Home Blog Page 1746

ਆਨਲਾਈਨ ਵਿਧੀ ਰਾਹੀਂ ਕਰਵਾਇਆ ਜਾਵੇਗਾ 9 ਤੇ 10 ਦਸੰਬਰ ਨੂੰ ਓਲੰਪੀਆਡ : ਹਰਜੋਤ ਬੈਂਸ

0

ਪੰਜਾਬੀ ਭਾਸ਼ਾ ਨੂੰ ਦੁਨੀਆਂ ਵਿੱਚ ਹੋਰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਤੇ ਭਾਸ਼ਾ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਦਿੱਤੀ ਗਈ।

ਉਹਨਾਂ ਦੱਸਿਆ ਕਿ ਦੱਖਣੀ ਏਸ਼ੀਆਈ ਖਿੱਤੇ ਵਿੱਚ ਪੰਜਾਬ ਇੱਕ ਪ੍ਰਭਾਵਸ਼ਾਲੀ ਸਭਿਆਚਾਰਕ, ਇਤਿਹਾਸਕ ਅਤੇ ਰਾਜਨੀਤਕ ਖਿੱਤਾ ਹੈ। ਜਿਸ ਦੇ ਰਹਿਣ-ਸਹਿਣ, ਖਾਣ-ਪੀਣ, ਭੰਗੜਾ ਅਤੇ ਸੰਗੀਤ ਨੂੰ ਦੁਨੀਆਂ ਭਰ ਵਿੱਚ ਸਰਾਹਿਆ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਖਿੱਤੇ ਵਿੱਚ ਸਿੱਖ ਧਰਮ , ਬੁੱਧ ਮੱਤ ਅਤੇ ਸੂਫ਼ੀਵਾਦ ਨੇ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਪੂਰੀ ਦੁਨੀਆਂ ਵਿੱਚ ਫੈਲ ਗਿਆ।

ਭਾਸ਼ਾ ਮੰਤਰੀ ਨੇ ਦੱਸਿਆ ਕਿ ਪੰਜਾਬੀ ਲੋਕ ਰੁਜ਼ਗਾਰ ਦੇ ਬਿਹਤਰ ਮੌਕਿਆਂ ਦੀ ਤਲਾਸ਼ ਵਿੱਚ ਵੱਖ-ਵੱਖ ਮੁਲਕਾਂ ਵਿੱਚ ਵਸ ਗਏ ਹਨ ਅਤੇ ਹੁਣ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਪੰਜਾਬੀ ਭਾਸ਼ਾ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹਨ, ਜਿਸਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਪੰਜਾਬੀ ਭਾਸ਼ਾ ਓਲੰਪੀਆਡ ਕਰਵਾਉਣ ਦਾ ਫੈਸਲਾ ਕੀਤਾ ਤਾਂ ਜੋ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿੱਖਣ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕੇ।

ਸ. ਬੈਂਸ ਨੇ ਦੱਸਿਆ ਕਿ ਇਹ ਓਲੰਪੀਆਡ 9 ਅਤੇ 10 ਦਸੰਬਰ 2023 ਨੂੰ ਆਨਲਾਈਨ ਵਿਧੀ ਰਾਹੀਂ ਕਰਵਾਇਆ ਜਾਵੇਗਾ। ਇਸ ਵਿੱਚ 40 ਮਿੰਟ ਵਿੱਚ ਅਬਜੈਕਟਿਵ ਟਾਈਪ ਦੇ 50 ਨੰਬਰਾਂ ਦੇ 50 ਪ੍ਰਸ਼ਨ ਪੁੱਛੇ ਜਾਣਗੇ। ਉਹਨਾਂ ਦੱਸਿਆ ਕਿ ਇਸ ਓਲੰਪੀਆਡ ਵਿੱਚ ਅੱਠਵੀਂ ਅਤੇ ਨੌਵੀਂ ਜਮਾਤ ਵਿੱਚ ਪੜ੍ਹਨ ਵਾਲੇ 17 ਸਾਲ ਦੀ ਉਮਰ ਤੱਕ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ।

ਇਸ ਤੋਂ ਇਲਾਵਾ ਇਸ ਓਲੰਪੀਆਡ ਵਿੱਚ ਹਿੰਦੋਸਤਾਨ,ਅਮਰੀਕਾ,ਅਸਟਰੇਲੀਆ, ਯੂਰਪ ਅਤੇ ਹੋਰ ਥਾਵਾਂ ਤੇ ਵਸਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ੳਹਨਾਂ ਦੱਸਿਆ ਕਿ ਛੇ ਟਾਈਮ ਜ਼ੋਨਾਂ ਵਿੱਚ 2 ਘੰਟਿਆਂ ਲਈ ਇਹ ਓਲੰਪੀਆਡ ਚੱਲੇਗਾ।

ਇਸ ਓਲੰਪੀਆਡ ਵਿੱਚ ਭਾਗ ਲੈਣ ਲਈ ਰਜਿਸਟਰੇਸ਼ਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ਤੇ ਕੀਤੀ ਜਾ ਸਕਦੀ ਹੈ। ਰਜਿਸਰੇਸ਼ਨ ਦਾ ਕਾਰਜ ਆਰੰਭ ਹੋ ਚੁੱਕਾ ਹੈ।

Weather Update: ਮੌਸਮ ਵਿਭਾਗ ਵਲੋਂ 3 ਦਿਨਾਂ ਲਈ ਅਲਰਟ ਜਾਰੀ

0

ਮੌਸਮ ‘ਚ ਜਲਦ ਹੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਵਲੋਂ ਤਾਜ਼ਾ ਅਲਰਟ ਜਾਰੀ ਕੀਤਾ ਗਿਆ ਹੈ। ਇੱਕ ਪਾਸੇ ਲੋਕ ਜਿਥੇ ਠੰਢ ਦੇ ਮੌਸਮ ਦਾ ਇੰਤਜ਼ਾਰ ਕਰ ਰਹੇ ਹਨ, ਦੂਜੇ ਪਾਸੇ ਮੌਸਮ ਬਿਲਕੁਲ ਉਲਟ ਦਿਸ਼ਾ ਵੱਲ ਜਾ ਰਿਹਾ ਹੈ। ਦਰਅਸਲ ਭਾਰਤੀ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਨਵੰਬਰ ਮਹੀਨੇ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਦਿਨ ਅਤੇ ਰਾਤ ਦਾ ਤਾਪਮਾਨ ਆਮ ਨਾਲੋਂ ਵੱਧ ਹੋ ਸਕਦਾ ਹੈ।

IMD ਦਾ ਇਹ ਪੂਰਵ ਅਨੁਮਾਨ ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਬਾਕੀ ਦੇਸ਼ ਲਈ ਹੈ। ਆਈਐਮਡੀ ਨੇ ਇਹ ਵੀ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਨਵੰਬਰ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋ ਸਕਦੀ ਹੈ।

ਫਿਲਹਾਲ ਦੇਸ਼ ਦੇ ਜ਼ਿਆਦਾਤਰ ਸੂਬਿਆਂ ‘ਚ ਮੌਸਮ ਖੁਸ਼ਕ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਦੱਖਣੀ ਭਾਰਤ ਦੇ ਰਾਜਾਂ ਵਿੱਚ ਬਰਸਾਤ ਦਾ ਮੌਸਮ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਤਾਮਿਲਨਾਡੂ, ਕੇਰਲ, ਮਹੇ ਅਤੇ ਅੰਦਰੂਨੀ ਦੱਖਣੀ ਕਰਨਾਟਕ ਵਿੱਚ ਮੀਂਹ ਦਾ ਦੌਰ 3 ਤੋਂ 5 ਨਵੰਬਰ ਤੱਕ ਜਾਰੀ ਰਹੇਗਾ। ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਤੱਟਵਰਤੀ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇ ਨਾਲ-ਨਾਲ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ।

ਤੱਟਵਰਤੀ ਅਤੇ ਦੱਖਣੀ ਅੰਦਰੂਨੀ ਕਰਨਾਟਕ ਅਤੇ ਲਕਸ਼ਦੀਪ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਸੰਭਵ ਹੈ। ਆਂਧਰਾ ਪ੍ਰਦੇਸ਼ ਵਿੱਚ  ਹਲਕਾ ਮੀਂਹ ਪੈ ਸਕਦਾ ਹੈ। ਦਿੱਲੀ ਅਤੇ ਐਨਸੀਆਰ ਦਾ ਹਵਾ ਗੁਣਵੱਤਾ ਸੂਚਕ ਅੰਕ ਬਹੁਤ ਮਾੜੀ ਸ਼੍ਰੇਣੀ ਵਿੱਚ ਹੋਵੇਗਾ। ਇੱਕ ਤਾਜ਼ਾ ਹਲਕੀ ਪੱਛਮੀ ਗੜਬੜ ਆਉਣ ਵਾਲੀ ਹੈ ਜੋ ਕੁਝ ਸਮੇਂ ਲਈ ਪਹਾੜਾਂ ਦੇ ਮੌਸਮ ਦੇ ਪੈਟਰਨ ਨੂੰ ਬਦਲਣ ਵਾਲੀ ਹੈ।

ਇਸ ਕਾਰਨ ਦੋ ਦਿਨ ਮੌਸਮ ਬਾਰਸ਼ ਵਾਲਾ ਹੀ ਰਹੇਗਾ ਅਤੇ ਇਸ ਦੇ ਆਉਣ ਤੋਂ ਕੁਝ ਦੇਰ ਬਾਅਦ ਬਰਸਾਤ ਸ਼ੁਰੂ ਹੋ ਜਾਵੇਗੀ। ਹਾਲਾਂਕਿ 3 ਜਾਂ 4 ਨਵੰਬਰ ਤੋਂ ਬਾਅਦ ਮੌਸਮ ਫਿਰ ਤੋਂ ਆਮ ਵਾਂਗ ਹੋ ਜਾਵੇਗਾ।

ਪੰਜਾਬ ਨੂੰ ਜਲਦ ਕਰਾਂਗੇ ਤੰਬਾਕੂ ਮੁਕਤ: ਮੰਤਰੀ ਬਲਬੀਰ ਸਿੰਘ

0

ਪਟਿਆਲਾ: ਤੰਬਾਕੂ ਕੰਟਰੋਲ ਪ੍ਰੋਗਰਾਮ ਲਾਗੂ ਕਰਨ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਪੰਜਾਬ ਵਿੱਚ ਤੰਬਾਕੂ ਦੀ ਵਰਤੋਂ 12.9 ਫੀਸਦੀ ਰਹਿ ਗਈ ਹੈ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸ਼੍ਰੀ ਦੁਖਨਿਵਾਰਨ ਸਾਹਿਬ ਨੇੜੇ ਆਮ ਆਦਮੀ ਕਲੀਨਿਕ ਵਿਖੇ ਪੰਜਾਬ ਰਾਜ ਤੰਬਾਕੂ ਮੁਕਤ ਦਿਵਸ ਦੇ ਰਾਜ ਪੱਧਰੀ ਸਮਾਗਮ ਵਿਚ ਸ਼ਾਮਲ ਹੋਏ ਸਨ।

ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਤੰਬਾਕੂ ਦੀ ਵਰਤੋਂ ਘਟ ਕੇ 12.9 ਫੀਸਦੀ ਰਹਿ ਗਈ ਹੈ, ਜਿਸ ਕਾਰਨ ਰਾਜ ਨੂੰ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਸੂਬੇ ਨੂੰ ਤੰਬਾਕੂ ਮੁਕਤ ਕਰਨ ਅਤੇ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਤੰਬਾਕੂ ਛੁਡਾਊ ਕੇਂਦਰ ਸਥਾਪਿਤ ਕੀਤੇ ਗਏ ਹਨ।

ਦੱਸ ਦੇਈਏ ਕਿ ਪੰਜਾਬ ਦੇ ਲਗਭਗ 800 ਤੋਂ ਵੱਧ ਪਿੰਡਾਂ ਨੇ ਖੁਦ ਨੂੰ ਤੰਬਾਕੂ ਮੁਕਤ ਐਲਾਨਿਆ ਹੋਇਆ ਹੈ। ਇਸੇ ਤਰ੍ਹਾਂ ਸੂਬੇ ਦੀਆਂ 98 ਫੀਸਦੀ ਵਿਦਿਅਕ ਸੰਸਥਾਵਾਂ ਨੂੰ ਵੀ ਤੰਬਾਕੂ ਮੁਕਤ ਕੀਤਾ ਜਾ ਚੁੱਕਾ ਹੈ, ਜਿਥੇ ਨਾ ਤਾਂ ਤੰਬਾਕੂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਨਾ ਹੀ ਆਲੇ ਦੁਆਲੇ ਦੇ 100 ਗਜ ਏਰੀਏ ਵਿੱਚ ਤੰਬਾਕੂ ਦੀ ਵਿਕਰੀ ਕੀਤੀ ਜਾਂਦੀ ਹੈ।

ਰਾਜਸਥਾਨ ਦੇ ਤਿਜਾਰਾ ਵਿਖੇ ਭਾਜਪਾ ਦੀ ਰੈਲੀ ਸਮੇਂ ਗੁਰਦੁਆਰਿਆਂ ਨੂੰ ਉਖਾੜਨ ਦੀ ਗੱਲ ਕਰਨਾ ਅਤਿ ਨਿੰਦਣਯੋਗ- ਐਡਵੋਕੇਟ ਧਾਮੀ

0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਦੇ ਤਿਜਾਰਾ ਵਿਖੇ ਭਾਜਪਾ ਦੀ ਰੈਲੀ ਸਮੇਂ ਸਰਕਾਰ ਆਉਣ `ਤੇ ਗੁਰਦੁਆਰਾ ਸਾਹਿਬਾਨ ਨੂੰ ‘ਉਖਾੜਨ’ ਬਾਰੇ ਕਹੀ ਗੱਲ ਦਾ ਨੋਟਿਸ ਲੈਂਦਿਆਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਵਰੋਸਾਏ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਪ੍ਰਫੁੱਲਤ ਕਰਨ ਲਈ ਗੁਰਦੁਆਰਾ ਸਾਹਿਬਾਨ ਅੱਜ ਪੂਰੀ ਦੁਨੀਆਂ ਵਿਚ ਸਥਾਪਤ ਹਨ। ਉਨ੍ਹਾਂ ਕਿਹਾ ਕਿ ਗੁਰੂ ਘਰਾਂ ਨੇ ਹਮੇਸ਼ਾ ਹੀ ਦੁਖੀਆਂ ਅਤੇ ਲੋੜਵੰਦਾਂ ਦੀ ਮੱਦਦ ਕੀਤੀ ਹੈ। ਜਦੋਂ ਵੀ ਦੇਸ਼ ਵਿਦੇਸ਼ ਵਿਚ ਕੋਈ ਬਿਪਤਾ ਸਾਹਮਣੇ ਆਉਂਦੀ ਹੈ ਤਾਂ ਗੁਰਦੁਆਰਾ ਸਾਹਿਬਾਨ ਤੇ ਸਿੱਖ ਸੰਸਥਾਵਾਂ ਨੇ ਹਮੇਸ਼ਾ ਮੋਹਰੀ ਹੋ ਕੇ ਮਾਨਵਤਾ ਦੀ ਬਿਨਾਂ ਕਿਸੇ ਵਿਤਕਰੇ ਤੋਂ ਨਿਸ਼ਕਾਮ ਸੇਵਾ ਕੀਤੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਰੈਲੀ ਦੌਰਾਨ ਗੁਰਦੁਆਰਾ ਸਾਹਿਬਾਨ ਬਾਰੇ ਨਫ਼ਰਤੀ ਬਿਆਨ ਭਾਜਪਾ ਆਗੂਆਂ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਸੋਚ ਨੂੰ ਢਾਹ ਲਾਉਣ ਦੀ ਸਾਜ਼ਿਸ਼ ਹੈ, ਜੋ ਪੁਰਾਤਨ ਸਮੇਂ ਵੀ ਚੱਲਦੀ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਫਿਰ ਤੋਂ ਇਹ ਪ੍ਰਵਿਰਤੀ ਦੇਸ਼ ਅੰਦਰ ਜਾਣਬੁਝ ਕੇ ਪੈਦਾ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਸ਼ ਅਤੇ ਸਮਾਜ ਨੂੰ ਜਿਸ ਸੰਕੀਰਨ ਸੋਚ ਵਿਚੋਂ ਬਾਹਰ ਕੱਢ ਕੇ ਸਰਬੱਤ ਦੇ ਭਲੇ ਦਾ ਸੁਨੇਹਾ ਦਿੱਤਾ ਸੀ, ਅੱਜ ਉਸੇ ਸੋਚ ਵੱਲ ਭਾਜਪਾ ਆਗੂ ਮੁੜ ਵੱਧ ਰਹੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਦੇ ਦਰਵਾਜ਼ੇ ਹਮੇਸ਼ਾ ਹੀ ਸਭਨਾ ਲਈ ਖੁੱਲ੍ਹੇ ਹਨ ਅਤੇ ਭਾਜਪਾ ਆਗੂਆਂ ਦੀ ਅਜਿਹੀ ਛੋਟੀ ਸੋਚ ਵਾਲੀ ਸਾਜ਼ਿਸ਼ ਕਦੇ ਵੀ ਕਾਮਯਾਬ ਨਹੀਂ ਹੋ ਸਕਦੀ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੀ ਇਸ ਰੈਲੀ ਸਮੇਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਯੋਗੀ ਆਦਿਤਿਆਨਾਥ ਵੀ ਸਟੇਜ ’ਤੇ ਮੌਜੂਦ ਸਨ, ਜਿਨ੍ਹਾਂ ਦੀ ਇਹ ਜੁੰਮੇਵਾਰੀ ਬਣਦੀ ਸੀ ਕਿ ਅਜਿਹੇ ਨਫ਼ਰਤੀ ਬਿਆਨ ਦਾ ਉਹ ਉਸੇ ਸਮੇਂ ਵਿਰੋਧ ਕਰਦੇ। ਪਰੰਤੂ ਦੁੱਖ ਦੀ ਗੱਲ ਹੈ ਕਿ ਇਕ ਸੂਬੇ ਦੇ ਮੁੱਖ ਮੰਤਰੀ ਹੋਣ ਵਜੋਂ ਵੀ ਸ੍ਰੀ ਆਦਿਤਿਆਨਾਥ ਵੀ ਇਸ ਵਰਤਾਰੇ ਦੇ ਭਾਗੀ ਬਣੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਾਂਗਰਸ ਨੇ ਵੀ ਇਸੇ ਸੋਚ ਤਹਿਤ ਸਿੱਖਾਂ ਦੇ ਗੁਰਧਾਮਾਂ ’ਤੇ ਹਮਲੇ ਕੀਤੇ ਸਨ ਅਤੇ ਅੱਜ ਭਾਜਪਾ ਵੀ ਉਸੇ ਰਾਹ ’ਤੇ ਤੁਰਦੀ ਨਜ਼ਰ ਆ ਰਹੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਰਾਜਸਥਾਨ ਦੀ ਰੈਲੀ ਦੌਰਾਨ ਸਿੱਖ ਵਿਰੋਧੀ ਬਿਆਨ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਆਦਿਤਿਆਨਾਥ ਸਮੇਤ ਰੈਲੀ ਦੇ ਪ੍ਰਬੰਧਕ ਤੇ ਬਿਆਨ ਦੇਣ ਵਾਲਾ ਵਿਅਕਤੀ ਸਿੱਖ ਕੌਮ ਤੋਂ ਤੁਰੰਤ ਮੁਆਫੀ ਮੰਗਣ ਅਤੇ ਭਾਰਤੀ ਜਨਤਾ ਪਾਰਟੀ ਵੀ ਇਸ ਬਾਰੇ ਆਪਣਾ ਪੱਖ ਸਪਸ਼ਟ ਕਰੇ।

 

 

ਲੋਨ ਦੇਣ ਦੇ ਨਾਂ ‘ਤੇ ਠੱਗੀ ਮਾਰਨ ਵਾਲੇ 3 ਦੋਸ਼ੀ ਗ੍ਰਿਫਤਾਰ, ਕਈ ਲੋਕਾਂ ਨਾਲ ਮਾਰੀ ਠੱਗੀ

0
ਹਰਿਆਣਾ ਦੇ ਗੁਰੂਗ੍ਰਾਮ ਵਿਚ ਸਾਈਬਰ ਕ੍ਰਾਈਮ ਬ੍ਰਾਂਚ ਨੇ ਅਜਿਹੇ ਧੋਖੇਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਬੀਮਾ ਪਾਲਿਸੀ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਠੱਗਦੇ ਸਨ।
ਸਾਈਬਰ ਕ੍ਰਾਈਮ ਬ੍ਰਾਂਚ ਨੇ ਅਜਿਹੇ ਤਿੰਨ ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਠੱਗਾਂ ਨੇ 71 ਲੱਖ ਰੁਪਏ ਦੀ ਠੱਗੀ ਮਾਰੀ ਹੈ। ਗੁਰੂਗ੍ਰਾਮ ਸਾਈਬਰ ਕ੍ਰਾਈਮ ਬ੍ਰਾਂਚ ਦੇ ਏਸੀਪੀ ਵਿਪਿਨ ਅਹਲਾਵਤ ਨੇ ਦੱਸਿਆ ਕਿ ਬੀਮਾ ਪਾਲਿਸੀ ਦੇ ਆਧਾਰ ‘ਤੇ ਲੋਨ ਦੇਣ ਦਾ ਲਾਲਚ ਦੇ ਕੇ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਸ਼ਿਕਾਇਤ ਮਿਲੀ ਸੀ ਕਿ ਉਸ ਨਾਲ 71 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ।
ਸ਼ਿਕਾਇਤ ਮਿਲਣ ਤੋਂ ਬਾਅਦ ਸਾਈਬਰ ਕ੍ਰਾਈਮ ਬ੍ਰਾਂਚ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਸਾਈਬਰ ਕ੍ਰਾਈਮ ਬ੍ਰਾਂਚ ਦੇ ਏਸੀਪੀ ਨੇ ਦੱਸਿਆ ਕਿ ਇਕ ਵਿਅਕਤੀ ਨੇ ਸ਼ਿਕਾਇਤ ਦਿੱਤੀ ਸੀ, ਜਿਸ ਦੇ ਆਧਾਰ ‘ਤੇ ਇਕ ਟੀਮ ਬਣਾਈ ਗਈ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਮੁਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਤੋਂ ਇਹ ਗੱਲ ਸਾਹਮਣੇ ਆਈ ਕਿ ਉਹ ਲੋਕਾਂ ਤੋਂ ਪਹਿਲਾਂ ਬੀਮਾ ਕਰਵਾਉਂਦੇ ਸਨ।
ਬਾਅਦ ਵਿਚ ਉਹ ਉਸ ਨੂੰ ਬੀਮੇ ਦੇ ਆਧਾਰ ‘ਤੇ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਦੇ ਸਨ। ਅਜਿਹਾ ਹੀ ਕੁਝ ਸ਼ਿਕਾਇਤਕਰਤਾ ਨਾਲ ਵੀ ਹੋਇਆ। ਇਸ ਵਿੱਚ ਉਸ ਨੂੰ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਉਸ ਦੇ ਬੈਂਕ ਖਾਤੇ ਵਿੱਚੋਂ 71 ਲੱਖ ਰੁਪਏ ਦੀ ਠੱਗੀ ਮਾਰੀ। ਇਸ ਦੇ ਆਧਾਰ ‘ਤੇ ਗੁਰੂਗ੍ਰਾਮ ਦੀ ਸਾਈਬਰ ਕ੍ਰਾਈਮ ਬ੍ਰਾਂਚ ਨੇ ਇਕ ਟੀਮ ਬਣਾਈ ਅਤੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।
ਏਸੀਪੀ ਵਿਪਿਨ ਅਹਲਾਵਤ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ ਗਈਆਂ ਸਨ ਅਤੇ ਸਾਈਬਰ ਕ੍ਰਾਈਮ ਬ੍ਰਾਂਚ ਤੋਂ ਤਕਨੀਕੀ ਸਹਾਇਤਾ ਲਈ ਗਈ ਸੀ। ਇਸ ਤੋਂ ਬਾਅਦ ਪੁਲਿਸ ਸਖ਼ਤ ਮੁਸ਼ੱਕਤ ਤੋਂ ਬਾਅਦ ਤਿੰਨਾਂ ਮੁਲਜ਼ਮਾਂ ਤੱਕ ਪਹੁੰਚਣ ਵਿੱਚ ਕਾਮਯਾਬ ਹੋਈ। ਫੜੇ ਗਏ ਤਿੰਨ ਮੁਲਜ਼ਮਾਂ ਦੀ ਪਛਾਣ ਜਤਿੰਦਰ ਕੁਮਾਰ ਅਤੇ ਪ੍ਰਦੀਪ ਵਜੋਂ ਹੋਈ ਹੈ, ਜੋ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਤੀਜੇ ਮੁਲਜ਼ਮ ਦੇਵੇਂਦਰ ਤਿਆਗੀ, ਜੋ ਗਾਜ਼ੀਆਬਾਦ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਤਿੰਨਾਂ ਨੂੰ ਗੁਰੂਗ੍ਰਾਮ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਹੈ।

BSF ਦੇ ਜਵਾਨਾਂ ਨੇ ਤਸਕਰਾਂ ਨੂੰ ਕੀਤਾ ਨਾਕਾਮ, 3 ਕਿਲੋ ਹੈਰੋਇਨ ਸਮੇਤ ਡ੍ਰੋਨ ਕੀਤਾ ਬਰਾਮਦ

0

ਪੰਜਾਬ ਪੁਲਿਸ ਤੇ ਬੀਐੱਸਐੱਫ ਨੇ ਸਰਹੱਦ ਪਾਰ ਤੋਂ ਹੈਰੋਇਨ ਤਸਕਰੀ ਦੀ ਵੱਡੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ ਘਰਿੰਦਾ ਦੇ ਪਿੰਡ ਭੈਣੀ ਰਾਜਪੂਤਾਂ ਦੇ ਛੱਪੜ ਨੇੜੇ ਖੇਪ ਡਲਿਵਰ ਕਰਨ ਲਈ ਵਰਤੋਂ ਵਿਚ ਲਿਆਂਦੇ ਜਾਣ ਵਾਲੇ ਡ੍ਰੋਨ ਸਣੇ 3 ਕਿਲੋ ਹੈਰੋਇਨ ਨੂੰ ਬਰਾਮਦ ਕੀਤਾ ਗਿਆ ਹੈ।

ਦੱਸ ਦੇਈਏ ਕਿ ਪੰਜਾਬ ਪੁਲਿਸ ਤੇ ਬੀਐੱਸਐੱਫ ਵਲੋਂ ਇਕ ਹਫਤੇ ਤੋਂ ਵੀ ਘੱਟ ਸਮੇਂ ਵਿਚ ਬਰਾਮਦ ਕੀਤਾ ਗਿਆਇਹ 7ਵਾਂ ਡ੍ਰੋਨ ਹੈ ਤੇ ਨਾਲ ਹੀ ਮੁਹਿੰਮ ਦੌਰਾਨ 14.5 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ।

ਡੀਜੀਪੀ ਨੇ ਦੱਸਿਆ ਕਿ ਡ੍ਰੋਨ ਵੱਲੋਂ ਹੈਰੋਇਨ ਤਸਕਰੀ ਕਰਨ ਦੀ ਕੋਸ਼ਿਸ਼ ਬਾਰੇ ਮਿਲੀ ਸੂਚਨਾ ਦੇ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੀਐੱਸਐੱਫ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਚਲਾਈ ਤੇ ਘਰਿੰਦਾ ਦੇ ਪਿੰਡ ਭੈਣੀ ਰਾਜਪੂਤਾਂ ਛੱਪੜ ਨੇੜੇ ਸੜਕ ਕੋਲ ਲੁਕਾਇਆ ਗਿਆ ਇਕ ਟੁੱਟਾ ਹੋਇਆ ਡ੍ਰੋਨ ਤੇ 3 ਪੈਕੇਟ ਹੈਰੋਇਨ ਬਰਾਮਦ ਕੀਤੀ।

ਅੱਜ ED ਅੱਗੇ ਪੇਸ਼ ਨਹੀਂ ਹੋਏ ਦਿੱਲੀ ਦੇ CM ਅਰਵਿੰਦ ਕੇਜਰੀਵਾਲ

0

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਨੀਤੀ ਮਾਮਲੇ ‘ਚ ਪੁੱਛਗਿੱਛ ਲਈ ਅੱਜ ਜਾਂਚ ਏਜੰਸੀ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਸੂਤਰਾਂ ਅਨੁਸਾਰ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੱਧ ਪ੍ਰਦੇਸ਼ ਦੇ ਸਿੰਗਰੌਲੀ ‘ਚ ਰੈਲੀ ਕਰਨਗੇ। ਈਡੀ ਨੇ ਕੇਜਰੀਵਾਲ ਨੂੰ 30 ਅਕਤੂਬਰ ਨੂੰ ਪੁੱਛਗਿੱਛ ਲਈ ਆਉਣ ਲਈ ਸੰਮਨ ਭੇਜਿਆ ਸੀ।

ਇਸ ਸਬੰਧੀ ਅੱਜ ਸਵੇਰੇ ਕਰੀਬ 9 ਵਜੇ ਕੇਜਰੀਵਾਲ ਨੇ ਈਡੀ ਨੂੰ ਜਵਾਬ ਭੇਜ ਕੇ ਕਿਹਾ ਸੀ ਕਿ ਇਹ ਨੋਟਿਸ ਗੈਰ-ਕਾਨੂੰਨੀ ਅਤੇ ਰਾਜਨੀਤੀ ਤੋਂ ਪ੍ਰੇਰਿਤ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਨੋਟਿਸ ਭਾਜਪਾ ਦੇ ਇਸ਼ਾਰੇ ‘ਤੇ ਭੇਜਿਆ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਚਾਰ ਸੂਬਿਆਂ ‘ਚ ਚੋਣ ਪ੍ਰਚਾਰ ਲਈ ਜਾਣ ਤੋਂ ਰੋਕਿਆ ਜਾ ਸਕੇ।

ਈਡੀ ਨੂੰ ਇਹ ਨੋਟਿਸ ਵਾਪਸ ਲੈਣਾ ਚਾਹੀਦਾ ਹੈ।ਸ਼ਰਾਬ ਨੀਤੀ ਮਾਮਲੇ ਵਿੱਚ ਕੇਜਰੀਵਾਲ ਤੋਂ ਅਪ੍ਰੈਲ ਵਿੱਚ ਸੀਬੀਆਈ ਨੇ ਕਰੀਬ 9.5 ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ‘ਆਪ’ ਸੰਸਦ ਸੰਜੇ ਸਿੰਘ ਸ਼ਰਾਬ ਨੀਤੀ ਮਾਮਲੇ ‘ਚ ਜੇਲ੍ਹ ‘ਚ ਬੰਦ ਹਨ।

6 ਨਵੰਬਰ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ

0

ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ 6 ਨਵੰਬਰ ਨੂੰ ਚੰਡੀਗੜ੍ਹ ਵਿਖੇ ਹੋਵੇਗੀ।

ਜਲੰਧਰ ‘ਚ ਨੌਜਵਾਨ ਨੇ ਟਰੇਨ ਅੱਗੇ ਆ ਕੇ ਜੀਵਨਲੀਲਾ ਕੀਤੀ ਸਮਾਪਤ

0

ਕਰਵਾਚੌਥ ਦੇ ਦਿਨ ਸਥਾਨਕ ਬਸ਼ੀਰਪੁਰਾ ਰੇਲਵੇ ਫਾਟਕ ਕੋਲ ਇਕ ਨੌਜਵਾਨ ਨੇ ਕਟਿਹਾਰ ਐਕਸਪ੍ਰੈੱਸ ਟਰੇਨ (15707) ਦੇ ਅੱਗੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਕਸ਼ਿਸ਼ ਬਜਾਜ (24) ਪੁੱਤਰ ਰਮਨ ਕੁਮਾਰ ਵਾਸੀ ਗੁਰੂ ਨਾਨਕਪੁਰਾ ਵਜੋਂ ਹੋਈ। ਸੂਚਨਾ ਮਿਲਣ ’ਤੇ ਥਾਣਾ ਜੀ. ਆਰ. ਪੀ. ਦੇ ਐੱਸ. ਐੱਚ. ਓ. ਅਸ਼ੋਕ ਕੁਮਾਰ, ਏ. ਐੱਸ. ਆਈ. ਹੀਰਾ ਸਿੰਘ, ਆਰ. ਪੀ. ਐੱਫ਼. ਦੇ ਏ. ਐੱਸ. ਆਈ. ਪਰਮਜੀਤ ਸਿੰਘ ਮੌਕੇ ’ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਕੀਤੀ।

ਜਾਣਕਾਰੀ ਮੁਤਾਬਕ ਮ੍ਰਿਤਕ ਦੀ ਜੇਬ ਵਿਚੋਂ ਉਸ ਦੇ ਮੋਟਰਸਾਈਕਲ ਦੀ ਚਾਬੀ ਮਿਲੀ, ਜੋਕਿ ਰੇਲ ਲਾਈਨਾਂ ਦੇ ਕਿਨਾਰੇ ਹੀ ਖੜ੍ਹਾ ਸੀ। ਘਟਨਾ ਸਥਾਨ ’ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਗਏ ਅਤੇ 2 ਹਿੱਸਿਆਂ ਵਿਚ ਹੋਈ ਆਪਣੇ ਜਵਾਨ ਬੇਟੇ ਦੀ ਲਾਸ਼ ਰੇਲਵੇ ਲਾਈਨਾਂ ’ਤੇ ਪਈ ਵੇਖ ਕੇ ਹੈਰਾਨ ਰਹਿ ਗਏ। ਔਰਤਾਂ ਵਿਰਲਾਪ ਕਰਨ ਲੱਗੀਆਂ।

ਪੁਲਸ ਨੇ ਟੁਕੜਿਆਂ ਵਿਚ ਹੋਈ ਲਾਸ਼ ਨੂੰ ਇਕੱਠਾ ਕਰਕੇ ਸਿਵਲ ਹਸਪਤਾਲ ਭੇਜਿਆ। ਮ੍ਰਿਤਕ ਦੇ ਪਿਤਾ ਰਮਨ ਕੁਮਾਰ ਨੇ ਕਿਹਾ ਕਿ ਕਸ਼ਿਸ਼ ਆਪਣੇ ਗੁਰੂ ਨਾਨਕਪੁਰਾ ਵਾਲੇ ਘਰ ਤੋਂ ਕਮਲ ਵਿਹਾਰ ਸਥਿਤ ਆਪਣੇ ਦੂਸਰੇ ਘਰ ਜਾਣ ਲਈ ਨਿਕਲਿਆ ਸੀ। ਲਗਭਗ ਅੱਧੇ ਘੰਟੇ ਬਾਅਦ ਹੀ ਉਨ੍ਹਾਂ ਨੂੰ ਇਸ ਘਟਨਾ ਬਾਰੇ ਸੂਚਨਾ ਮਿਲੀ।

ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਬੇਟੇ ਨੇ ਅਜਿਹਾ ਕਦਮ ਕਿਉਂ ਚੁੱਕਿਆ। ਉਹ ਇਕ ਪ੍ਰਾਈਵੇਟ ਕੰਪਨੀ ਵਿਚ ਜੌਬ ਕਰਦਾ ਸੀ। ਉਸਨੂੰ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਸੀ। ਕਸ਼ਿਸ਼ ਦੀ ਇਕ ਛੋਟੀ ਭੈਣ ਵੀ ਹੈ। ਦੋਵੇਂ ਅਜੇ ਅਣਵਿਆਹੁਤਾ ਸਨ। ਪਿਤਾ ਰਮਨ ਪਲਾਸਟਿਕ ਦੇ ਲਿਫਾਫੇ ਸਪਲਾਈ ਕਰਨ ਦਾ ਕੰਮ ਕਰਦੇ ਹਨ।

ਉਥੇ ਹੀ ਦੂਜੇ ਪਾਸੇ ਨੌਜਵਾਨ ਦੇ ਖੁਦਕੁਸ਼ੀ ਕਰਨ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ। ਲੋਕਾਂ ਦਾ ਕਹਿਣਾ ਸੀ ਕਿ ਮਾਮਲਾ ਕਿਸੇ ਲੜਕੀ ਨਾਲ ਵੀ ਜੁੜਿਆ ਹੋ ਸਕਦਾ ਹੈ। ਕਸ਼ਿਸ਼ ਦੇ ਮੋਬਾਇਲ ਦੀ ਡਿਟੇਲ ਕਢਵਾਉਣ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਸਕੇਗੀ। ਪੁਲਸ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਕੱਲ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।

ਲੁਧਿਆਣਾ ‘ਚ ਪਤੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕ.ਤਲ

0

ਲੁਧਿਆਣਾ: ਕਰਵਾ ਚੌਥ ਵਾਲੇ ਦਿਨ ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦੀ ਖਬਰ ਆਈ ਹੈ। ਮਿਲੀ ਜਾਣਕਾਰੀ ਮੁਤਾਬਕ 85 ਸਾਲਾ ਰਿਟਾਇਰਡ ਅਧਿਕਾਰੀ ਜ਼ਿਲ੍ਹਾ ਅਟਾਰੀ ਨੇ 80 ਸਾਲਾ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਤੀ ਨੇ ਚਾਕੂ ਨਾਲ ਵਾਰ ਕਰਕੇ ਪਤਨੀ ਦਾ ਕਤਲ ਕਰ ਦਿੱਤਾ।

ਮ੍ਰਿਤਕਾ ਦੀ ਪਛਾਣ ਮਨਜੀਤ ਕੌਰ ਵਾਸੀ ਗੁਰਦੇਵ ਨਗਰ ਵਜੋਂ ਹੋਈ ਹੈ। ਥਾਣਾ ਇੰਚਾਰਜ ਨੀਰਜ ਚੌਧਰੀ ਨੇ ਦੱਸਿਆ ਕਿ ਹਰਚਰਨ ਸਿੰਘ ਰਿਟਾਇਰਡ ਜ਼ਿਲ੍ਹਾ ਅਟਾਰਨੀ ਹੈ ਜੋ ਕਿ ਆਪਣੀ ਪਤਨੀ ਦੇ ਨਾਲ ਗੁਰਦੇਵ ਨਗਰ ਇਲਾਕੇ ਵਿਚ ਰਹਿੰਦਾ ਹੈ। ਪਰਿਵਾਰ ਵਿਚ ਕਾਫੀ ਸਮੇਂ ਤੋਂ ਘਰੇਲੂ ਕਲੇਸ਼ ਚੱਲ ਰਿਹਾ ਸੀ। ਹਰਚਰਨ ਸਿੰਘ ਆਪਣੀ ਪਤਨੀ ਦੇ ਨਾਲ ਘਰ ਵਿਚ ਰਹਿੰਦਾ ਸੀ ਜਦੋਂ ਕਿ ਪੁੱਤਰ ਪਟਿਆਲਾ ਨੇੜੇ ਇਕ ਪਿੰਡ ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਹਰਚਰਨ ਸਿੰਘ ਡਿਪ੍ਰੈਸ਼ਨ ਦਾ ਸ਼ਿਕਾਰ ਹੈ।

ਪੁਲਿਸ ਮੁਤਾਬਕ ਹਰਚਰਨ ਸਿੰਘ ਦਾ ਆਪਣੀ ਪਤਨੀ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆਸੀ ਜਿਸ ਕਾਰਨ ਉਸ ਨੇ ਪਤਨੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।