਜਾਈ ਵਾਲੇ ਲੋਕ ਦਸਤਖ਼ਤੀ ਮੁਹਿੰਮ ਵਿਚ ਸ਼ਾਮਲ ਹੋ ਸਕਣਗੇ। ਇਸ ਰੋਸ ਦੇ ਅਗਲੇ ਪੜਾਅ ਵਜੋਂ ਸ਼੍ਰੋਮਣੀ ਕਮੇਟੀ ਦੇ ਸਮੂਹ ਮੈਂਬਰ ਸੰਯੁਕਤ ਰੂਪ ਵਿਚ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਦਸਤਖ਼ਤ ਕੀਤੇ ਫਾਰਮ ਅਤੇ ਮੰਗ ਪੱਤਰ ਸੌਂਪਣਗੇ।

ਇਕੱਤਰਤਾ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਨੂੰਨੀ ਚਾਰਾਜੋਈ ਵਾਸਤੇ ਸੇਵਾਮੁਕਤ ਸਿੱਖ ਜੱਜਾਂ, ਸੀਨੀਅਰ ਸਿੱਖ ਵਕੀਲਾਂ ਅਤੇ ਸਿੱਖ ਪੰਥ ਦੇ ਵਿਦਵਾਨਾਂ ਦੀ ਇਕ ਵਿਸ਼ੇਸ਼ ਮੀਟਿੰਗ ਬੁਲਾ ਕੇ ਰਾਏ ਲੈਣ ਦਾ ਵੀ ਫੈਸਲਾ ਕੀਤਾ ਗਿਆ, ਤਾਂ ਜੋ ਇਸ ਸਬੰਧੀ ਕਾਨੂੰਨੀ ਕਾਰਵਾਈ ਅਤੇ ਸਰਕਾਰਾਂ ਨਾਲ ਲਿਖਾ ਪੜ੍ਹੀ ਵਿਚ ਮਾਹਿਰਾਂ ਦਾ ਸਹਿਯੋਗ ਲਿਆ ਜਾ ਸਕੇ।

ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਇਜਲਾਸ ਵਿਚ ਘੱਟਗਿਣਤੀ ਦਰਜੇ ਨੂੰ ਸੂਬਿਆਂ ਦੇ ਅਧਾਰ ’ਤੇ ਨਿਰਧਾਰਤ ਕਰਨ ਲਈ ਸੁਪਰੀਮ ਕੋਰਟ ਅੰਦਰ ਇਕ ਵਿਅਕਤੀ ਵੱਲੋਂ ਪਾਈ ਗਈ ਪਟੀਸ਼ਨ ਖਿਲਾਫ ਪੂਰੀ ਸ਼ਕਤੀ ਨਾਲ ਨਜਿੱਠਣ ਦਾ ਵੀ ਐਲਾਨ ਕੀਤਾ ਗਿਆ। ਇਸ ਨੂੰ ਲੈ ਕੇ ਕਾਨੂੰਨੀ ਅਤੇ ਹੋਰ ਪੱਖਾਂ ਤੋਂ ਸ਼ਿੱਦਤ ਨਾਲ ਕਾਰਵਾਈ ਕਰਨ ਦੀ ਵਚਨਬੱਧਤਾ ਪ੍ਰਗਟਾਈ ਗਈ। ਇਸ ਮਤੇ ਵਿਚ ਭਾਰਤ ਸਰਕਾਰ ਨੂੰ ਘਟਗਿਣਤੀਆਂ ਦੇ ਹੱਕ ਹਕੂਕ ਮਾਰਨ ਵਾਲੀ ਪਟੀਸ਼ਨ ਵਿਰੁੱਧ ਘੱਟਗਿਣਤੀ ਕੌਮਾਂ ਦਾ ਪੱਖ ਮਜ਼ਬੂਤ ਕਰਨ ਅਤੇ ਕਾਨੂੰਨੀ ਪੱਖ ਤੋਂ ਤਰਜਮਾਨੀ ਕਰਨ ਦੀ ਅਪੀਲ ਵੀ ਕੀਤੀ ਗਈ।

ਇਕੱਤਰਤਾ ਦੌਰਾਨ ਧਰਮਾਂ ਦੇ ਸਿਧਾਂਤਾਂ ਅਤੇ ਧਰਮ ਅਸਥਾਨਾਂ ’ਤੇ ਹੋ ਰਹੇ ਹਮਲਿਆਂ ਦੀ ਵੀ ਨਿੰਦਾ ਕੀਤੀ ਗਈ ਅਤੇ ਤਰਨ ਤਾਰਨ ਨੇੜੇ ਇਸਾਈ ਧਰਮ ਦੇ ਚਰਚ ਵਿਖੇ ਭੰਨ ਤੋੜ ਨੂੰ ਵੀ ਮੰਦਭਾਗਾ ਕਰਾਰ ਦਿੱਤਾ ਗਿਆ ਹੈ।

ਜ਼ੀਰੋ ਬਿੱਲ ਆਉਣੇ ਹੋਏ ਸ਼ੁਰੂ, ਪੰਜਾਬ ਦੇ 22 ਲੱਖ ਘਰਾਂ ਦਾ ਬਿਜਲੀ ਬਿੱਲ ਆਇਆ ‘ਜ਼ੀਰੋ’

0

ਪੰਜਾਬ ਵਿਚ ਇਸ ਮਹੀਨੇ ਲੋਕਾਂ ਦੇ ਜ਼ੀਰੋ ਬਿੱਲ ਆਉਣੇ ਸ਼ੁਰੂ ਹੋ ਗਏ ਹਨ। ‘ਆਪ’ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਬਿੱਲ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਜੋ ਕਿ ਹੁਣ ਅਮਲ ਵਿਚ ਆਉਣਾ ਸ਼ੁਰੂ ਹੋ ਗਿਆ ਹੈ। ਪਹਿਲੇ ਮਹੀਨੇ ’ਚ ਪੰਜਾਬ ਦੇ 22 ਲੱਖ ਘਰਾਂ ਵਿਚ ਬਿਜਲੀ ਦਾ ‘ਜ਼ੀਰੋ ਬਿੱਲ’ ਆਇਆ ਹੈ। ਸਰਕਾਰ ਨੇ ਚੋਣਾਂ ਮੌਕੇ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫ਼ਤ ਦੇਣ ਦੀ ਗਾਰੰਟੀ ਦਿੱਤੀ ਸੀ।

ਪੰਜਾਬ ਸਰਕਾਰ ਵੱਲੋਂ ਬਿੱਲ ਪਹਿਲੀ ਜੁਲਾਈ ਤੋਂ 300 ਯੂਨਿਟ ਪ੍ਰਤੀ ਮਹੀਨਾ ਮੁਆਫ਼ ਕੀਤੇ ਗਏ ਹਨ। ਪਾਵਰਕੌਮ ਵੱਲੋਂ 27 ਜੁਲਾਈ ਤੋਂ 28 ਅਗਸਤ ਤੱਕ ਘਰੇਲੂ ਬਿਜਲੀ ਦੇ 42 ਲੱਖ ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਭੇਜੇ ਗਏ ਹਨ ਜਿਨ੍ਹਾਂ ਵਿਚੋਂ 22 ਲੱਖ ਘਰਾਂ ਦੇ ਬਿਜਲੀ ਬਿੱਲ ‘ਜ਼ੀਰੋ’ ਆਏ ਹਨ। ਪਾਵਰਕੌਮ ਦੇ ਵੱਖ-ਵੱਖ ਜ਼ੋਨਾਂ ਤੋਂ ਮਿਲੇ ਵੇਰਵਿਆਂ ਅਨੁਸਾਰ ਉੱਤਰੀ ਜ਼ੋਨ ’ਚ ਉਕਤ ਸਮੇਂ ਦੌਰਾਨ 9 ਲੱਖ ਘਰਾਂ ਨੂੰ ਬਿੱਲ ਭੇਜੇ ਗਏ ਹਨ ਜਿਨ੍ਹਾਂ ਵਿਚੋਂ 5.10 ਲੱਖ ਖਪਤਕਾਰਾਂ ਦੇ ਜ਼ੀਰੋ ਬਿੱਲ ਆਏ ਹਨ।

ਸਰਹੱਦੀ ਜ਼ੋਨ ’ਚ ਇੱਕ ਮਹੀਨੇ ਦੇ 8.05 ਲੱਖ ਬਿੱਲ ਭੇਜੇ ਗਏ ਹਨ ਅਤੇ ਇਨ੍ਹਾਂ ਵਿਚੋਂ 4.70 ਲੱਖ ਘਰਾਂ ਦੇ ਜ਼ੀਰੋ ਬਿੱਲ ਆਏ ਹਨ। ਇਸੇ ਤਰ੍ਹਾਂ ਕੇਂਦਰੀ ਜ਼ੋਨ ਦੇ 6.02 ਲੱਖ ਖਪਤਕਾਰਾਂ ਵਿਚੋਂ 2.95 ਲੱਖ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਏ ਹਨ। ਇਸੇ ਤਰ੍ਹਾਂ ਹੀ ਦੱਖਣੀ ਜ਼ੋਨ ’ਚ 10 ਲੱਖ ਘਰਾਂ ਨੂੰ ਬਿੱਲ ਜਾਰੀ ਕੀਤੇ ਹਨ ਜਿਨ੍ਹਾਂ ਵਿਚੋਂ ਪੰਜ ਲੱਖ ਘਰਾਂ ਦੇ ਜ਼ੀਰੋ ਬਿੱਲ ਆਏ ਹਨ।

ਪੱਛਮੀ ਜ਼ੋਨ ਦੇ 9 ਲੱਖ ਬਿੱਲਾਂ ਵਿਚੋਂ 4.30 ਲੱਖ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਏ ਹਨ। ਇਨ੍ਹਾਂ 22 ਲੱਖ ਖਪਤਕਾਰਾਂ ਤੋਂ ਇਲਾਵਾ ਤਿੰਨ ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਦੇ ਅੰਕੜੇ ਨੂੰ ਵੀ ਜੋੜ ਲਈਏ ਤਾਂ ਕਰੀਬ 750 ਕਰੋੜ ਰੁਪਏ ਦੀ ਸਬਸਿਡੀ ਖਪਤਕਾਰਾਂ ਨੂੰ ਇੱਕ ਮਹੀਨੇ ਵਿਚ ਦਿੱਤੀ ਗਈ ਹੈ। ਸਸਤੀ ਬਿਜਲੀ ਅਤੇ ਜ਼ੀਰੋ ਬਿੱਲ ਵਾਲੇ ਕੁੱਲ ਖਪਤਕਾਰਾਂ ਦੀ ਗਿਣਤੀ ਕਰੀਬ 37 ਲੱਖ ਬਣਦੀ ਹੈ।

ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ 51 ਲੱਖ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆਉਣਗੇ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਅਗਸਤ ਮਹੀਨੇ ਵਿਚ ਜ਼ਿਆਦਾ ਗਰਮੀ ਪਈ ਹੈ ਜਿਸ ਕਰਕੇ ਖਪਤਕਾਰਾਂ ਦੀ ਬਿਜਲੀ ਦੀ ਖਪਤ ਵੀ ਉੱਚੀ ਰਹੀ ਹੈ ਅਤੇ ਬਿਜਲੀ ਦੀ ਮੰਗ ਨੇ ਵੀ ਪੁਰਾਣੇ ਰਿਕਾਰਡ ਤੋੜੇ ਹਨ। ਜਿਉਂ ਜਿਉਂ ਤਾਪਮਾਨ ਘਟਦਾ ਜਾਵੇਗਾ, ਉਸੇ ਤਰ੍ਹਾਂ ਜ਼ੀਰੋ ਬਿੱਲ ਵਾਲੇ ਖਪਤਕਾਰਾਂ ਦੀ ਗਿਣਤੀ ਵਧਦੀ ਜਾਵੇਗੀ।

ਪੰਜਾਬ ਸਰਕਾਰ ਦੇ ਉਕਤ ਫ਼ੈਸਲੇ ਨਾਲ ਖ਼ਜ਼ਾਨੇ ’ਤੇ ਬਿਜਲੀ ਸਬਸਿਡੀ ਦਾ ਬੋਝ ਵਧੇਗਾ। ਬਿਜਲੀ ਮੰਤਰੀ ਨੇ ਖੁਦ ਵੀ ਕਿਹਾ ਹੈ ਕਿ 300 ਯੂਨਿਟ ਮੁਫ਼ਤ ਬਿਜਲੀ ਦਿੱਤੇ ਜਾਣ ਨਾਲ ਕਰੀਬ 5500 ਕਰੋੜ ਸਾਲਾਨਾ ਸਬਸਿਡੀ ਬਣੇਗੀ। ਪਾਵਰਕੌਮ ਦੇ ਮੌਜੂਦਾ ਹਾਲਾਤ ਇਹ ਹਨ ਕਿ ਹਾਲ ਹੀ ਵਿਚ ਬਕਾਏ ਤਾਰਨ ਲਈ ਰੂਰਲ ਇਲੈਕਟ੍ਰੀਫਿਕੇਸ਼ਨ ਕਾਰਪੋਰੇਸ਼ਨ ਅਤੇ ਪਾਵਰ ਫਾਇਨਾਂਸ ਕਾਰਪੋਰੇਸ਼ਨ ਤੋਂ ਇੱਕ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕਣਾ ਪਿਆ ਹੈ ਤਾਂ ਕਿ ਕੋਲੇ ਆਦਿ ਦੇ ਬਕਾਏ ਤਾਰੇ ਜਾ ਸਕਣ। ਪੰਜਾਬ ਸਰਕਾਰ ਵੱਲ ਮੌਜੂਦਾ ਸਬਸਿਡੀ ਬਿੱਲ ਅਗਸਤ 2022 ਤੱਕ 6135 ਕਰੋੜ ਬਣਿਆ ਸੀ ਜਿਸ ਵਿਚੋਂ ਸਰਕਾਰ ਨੇ 5735 ਕਰੋੜ ਤਾਰ ਦਿੱਤਾ ਹੈ ਅਤੇ 400 ਕਰੋੜ ਦੀ ਸਬਸਿਡੀ ਬਕਾਇਆ ਖੜ੍ਹਾ ਹੈ। ਇਸੇ ਤਰ੍ਹਾਂ ਪੁਰਾਣੀ ਸਬਸਿਡੀ ਦੇ ਕਰੀਬ 9000 ਕਰੋੜ ਰੁਪਏ ਦੇ ਵੀ ਬਕਾਏ ਖੜ੍ਹੇ ਹਨ।

ਪੰਜਾਬ’ ਚੋਂ ਸਿੱਖ ਚਿਹਰੇ ਲੱਭਣ ਲੱਗੀ ਭਾਜਪਾ, ਕਮਲ ਖਿੜਾਉਣ ਦੀ ਤਿਆਰੀ!

0

2024 ‘ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ‘ਚ ਪੰਜਾਬ ‘ਚ ਭਾਜਪਾ ਲਈ ਵੱਡੀ ਚੁਣੌਤੀ ਹੈ ਕਿਉਂਕਿ ਤਿੰਨ ਦਹਾਕਿਆਂ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਭਾਜਪਾ ਆਪਣੇ ਉਮੀਦਵਾਰ ਨੂੰ ਇਕੱਲਿਆਂ ਹੀ ਚੋਣ ਮੈਦਾਨ ਵਿੱਚ ਉਤਾਰੇਗੀ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਪੰਜਾਬ ਵਿੱਚ ਬਣਨ ਵਾਲੀ ਨਵੀਂ ਸੂਬਾ ਕਾਰਜਕਾਰਨੀ ਵਿੱਚ 50 ਫੀਸਦੀ ਭਰੋਸੇਯੋਗ ਸਿੱਖ ਆਗੂਆਂ ਨੂੰ ਸ਼ਾਮਲ ਕਰਨਾ ਚਾਹੁੰਦੀ ਹੈ।

ਪਾਰਟੀ ਨੂੰ ਹੁਣ ਤੱਕ ਪੰਜਾਬ ਵਿੱਚ ਹਿੰਦੂਤਵ ਸਿਆਸੀ ਪਾਰਟੀ ਵਜੋਂ ਦੇਖਿਆ ਜਾਂਦਾ ਰਿਹਾ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ 13 ਲੋਕ ਸਭਾ ਸੀਟਾਂ ਵਿੱਚੋਂ ਜ਼ਿਆਦਾਤਰ ਲਈ ਮਜ਼ਬੂਤ ​​ਸਿੱਖ ਉਮੀਦਵਾਰਾਂ ਦੀ ਤਲਾਸ਼ ਕਰ ਰਹੀ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਸੂਬੇ ਦੇ ਕੁੱਲ ਵੋਟਰਾਂ ਦਾ 58% ਹਿੱਸਾ ਸਿੱਖ ਭਾਈਚਾਰਾ ਹੈ। ਭਾਜਪਾ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਨਾਲ ਗਠਜੋੜ ਵਿੱਚ ਛੋਟੇ ਭਰਾ ਦੀ ਭੂਮਿਕਾ ਵਿੱਚ ਸੀ ਪਰ ਦਹਾਕਿਆਂ ਪੁਰਾਣਾ ਗਠਜੋੜ ਵਿਵਾਦਗ੍ਰਸਤ ਖੇਤੀਬਾੜੀ ਕਾਨੂੰਨਾਂ ਕਾਰਨ ਟੁੱਟ ਗਿਆ।

ਹੁਣ ਭਾਜਪਾ ਨੇ ਆਪਣਾ ਆਧਾਰ ਵਧਾਉਣ ਲਈ 3 ਕੇਂਦਰੀ ਮੰਤਰੀਆਂ ਨੂੰ 9 ਲੋਕ ਸਭਾ ਸੀਟਾਂ ਦੀ ਜ਼ਿੰਮੇਵਾਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸ਼ੇਖਾਵਤ ਆਨੰਦਪੁਰ ਸਾਹਿਬ, ਹੁਸ਼ਿਆਰਪੁਰ ਅਤੇ ਬਠਿੰਡਾ ਦੇ ਇੰਚਾਰਜ ਹਨ।

ਕੇਂਦਰੀ ਵਿਦੇਸ਼ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਅੰਮ੍ਰਿਤਸਰ, ਜਲੰਧਰ ਅਤੇ ਗੁਰਦਾਸਪੁਰ ਦੀ ਦੇਖ ਰਹੇ ਹਨ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਪਟਿਆਲਾ, ਸੰਗਰੂਰ ਅਤੇ ਲੁਧਿਆਣਾ ਦੇ ਇੰਚਾਰਜ ਹਨ। ਭਾਜਪਾ ਦੇ ਇਕ ਨੇਤਾ ਨੇ ਕਿਹਾ ਕਿ ਪਾਰਟੀ ਜਲਦੀ ਹੀ ਹੋਰ ਸੀਟਾਂ ਦੇ ਇੰਚਾਰਜ ਨੇਤਾਵਾਂ ਦੀ ਨਿਯੁਕਤੀ ਕਰੇਗੀ।

ਸ਼ੇਖਾਵਤ ਨੇ ਸੂਬਾ ਭਾਜਪਾ ‘ਚ ਬਦਲਾਅ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਫੌਰੀ ਬਦਲਾਅ ਦਾ ਕੋਈ ਕਾਰਨ ਨਹੀਂ ਹੈ, ਪਰ ਆਉਣ ਵਾਲੇ ਦਿਨਾਂ ਵਿਚ ਪਾਰਟੀ ਨੂੰ ਮਜ਼ਬੂਤ ​​ਕਰਨ ਲਈ ਅਜਿਹਾ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੀ ਕਾਂਗਰਸ ਸਰਕਾਰ ਵਿੱਚ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਜੋ ਕਿ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ, ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਉਮੀਦਵਾਰ ਹੋ ਸਕਦੇ ਹਨ।

BJP ਵਿੱਚ 3 ਸਿੱਖਾਂ ਮਨਜੀਤ ਸਿੰਘ ਰਾਏ, ਰਜਿੰਦਰ ਮੋਹਨ ਸਿੰਘ ਛੀਨਾ ਅਤੇ ਹਰਜੀਤ ਸਿੰਘ ਗਰੇਵਾਲ ਦੀ ਮੌਜੂਦਗੀ ਸਪੱਸ਼ਟ ਹੈ। ਹੁਣ ਭਾਜਪਾ ਵਿੱਚ ਸ਼ਾਮਲ ਹੋਏ ਕਾਂਗਰਸ ਦੇ ਸਿੱਖ ਆਗੂਆਂ ਨੂੰ ਅਹਿਮ ਅਹੁਦਿਆਂ ਦੀ ਪੇਸ਼ਕਸ਼ ਕੀਤੀ ਜਾ ਸਕਦੀ ਹੈ। ਇਨ੍ਹਾਂ ਵਿੱਚ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ, ਬਲਬੀਰ ਸਿੱਧੂ ਅਤੇ ਗੁਰਪ੍ਰੀਤ ਕਾਂਗੜ ਸ਼ਾਮਲ ਹਨ।

ਜਾਣੋ ਕਿਸ ਦਿਨ ਹੋਵੇਗੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ

0

ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ 5 ਸਤੰਬਰ ਨੂੰ ਹੋਣ ਜਾ ਰਹੀ ਹੈ। ਇਸ ਮੀਟਿੰਗ ਦਾ ਸਮਾਂ ਸਵੇਰੇ 10:00 ਵਜੇ ਦਾ ਰੱਖਿਆ ਗਿਆ ਹੈ। ਇਹ ਮੀਟਿੰਗ ਪੰਜਾਬ ਸਿਵਲ ਸਕੱਤਰੇਤ -1 ਚੰਡੀਗੜ੍ਹ ਵਿਖੇ ਹੋਵੇਗੀ। ਇਸ ਮੀਟਿੰਗ ਦਾ ਅਜੰਡਾ ਬਾਅਦ ‘ਚ ਜਾਰੀ ਕੀਤਾ ਜਾਵੇਗਾ।

ਕੈਨੇਡਾ ‘ਚ ਫਿਲਮ ਨਿਰਮਾਤਾ ਮਨੀ ਅਮਰ ਦੀ ਹੋਈ ਮੌਤ, ਜਾਣੋ ਪੂਰਾ ਮਾਮਲਾ

0

ਕੈਨੇਡਾ ਤੋਂ ਇੱਕ ਦੁੱਖਦਾਇਕ ਖਬਰ ਸਾਹਮਣੇ ਆਈ ਹੈ। ਪੰਜਾਬੀ ਭਾਈਚਾਰੇ ਲਈ ਇਹ ਬੜੀ ਦੁਖਦਾਈ ਖ਼ਬਰ ਹੈ ਕਿ ਬੁੱਧਵਾਰ ਨੂੰ ਸਰੀ ਵਿੱਚ ਦੋ ਗੁਆਂਢੀਆਂ ਵਿਚਕਾਰ ਹੋਈ ਲੜਾਈ ਵਿਚ ਲੋਕਲ ਫਿਲਮ ਨਿਰਮਾਤਾ ਮਨਬੀਰ (ਮਨੀ) ਅਮਰ ਦੀ ਮੌਤ ਹੋ ਗਈ ਹੈ। ਇਹ ਦੁਖਦਾਈ ਹੈ ਕਿ ਇਹ ਸਥਿਤੀ ਇਸ ਹੱਦ ਤੱਕ ਵੱਧ ਗਈ ਕਿ ਇਕ ਵਿਅਕਤੀ ਦੀ ਜਾਨ ਚਲੀ ਗਈ।  ਦੱਸ ਦਈਏ ਕਿ 40 ਸਾਲਾ ਮਨਬੀਰ ਮਨੀ ਸ਼ਹਿਰ ਵਿੱਚ ਗੈਂਗ ਹਿੰਸਾ ਬਾਰੇ ਆਪਣੀਆਂ ਫਿਲਮਾਂ ਅਤੇ ਵਕਾਲਤ ਕਰਕੇ ਜਾਣਿਆ ਜਾਂਦਾ ਸੀ।

ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (ਆਈਐਚਆਈਟੀ) ਨੇ ਕਿਹਾ ਕਿ ਮਨਬੀਰ ਦੀ ਮੌਤ ਬੁੱਧਵਾਰ ਨੂੰ ਦੁਪਹਿਰ 1:50 ਵਜੇ ਦੇ ਕਰੀਬ 61 ਐਵੇਨਿਊ ਦੇ 14100-ਬਲਾਕ ਵਿੱਚ ਹੋਈ। ਆਰਸੀਐਮਪੀ ਨੂੰ ਦੋ ਆਦਮੀਆਂ ਵਿਚਕਾਰ ਲੜਾਈ ਹੋਣ ਦੀ ਸੂਚਨਾ ਮਿਲੀ ਸੀ ਅਤੇ ਜਦੋਂ ਪੁਲਿਸ ਦੇ ਅਧਿਕਾਰੀ ਉੱਥੇ ਪਹੁੰਚੇ ਤਾਂ ਅਮਰ ਜ਼ਖਮੀ ਹਾਲਤ ਵਿੱਚ ਸੀ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਘਟਨਾ ਸਥਾਨ ‘ਤੇ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਨਬੀਰ (ਮਨੀ) ਅਮਰ ਨੇ ਆਪਣੀ ਕਵਿਤਾ, ਵਾਰਤਕ, ਦਰਸ਼ਨ, ਪੇਂਟਿੰਗ, ਫੋਟੋਗ੍ਰਾਫੀ, ਵਕਾਲਤ ਅਤੇ ਫਿਲਮ ਨਿਰਮਾਣ ਦੁਆਰਾ ਗੈਂਗ ਹਿੰਸਾ ‘ਤੇ ਰੌਸ਼ਨੀ ਪਾਈ ਅਤੇ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਛੋਹਿਆ। ਦੱਖਣੀ ਏਸ਼ੀਆਈ ਭਾਈਚਾਰੇ ਦੇ ਅੰਦਰ ਗੈਂਗ ਹਿੰਸਾ ‘ਤੇ ਕੇਂਦਰਿਤ “ਏ ਵਾਰੀਅਰਜ਼ ਰਿਲੀਜਨ” ਸਮੇਤ ਕਈ ਦਸਤਾਵੇਜ਼ੀ ਫਿਲਮਾਂ ਦਾ ਉਨ੍ਹਾਂ ਨੇ ਨਿਰਮਾਣ ਕੀਤਾ। “ਦ ਡਿਕ੍ਰੀਪਿਟ” ਫਿਲਮ ਰਾਹੀਂ ਉਸ ਨੇ ਵੈਨਕੂਵਰ ਦੇ ਡਾਊਨਟਾਊਨ ਈਸਟ ਸਾਈਡ ਦੇ ਕਈ ਨਿਵਾਸੀਆਂ ਦੀਆਂ ਕਹਾਣੀਆਂ ਨੂੰ ਆਪਣੇ ਸ਼ਬਦਾਂ ਰਾਹੀਂ ਬਿਆਨ ਕੀਤਾ।

ਉਨਾਂ ਦੀ ਮੌਤ ਉਪਰ ਦੁੱਖ ਪ੍ਰਗਟ ਕਰਦਿਆਂ ਕਿਡਸ ਪਲੇਅ ਫਾਊਂਡੇਸ਼ਨ ਦੇ ਸੰਸਥਾਪਕ ਕੈਲ ਦੋਸਾਂਝ ਨੇ ਕਿਹਾ ਹੈ ਕਿ ਅਮਰ ਦੀ ਮੌਤ ਭਾਈਚਾਰੇ ਲਈ ਇੱਕ ਵੱਡਾ ਘਾਟਾ ਹੈ। ਆਪਣੇ ਟਵਿੱਟਰ ਸੁਨੇਹੇ ਰਾਹੀਂ ਕੈਲ ਦੋਸਾਂਝ ਨੇ ਕਿਹਾ ਹੈ ਕਿ ਮਨੀ ਸਮਾਜ ਪ੍ਰਤੀ ਫਿਕਰਮੰਦ ਕਲਾਕਾਰ ਸੀ, ਜਿਸ ਨੇ ਨੌਜਵਾਨਾਂ ਨੂੰ ਨਸ਼ਿਆਂ, ਗੈਂਗ ਅਤੇ ਅਪਰਾਧ ਦੀ ਜ਼ਿੰਦਗੀ ਤੋਂ ਦੂਰ ਰੱਖਣ ਲਈ ਬਹੁਤ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਸਨ।

ਚੰਡੀਗੜ੍ਹ ਸ਼ਹਿਰ ‘ਚ ਸਵਾਈਨ ਫਲੂ ਨੇ ਦਿੱਤੀ ਦਸਤਕ, 2 ਮਰੀਜ਼ਾਂ ‘ਚ ਵਾਇਰਸ ਦੀ ਹੋਈ ਪੁਸ਼ਟੀ

0

ਹੁਣ ਚੰਡੀਗੜ੍ਹ ਸ਼ਹਿਰ ‘ਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ। ਸ਼ੁੱਕਰਵਾਰ ਨੂੰ ਸ਼ਹਿਰ ‘ਚ 2 ਵਿਅਕਤੀਆਂ ‘ਚ ਸਵਾਈਨ ਫਲੂ ਦੀ ਪੁਸ਼ਟੀ ਹੋਈ ਸੀ। ਡਾਇਰੈਕਟਰ ਸਿਹਤ ਸੇਵਾਵਾਂ ਅਨੁਸਾਰ ਦੋਵੇਂ ਮਰੀਜ਼ ਠੀਕ ਹਨ। ਹਸਪਤਾਲ ‘ਚ ਦਾਖ਼ਲ ਹੋਣ ਦੀ ਲੋੜ ਨਹੀਂ ਹੈ। ਚੰਡੀਗੜ੍ਹ ‘ਚ ਜਿੱਥੇ 2 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਪੰਚਕੂਲਾ ‘ਚ 1 ਮਰੀਜ਼ ਦੀ ਪੁਸ਼ਟੀ ਹੋਈ ਹੈ। ਹੁਣ ਪੰਚਕੂਲਾ ‘ਚ ਮਰੀਜ਼ਾਂ ਦੀ ਕੁੱਲ ਗਿਣਤੀ 5 ਹੋ ਗਈ ਹੈ। ਸਰਗਰਮ ਮਰੀਜ਼ਾਂ ਦੀ ਗਿਣਤੀ 2 ਹੈ, ਜਿਨ੍ਹਾਂ ਵਿਚੋਂ ਇਕ ਹਸਪਤਾਲ ‘ਚ ਦਾਖ਼ਲ ਹੈ, ਜਦਕਿ ਇਕ ਮਰੀਜ਼ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਸਿਹਤ ਵਿਭਾਗ ਨੇ ਬੁੱਧਵਾਰ ਹੀ ਸਵਾਈਨ ਫਲੂ (ਏ1ਐੱਚ1) ਸਬੰਧੀ ਐਡਵਾਈਜ਼ਰੀ ਜਾਰੀ ਕਰ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਸੀ।

ਸਿਹਤ ਵਿਭਾਗ ਮੁਤਾਬਕ ਸਵਾਈਨ ਫਲੂ ਨਾਲ ਨਜਿੱਠਣ ਲਈ ਹਸਪਤਾਲਾਂ ‘ਚ ਸਾਰੇ ਪ੍ਰਬੰਧ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਵੈਕਟਰ ਬੋਰਨ ਬਿਮਾਰੀ ਦੀ ਰੋਕਥਾਮ ਲਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਲੋਕਾਂ ਦੀ ਸਕਰੀਨਿੰਗ, ਸਫ਼ਾਈ ਤੇ ਘਰ-ਘਰ ਜਾ ਕੇ ਜਾਂਚ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਸਿਹਤ ਵਿਭਾਗ ਅਨੁਸਾਰ ਸ਼ਹਿਰ ‘ਚ ਹੁਣ ਤੱਕ ਡੇਂਗੂ ਦੇ 60 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ 6 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਪਿਛਲੀ ਵਾਰ ਦੇ ਮੁਕਾਬਲੇ ਹੁਣ ਤੱਕ ਘੱਟ ਮਾਮਲੇ ਸਾਹਮਣੇ ਆਏ ਹਨ। ਸਿਹਤ ਵਿਭਾਗ ਅਨੁਸਾਰ ਪਿਛਲੀ ਵਾਰ ਅਸੀਂ ਜਿਸ ਕਿਸਮ ਦੇ ਕੇਸ ਦੇਖੇ ਸਨ, ਉਹ ਬਹੁਤ ਗੰਭੀਰ ਸਨ। ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਉਣ ਦੀ ਲੋੜ ਸੀ। ਪਲੇਟਲੈਟਸ ਬਹੁਤ ਤੇਜ਼ੀ ਨਾਲ ਘਟ ਰਹੇ ਸਨ। ਇਸ ਮੌਸਮ ‘ਚ ਡੇਂਗੂ ਅਤੇ ਵਾਇਰਲ ਬੁਖ਼ਾਰ ਦੇ ਮਾਮਲੇ ਵੱਧਣ ਲੱਗਦੇ ਹਨ।

ਹੁਣ ਸਾਬਕਾ ਮੰਤਰੀ ਵਿਜੇ ਇੰਦਰਾ ਸਿੰਗਲਾ ਵਿਜੀਲੈਂਸ ਦੇ ਰਾਡਾਰ ‘ਤੇ, ਵਧ ਸਕਦੀਆਂ ਹਨ ਮੁਸ਼ਕਿਲਾਂ!

0

ਭਗਵੰਤ ਮਾਨ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਲਗਾਤਾਰ ਐਕਸ਼ਨ ਲਿਆ ਜਾ ਰਿਹਾ ਹੈ। ਸਰਕਾਰ ਵਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਇੱਕ ਤੋਂ ਬਾਅਦ ਇੱਕ ਗ੍ਰਿਫਤਾਰੀ ਵੀ ਕੀਤੀ ਜਾ ਰਹੀ ਹੈ। ਮਾਨ ਸਰਕਾਰ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹੁਣ ਤੱਕ ਕਈ ਸਾਬਕਾ ਮੰਤਰੀ ਵੀ ਗ੍ਰਿਫਤਾਰ ਹੋ ਚੁੱਕੇ ਹਨ।

ਕੁੱਝ ਦਿਨ ਪਹਿਲਾਂ ਹੀ ਟਰਾਂਸਪੋਰਟ ਟੈਂਡਰ ਘੁਟਾਲੇ ‘ਚ ਭਾਰਤ ਭੂਸ਼ਣ ਆਸ਼ੂ ਦੀ ਵੀ ਗ੍ਰਿਫਤਾਰੀ ਹੋਈ ਹੈ। ਹੁਣ ਭ੍ਰਿਸ਼ਟਾਚਾਰ ਖਿਲਾਫ ਵਿੱਢੀ ਮੁਹਿੰਮ ਦੇ ਘੇਰੇ ਵਿਚ ਹੋਰ ਸਾਬਕਾ ਮੰਤਰੀ ਵੀ ਆ ਸਕਦੇ ਹਨ। ਸੂਤਰਾਂ ਮੁਤਾਬਕ ਹੁਣ ਸਾਬਕਾ ਮੰਤਰੀ ਵਿਜੇ ਇੰਦਰਾ ਸਿੰਗਲਾ ਵਿਜੀਲੈਂਸ ਦੇ ਰਾਡਾਰ ਉਤੇ ਹਨ।

ਵਿਜੀਲੈਂਸ ਪਿਛਲੀ ਕਾਂਗਰਸ ਸਰਕਾਰ ਵਿੱਚ ਪੀਡਬਲਯੂਡੀ ਵਿੱਚ ਅਲਾਟ ਹੋਏ ਟੈਂਡਰਾਂ ਦੀ ਜਾਂਚ ਵਿੱਚ ਜੁਟੀ ਗਈ ਹੈ। ਸਾਬਕਾ ਮੰਤਰੀ ਵਿਜੇ ਇੰਦਰਾ ਸਿੰਗਲਾ ਦੇ 5 ਕਰੀਬੀਆਂ ਨੂੰ 5 ਸਤੰਬਰ ਨੂੰ ਤਲਬ ਕੀਤਾ ਗਿਆ ਹੈ। ਮੁੱਢਲੀ ਜਾਂਚ ਤੋਂ ਬਾਅਦ ਸੰਗਰੂਰ ਦੇ ਡੀਐਸਪੀ ਅਹੁਦੇ ਦੇ ਵਿਜੀਲੈਂਸ ਅਧਿਕਾਰੀ ਨੂੰ ਜਾਂਚ ਸੌਂਪ ਦਿੱਤੀ ਗਈ ਹੈ।

ਠੇਕੇਦਾਰਾਂ (ਜਿਨ੍ਹਾਂ ਨੂੰ ਟੈਂਡਰ ਨਹੀਂ ਮਿਲ ਸਕੇ) ਦੀ ਸ਼ਿਕਾਇਤ ਉਤੇ PWD ਟੈਂਡਰਾਂ ਦੀ ਜਾਂਚ ਕੀਤੀ ਜਾ ਰਹੀ ਹੈ। Whatsapp ‘ਤੇ ਮਿਲੀ ਵਾਇਰਲ ਹੋਈ ਸ਼ਿਕਾਇਤ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਮਾਨ ਸਰਕਾਰ 5 ਕਰੋੜ ਤੋਂ ਵੱਧ ਦੇ ਟੈਂਡਰਾਂ ਦੀਆਂ ਫਾਈਲਾਂ ਦੀ ਪੜਤਾਲ ਕਰ ਰਹੀ ਹੈ ਅਤੇ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸਰਕਾਰ ਨੂੰ ਕਿਵੇਂ ਅਤੇ ਕਿਸ ਕਾਰਨ ਵਿੱਤੀ ਨੁਕਸਾਨ ਹੋਇਆ।

ਵਿਜੀਲੈਂਸ ਨੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਇਨੋਵਾ ਕੀਤੀ ਜ਼ਬਤ

0

ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ।ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਸੰਦੋਆ ਦੀ ਇਨੋਵਾ ਕ੍ਰਿਸਟਾ ਗੱਡੀ ਵਿਜੀਲੈਂਸ ਬਿਊਰੋ ਨੇ ਜ਼ਬਤ ਕਰ ਲਈ ਹੈ। ਇਹ ਇਨੋਵਾ ਜ਼ਮੀਨ ਘੁਟਾਲੇ ਦੇ ਭ੍ਰਿਸ਼ਟਾਚਾਰ ਦੇ ਪੈਸੇ ਤੋਂ ਖਰੀਦੀ ਗਈ ਸੀ।

ਜਿਸ ਤੋਂ ਬਾਅਦ ਵਿਜੀਲੈਂਸ ਨੇ ਇਸ ਨੂੰ ਬਲੈਕਲਿਸਟ ਕਰ ਦਿੱਤਾ। ਵਿਜੀਲੈਂਸ ਦੀ ਇਸ ਕਾਰਵਾਈ ਤੋਂ ਬਾਅਦ ਹੁਣ ਸੰਦੋਆ ਵੀ ਵਿਜੀਲੈਂਸ ਦੀ ਜਾਂਚ ‘ਚ ਫਸ ਸਕਦੇ ਹਨ। ਹਾਲਾਂਕਿ ਸੰਦੋਆ  ਨੇ ਸਪੱਸ਼ਟ ਕੀਤਾ ਹੈ ਕਿ ਇਹ ਕਾਰ ਉਸ ਦੇ ਸਹੁਰੇ ਨੇ ਵਰਤਣ ਲਈ ਦਿੱਤੀ ਸੀ। ਉਨ੍ਹਾਂ ਨੂੰ ਇਸ ਘੁਟਾਲੇ ਬਾਰੇ ਕੁਝ ਨਹੀਂ ਪਤਾ। ਵਿਰੋਧੀ ਉਸ ਨੂੰ ਫਸਾਉਣ ਦੀ ਸਾਜ਼ਿਸ਼ ਰਚ ਰਹੇ ਹਨ।

ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਸੰਦੋਆ ਹੀ ਅਜਿਹੇ ਵਿਧਾਇਕ ਸਨ ਜਿਨ੍ਹਾਂ ਨੂੰ ‘ਆਪ’ ਵੱਲੋਂ ਟਿਕਟ ਨਹੀਂ ਦਿੱਤੀ ਗਈ ਸੀ। ਵਿਜੀਲੈਂਸ ਨੇ ਦੋ ਮਹੀਨੇ ਪਹਿਲਾਂ ਰੋਪੜ ਵਿੱਚ ਜੰਗਲਾਤ ਵਿਭਾਗ ਦੀ ਜ਼ਮੀਨ ਕੁਲੈਕਟਰ ਰੇਟ ਤੋਂ ਦਸ ਗੁਣਾ ਵੱਧ ਰੇਟ ’ਤੇ ਵੇਚਣ ਦੇ ਘਪਲੇ ਦਾ ਪਰਦਾਫਾਸ਼ ਕੀਤਾ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਸਾਬਕਾ ਵਿਧਾਇਕ ਸੰਦੋਆ ਵੱਲੋਂ ਪਿਛਲੇ ਇੱਕ ਸਾਲ ਤੋਂ ਵਰਤੀ ਜਾ ਰਹੀ ਇਨੋਵਾ ਕ੍ਰਿਸਟਾ ਗੱਡੀ ਘਪਲੇ ਦੇ ਪੈਸੇ ਨਾਲ ਖਰੀਦੀ ਗਈ ਸੀ। ਇਹ ਕਾਰ ਸੰਦੋਆ ਦੇ ਕਿਸੇ ਰਿਸ਼ਤੇਦਾਰ ਨੇ ਖਰੀਦੀ ਸੀ।ਜਿਸ ਨੂੰ ਉਹ ਕਰੀਬ ਇੱਕ ਸਾਲ ਤੋਂ ਵਰਤ ਰਿਹਾ ਸੀ।

 

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਜ਼ਮਾਨਤ ਪਟੀਸ਼ਨ ਕੀਤੀ ਦਾਇਰ

0

ਟਰਾਂਸਪੋਰਟ ਟੈਂਡਰ ਘਪਲੇ ’ਚ ਵਿਜੀਲੈਂਸ ਬਿਊਰੋ ਲੁਧਿਆਣਾ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅਦਾਲਤ ’ਚ ਆਪਣੀ ਜ਼ਮਾਨਤ ਪਟੀਸ਼ਨ ਦਾਇਰ ਕਰ ਦਿੱਤੀ ਹੈ।

ਇਸ ਮਾਮਲੇ ਦੀ ਸੁਣਵਾਈ ਵਧੀਕ ਸੈਸ਼ਨ ਜੱਜ ਡਾਕਟਰ ਅਜੀਤ ਅੱਤਰੀ ਨੇ ਕਰਦਿਆਂ 7 ਸਤੰਬਰ ਲਈ ਵਿਜੀਲੈਂਸ ਟੀਮ ਨੂੰ ਅਦਾਲਤ ’ਚ ਮਾਮਲੇ ਸਬੰਧੀ ਪੂਰਾ ਰਿਕਾਰਡ ਸਮੇਤ ਤਲਬ ਕੀਤਾ ਹੈ।

ਭਾਰਤ ਭੂਸ਼ਣ ਆਸ਼ੂ ਦਾ ਰਿਮਾਂਡ ਖ਼ਤਮ ਹੋਣ ’ਤੇ ਅਦਾਲਤ ਵੱਲੋਂ ਉਨ੍ਹਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ’ਚ ਭੇਜਿਆ ਗਿਆ ਸੀ। ਆਪਣੀ ਜ਼ਮਾਨਤ ਪਟੀਸ਼ਨ ’ਚ ਆਸ਼ੂ ਨੇ ਸਿਆਸੀ ਬਦਲਾਖ਼ੋਰੀ ਤਹਿਤ ਮਾਮਲੇ ’ਚ ਨਾਮਜ਼ਦ ਅਤੇ ਗ੍ਰਿਫ਼ਤਾਰ ਕੀਤੇ ਜਾਣ ਦੇ ਦੋਸ਼ ਲਗਾਏ ਹਨ ਅਤੇ ਕਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਕੋਈ ਸਬੂਤ ਨਹੀਂ ਹੈ।

PSEB ਵੱਲੋਂ ਓਪਨ ਸਕੂਲ ਪ੍ਰਣਾਲੀ ਅਧੀਨ 10ਵੀਂ ਤੇ 12ਵੀਂ ‘ਚ ਦਾਖ਼ਲਾ ਲੈਣ ਦੀ ਤਾਰੀਖ ‘ਚ ਕੀਤਾ ਵਾਧਾ

0

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਓਪਨ ਸਕੂਲ ਪ੍ਰਣਾਲੀ ਅਧੀਨ ਅਕਾਦਮਿਕ ਸਾਲ 2022-23 ਲਈ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ ਪਹਿਲਾਂ ਨਿਰਧਾਰਤ ਆਖ਼ਰੀ ਮਿਤੀ 31 ਅਗਸਤ 2022 ਤੱਕ ਦਾਖ਼ਲਾ ਨਾ ਲੈ ਸਕਣ ਵਾਲੇ ਵਿਦਿਆਰਥੀਆਂ ਲਈ ਦਾਖ਼ਲੇ ਦੀਆਂ ਮਿਤੀਆਂ ਵਿੱਚ ਵਾਧਾ ਕੀਤਾ ਗਿਆ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਕਾਦਮਿਕ ਸ਼ਾਖਾ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਅਨੁਸਾਰ  ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ ਦਾਖਲਾ ਲੈਣ ਦੇ ਚਾਹਵਾਨ  ਵਿਦਿਆਰਥੀ ਹੁਣ 15 ਸਤੰਬਰ 2022 ਤੱਕ ਬਿਨਾਂ ਕਿਸੇ ਲੇਟ ਫ਼ੀਸ ਦੇ ਦਾਖਲਾ ਲੈ ਸਕਦੇ ਹਨ।

ਬਿਨਾਂ ਲੇਟ ਫ਼ੀਸ ਦਾਖਲੇ ਦੀ ਆਖ਼ਰੀ ਮਿਤੀ ਤੋਂ ਬਾਅਦ ਵਿਦਿਆਰਥੀ ਨਿਰਧਾਰਤ ਦਾਖਲਾ ਫ਼ੀਸ ਦੇ ਨਾਲ-ਨਾਲ 1000 ਰੁਪਏ ਲੇਟ ਫ਼ੀਸ ਨਾਲ 30 ਸਤੰਬਰ 2022 ਤੱਕ, 2000 ਰੁਪਏ ਲੇਟ ਫ਼ੀਸ ਨਾਲ 15 ਅਕਤੂਬਰ 2022 ਤੱਕ, 3000 ਰੁਪਏ ਲੇਟ ਫ਼ੀਸ ਨਾਲ 31 ਅਕਤੂਬਰ 2022 ਤੱਕ, 4000 ਰੁਪਏ ਲੇਟ ਫ਼ੀਸ ਨਾਲ 15 ਨਵੰਬਰ 2022 ਤੱਕ, 5000 ਰੁਪਏ ਲੇਟ ਫ਼ੀਸ ਨਾਲ 30 ਨਵੰਬਰ 2022 ਤੱਕ, 6000 ਰੁਪਏ ਲੇਟ ਫ਼ੀਸ ਨਾਲ 15 ਦਸੰਬਰ 2022 ਤੱਕ, 7000 ਰੁਪਏ ਲੇਟ ਫ਼ੀਸ ਨਾਲ 31 ਦਸੰਬਰ 2022 ਤੱਕ, 8000 ਰੁਪਏ ਲੇਟ ਫ਼ੀਸ ਨਾਲ 16 ਜਨਵਰੀ 2023 ਤੱਕ, 9000 ਰੁਪਏ ਲੇਟ ਫ਼ੀਸ ਨਾਲ 31 ਜਨਵਰੀ 2023 ਤੱਕ ਅਤੇ ਅੰਤ ਵਿੱਚ 10000 ਰੁਪਏ ਲੇਟ ਫ਼ੀਸ ਨਾਲ 15 ਫ਼ਰਵਰੀ 2023 ਤੱਕ ਦਾਖਲਾ ਲੈ ਸਕਣਗੇ।

ਓਪਨ ਸਕੂਲ ਪ੍ਰਣਾਲੀ ਅਧੀਨ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ ਦਾਖਲੇ  ਸਬੰਧੀ ਸੰਪੂਰਨ  ਜਾਣਕਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ‘ਤੇ ਉਪਲਬਧ ਹੈ।