Home Blog Page 1745

ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂ ਲਈ ਖੁਸ਼ਖਬਰੀ! ਹੁਣ ਆਪਣੇ ਨਾਲ ਲੈ ਕੇ ਜਾ ਸਕਣਗੇ ‘ਰਸਦ’

0

ਪਾਕਿਸਤਾਨ ‘ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਣ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਖੁਸ਼ੀ ਦੀ ਖਬਰ ਹੈ। ਹੁਣ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਲੰਗਰ ਵਿਚ ਦੇਣ ਲਈ ਪਾਕਿਸਤਾਨ ਤੋਂ ਮਹਿੰਗੀਆਂ ਸਬਜ਼ੀਆਂ ਅਤੇ ਹੋਰ ਲੋੜੀਂਦੀ ਰਸਦ ਖਰੀਦਣ ਦੀ ਲੋੜ ਨਹੀਂ ਪਵੇਗੀ। ਸ਼ਰਧਾਲੂ ਇਹ ਸਮਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਢਾਈ ਕਿਲੋਮੀਟਰ ਪਹਿਲਾਂ ਹੀ ਡੇਰਾ ਬਾਬਾ ਨਾਨਕ ਕੌਰੀਡੋਰ ਨੇੜਿਓਂ ਇਹ ਸਬਜ਼ੀਆਂ ਸਸਤੇ ਭਾਅ ‘ਤੇ ਲੈ ਸਕਣਗੇ।

ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ‘ਤੇ ਰਾਸ਼ਨ ਲਈ ਇੱਕ ਵਿਸ਼ੇਸ਼ ਸਟੋਰ ਖੋਲ੍ਹਿਆ ਗਿਆ ਹੈ। ਜੋ ਕਿ “ਲੰਗਰ ਰਸਦ ਗੁਰੂ ਨਾਨਕ ਦੇਵ ਜੀ ਹੱਟ” ਵਜੋਂ ਜਾਣਿਆ ਜਾਂਦਾ ਹੈ। ਮੰਗ ਦੇ ਮੁਤਾਬਕ ਸਰਕਾਰ ਨੇ ਟੈਂਡਰ ਕੱਢਿਆ ਸੀ। ਟੈਂਡਰ ਰਾਜਿੰਦਰ ਸਿੰਘ ਅਤੇ ਡਾ. ਸੁਖਜਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਭਰਿਆ ਸੀ। ਅੱਜ ਇਸ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ।

ਰਾਜਿੰਦਰ ਸਿੰਘ ਨੇ ਦੱਸਿਆ ਕਿ ਸਟੋਰ ਵਿਚ ਸਬਜ਼ੀਆਂ ਵਿਚ ਟਮਾਟਰ, ਹਰੀ ਮਿਰਚ, ਲਸਣ, ਅਦਰਕ, ਪਿਆਜ ਰੱਖਿਆ ਗਿਆ ਹੈ, ਜੋ ਕਿ ਪਾਕਿਸਤਾਨ ਵਿਚ ਕਾਫੀ ਮਹਿੰਗੇ ਹਨ। ਇਸ ਤੋਂ ਇਲਾਵਾ ਘਿਓ, ਚਾਹ-ਪੱਤੀ, ਸੁੱਕਾ ਦੁੱਧ, ਚਾਵਲ, ਆਟਾ ਅਤੇ ਚੀਨੀ ਸਣੇ ਹੋਰ ਆਈਟਮਾਂ ਸ਼ਾਮਲ ਹਨ। ਇਸਦੇ ਨਾਲ ਹੀ ਕੜਾ, ਕੰਘਾ, ਕਿਰਪਾਨ, ਰੁਮਾਲਾ ਸਾਹਿਬ ਆਦਿ ਨੂੰ ਵੀ ਇੱਥੇ ਉਪਲਬਧ ਕਰਵਾਇਆ ਜਾ ਰਿਹਾ ਹੈ।

ਫਿਲਹਾਲ ਇਸ ਸਭ ਦੇ ਲਈ ਭਾਰਤ ਦੇ ਗ੍ਰਹਿ ਮੰਤਰਾਲੇ ਦੀ ਪਹਿਲ ‘ਤੇ ਸਟੋਰ ਖੋਲ੍ਹ ਦਿੱਤਾ ਗਿਆ ਹੈ, ਜਿਥੋਂ 50 ਦੇ ਕਰੀਬ ਸ਼ਰਧਾਲੂ ਖਰੀਦਦਾਰੀ ਕਰਕੇ ਸਰਹੱਦੋਂ ਪਾਰ ਗਏ ਹਨ। ਇੱਥੇ ਸੰਗਤ ਲਈ ਸਮੱਗਰੀ ਮਾਰਕੀਟ ਰੇਟ ਤੋਂ 2 ਤੋਂ 5 ਰੁਪਏ ਪ੍ਰਤੀ ਕਿਲੋ ਸਸਤੀ ਮੁਹੱਈਆ ਕਰਵਾਈ ਜਾ ਰਹੀ ਹੈ। ਸਰਕਾਰ ਵੱਲੋਂ ਤੈਅ ਨਿਯਮਾਂ ਅਨੁਸਾਰ ਹਰ ਸ਼ਰਧਾਲੂ ਇੱਥੋਂ ਸਿਰਫ਼ 7 ਕਿਲੋ ਸਾਮਾਨ ਹੀ ਲਿਜਾ ਸਕਦਾ ਹੈ।

ਭਾਰਤ-ਪਾਕਿਸਤਾਨ ਦੀਆਂ ਸਰਕਾਰਾਂ ਦੀ ਸਾਂਝੀ ਪਹਿਲ ‘ਤੇ ਭਾਰਤ ਨੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਜਾਣ ਲਈ ਕੌਰੀਡੋਰ ਤਿਆਰ ਕਰਵਾਇਆ ਸੀ। ਇਹ ਦੇਖਣ ਵਿਚ ਆਇਆ ਹੈ ਕਿ ਸੰਗਤ ਸਰਹੱਦ ਪਾਰ ਜਾ ਕੇ ਲੰਗਰ ਵਿਚ ਸਬਜ਼ੀਆਂ ਅਤੇ ਹੋਰ ਰਸਦ ਆਦਿ ਦਿੰਦੀ ਹੈ। ਪਾਕਿਸਤਾਨ ਵਿਚ ਇਨ੍ਹਾਂ ਸਭ ਚੀਜ਼ਾਂ ਦੀ ਕੀਮਤ ਭਾਰਤ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਰਹਿੰਦੀ ਹੈ। ਇਸ ਨੂੰ ਲੈ ਕੇ ਸੰਗਤ ਵਲੋਂ ਮੰਗ ਉਠਦੀ ਰਹੀ ਹੈ ਕਿ ਕੌਰੀਡੋਰ ਵਿਚ ਹੀ ਉਕਤ ਵਸਤੂਆਂ ਦੀ ਵਿਵਸਥਾ ਕੀਤੀ ਜਾਵੇ।

ਵਿਜੀਲੈਂਸ ਬਿਊਰੋ ਵੱਲੋਂ ਲੁਧਿਆਣਾ ਦੇ ਝੋਨਾ ਘੁਟਾਲੇ ‘ਚ ਸ਼ਾਮਲ ਇੱਕ ਹੋਰ ਮੁਲਜ਼ਮ ਵਪਾਰੀ ਗ੍ਰਿਫ਼ਤਾਰ

0

ਪੰਜਾਬ ਵਿਜੀਲੈਂਸ ਬਿਊਰੋ ਨੇ ਜਿਲਾ ਲੁਧਿਆਣਾ ਅਤੇ ਹੋਰ ਅਨਾਜ ਮੰਡੀਆਂ ਵਿੱਚ ਹੋਏ ਝੋਨਾ ਘੁਟਾਲੇ ਦੇ ਮਾਮਲੇ ਵਿੱਚ ਸ਼ਾਮਲ ਇੱਕ ਹੋਰ ਮੁਲਜ਼ਮ ਵਪਾਰੀ ਕਾਲੂ ਰਾਮ ਵਾਸੀ ਨਵੀਂ ਆਬਾਦੀ, ਜੈਤੋਂ ਮੰਡੀ, ਜ਼ਿਲ੍ਹਾ ਫ਼ਰੀਦਕੋਟ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਬਿਊਰੋ ਨੂੰ ਦੋ ਦਿਨਾਂ ਦਾ ਪੁਲੀਸ ਰਿਮਾਂਡ ਮਿਲ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਕਾਲੂ ਰਾਮ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਦੇ ਮੁਅੱਤਲ ਡਿਪਟੀ ਡਾਇਰੈਕਟਰ ਤੇ ਭਗੌੜੇ ਹੋ ਚੁੱਕੇ ਰਾਕੇਸ਼ ਕੁਮਾਰ ਸਿੰਗਲਾ ਅਤੇ ਉਕਤ ਵਿਭਾਗ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਨਜ਼ਦੀਕੀ ਸਬੰਧ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਕਾਲੂ ਰਾਮ ਨੇ ਪ੍ਰਸ਼ਾਸਨਿਕ ਅਤੇ ਸਿਆਸੀ ਸ਼ਹਿ ‘ਤੇ ਜਾਅਲੀ ਬਿੱਲਾਂ ਜ਼ਰੀਏ ਬਿਨਾਂ ਐਮ.ਐਸ.ਪੀ. (ਘੱਟੋ-ਘੱਟ ਸਮਰਥਨ ਮੁੱਲ) ਤੋਂ ਹੋਰਨਾਂ ਸੂਬਿਆਂ ਤੋਂ ਝੋਨਾ ਖ਼ਰੀਦ ਕੇ ਮੁਲਜ਼ਮ ਰਾਈਸ ਮਿੱਲਰਾਂ ਕ੍ਰਿਸ਼ਨ ਲਾਲ ਅਤੇ ਸੁਰਿੰਦਰ ਕੁਮਾਰ ਧੋਤੀਵਾਲਾ ਨੂੰ ਮੁਹੱਈਆ ਕਰਵਾਇਆ ਸੀ।

ਇਸ ਮੁਲਜ਼ਮ ਨੇ ਕਿਸਾਨਾਂ ਵੱਲੋਂ ਉਨ੍ਹਾਂ ਦੀਆਂ ਦੁਕਾਨਾਂ ‘ਤੇ ਲਿਆਂਦੇ ਝੋਨੇ ਦੀ ਅਸਲ ਪੈਦਾਵਾਰ ਦੀ ਬਜਾਏ ਲੁਧਿਆਣਾ ਜ਼ਿਲ੍ਹੇ ਵਿੱਚ ਵੱਧ ਫ਼ਸਲ ਦਰਸਾਉਣ ਵਾਲੇ ਫ਼ਰਜ਼ੀ ਬਿੱਲ ਤਿਆਰ ਕਰਨ ਵਿੱਚ ਉਕਤ ਮੁਲਜ਼ਮ ਕਮਿਸ਼ਨ ਏਜੰਟਾਂ/ਆੜ੍ਹਤੀਆਂ ਦੀ ਮੱਦਦ ਵੀ ਕੀਤੀ ਸੀ ਤਾਂ ਜੋ ਸੂਬਾ ਸਰਕਾਰ ਤੋਂ ਇਸ ਝੋਨੇ ਨੂੰ ਐਮ.ਐਸ.ਪੀ. ਉਪਰ ਵੇਚ ਕੇ ਵੱਧ ਮੁਨਾਫ਼ਾ ਕਮਾਇਆ ਜਾ ਸਕੇ।

ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਪਹਿਲਾਂ ਹੀ ਐਫ.ਆਈ.ਆਰ. ਨੰਬਰ 11, ਮਿਤੀ 16.08.22 ਨੂੰ ਆਈ.ਪੀ.ਸੀ. ਦੀ ਧਾਰਾ 420, 465, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7, 8, 12, 13(2) ਤਹਿਤ ਮੁਕੱਦਮਾ ਦਰਜ ਹੈ।

ਇਸ ਮੁਕੱਦਮੇ ਵਿੱਚ ਸ਼ਾਮਲ 16 ਮੁਲਜ਼ਮਾਂ ਵਿੱਚੋਂ 11 ਮੁਲਜ਼ਮ ਜਿੰਨਾ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਤੇਲੂ ਰਾਮ, ਜਗਰੂਪ ਸਿੰਘ ਤੇ ਸੰਦੀਪ ਭਾਟੀਆ (ਤਿੰਨੋਂ ਠੇਕੇਦਾਰ), ਅਨਿਲ ਜੈਨ, ਕਿਸ਼ਨ ਲਾਲ ਧੋਤੀਵਾਲਾ ਤੇ ਸੁਰਿੰਦਰ ਕੁਮਾਰ ਧੋਤੀਵਾਲਾ (ਤਿੰਨੋਂ ਆੜ੍ਹਤੀ), ਡੀ.ਐਫ਼.ਐਸ.ਸੀ. ਹਰਵੀਨ ਕੌਰ ਤੇ ਸੁਖਵਿੰਦਰ ਸਿੰਘ ਗਿੱਲ ਤੋਂ ਇਲਾਵਾ ਸਾਬਕਾ ਮੰਤਰੀ ਆਸ਼ੂ ਦੇ ਦੋ ਪ੍ਰਾਈਵੇਟ ਸਹਾਇਕਾਂ ਪੰਕਜ ਉਰਫ਼ ਮੀਨੂੰ ਮਲਹੋਤਰਾ ਅਤੇ ਇੰਦਰਜੀਤ ਇੰਦੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਦੋ ਹੋਰ ਮੁਲਜ਼ਮਾਂ ਸੁਰਿੰਦਰ ਬੇਰੀ ਡੀ.ਐਫ.ਐਸ.ਸੀ. (ਸੇਵਾਮੁਕਤ) ਅਤੇ ਜਗਨਦੀਪ ਢਿੱਲੋਂ ਡੀਐਮ ਪਨਸਪ ਨੂੰ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ ਜਦੋਂਕਿ ਮੁਲਜ਼ਮ ਪਰਮਜੀਤ ਚੇਚੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਸੁਪਰੀਮ ਕੋਰਟ ਵੱਲੋਂ ਖਾਰਜ ਹੋ ਚੁੱਕੀ ਹੈ ਅਤੇ ਉਸ ਨੂੰ ਵਿਜੀਲੈਂਸ ਬਿਊਰੋ ਅੱਗੇ ਆਤਮ ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਚਰਚਿਤ ਕੇਸ ਵਿੱਚ ਇੱਕ ਹੋਰ ਉਕਤ ਮੁੱਖ ਮੁਲਜ਼ਮ ਆਰ.ਕੇ. ਸਿੰਗਲਾ, ਡਿਪਟੀ ਡਾਇਰੈਕਟਰ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਅਦਾਲਤ ਵੱਲੋਂ ਪਹਿਲਾਂ ਹੀ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ।

ਜਲੰਧਰ-ਲੁਧਿਆਣਾ ਹਾਈਵੇ ‘ਤੇ ਹੋਇਆ ਭਿਆਨਕ ਹਾਦਸਾ, ਇੱਕ ਨੌਜਵਾਨ ਦੀ ਗਈ ਜਾਨ

0

ਜਲੰਧਰ-ਲੁਧਿਆਣਾ ਹਾਈਵੇ ‘ਤੇ ਜ਼ਬਰਦਸਤ ਹਾਦਸਾ ਵਾਪਰਿਆ। ਪਰਾਗਪੁਰ ਨੇੜੇ ਇੱਕ ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਭੀਮਜੀ ਪੈਲੇਸ ਦੇ ਮਾਲਕ ਰਾਕੇਸ਼ ਗੁਪਤਾ ਦੇ ਪੁੱਤਰ ਕਰਨ ਗੁਪਤਾ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਜਲੰਧਰ ਕੈਂਟ ਪੁਲਿਸ ਮੌਕੇ ‘ਤੇ ਪਹੁੰਚ ਗਈ। ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਕਰਨ ਗੁਪਤਾ ਆਪਣੀ ਇਨੋਵਾ ਕਾਰ ਵਿੱਚ ਘਰ ਪਰਤ ਰਿਹਾ ਸੀ। ਜਦੋਂ ਉਹ ਜਲੰਧਰ ਲੁਧਿਆਣਾ ਹਾਈਵੇਅ ‘ਤੇ ਸਥਿਤ ਬਾਥ ਕੈਸਲ ਰਿਜ਼ੋਰਟ ਦੇ ਸਾਹਮਣੇ ਪਹੁੰਚਿਆ ਤਾਂ ਅਚਾਨਕ ਉਸ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਰਾਹਗੀਰਾਂ ਨੇ ਤੁਰੰਤ ਉਸ ਨੂੰ ਬਾਹਰ ਕੱਢ ਕੇ ਰਾਮਾ ਮੰਡੀ ਦੇ ਜੌਹਲ ਹਸਪਤਾਲ ਵਿੱਚ ਦਾਖਲ ਕਰਵਾਇਆ।

ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਵੀ ਹਸਪਤਾਲ ਪਹੁੰਚ ਗਏ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਲੰਧਰ ਛਾਉਣੀ ਦੇ ਰਾਮਬਾਗ ਸ਼ਮਸ਼ਾਨਘਾਟ ਵਿੱਚ ਮ੍ਰਿਤਕ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 2 ਵਜੇ ਕੀਤਾ ਜਾਵੇਗਾ।

 

Big Boss ਵਿਜੇਤਾ ਐਲਵਿਸ਼ ਯਾਦਵ ‘ਤੇ ਮਾਮਲਾ ਹੋਇਆ ਦਰਜ

0

ਬਿੱਗ ਬੌਸ ਓਟੀਟੀ-2 ਦੇ ਜੇਤੂ ਅਤੇ ਯੂਟਿਊਬਰ ਐਲਵਿਸ਼ ਯਾਦਵ ‘ਤੇ ਸੱਪ ਦੀ ਤਸਕਰੀ ਦਾ ਦੋਸ਼ ਲੱਗਾ ਹੈ। ਨੋਇਡਾ ਪੁਲਿਸ ਨੇ ਅੱਜ ਸ਼ੁੱਕਰਵਾਰ ਨੂੰ ਜੰਗਲੀ ਜੀਵ ਸੁਰੱਖਿਆ ਨਾਲ ਜੁੜੇ ਇੱਕ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ। ਐਲਵਿਸ਼ ‘ਤੇ ਰੇਵ ਪਾਰਟੀ ਦਾ ਆਯੋਜਨ ਕਰਨ ਦਾ ਦੋਸ਼ ਹੈ।

ਇਸ ਮਾਮਲੇ ਦਾ ਖੁਲਾਸਾ ਮੇਨਕਾ ਗਾਂਧੀ ਨਾਲ ਜੁੜੀ ਸੰਸਥਾ ਪੀ.ਐੱਫ.ਏ. ਦੇ ਸਟਿੰਗ ਆਪਰੇਸ਼ਨ ਰਾਹੀਂ ਹੋਇਆ ਹੈ। ਪੀਐਫਏ ਨੇ ਖੁਦ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ।ਨੋਇਡਾ ਪੁਲਿਸ ਨੇ ਇਸ ਮਾਮਲੇ ਵਿੱਚ 5 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 9 ਸੱਪ ਬਰਾਮਦ ਹੋਏ ਹਨ।

ਇਸ ਤੋਂ ਇਲਾਵਾ 20 ਮਿਲੀਲੀਟਰ ਸੱਪ ਦਾ ਜ਼ਹਿਰ ਮਿਲਿਆ ਹੈ। ਜੰਗਲਾਤ ਅਧਿਕਾਰੀ ਪ੍ਰਮੋਦ ਸ੍ਰੀਵਾਸਤਵ ਨੇ ਦੱਸਿਆ ਕਿ ਰੇਵ ਪਾਰਟੀਆਂ ਵਿੱਚ ਨਸ਼ਾ ਕਰਨ ਲਈ ਸੱਪ ਦੇ ਜ਼ਹਿਰ ਦੀ ਵਰਤੋਂ ਕੀਤੀ ਜਾਂਦੀ ਹੈ। ਇਹ YouTubers ਦਾ ਇੱਕ ਗੈਂਗ ਹੈ, ਜੋ ਇਸ ਤਰ੍ਹਾਂ ਪਾਰਟੀਆਂ ਦਾ ਆਯੋਜਨ ਕਰਦਾ ਹੈ।

World Cup 2023: ਅੱਜ ਅਫਗਾਨਿਸਤਾਨ ਤੇ ਨੀਦਰਲੈਂਡ ਵਿਚਾਲੇ ਹੋਵੇਗਾ ਮੁਕਾਬਲਾ

0

ਵਨਡੇ ਵਿਸ਼ਵ ਕੱਪ 2023 ਦੇ 34ਵੇਂ ਮੈਚ ਵਿੱਚ ਅੱਜ ਯਾਨੀ 3 ਨਵੰਬਰ ਨੂੰ ਅਫਗਾਨਿਸਤਾਨ ਦਾ ਸਾਹਮਣਾ ਨੀਦਰਲੈਂਡ ਨਾਲ ਹੋਵੇਗਾ। ਮੈਚ ਲਖਨਊ ਦੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਇਕਾਨਾ ਕ੍ਰਿਕਟ ਸਟੇਡੀਅਮ ਵਿੱਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ। ਟਾਸ ਮੈਚ ਤੋਂ ਅੱਧਾ ਘੰਟਾ ਪਹਿਲਾਂ ਯਾਨੀ ਕਿ 1.30 ਵਜੇ ਸ਼ੁਰੂ ਹੋਵੇਗਾ।

ਨੀਦਰਲੈਂਡ ਤੇ ਅਫਗਾਨਿਸਤਾਨ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਆਹਮੋ-ਸਾਹਮਣੇ ਹੋਣਗੇ। ਅਫਗਾਨਿਸਤਾਨ ਨੇ ਹੁਣ ਤੱਕ 6 ਮੈਚ ਖੇਡੇ ਹਨ ਜਿਸ ਵਿੱਚੋਂ ਉਸਨੂੰ 3 ਵਿੱਚ ਜਿੱਤ ਤੇ 3 ਮੈਚਾਂ ਵਿੱਚ ਹਾਰ ਮਿਲੀ ਹੈ। ਟੀਮ ਪੁਆਇੰਟ ਟੇਬਲ ਵਿੱਚ 6ਵੇਂ ਨੰਬਰ ‘ਤੇ ਹੈ।

ਅਫਗਾਨਿਸਤਾਨ ਸੈਮੀਫਾਈਨਲ ਦੀ ਰੇਸ ਵਿੱਚ ਸ਼ਾਮਿਲ ਹੈ। ਅਜਿਹੇ ਵਿੱਚ ਉਸਦੇ ਲਈ ਨੀਦਰਲੈਂਡ ਦੇ ਖਿਲਾਫ਼ ਇਹ ਮੁਕਾਬਲਾ ਬਹੁਤ ਅਹਿਮ ਹੈ। ਇੱਥੇ ਜੇਕਰ ਅਫ਼ਗਾਨਿਸਤਾਨ ਦੀ ਟੀਮ ਜਿੱਤਦੀ ਹੈ ਤਾਂ ਉਸਦੀਆਂ ਸੈਮੀਫਾਈਨਲ ਦੀਆਂ ਉਮੀਦਾਂ ਹੋਰ ਵੱਧ ਜਾਣਗੀਆਂ। ਉੱਥੇ ਹੀ ਨੀਦਰਲੈਂਡ ਦੀ ਟੀਮ 6 ਵਿੱਚੋਂ ਦੋ ਮੈਚ ਜਿੱਤ ਕੇ ਤੇ 4 ਵਿੱਚ ਹਾਰ ਕੇ ਪੁਆਇੰਟ ਟੇਬਲ ਵਿੱਚ 8ਵੇਂ ਸਥਾਨ ‘ਤੇ ਹੈ। ਨੀਦਰਲੈਂਡ ਵੀ ਹਾਲੇ ਸੈਮੀਫਾਈਨਲ ਦੀ ਦੌੜ ਵਿੱਚ ਹੈ, ਹਾਲਾਂਕਿ ਉਨ੍ਹਾਂ ਦੀ ਸੰਭਾਵਨਾ ਘੱਟ ਹੈ, ਪਰ ਉਨ੍ਹਾਂ ਕੋਲ 2025 ਚੈਂਪੀਅਨਜ਼ ਟਰਾਫੀ ਦੇ ਲਈ ਕੁਆਲੀਫਾਈ ਕਰਨ ਦਾ ਮੌਕਾ ਹੈ।

ਦੱਸ ਦੇਈਏ ਕਿ ਦੋਹਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 9 ਵਨਡੇ ਖੇਡੇ ਗਏ ਹਨ। ਅਫਗਾਨਿਸਤਾਨ ਨੇ 7 ਅਤੇ ਨੀਦਰਲੈਂਡ ਨੇ 2 ਮੈਚ ਜਿੱਤੇ ਹਨ। ਉੱਥੇ ਹੀ ਵਿਸ਼ਵ ਕੱਪ ਵਿੱਚ ਹੁਣ ਤੱਕ ਦੋਹਾਂ ਟੀਮਾਂ ਵਿਚਾਲੇ ਮੈਚ ਨਹੀਂ ਖੇਡਿਆ ਗਿਆ ਹੈ। ਅਫਗਾਨਿਸਤਾਨ ਤੇ ਨੀਦਰਲੈਂਡ ਦੇ ਵਿਚਾਲੇ ਆਖਰੀ ਵਨਡੇ ਪਿਛਲੇ ਸਾਲ ਜਨਵਰੀ ਵਿੱਚ ਖੇਡਿਆ ਗਿਆ ਸੀ।

ਜਿਸ ਵਿੱਚ ਅਫਗਾਨਿਸਤਾਨ 75 ਦੌੜਾਂ ਨਾਲ ਜਿੱਤਿਆ ਸੀ। ਜੇਕਰ ਅਫਗਾਨ ਟੀਮ ਨੂੰ ਅੱਜ ਜਿੱਤ ਮਿਲਦੀ ਹੈ ਤੰ ਉਸਦੀ ਨੀਦਰਲੈਂਡ ਦੇ ਖਿਲਾਫ਼ ਲਗਾਤਾਰ 5ਵੀਂ ਵਨਡੇ ਜਿੱਤ ਹੋਵੇਗੀ। ਨੀਦਰਲੈਂਡ ਨੂੰ ਅਫਗਾਨਿਸਤਾਨ ਦੇ ਖਿਲਾਫ਼ ਵਨਡੇ ਵਿੱਚ ਆਖਰੀ ਵਾਰ ਜਿੱਤ ਸਾਲ 2012 ਵਿੱਚ ਮਿਲੀ ਸੀ।

ਟੀਮਾਂ ਦੀ ਸੰਭਾਵਿਤ ਪਲੇਇੰਗ -11
ਅਫਗਾਨਿਸਤਾਨ: ਹਸ਼ਮਤੁੱਲਾਹ ਸ਼ਾਹੀਦੀ(ਕਪਤਾਨ), ਰਹਿਮਾਨੁੱਲਾਹ ਗੁਰਬਾਜ, ਇਬ੍ਰਾਹਿਮ ਜਾਦਰਾਨ, ਰਹਿਮਤ ਸ਼ਾਹ, ਅਜਮਤੁੱਲਾਹ ਉਮਰਜਈ, ਇਕਰਾਮ ਅਲੀਖਿਲ, ਮੁਹੰਮਦ ਨਬੀ, ਰਸ਼ੀਦ ਖਾਨ, ਮੁਜੀਬ ਉਰ ਰਹਿਮਾਨ, ਨਵੀਨ-ਉਲ-ਹੱਕ, ਫ਼ਜਲਹੱਕ ਫਾਰੂਕੀ।

ਨੀਦਰਲੈਂਡ: ਵਿਕਰਮਜੀਤ ਸਿੰਘ, ਮੈਕਸ ਓ ਡੀਡ, ਵੇਸਲੇ ਬੇਰੇਸੀ, ਬਾਸ ਡੀ ਲੀਡੇ, ਕਾਲਿਨ ਐਕਰਮੈਨ, ਸਕਾਟ ਐਡਵਰਡਸ(ਕਪਤਾਨ/ਵਿਕਟਕੀਪਰ), ਲੋਗਾਨ ਵੈਨ ਬੀਕ, ਪਾਲ ਵੈਨ ਮੀਰਕੇਰੇਨ, ਆਰੀਅਨ ਦੱਤ, ਸ਼ਰੀਜ ਅਹਿਮਦ ਤੇ ਸਾਯਬ੍ਰਾਂਡ ਐਂਗਲਬ੍ਰੇਕਟ ।

ਸਰਕਾਰ ਨੂੰ 25 ਕਰੋੜ ਰੁਪਏ ਦੇ GST ਦਾ ਵਿੱਤੀ ਨੁਕਸਾਨ ਪਹੁੰਚਾਉਣ ਵਾਲਾ ਦੋਸ਼ੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ

0

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਜਾਅਲੀ ਫਰਮਾਂ ਦੇ ਜਾਅਲੀ ਬਿੱਲਾਂ ਰਾਹੀਂ ਸਰਕਾਰ ਨੂੰ ਕਰੀਬ 25 ਕਰੋੜ ਰੁਪਏ ਦੇ ਜੀ.ਐਸ.ਟੀ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ੀ ਸੈਮੀ ਧੀਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਪੰਜ ਸਾਲ ਤੋਂ ਆਪਣੀ ਗ੍ਰਿਫਤਾਰੀ ਤੋਂ ਡਰਦਾ ਹੋਇਆ ਫਰਾਰ ਸੀ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਬਾਰੇ ਮੁਕੱਦਮਾ ਨੰਬਰ 106 ਮਿਤੀ 05.07.2018 ਨੂੰ ਆਈ.ਪੀ.ਸੀ. ਦੀ ਧਾਰਾ 420, 120-ਬੀ ਅਤੇ ਜੀ.ਐਸ.ਟੀ ਐਕਟ 2017 ਦੀ ਧਾਰਾ 132(1) ਤਹਿਤ ਥਾਣਾ ਮੰਡੀ ਗੋਬਿੰਦਗੜ੍ਹ, ਜਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਦਰਜ ਕੀਤਾ ਹੋਇਆ ਹੈ ਜਿਸ ਦੀ ਹੁਣ ਪੜਤਾਲ ਵਿਜੀਲੈਂਸ ਬਿਊਰੋ ਦੇ ਉੱਡਣ ਦਸਤਾ-1, ਪੰਜਾਬ ਮੁਹਾਲੀ ਹਵਾਲੇ ਹੈ।

ਉਨਾਂ ਦੱਸਿਆ ਕਿ ਉਕਤ ਮੁਕੱਦਮੇ ਦੇ ਦੋਸ਼ੀ ਸੈਮੀ ਧੀਮਾਨ ਵਾਸੀ ਮੰਡੀ ਗੋਬਿੰਦਗੜ੍ਹ ਅਤੇ ਹੋਰ ਦੋਸ਼ੀਆਂ ਵੱਲੋਂ ਆਪਸੀ ਮਿਲੀਭੁਗਤ ਕਰਕੇ ਜਾਅਲੀ ਫਰਮਾਂ ਤੇ ਜਾਅਲੀ ਬਿੱਲ ਤਿਆਰ ਕਰਕੇ ਅਤੇ ਅੱਗੇ ਇਹ ਜਾਅਲੀ ਬਿੱਲ ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਦੀਆਂ ਫਰਮਾਂ ਨੂੰ ਵੇਚ ਕੇ ਜੀ.ਐਸ.ਟੀ ਚੋਰੀ ਕੀਤਾ ਜਾਂਦਾ ਸੀ।

ਇਸ ਤਰਾਂ ਦੋਸ਼ੀਆਂ ਨੇ ਸਰਕਾਰ ਨੂੰ ਕਰੀਬ 25 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਇਆ ਹੈ। ਉਕਤ ਦੋਸ਼ੀ ਸੈਮੀ ਧੀਮਾਨ ਕਾਫੀ ਲੰਮੇ ਸਮੇਂ ਤੋਂ ਆਪਣੀ ਗ੍ਰਿਫਤਾਰੀ ਤੋਂ ਡਰਦਾ ਹੋਇਆ ਫਰਾਰ ਸੀ। ਜਿਸਨੂੰ ਇੰਸਪੈਕਟਰ ਸੁਖਜਿੰਦਰ ਸਿੰਘ ਵਿਜੀਲੈਂਸ ਬਿਊਰੋ, ਉੱਡਣ ਦਸਤਾ-1, ਪੰਜਾਬ, ਮੋਹਾਲੀ ਵੱਲੋਂ ਰੇਡ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀ ਸੈਮੀ ਧੀਮਾਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਪੁਲਿਸ ਹਾਸਿਲ ਕੀਤਾ ਗਿਆ। ਇਸ ਮੁਕੱਦਮਾ ਦੇ ਬਾਕੀ ਭਗੌੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਭਾਲ ਕੀਤੀ ਜਾ ਰਹੀ ਹੈ।

ਅਗਲੇ ਦੋ ਦਿਨਾਂ ਲਈ ਦਿੱਲੀ ‘ਚ ਸਾਰੇ ਸਰਕਾਰੀ ਤੇ ਪ੍ਰਾਈਵੇਟ ਪ੍ਰਾਇਮਰੀ ਸਕੂਲ ਰਹਿਣਗੇ ਬੰਦ

0

ਦਿੱਲੀ ‘ਚ ਪ੍ਰਦੂਸ਼ਣ ਕਾਫੀ ਜ਼ਿਆਦਾ ਵੱਧ ਗਿਆ ਹੈ। ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਦੇਰ ਰਾਤ ਐਲਾਨ ਕੀਤਾ ਕਿ ਹਵਾ ਪ੍ਰਦੂਸ਼ਣ (air pollution) ਦੇ ਵਧਦੇ ਪੱਧਰ ਦੇ ਮੱਦੇਨਜ਼ਰ ਦਿੱਲੀ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਇਮਰੀ ਸਕੂਲ ਅਗਲੇ ਦੋ ਦਿਨਾਂ ਲਈ ਬੰਦ ਰਹਿਣਗੇ।

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪ੍ਰਦੂਸ਼ਣ ਦਾ ਪੱਧਰ ਵੀਰਵਾਰ ਨੂੰ ਇਸ ਸੀਜ਼ਨ ‘ਚ ਪਹਿਲੀ ਵਾਰ ‘ਗੰਭੀਰ’ ਸ਼੍ਰੇਣੀ ‘ਚ ਪਹੁੰਚ ਗਿਆ। ਵਿਗਿਆਨੀਆਂ ਨੇ ਅਗਲੇ ਦੋ ਹਫ਼ਤਿਆਂ ਵਿੱਚ ਪ੍ਰਦੂਸ਼ਣ ਵਿੱਚ ਹੋਰ ਵਾਧਾ ਹੋਣ ਦੀ ਭਵਿੱਖਬਾਣੀ ਕੀਤੀ ਹੈ।

CM ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ ਕਿ ‘ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਮੱਦੇਨਜ਼ਰ ਦਿੱਲੀ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਪ੍ਰਾਇਮਰੀ ਸਕੂਲ ਅਗਲੇ ਦੋ ਦਿਨਾਂ ਲਈ ਬੰਦ ਰਹਿਣਗੇ।ਇਸ ਦੌਰਾਨ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਨੇ ਇਕ ਵੱਖਰੇ ਹੁਕਮ ‘ਚ ਕਿਹਾ ਕਿ ਅਗਲੇ ਦੋ ਦਿਨਾਂ ਤੱਕ ਸਕੂਲਾਂ ‘ਚ ਕਲਾਸਾਂ ਨਹੀਂ ਲੱਗਣਗੀਆਂ।

ਦਿੱਲੀ ਅਤੇ ਨੇੜਲੇ ਸ਼ਹਿਰਾਂ ਵਿੱਚ ਵਧੇਰੇ ਲੋਕਾਂ ਨੂੰ ਜਨਤਕ ਆਵਾਜਾਈ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਲਈ ਦਿੱਲੀ ਮੈਟਰੋ ਰੇਲ ਗੱਡੀਆਂ 3 ਨਵੰਬਰ ਤੋਂ 20 ਵਾਧੂ ਫੇਰੇ ਲਾਉਗੀਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਮੁਹਾਲੀ ‘ਚ ਤੇਜ਼ ਰਫਤਾਰ ਦਾ ਕਹਿਰ, ਮਾਸੂਮ ਬੱਚੇ ਦੀ ਲਈ ਜਾਨ

0

ਮੁਹਾਲੀ ਦੇ ਜ਼ੀਰਕਪੁਰ ਵਿਖੇ ਪੀਰਮੁਛੱਲਾ ਇਲਾਕੇ ‘ਚ ਇਕ ਮਾਸੂਮ ਬੱਚੇ ਨੂੰ ਕਾਰ ਵੱਲੋਂ ਕੁਚਲਣ ਦਾ ਸੀ.ਸੀ.ਟੀ.ਵੀ. ਸਾਹਮਣੇ ਆਇਆ ਹੈ। ਜਦੋਂ ਇਹ ਭਿਆਨਕ ਹਾਦਸਾ ਵਾਪਰਿਆ ਤਾਂ 4 ਸਾਲ ਦਾ ਬੱਚਾ ਗਲੀ ਦੇ ਬਾਹਰ ਖੇਡ ਰਿਹਾ ਸੀ। ਮ੍ਰਿਤਕ ਬੱਚੇ ਦੀ ਪਛਾਣ ਪ੍ਰਿੰਸ ਵਜੋਂ ਹੋਈ ਹੈ।

ਉਸ ਦਾ ਪਰਿਵਾਰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਹਾਦਸੇ ਤੋਂ ਬਾਅਦ ਮੌਕੇ ‘ਤੇ ਵੱਡੀ ਭੀੜ ਇਕੱਠੀ ਹੋ ਗਈ ਸੀ। ਜਦੋਂ ਮ੍ਰਿਤਕ ਦਾ ਪਿਤਾ ਜਲਦੀ ਨਾਲ ਉਸ ਨੂੰ ਹਸਪਤਾਲ ਲੈ ਕੇ ਜਾਣ ਲੱਗਾ ਤਾਂ ਉਸ ਦੇ ਮੋਟਰਸਾਈਕਲ ਦਾ ਪਹੀਆ ਪੰਕਚਰ ਹੋ ਗਿਆ। ਫਿਰ ਉਥੋਂ ਜਾ ਰਿਹਾ ਪੰਚਕੂਲਾ ਸੈਕਟਰ-20 ਦਾ ਰਹਿਣ ਵਾਲਾ ਇੱਕ ਵਿਅਕਤੀ ਉਸ ਨੂੰ ਆਪਣੀ ਕਾਰ ਵਿਚ ਪੰਚਕੂਲਾ ਦੇ ਫੇਜ਼-6 ਹਸਪਤਾਲ ਲੈ ਗਿਆ।

ਡਾਕਟਰਾਂ ਨੇ ਜਾਂਚ ਤੋਂ ਬਾਅਦ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਵਿੱਚ ਅੱਜ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਉਸ ਤੋਂ ਬਾਅਦ ਹੀ ਪੁਲਿਸ ਅਗਲੀ ਕਾਰਵਾਈ ਕਰੇਗੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਿਸ ਕਾਰ ਨੇ ਬੱਚੇ ਨੂੰ ਕੁਚਲਿਆ ਉਸ ਨੂੰ ਇਕ ਔਰਤ ਚਲਾ ਰਹੀ ਸੀ।

ਸੜਕ ਦੇ ਇੱਕ ਪਾਸੇ ਇੱਕ ਗਾਂ ਬੈਠੀ ਸੀ। ਜਦਕਿ ਦੂਜੇ ਪਾਸੇ ਇਹ ਬੱਚਾ ਖੇਡ ਰਿਹਾ ਸੀ। ਇਸ ਹਾਦਸੇ ਤੋਂ ਬਾਅਦ ਔਰਤ ਕਾਰ ਸਮੇਤ ਉਥੋਂ ਫਰਾਰ ਹੋ ਗਈ। ਪੁਲਿਸ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਗੱਡੀ ਦੇ ਨੰਬਰ ਦੇ ਆਧਾਰ ’ਤੇ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਕੈਨੇਡਾ ਹਰ ਸਾਲ 5 ਲੱਖ ਭਾਰਤੀਆਂ ਨੂੰ ਦੇਵੇਗਾ ਵੀਜ਼ੇ

0

ਕੈਨੇਡੀਅਨ ਸਰਕਾਰ ਨੇ ਭਾਰਤੀ ਨੌਜਵਾਨਾਂ ਅਤੇ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਐਂਟਰੀ ਦੇਣ ਲਈ ਇੱਕ ਨਵੀਂ ਯੋਜਨਾ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਹਰ ਸਾਲ 5 ਲੱਖ ਭਾਰਤੀ 2026 ਤੱਕ ਕੈਨੇਡਾ ਵਿੱਚ ਦਾਖਲ ਹੋ ਸਕਣਗੇ। ਇਸ ਦਾ ਸਭ ਤੋਂ ਵੱਧ ਫਾਇਦਾ ਪੰਜਾਬ ਨੂੰ ਹੋਣ ਵਾਲਾ ਹੈ।ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਸਥਾਨਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖਾਲਿਸਤਾਨ ਪੱਖੀ ਸਮੂਹ ਦੇ ਦਬਾਅ ਹੇਠ ਆ ਕੇ ਭਾਰਤ ਨਾਲ ਰਿਸ਼ਤੇ ਵਿਗਾੜ ਦਿੱਤੇ ਸਨ।

ਇਸ ਤੋਂ ਬਾਅਦ ਕੈਨੇਡੀਅਨ ਸਰਕਾਰ ਨੂੰ ਆਪਣੇ ਹੀ ਦੇਸ਼ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਭਾਰਤ ਸਰਕਾਰ ਦੇ ਸਖਤ ਰੁਖ ਕਾਰਨ ਕੈਨੇਡਾ ਜਾਣ ਵਾਲੇ ਅਤੇ ਉਥੋਂ ਭਾਰਤ ਆਉਣ ਵਾਲੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਹੁਣ ਟਰੂਡੋ ਆਪਣੇ ਖਰਾਬ ਹੋਏ ਅਕਸ ਨੂੰ ਸੁਧਾਰਨ ਲਈ ਨਵੀਂ ਯੋਜਨਾ ਲੈ ਕੇ ਆਏ ਹਨ।

ਕੈਨੇਡਾ 2024 ਵਿੱਚ 4.85 ਲੱਖ ਨਵੇਂ ਵੀਜ਼ੇ ਦੇਣ ਦੀ ਯੋਜਨਾ ਬਣਾ ਰਿਹਾ ਹੈ। ਪਰ ਹੁਣ ਉਹ ਇਸਦੀ ਸਮਾਂ ਸੀਮਾ ਵਧਾਉਣ ਜਾ ਰਹੇ ਹਨ। ਹੁਣ 2026 ਤੱਕ ਹਰ ਸਾਲ 5 ਲੱਖ ਲੋਕਾਂ ਨੂੰ ਕੈਨੇਡਾ ਵਿੱਚ ਐਂਟਰੀ ਦਿੱਤੀ ਜਾਵੇਗੀ। ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਨਵੀਂ ਯੋਜਨਾ ਬਾਰੇ ਦੱਸਿਆ ਕਿ 2026 ਤੱਕ ਇਮੀਗ੍ਰੇਸ਼ਨ ਪੱਧਰ ਹਰ ਸਾਲ 5 ਲੱਖ ਤੱਕ ਵਧਾ ਦਿੱਤਾ ਜਾਵੇਗਾ।

AIG ਮਾਲਵਿੰਦਰ ਸਿੰਘ ਸਿੱਧੂ ਤੇ ਉਸਦੇ ਦੋ ਸਾਥੀਆਂ ਖ਼ਿਲਾਫ਼ ਰਿਸ਼ਵਤ ਲੈਣ ਦੇ ਦੋਸ਼ ਹੇਠ ਮੁਕੱਦਮਾ ਦਰਜ

0

ਪੰਜਾਬ ਵਿਜੀਲੈਂਸ ਬਿਊਰੋ ਨੇ ਮਨੁੱਖੀ ਅਧਿਕਾਰ ਸੈੱਲ, ਪੰਜਾਬ ਪੁਲਿਸ ਦੇ ਸਹਾਇਕ ਇੰਸਪੈਕਟਰ ਜਨਰਲ (ਏ.ਆਈ.ਜੀ.) ਮਾਲਵਿੰਦਰ ਸਿੰਘ ਸਿੱਧੂ ਸਮੇਤ ਆਸਥਾ ਹੋਮ, ਗਿਲਕੋ ਵੈਲੀ, ਐਸ.ਏ.ਐਸ.ਨਗਰ ਦੇ ਵਸਨੀਕ ਤੇ ਖੁਰਾਕ, ਜਨਤਕ ਸਪਲਾਈ ਤੇ ਖੱਪਤਕਾਰ ਮਾਮਲੇ ਵਿਭਾਗ ਦੇ ਡਰਾਈਵਰ ਕੁਲਦੀਪ ਸਿੰਘ ਸਮੇਤ ਪਟਿਆਲਾ ਜ਼ਿਲ੍ਹੇ ਦੇ ਪਿੰਡ ਆਲਮਪੁਰ ਦੇ ਰਹਿਣ ਵਾਲੇ ਬਲਬੀਰ ਸਿੰਘ ਨੂੰ ਆਪਣੇ ਅਹੁਦਿਆਂ ਦੀ ਦੁਰਵਰਤੋਂ, ਸਰਕਾਰੀ ਮੁਲਾਜ਼ਮਾਂ ਤੋਂ ਧੋਖਾਧੜੀ, ਬਲੈਕਮੇਲਿੰਗ, ਜਬਰੀ ਵਸੂਲੀ ਅਤੇ ਰਿਸ਼ਵਤ ਲੈਣ ਦੇ ਦੋਸ਼ ਹੇਠ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਪ੍ਰਗਟਾਵਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਏ.ਆਈ.ਜੀ. ਸਿੱਧੂ ਸਰਕਾਰੀ ਕਰਮਚਾਰੀਆਂ ਵਿਰੁੱਧ ਸ਼ਿਕਾਇਤਾਂ ਦੇਣ ਪਿੱਛੋਂ ਬਲੈਕਮੇਲਿੰਗ ਅਤੇ ਨਜਾਇਜ਼ ਲਾਭ ਲੈ ਕੇ ਇਹ ਸ਼ਿਕਾਇਤਾਂ ਵਾਪਸ ਲੈ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਜਾਂਚ ਨੰਬਰ 15, ਮਿਤੀ 06-10-2023 ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਨੇ ਸਖ਼ਤ ਕਾਨੂੰਨੀ ਕਾਰਵਾਈ ਕਰਦਿਆਂ ਉਪਰੋਕਤ ਸਾਰੇ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7-ਏ ਅਤੇ ਭਾਰਤੀ ਦੰਡਾਵਲੀ ਦੀ ਧਾਰਾ 384, 419, 420, ਅਤੇ 120-ਬੀ ਦੇ ਤਹਿਤ 30 ਅਕਤੂਬਰ, 2023 ਨੂੰ ਥਾਣਾ ਵਿਜੀਲੈਂਸ ਬਿਊਰੋ, ਫਲਾਇੰਗ ਸਕੁਐਡ-1, ਪੰਜਾਬ, ਮੋਹਾਲੀ ਵਿਖੇ ਮੁਕੱਦਮਾ ਨੰਬਰ 28 ਦਰਜ ਕੀਤਾ ਗਿਆ ਹੈ।

ਉਨ੍ਹਾ ਅੱਗੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਸਾਲ 2017 ਤੋਂ ਮਨੁੱਖੀ ਅਧਿਕਾਰ ਸੈੱਲ, ਪੰਜਾਬ ਪੁਲਿਸ ਦੇ ਏ.ਆਈ.ਜੀ ਵਜੋਂ ਸੇਵਾ ਨਿਭਾਅ ਰਹੇ ਮਾਲਵਿੰਦਰ ਸਿੰਘ ਸਿੱਧੂ ਨੇ ਪਿਛਲੇ ਪੰਜ ਸਾਲਾਂ ਦੌਰਾਨ ਕਦੇ ਵੀ ਵਿਜੀਲੈਂਸ ਬਿਊਰੋ, ਪੰਜਾਬ ਦੇ ਅੰਦਰ ਏ.ਆਈ.ਜੀ. ਜਾਂ ਆਈ.ਜੀ. ਦੇ ਅਹੁਦਿਆਂ ‘ਤੇ ਕੰਮ ਨਹੀਂ ਕੀਤਾ।

ਇਸ ਅਧਿਕਾਰੀ ਨੇ ਆਪਣੀ ਸਰਕਾਰੀ ਗੱਡੀ ਅਰਟਿਗਾ (ਪੀਬੀ 65 ਏਡੀ 1905) ਦੀ ਦੁਰਵਰਤੋਂ ਕੀਤੀ, ਜਦੋਂ ਕਿ ਤੇਲ ਅਤੇ ਹੋਰ ਖਰਚੇ ਸਰਕਾਰੀ ਖਾਤੇ ਵਿੱਚੋਂ ਕੀਤੇ ਜਾਂਦੇ ਰਹੇ। ਉਸਨੇ ਕਦੇ ਵੀ ਇਸ ਵਾਹਨ ਦੀ ਵਰਤੋਂ (ਲੌਗ ਬੁੱਕ) ਦਾ ਰਿਕਾਰਡ ਨਹੀਂ ਰੱਖਿਆ ਜੋ ਸਰਕਾਰੀ ਜਾਇਦਾਦ ਦੀ ਦੁਰਵਰਤੋਂ ਨੂੰ ਦਰਸਾਉਂਦਾ ਹੈ।

ਇਸ ਤੋਂ ਇਲਾਵਾ ਜਾਂਚ ਵਿੱਚ ਅਜਿਹੀਆਂ ਘਟਨਾਵਾਂ ਦਾ ਪਰਦਾਫਾਸ਼ ਹੋਇਆ ਜਦੋਂ ਏ.ਆਈ.ਜੀ. ਸਿੱਧੂ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਰਾਜਪੁਰਾ ਦੇ ਦਫ਼ਤਰ ਵਿੱਚ ਕੰਮ ਕਰਦੇ ਇੱਕ ਡਾਟਾ ਆਪਰੇਟਰ ਕੋਲ ਆਪਣੇ ਆਪ ਨੂੰ ਆਈ.ਜੀ., ਵਿਜੀਲੈਂਸ ਬਿਊਰੋ, ਪੰਜਾਬ ਵਜੋਂ ਝੂਠੀ ਪਛਾਣ ਦੱਸੀ। ਸਿੱਧੂ ਨੇ ਇਸ ਧੋਖੇਬਾਜ਼ ਪਛਾਣ ਦੀ ਵਰਤੋਂ ਕਰਦਿਆਂ ਇੱਕ ਸਰਕਾਰੀ ਅਧਿਆਪਕ ਦੀ ਸਰਵਿਸ ਬੁੱਕ ਦੀ ਫੋਟੋ ਕਾਪੀ ਹਾਸਲ ਕੀਤੀ ਅਤੇ ਆਪਣੇ ਮੋਬਾਈਲ ਫੋਨ ਨਾਲ ਉਸਦੇ ਸ਼ੁਰੂਆਤੀ ਪੰਨੇ ਦੀਆਂ ਫੋਟੋਆਂ ਖਿੱਚ ਲਈਆਂ।

ਇਸੇ ਤਰ੍ਹਾਂ ਏ.ਆਈ.ਜੀ. ਸਿੱਧੂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰ ਦੇ ਪ੍ਰਿੰਸੀਪਲ ਨੂੰ ਲਿਖਤੀ ਦਰਖਾਸਤ ਤੋਂ ਇਲਾਵਾ ਸਕੂਲ ਦੀ ਈਮੇਲ ਆਈ.ਡੀ. ਅਤੇ ਉਪਰੋਕਤ ਦੋਸ਼ੀ ਕੁਲਦੀਪ ਸਿੰਘ ਰਾਹੀਂ ਇੱਕ ਹੋਰ ਅਰਜ਼ੀ ਭੇਜ ਕੇ ਸਕੂਲ ਦੇ ਇੱਕ ਅਧਿਆਪਕ ਦਾ ਰਿਕਾਰਡ ਪ੍ਰਾਪਤ ਕੀਤਾ। ਸਕੂਲ ਵਿੱਚੋਂ ਲਏ ਗਏ ਇਨ੍ਹਾਂ ਅਧਿਆਪਕਾਂ ਦੇ ਰਿਕਾਰਡ ਦੀ ਪੜਤਾਲ ਕਰਨ ਲਈ ਉਹ ਜ਼ਿਲ੍ਹਾ ਸਮਾਜ ਭਲਾਈ ਅਫ਼ਸਰ ਨੂੰ ਨਾਲ ਲੈ ਕੇ ਸਕੂਲ ਪੁੱਜਾ ਅਤੇ ਪ੍ਰਿੰਸੀਪਲ ਤੋਂ ਦੋ ਪੰਨਿਆਂ ਦੇ ਪ੍ਰੋਫਾਰਮੇ ’ਤੇ ਦਸਤਖ਼ਤ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਿੰਸੀਪਲ ਨੇ ਇਸ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਅੱਗੇ ਦੱਸਿਆ ਕਿ ਪੜਤਾਲ ਅਧੀਨ ਇੱਕ ਹੋਰ ਮਾਮਲੇ ਵਿੱਚ ਮਲਵਿੰਦਰ ਸਿੰਘ ਸਿੱਧੂ ਨੇ ਉਪਰੋਕਤ ਬਲਬੀਰ ਸਿੰਘ ਰਾਹੀਂ ਸਬੰਧਤ ਅਧਿਕਾਰੀ ਵੱਲੋਂ ਇਤਰਾਜ਼ ਕਰਨ ਦੇ ਬਾਵਜੂਦ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਖੇਤੀਬਾੜੀ ਵਿਭਾਗ ਦੇ ਇੱਕ ਬਲਾਕ ਅਫ਼ਸਰ ਦਾ ਨਿੱਜੀ ਰਿਕਾਰਡ ਹਾਸਲ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਖਣ ਲਈ ਇਸ ਅਧਿਕਾਰੀ ਖ਼ਿਲਾਫ਼ ਉਸ ਦੇ ਵਿਭਾਗ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ।

ਇਸ ਸ਼ਿਕਾਇਤ ਨੂੰ ਵਾਪਸ ਲੈਣ ਬਦਲੇ ਇਸ ਅਧਿਕਾਰੀ ਤੋਂ ਤਿੰਨ ਲੱਖ ਰੁਪਏ ਦੀ ਮੰਗ ਕੀਤੀ ਗਈ, ਜਿਸ ਵਿੱਚੋਂ ਡੇਢ ਲੱਖ ਰੁਪਏ ਬਲਬੀਰ ਸਿੰਘ ਅਤੇ ਮਲਵਿੰਦਰ ਸਿੰਘ ਸਿੱਧੂ ਨੇ ਗੈਰਕਾਨੂੰਨੀ ਤਰੀਕੇ ਨਾਲ ਪ੍ਰਾਪਤ ਕੀਤੇ ਸਨ। ਇਸ ਤੋਂ ਬਾਅਦ ਇਸ ਜਾਂਚ ਨੂੰ ਪੂਰਾ ਕਰਨ ਲਈ ਪੀੜਤ ਨੂੰ ਉਸ ਦੇ ਵਿਭਾਗ ਤੋਂ ਹੋਰ ਸਮਾਂ ਦਿਵਾਉਣ ਲਈ ਉਕਤ ਬਲਬੀਰ ਸਿੰਘ ਅਤੇ ਮਲਵਿੰਦਰ ਸਿੰਘ ਸਿੱਧੂ ਨੇ ਦੋ ਲੱਖ ਰੁਪਏ ਦੀ ਰਿਸ਼ਵਤ ਹਾਸਲ ਕੀਤੀ।

ਬੁਲਾਰੇ ਨੇ ਅੱਗੇ ਕਿਹਾ ਕਿ ਮਲਵਿੰਦਰ ਸਿੰਘ ਸਿੱਧੂ ਨੇ ਆਪਣੇ ਆਪ ਨੂੰ ਵਿਜੀਲੈਂਸ ਬਿਊਰੋ ਦਾ ਏ.ਆਈ.ਜੀ./ਆਈ.ਜੀ. ਦੱਸਦਿਆਂ ਬਲਬੀਰ ਸਿੰਘ ਨਾਲ ਮਿਲੀਭੁਗਤ ਕਰਕੇ ਅਨੁਸੂਚਿਤ ਜਾਤੀ ਅਤੇ ਸੁਤੰਤਰਤਾ ਸੈਨਾਨੀਆਂ ਦੇ ਵਿਭਾਗਾਂ ਵਿੱਚ ਕਈ ਵਿਅਕਤੀਆਂ ਦਾ ਰਿਕਾਰਡ ਹਾਸਲ ਕੀਤਾ, ਜਿਸ ਨਾਲ ਬਾਅਦ ਵਿੱਚ ਉਨ੍ਹਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਵਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨਾ ਅਤੇ ਫਿਰ ਇਨ੍ਹਾਂ ਸ਼ਿਕਾਇਤਾਂ ਨੂੰ ਵਾਪਸ ਲੈਣ ਦੇ ਬਦਲੇ ਰਿਸ਼ਵਤ ਲੈੰਦੇ ਰਹੇ। ਉਨ੍ਹਾਂ ਕਿਹਾ ਇਸ ਜਾਂਚ ਦੀ ਗਹਿਨ ਤਫ਼ਤੀਸ਼ ਦੌਰਾਨ ਸੰਭਾਵਨਾ ਹੈ ਕਿ ਇੰਨਾਂ ਦੇ ਹੋਰ ਸਾਥੀ ਵੀ ਇਸ ਕੇਸ ਫਸ ਸਕਦੇ ਹਨ, ਜਿਸ ਬਾਰੇ ਪੂਰੀ ਡੂੰਘਾਈ ਨਾਲ ਜਾਂਚ ਜਾਰੀ ਹੈ।