ਕੈਬਨਿਟ ਮੰਤਰੀ ਨੇ 3.76 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਦੋ ਪੁਲਾਂ ਦਾ ਰੱਖਿਆ ਨੀਂਹ ਪੱਥਰ
ਪੰਜਾਬ ਰਾਜ ਫਾਰਮੇਸੀ ਕੌਂਸਲ ‘ਚ ਘਪਲੇ ਦਾ ਪਰਦਾਫਾਸ਼, ਸੁਪਰਡੈਂਟ ਸਮੇਤ 3 ਗ੍ਰਿਫ਼ਤਾਰ
ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਆਪਣੀ ਮੁਹਿੰਮ ਦੌਰਾਨ ਪੰਜਾਬ ਰਾਜ ਫਾਰਮੇਸੀ ਕੌਂਸਲ (ਪੀ.ਐਸ.ਪੀ.ਸੀ.) ਵਿੱਚ ਵੱਡੇ ਘਪਲੇ ਦਾ ਪਰਦਾਫਾਸ਼ ਕਰਦਿਆਂ ਦੋ ਸਾਬਕਾ ਰਜਿਸਟਰਾਰਾਂ ਅਤੇ ਇੱਕ ਸੁਪਰਡੈਂਟ ਨੂੰ ਕਥਿਤ ਤੌਰ ‘ਤੇ ਨਿੱਜੀ ਫਾਰਮੇਸੀ ਸੰਸਥਾਵਾਂ ਦੇ ਸਹਿਯੋਗ ਨਾਲ ਉਮੀਦਵਾਰਾਂ ਦੀ ਰਜਿਸਟਰੇਸ਼ਨ ਕਰਨ ਅਤੇ ਫਾਰਮਾਸਿਸਟਾਂ ਨੂੰ ਸਰਟੀਫਿਕੇਟ ਜਾਰੀ ਕਰਨ ਨਾਲ ਸਬੰਧਤ ਗੰਭੀਰ ਬੇਨਿਯਮੀਆਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਇੰਕੁਆਰੀ ਨੰ. 04/2019 ਦੌਰਾਨ ਹੋਈ ਪੁਛਗਿੱਛ ਉਪਰੰਤ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਪਰਵੀਨ ਕੁਮਾਰ ਭਾਰਦਵਾਜ ਤੇ ਡਾ. ਤੇਜਬੀਰ ਸਿੰਘ (ਦੋਵੇਂ ਸਾਬਕਾ ਰਜਿਸਟਰਾਰ), ਅਤੇ ਅਸ਼ੋਕ ਕੁਮਾਰ ਲੇਖਾਕਾਰ (ਮੌਜੂਦਾ ਸੁਪਰਡੈਂਟ) ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪਰਵੀਨ ਕੁਮਾਰ ਭਾਰਦਵਾਜ ਨੇ 2001 ਤੋਂ 2009 ਅਤੇ 24.12.2013 ਤੋਂ 25.3.2015 ਤੱਕ ਪੀ.ਐਸ.ਪੀ.ਸੀ. ਦੇ ਰਜਿਸਟਰਾਰ ਵਜੋਂ ਸੇਵਾਵਾਂ ਨਿਭਾਈਆਂ, ਜਦੋਂ ਕਿ ਡਾ. ਤੇਜਬੀਰ ਸਿੰਘ 23.8.2013 ਤੋਂ 24.12.2013 ਤੱਕ ਇਸ ਅਹੁਦੇ ‘ਤੇ ਰਹੇ।
ਵਿਜੀਲੈਂਸ ਜਾਂਚ ਅਨੁਸਾਰ ਲੇਖਾਕਾਰ ਅਸ਼ੋਕ ਕੁਮਾਰ ਵੀ ਇਸ ਘਪਲੇ ਵਿਚ ਸ਼ਾਮਲ ਸੀ। ਜਾਂਚ ਦੌਰਾਨ ਫਾਰਮਾਸਿਸਟਾਂ ਦੀ ਰਜਿਸਟ੍ਰੇਸ਼ਨ ਦੌਰਾਨ ਤਸਦੀਕ ਪ੍ਰਕਿਰਿਆ ਵਿੱਚ ਕੀਤੀ ਅਣਗਿਹਲੀ ਦਾ ਪਤਾ ਲੱਗਾ ਹੈ। ਇਸ ਤੋਂ ਇਲਾਵਾ ਆਮ ਨਿਰੀਖਣ ਦੌਰਾਨ ਕਈ ਜਾਅਲੀ ਡੀ-ਫਾਰਮੇਸੀ ਸਰਟੀਫਿਕੇਟਾਂ ਦਾ ਵੀ ਪਤਾ ਲੱਗਾ ਹੈ। ਇਸ ਜਾਂਚ ਦੌਰਾਨ ਇਹ ਸਪੱਸ਼ਟ ਹੋਇਆ ਕਿ ਪੰਜਾਬ ਦੇ 105 ਫਾਰਮੇਸੀ ਕਾਲਜਾਂ ਵਿੱਚ ਚੱਲਦੇ ਡੀ-ਫਾਰਮੇਸੀ ਕੋਰਸਾਂ ਲਈ ਦਾਖਲਾ ਪ੍ਰਕਿਰਿਆ ਦੌਰਾਨ ਉਕਤ ਦੋਸ਼ੀ ਰਜਿਸਟਰਾਰਾਂ ਅਤੇ ਕਰਮਚਾਰੀਆਂ ਵੱਲੋਂ ਸਖ਼ਤ ਪ੍ਰੋਟੋਕੋਲ ਅਤੇ ਲਾਜ਼ਮੀ ਵਿਦਿਅਕ ਯੋਗਤਾਵਾਂ ਨੂੰ ਅਣਗੌਲਿਆਂ ਕੀਤਾ ਗਿਆ ਸੀ।
ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ, ਜੋ ਸੂਬੇ ਦੇ ਸਰਕਾਰੀ ਕਾਲਜਾਂ ਵਿਚ ਡੀ-ਫਾਰਮੇਸੀ ਕੋਰਸਾਂ ਦੇ ਦਾਖਲਿਆਂ ਦੀ ਆਨਲਾਈਨ ਕਾਊਂਸਲਿੰਗ ਕਰਵਾਉਂਦਾ ਹੈ ਉਸ ਕਾਊਂਸਲਿੰਗ ਦੌਰਾਨ ਪ੍ਰਾਈਵੇਟ ਸੰਸਥਾਵਾਂ ਵਿੱਚ ਖਾਲੀ ਅਸਾਮੀਆਂ ਰਹਿ ਜਾਂਦੀਆਂ ਹਨ। ਇਨ੍ਹਾਂ ਸੀਟਾਂ ਨੂੰ ਭਰਨ ਲਈ ਪ੍ਰਾਈਵੇਟ ਕਾਲਜਾਂ ਨੇ ਕਥਿਤ ਤੌਰ ‘ਤੇ ਉਕਤ ਰਜਿਸਟਰਾਰਾਂ ਅਤੇ ਪੀ.ਐਸ.ਪੀ.ਸੀ. ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਦੂਜੇ ਸੂਬਿਆਂ ਦੇ ਵਿਦਿਆਰਥੀਆਂ ਨੂੰ ਲਾਜ਼ਮੀ ਮਾਈਗ੍ਰੇਸ਼ਨ ਸਰਟੀਫਿਕੇਟ ਪ੍ਰਾਪਤ ਕੀਤੇ ਬਿਨਾਂ, ਇਨ੍ਹਾਂ ਉਮੀਦਵਾਰਾਂ ਤੋਂ ਵੱਡੀ ਰਿਸ਼ਵਤ ਲੈ ਕੇ ਕਥਿਤ ਤੌਰ ‘ਤੇ ਦਾਖਲਾ ਦਿੱਤਾ।
ਇਸ ਤੋਂ ਇਲਾਵਾ ਪ੍ਰਾਈਵੇਟ ਤੌਰ ‘ਤੇ ਮੈਡੀਕਲ ਜਾਂ ਗੈਰ-ਮੈਡੀਕਲ ਸਟ੍ਰੀਮਾਂ ਵਿੱਚ 10+2 ਕਰਨ ਵਾਲੇ ਕਈ ਵਿਦਿਆਰਥੀਆਂ ਨੂੰ ਵੀ ਲੋੜੀਂਦੀ 10+2 ਵਿਦਿਅਕ ਯੋਗਤਾਵਾਂ ਨਾਲ ਡੀ-ਫਾਰਮੇਸੀ ਕੋਰਸ ਵਿਚ ਦਾਖਲਾ ਦਿੱਤਾ ਗਿਆ, ਜਦੋਂ ਕਿ ਯੋਗਤਾ ਅਨੁਸਾਰ 10+2 ਰੈਗੂਲਰ ਤੌਰ ‘ਤੇ ਅਤੇ ਵਿਗਿਆਨ ਦੇ ਪ੍ਰੈਕਟੀਕਲ ਵਿਚ ਭਾਗ ਲੈ ਕੇ ਪਾਸ ਕੀਤੀ ਹੋਣੀ ਚਾਹੀਦੀ ਹੈ।
ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪੰਜਾਬ ਰਾਜ ਫਾਰਮੇਸੀ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਰਿਸ਼ਵਤਾਂ ਬਦਲੇ ਨਿੱਜੀ ਫਾਰਮੇਸੀ ਕਾਲਜਾਂ ਨਾਲ ਮਿਲੀਭੁਗਤ ਕਰਕੇ ਬਿਨਾਂ ਲਾਜ਼ਮੀ ਮਾਈਗ੍ਰੇਸ਼ਨ ਸਰਟੀਫਿਕੇਟ ਅਤੇ 10+2 ਸਰਟੀਫਿਕੇਟਾਂ ਦੀ ਤਸਦੀਕ ਕੀਤੇ ਬਿਨਾਂ ਦਾਖਲਿਆਂ ਦੀ ਇਜਾਜ਼ਤ ਦਿੱਤੀ।
ਇਸ ਤੋਂ ਇਲਾਵਾ ਭਾਰਤ ਵਿੱਚ ਕਾਉਂਸਿਲ ਆਫ਼ ਬੋਰਡ ਆਫ਼ ਸਕੂਲ ਐਜੂਕੇਸ਼ਨ (ਸੀ.ਓ.ਬੀ.ਐਸ.ਈ.) ਵੱਲੋਂ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਦੁਆਰਾ ਜਾਰੀ ਸਰਟੀਫਿਕੇਟਾਂ ਦੀ ਪ੍ਰਵਾਨਗੀ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਸਬੰਧ ਵਿੱਚ ਬੇਨਿਯਮੀਆਂ ਸਾਹਮਣੇ ਆਈਆਂ ਹਨ। ਪੀ.ਐਸ.ਪੀ.ਸੀ. ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਪ੍ਰਾਈਵੇਟ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਪ੍ਰਬੰਧਕਾਂ ਦੀ ਮਿਲੀਭੁਗਤ ਨਾਲ ਇਨ੍ਹਾਂ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਕਰਵਾਕੇ ਸਰਟੀਫਿਕੇਟ ਜਾਰੀ ਕੀਤੇ ਅਤੇ ਅਜਿਹੇ ਜਾਅਲੀ ਸਰਟੀਫਿਕੇਟਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀ ਮਿਲੀ ਜਾਂ ਮੈਡੀਕਲ ਦੁਕਾਨਾਂ ਸਥਾਪਤ ਕਰਨ ਵਿੱਚ ਮੱਦਦ ਕੀਤੀ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੁਲਜ਼ਮ ਪਰਵੀਨ ਕੁਮਾਰ ਭਾਰਦਵਾਜ ਨੂੰ 31.3.2011 ਨੂੰ ਫ਼ਰਜੀ ਦਾਖਲਿਆਂ, ਜਾਅਲੀ ਸਰਟੀਫਿਕੇਟਾਂ, ਰਿਕਾਰਡ ਵਿਚ ਹੇਰਾਫੇਰੀ ਅਤੇ ਡਿਸਪੈਚ ਰਜਿਸਟਰ ਵਿਚ ਗਲਤੀਆਂ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਉਸਨੂੰ 24.12.2013 ਨੂੰ ਰਜਿਸਟਰਾਰ ਵਜੋਂ ਦੁਬਾਰਾ ਨਿਯੁਕਤ ਕਰ ਦਿੱਤਾ ਸੀ ਪਰ 25.3.2015 ਨੂੰ ਹਾਈ ਕੋਰਟ ਦੀ ਰਿੱਟ ਪਟੀਸ਼ਨ ਕਾਰਨ ਉਸ ਦੀਆਂ ਸੇਵਾਵਾਂ ਨੂੰ ਖ਼ਤਮ ਕਰ ਦਿੱਤਾ ਗਿਆ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਡਾਇਰੈਕਟਰ, ਮੈਡੀਕਲ ਸਿੱਖਿਆ ਅਤੇ ਖੋਜ (ਡੀ.ਆਰ.ਐਮ.ਈ.), ਅਤੇ ਅੰਮ੍ਰਿਤਸਰ, ਫਰੀਦਕੋਟ ਅਤੇ ਪਟਿਆਲਾ ਦੇ ਮੈਡੀਕਲ ਕਾਲਜਾਂ ਵੱਲੋਂ ਕੀਤੀ ਗਈ ਤਸਦੀਕ ਦੌਰਾਨ ਦਾਖਲਿਆਂ ਅਤੇ ਪੀ.ਐਸ.ਪੀ.ਸੀ. ਦੀ ਰਜਿਸਟ੍ਰੇਸ਼ਨ ਪ੍ਰਕਿਰਿਆਵਾਂ ਵਿੱਚ ਕਾਫੀ ਬੇਨਿਯਮੀਆਂ ਦਾ ਪਤਾ ਲੱਗਾ। ਅੰਮ੍ਰਿਤਸਰ ਅਤੇ ਫਰੀਦਕੋਟ ਕਾਲਜਾਂ ਦੀਆਂ ਰਿਪੋਰਟਾਂ ਨੇ ਪੀ.ਐਸ.ਪੀ.ਸੀ. ਵਿਖੇ ਦਾਖਲਿਆਂ ਅਤੇ ਰਜਿਸਟ੍ਰੇਸ਼ਨ ਵਿੱਚ ਹੇਰਾਫੇਰੀ ਦਾ ਖੁਲਾਸਾ ਕੀਤਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ 2005 ਤੋਂ 2022 ਦਰਮਿਆਨ 143 ਵਿਦਿਆਰਥੀਆਂ ਦੇ ਜਾਅਲੀ ਸਰਟੀਫਿਕੇਟਾਂ ਦਾ ਪਰਦਾਫਾਸ਼ ਹੋਇਆ ਹੈ। ਇਨ੍ਹਾਂ ਵਿਦਿਆਰਥੀਆਂ ਨੇ ਪੰਜਾਬ ਤਕਨੀਕੀ ਸਿੱਖਿਆ ਬੋਰਡ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਆਪਣੇ ਸਬੰਧਾਂ ਦਾ ਫਾਇਦਾ ਉਠਾਉਂਦਿਆਂ ਪ੍ਰਾਈਵੇਟ ਕਾਲਜਾਂ ਵਿੱਚ ਡੀ-ਫਾਰਮੇਸੀ ਦੇ ਡਿਪਲੋਮੇ ਮੁਕੰਮਲ ਕੀਤੇ।
ਪੀ.ਐਸ.ਪੀ.ਸੀ. ਨੂੰ 2016 ਤੋਂ 2023 ਤੱਕ ਤਸਦੀਕ ਰਿਪੋਰਟਾਂ ‘ਤੇ ਟਿੱਪਣੀਆਂ ਦੀ ਬੇਨਤੀ ਕਰਨ ਸਬੰਧੀ ਕਈ ਪੱਤਰ ਭੇਜੇ ਗਏ ਪਰ ਇਸ ਦੇ ਬਾਵਜੂਦ ਪੀ.ਐਸ.ਪੀ.ਸੀ. ਲੰਬਿਤ ਜਾਂਚ ਦਾ ਹਵਾਲਾ ਦਿੰਦਿਆਂ ਜ਼ਰੂਰੀ ਟਿੱਪਣੀਆਂ ਦੇਣ ਵਿੱਚ ਅਸਫਲ ਰਿਹਾ। ਇਸ ਤੋਂ ਇਲਾਵਾ, ਪ੍ਰਦਾਨ ਕੀਤੀਆਂ ਸੂਚੀਆਂ ਦੀ ਅਣਹੋਂਦ ਕਾਰਨ ਕੁਝ ਜ਼ਿਲ੍ਹਿਆਂ ਦੀਆਂ ਰਿਪੋਰਟਾਂ ਦੀ ਪੁਸ਼ਟੀ ਕਰਨ ਵਿੱਚ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਭੂਮਿਕਾ ਵੀ ਅਸਪਸ਼ਟ ਰਹੀ ਹੈ। ਕੁੱਲ 3078 ਤਸਦੀਕਾਂ ਵਿੱਚੋਂ, ਪੀ.ਐਸ.ਪੀ.ਸੀ. ਨੇ ਪਛਾਣੇ ਗਏ ਫਰਜ਼ੀ ਦਸਤਾਵੇਜ਼ਾਂ ਬਾਰੇ ਕੋਈ ਜਾਣਕਾਰੀ ਦਿੱਤੇ ਬਿਨਾਂ ਸਿਰਫ਼ 453 ਫਾਰਮਾਸਿਸਟਾਂ ਬਾਰੇ ਟਿੱਪਣੀਆਂ ਦਿੱਤੀਆਂ ਹਨ।
ਇਸ ਤੋਂ ਇਲਾਵਾ ਬਾਹਰਲੇ ਸੂਬਿਆਂ ਦੇ ਸਿੱਖਿਆ ਬੋਰਡਾਂ ਤੋਂ 10+2 ਕਰਨ ਦੇ ਬਾਵਜੂਦ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਅਤੇ ਪ੍ਰਾਈਵੇਟ ਕਾਲਜਾਂ ਤੋਂ ਡਿਪਲੋਮਾ ਪੂਰਾ ਕਰਨ ਉਪਰੰਤ ਡੀ-ਫਾਰਮੇਸੀ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਬਾਰੇ ਵੀ ਬੇਨਿਯਮੀਆਂ ਦਾ ਪਤਾ ਲੱਗਾ ਜੋ ਪੀ.ਐਸ.ਪੀ.ਸੀ. ਦੁਆਰਾ ਤਸਦੀਕ ਅਤੇ ਰਜਿਸਟ੍ਰੇਸ਼ਨ ਮੌਕੇ ਕੀਤੀਆਂ ਗਲਤੀਆਂ ਨੂੰ ਦਰਸਾਉਂਦਾ ਹੈ।
ਉਨ੍ਹਾਂ ਦੱਸਿਆ ਕਿ ਰਜਿਸਟਰਾਰ ਵਜੋਂ ਡਾ. ਅਭਿੰਦਰ ਸਿੰਘ ਥਿੰਦ, ਡਾ. ਤੇਜਬੀਰ ਸਿੰਘ ਅਤੇ ਪਰਵੀਨ ਕੁਮਾਰ ਭਾਰਦਵਾਜ ਦੀ ਮਿਲੀਭੁਗਤ ਕਾਰਨ ਬਹੁਤ ਸਾਰੇ ਜਾਅਲੀ ਫਾਰਮੇਸੀ ਸਰਟੀਫਿਕੇਟ ਜਾਰੀ ਕੀਤੇ ਗਏ, ਜਿਸ ਨਾਲ ਜਨਤਕ ਸਿਹਤ ਅਤੇ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਇਆ ਗਿਆ। ਰਾਜ ਦੇ ਪੰਜ ਜ਼ੋਨਾਂ ਨੇ ਬੇਨਿਯਮੀਆਂ ਨੂੰ ਉਜਾਗਰ ਕਰਦਿਆਂ ਡੀ.ਆਰ.ਐਮ.ਈ. ਨੂੰ ਤਸਦੀਕ ਰਿਪੋਰਟਾਂ ਸੌਂਪੀਆਂ। ਹਾਲਾਂਕਿ, ਫਰੀਦਕੋਟ ਤੋਂ ਇਲਾਵਾ ਪੀ.ਐਸ.ਪੀ.ਸੀ. ਦੀ ਰਿਪੋਰਟ ਅਜੇ ਵੀ ਲੰਬਿਤ ਹੈ ਜਿਸ ਕਾਰਨ ਰਿਪੋਰਟਾਂ ਵਿੱਚ ਇਹਨਾਂ ਬੇਨਿਯਮੀਆਂ ਬਾਰੇ ਸਪੱਸ਼ਟ ਫੈਸਲਾ ਸਾਹਮਣੇ ਨਹੀਂ ਆਇਆ।
ਫਾਰਮੇਸੀ ਕੌਂਸਲ ਆਫ਼ ਇੰਡੀਆ (ਪੀ.ਸੀ.ਆਈ.), ਨਵੀਂ ਦਿੱਲੀ ਦੇ ਇੱਕ ਪੱਤਰ ਵਿੱਚ, ਫਾਰਮਾਸਿਸਟ ਰਜਿਸਟ੍ਰੇਸ਼ਨ ਲਈ ਹਰੇਕ ਅਰਜ਼ੀ ਦੀ ਪੜਤਾਲ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੋਇਆ ਹੈ, ਜਿਸ ਵਿੱਚ ਵਿਦਿਅਕ ਪ੍ਰਮਾਣ ਪੱਤਰਾਂ ਦੀ ਤਸਦੀਕ ਅਤੇ ਫਾਰਮੇਸੀ ਐਕਟ 1948 ਤਹਿਤ ਕਾਨੂੰਨੀ ਸ਼ਰਤਾਂ ਦੀ ਪਾਲਣਾ ਕਰਨਾ ਸ਼ਾਮਲ ਹੈ ਪਰ ਪੀ.ਐਸ.ਪੀ.ਸੀ. ਰਜਿਸਟਰਾਰ ਅਤੇ ਮੁਲਾਜ਼ਮਾਂ ਨੇ ਇਨ੍ਹਾਂ ਲਾਜ਼ਮੀ ਸ਼ਰਤਾਂ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ।
ਇਸ ਤੋਂ ਇਲਾਵਾ ਇਹ ਪਤਾ ਲੱਗਾ ਕਿ ਪਰਵੀਨ ਕੁਮਾਰ ਭਾਰਦਵਾਜ ਨੇ ਤਤਕਾਲੀ ਸਮੇਂ ਰਜਿਸਟਰਾਰ ਦਾ ਅਹੁਦਾ ਨਾ ਹੋਣ ਦੇ ਬਾਵਜੂਦ ਕਥਿਤ ਤੌਰ ‘ਤੇ ਹਿਮਾਚਲ ਸਟੇਟ ਫਾਰਮੇਸੀ ਕੌਂਸਲ ਦੇ ਵਿਦਿਆਰਥੀਆਂ ਲਈ ਦੋ ਫਾਰਮੇਸੀ ਸਰਟੀਫਿਕੇਟਾਂ ‘ਤੇ ਦਸਤਖਤ ਕੀਤੇ ਸਨ।
ਉਪਰੋਕਤ ਬੇਨਿਯਮੀਆਂ ਨੂੰ ਧਿਆਨ ਵਿਚ ਰੱਖਦਿਆਂ, ਉਕਤ ਖ਼ਿਲਾਫ ਐੱਫ.ਆਈ.ਆਰ. 17 ਮਿਤੀ 8.12.23 ਨੂੰ ਆਈ.ਪੀ.ਸੀ. ਦੀ ਧਾਰਾ 420, 465, 466, 468, 471, 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਹੋਰ ਤਫ਼ਤੀਸ਼ ਦੌਰਾਨ ਪੀ.ਐੱਸ.ਪੀ.ਸੀ. ਦੇ ਹੋਰ ਅਧਿਕਾਰੀਆਂ, ਮੁਲਾਜ਼ਮਾਂ ਅਤੇ ਕਲਰਕਾਂ ਦੇ ਨਾਲ-ਨਾਲ ਪ੍ਰਾਈਵੇਟ ਕਾਲਜਾਂ ਨਾਲ ਜੁੜੇ ਵਿਅਕਤੀਆਂ ਦੀਆਂ ਭੂਮਿਕਾਵਾਂ ਦੀ ਵੀ ਜਾਂਚ ਕੀਤੀ ਜਾਵੇਗੀ।
ਸੁਖਦੇਵ ਸਿੰਘ ਗੋਗਾਮੇੜੀ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ, ਮੁਲਜ਼ਮਾਂ ਨੂੰ ਚੰਡੀਗੜ੍ਹ ਤੋਂ ਲਿਆ ਹਿਰਾਸਤ ‘ਚ
ਸੁਖਦੇਵ ਸਿੰਘ ਗੋਗਾਮੇੜੀ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਰਾਜਸਥਾਨ ਪੁਲਸ ਨਾਲ ਸਾਂਝੀ ਕਾਰਵਾਈ ਕਰਦਿਆਂ ਸੁਖਦੇਵ ਸਿੰਘ ਗੋਗਾਮੇੜੀ ਕਤਲਕਾਂਡ ਦੇ ਮੁੱਖ ਮੁਲਜ਼ਮ ਰੋਹਿਤ ਰਾਠੌੜ ਅਤੇ ਨਿਤਿਨ ਫ਼ੌਜੀ ਸਮੇਤ ਤਿੰਨ ਮੁਲਜ਼ਮਾਂ ਨੂੰ ਚੰਡੀਗੜ੍ਹ ਤੋਂ ਹਿਰਾਸਤ ਵਿਚ ਲਿਆ ਹੈ।
ਮੁਲਜ਼ਮਾਂ ਦੇ ਨਾਂ ਰੋਹਿਤ ਰਾਠੌਰ ਅਤੇ ਨਿਤਿਨ ਫ਼ੌਜੀ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਪੁਲਿਸ ਨੇ ਉਦੈ ਨਾਂ ਦੇ ਇਕ ਹੋਰ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਟੀਮ ਸਾਰਿਆਂ ਨੂੰ ਜੈਪੁਰ ਲੈ ਕੇ ਜਾਵੇਗੀ। ਸੁਖਦੇਵ ਸਿੰਘ ਗੋਗਾਮੇੜੀ ਦੀ ਜੈਪੁਰ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਪੂਰੀ ਘਟਨਾ ਵਿਚ ਕੁੱਲ੍ਹ 17 ਗੋਲ਼ੀਆਂ ਚਲਾਈਆਂ ਗਈਆਂ।
ਇਸ ਤੋਂ ਪਹਿਲਾਂ ਕੱਲ੍ਹ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਕੇਸ ਵਿੱਚ ਹਰਿਆਣਾ ਤੋਂ ਪਹਿਲੀ ਗ੍ਰਿਫ਼ਤਾਰੀ ਹੋਈ ਸੀ। ਰਾਜਸਥਾਨ ਪੁਲਸ ਨੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਸਤਨਾਲੀ ਦੇ ਪਿੰਡ ਸੁਰੇਤੀ ਪਿਲਾਨੀਆ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਸੁਰਤੀ ਪਿਲਾਨੀਆ ਦੇ ਰਾਮਵੀਰ ਨੇ ਜੈਪੁਰ ‘ਚ ਨਿਤਿਨ ਫ਼ੌਜੀ ਲਈ ਸਾਰੇ ਇੰਤਜ਼ਾਮ ਕੀਤੇ ਸਨ। ਨਿਤਿਨ ਫ਼ੌਜੀ ਅਤੇ ਰਾਮਵੀਰ ਦੋਵੇਂ ਦੋਸਤ ਹਨ ਅਤੇ ਉਹ ਪਹਿਲਾਂ ਵੀ ਨਿਤਿਨ ਫੌਜੀ ਦੀ ਮਦਦ ਕਰ ਚੁੱਕੇ ਹਨ।
ਰਾਮਵੀਰ ਅਤੇ ਨਿਤਿਨ ਫ਼ੌਜੀ ਮਹਿੰਦਰਗੜ੍ਹ ਦੇ ਇਕ ਪ੍ਰਾਈਵੇਟ ਸਕੂਲ ਵਿਚ 12ਵੀਂ ਜਮਾਤ ਤੱਕ ਇਕੱਠੇ ਪੜ੍ਹੇ ਸਨ। ਜਦੋਂ ਕਿ ਨਿਤਿਨ ਫ਼ੌਜੀ ਸਾਲ 2019-20 ਵਿੱਚ 12ਵੀਂ ਪਾਸ ਕਰਕੇ ਫ਼ੌਜ ਵਿਚ ਭਰਤੀ ਹੋਇਆ ਸੀ। ਰਾਮਵੀਰ ਅੱਗੇ ਦੀ ਪੜ੍ਹਾਈ ਲਈ ਜੈਪੁਰ ਚਲਾ ਗਿਆ। ਇਸ ਸਾਲ ਅਪ੍ਰੈਲ ਵਿਚ ਉਹ ਜੈਪੁਰ ਵਿਚ ਐੱਮ.ਐੱਸ.ਸੀ. ਦੇ ਪੇਪਰ ਦੇਣ ਤੋਂ ਬਾਅਦ ਪਿੰਡ ਆਇਆ ਸੀ।
ਦਿੱਲੀ ਦੇ CM ਅਰਵਿੰਦ ਕੇਜਰੀਵਾਲ ਤੇ ਪੰਜਾਬ CM ਭਗਵੰਤ ਮਾਨ ਅੱਜ ਲੁਧਿਆਣਾ ‘ਚ ਕਰਨਗੇ ਰੈਲੀ
ਦਿੱਲੀ ਦੇ CM ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ਦੇ ਧਨਾਨਸੂ ਵਿੱਚ ਰੈਲੀ ਕਰਨਗੇ। ਦੋਵੇਂ CM ਜਨਤਕ ਸੇਵਾਵਾਂ ਦੀ ਡੋਰਸਟੇਪ ਡਿਲੀਵਰੀ ਦੀ ਸ਼ੁਰੂਆਤ ਕਰਨਗੇ। ਇਸ ਸਕੀਮ ਤਹਿਤ ਸਿਰਫ਼ ਇੱਕ ਫ਼ੋਨ ਕਾਲ ਨਾਲ 43 ਤਰ੍ਹਾਂ ਦੀਆਂ ਸੇਵਾਵਾਂ ਘਰ ਬੈਠੇ ਹੀ ਮਿਲਣਗੀਆਂ। CM ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਲੁਧਿਆਣਾ ਤੋਂ ਸਰਕਾਰ ਤੁਹਾਡੇ ਦੁਆਰ ਸਕੀਮ ਦੀ ਸ਼ੁਰੂਆਤ ਕਰਨਗੇ।
ਆਮ ਆਦਮੀ ਪਾਰਟੀ (ਆਪ) ਵੱਲੋਂ ਰੈਲੀ ਦੀਆਂ ਤਿਆਰੀਆਂ ਪਿਛਲੇ ਦਿਨੀਂ ਮੁਕੰਮਲ ਕਰ ਲਈਆਂ ਗਈਆਂ ਸਨ। ਇਸ ਦੇ ਨਾਲ ਹੀ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਜਾਮ ਤੋਂ ਬਚਾਉਣ ਲਈ ਰੂਟ ਪਲਾਨ ਵੀ ਜਾਰੀ ਕੀਤਾ ਹੈ। ਨਗਰ ਨਿਗਮ ਅਤੇ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਰਿਪੋਰਟ ਤਿਆਰ ਕੀਤੀ ਗਈ ਹੈ।
ਉਮੀਦ ਹੈ ਕਿ ਅੱਜ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸ਼ਹਿਰ ਦੇ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕਰ ਸਕਦੇ ਹਨ। ਦੋਵਾਂ ਮੁੱਖ ਮੰਤਰੀਆਂ ਦੀ ਆਮਦ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਿਸ ਅਧਿਕਾਰੀ ਦੇਰ ਰਾਤ ਤੱਕ ਰੈਲੀ ਵਾਲੀ ਥਾਂ ਦਾ ਮੁਆਇਨਾ ਕਰਦੇ ਰਹੇ।ਇਸ ਰੈਲੀ ਦੀ ਸੁਰੱਖਿਆ ਲਈ 300 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਪੁਲਿਸ ਨੇ ਰੂਟ ਪਲਾਨ ਵੀ ਜਾਰੀ ਕੀਤਾ ਹੈ ਤਾਂ ਜੋ ਰੈਲੀ ਦੌਰਾਨ ਲੋਕਾਂ ਨੂੰ ਆਵਾਜਾਈ ਸਬੰਧੀ ਕੋਈ ਦਿੱਕਤ ਨਾ ਆਵੇ। ਰੈਲੀ ਕਾਰਨ ਮੁੱਖ ਤੌਰ ’ਤੇ 4 ਸੜਕਾਂ ਪ੍ਰਭਾਵਿਤ ਹੋਣਗੀਆਂ। ਜਿਸ ਵਿੱਚ ਸਮਰਾਲਾ ਚੌਂਕ ਤੋਂ ਕੋਹਾੜਾ ਰੋਡ, ਸਾਹਨੇਵਾਲ ਤੋਂ ਕੋਹਾੜਾ ਰੋਡ, ਨੀਲੋਂ ਤੋਂ ਕੋਹਾੜਾ/ਧਨਾਨਸੂ ਰੋਡ ਅਤੇ ਦੱਖਣੀ ਬਾਈਪਾਸ ਰੋਡ ਸ਼ਾਮਲ ਹਨ।
ਪਿੱਟਬੁੱਲ ਦਾ ਕਹਿਰ, ਮਹਿਲਾ ‘ਤੇ ਹਮਲਾ ਕਰ ਕੀਤਾ ਜ਼ਖਮੀ
ਮੁਹਾਲੀ ਦੇ ਕਸਬਾ ਖਰੜ ਦੇ ਗੁਰੂ ਤੇਗ ਬਹਾਦਰ ਨਗਰ ‘ਚ ਘਰ ‘ਚ ਸਫਾਈ ਕਰਨ ਪਹੁੰਚੀ ਇਕ ਔਰਤ ‘ਤੇ ਘਰ ਦੇ ਦੋ ਪਾਲਤੂ ਪਿੱਟਬੁਲ ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਰਾਖੀ ਦਾ ਅੱਧਾ ਮੂੰਹ ਖਾ ਲਿਆ। ਕੁੱਤੇ ਕਰੀਬ ਇੱਕ ਘੰਟੇ ਤੱਕ ਉਸਨੂੰ ਨੋਚਦੇ ਰਹੇ। ਉਸ ਦੀ ਗਰਦਨ, ਪੇਟ, ਹੱਥਾਂ, ਪੱਟਾਂ ਅਤੇ ਦੋਵੇਂ ਲੱਤਾਂ ‘ਤੇ ਕੱਟਣ ਦੇ ਗੰਭੀਰ ਜ਼ਖਮ ਹਨ। ਔਰਤ ਜਿਸ ਘਰ ਵਿੱਚ ਕੰਮ ਕਰਦੀ ਸੀ, ਉਸ ਘਰ ਦਾ ਮਾਲਕ ਵਿਆਹ ਵਿੱਚ ਗਿਆ ਹੋਇਆ ਸੀ। ਪਹਿਲੇ ਦਿਨ ਹੀ ਉਹ ਘਰ ਦੀ ਸਫ਼ਾਈ ਕਰਨ ਆਈ ਸੀ।ਗੁ
ਰੂ ਤੇਗ ਬਹਾਦਰ ਨਗਰ ਦਾ ਰਹਿਣ ਵਾਲਾ ਪ੍ਰਕਾਸ਼ ਸਿੰਘ ਆਪਣੇ ਪਰਿਵਾਰ ਸਮੇਤ ਵਿਆਹ ਸਮਾਗਮ ਵਿੱਚ ਗਿਆ ਹੋਇਆ ਸੀ। ਉਸ ਦੀ ਸੱਸ ਘਰ ਵਿਚ ਇਕੱਲੀ ਸੀ। ਦੁਪਹਿਰ ਨੂੰ ਜਿਵੇਂ ਹੀ ਨੌਕਰਾਣੀ ਰਾਖੀ ਘਰ ‘ਚ ਦਾਖਲ ਹੋਈ ਤਾਂ ਉਸ ‘ਤੇ ਖੁੱਲ੍ਹੇ ਘੁੰਮ ਰਹੇ ਪਿਟਬੁੱਲ ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਉਸ ਦਾ ਅੱਧਾ ਮੂੰਹ ਵੱਢ ਕੇ ਖਾ ਲਿਆ। ਉਸ ਦੀ ਗਰਦਨ ‘ਤੇ ਵੀ ਜ਼ਖ਼ਮ ਦੇ ਨਿਸ਼ਾਨ ਹਨ। ਇਸ ਤੋਂ ਬਾਅਦ ਉਸ ਨੂੰ ਖਰੜ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਬਾਅਦ ਵਿਚ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਪੰਜਾਬ ਪੁਲਿਸ ਨੇ ਸਾਬਕਾ IG ਤੇ 2 ਹੋਰਨਾਂ ਖ਼ਿਲਾਫ਼ ਕੇਸ ਕੀਤਾ ਦਰਜ, ਫਰਜ਼ੀ ਐਨਕਾਊਂਟਰ ਮਾਮਲੇ ‘ਚ ਹੋਈ ਕਾਰਵਾਈ
ਪੰਜਾਬ ਪੁਲਿਸ ਨੇ ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕਾਰਵਾਈ 29 ਸਾਲ ਪੁਰਾਣੇ ਫਰਜ਼ੀ ਐਨਕਾਊਂਟਰ ਦੇ ਮਾਮਲੇ ਵਿਚ ਕੀਤੀ ਗਈ ਹੈ। ਵਿਸ਼ੇਸ਼ ਜਾਂਚ ਟੀਮ ਵੱਲੋਂ ਇਸ ਪੂਰੇ ਮਾਮਲੇ ਦੀ ਇਨਕੁਆਰੀ ਕੀਤੀ ਜਾ ਰਹੀ ਸੀ ਤੇ ਉਨ੍ਹਾਂ ਵੱਲੋਂ ਜਾਂਚ ਦੌਰਾਨ ਪਾਇਆ ਗਿਆ ਕਿ ਗਲ਼ਤ ਤੱਥਾਂ ਦੇ ਆਧਾਰ ‘ਤੇ FIR ਦਰਜ ਕੀਤੀ ਗਈ ਸੀ ਤੇ ਪੁਲਿਸ ਮੁਕਾਬਲਾ ਫਰਜ਼ੀ ਸੀ।
SIT ਵੱਲੋਂ 2 ਅਕਤੂਬਰ ਨੂੰ ਸਿੰਘ ਭਗਵੰਤਪੁਰਾ ਜ਼ਿਲ੍ਹਾ ਰੋਪੜ ਵਿਖੇ ਨਵਾਂ ਮਾਮਲਾ FIR ਨੰਬਰ 76 ਦਰਜ ਕੀਤਾ ਗਿਆ ਜਿਸ ਵਿਚ ਪਰਮਰਾਜ ਸਿੰਘ ਉਮਰਾਨੰਗਲ, ਤਤਕਾਲੀ ਐਸਪੀ (ਡੀ) ਰੋਪੜ ਸਣੇ ਦੋ ਹੋਰ ਪੁਲਿਸ ਮੁਲਾਜ਼ਮਾਂ ਜਸਪਾਲ ਸਿੰਘ, ਤਤਕਾਲੀ ਡੀਐਸਪੀ ਮੋਰਿੰਡਾ ਤੇ ਏਐਸਆਈ ਗੁਰਦੇਵ ਸਿੰਘ, ਤਤਕਾਲੀ ਪੁਲਿਸ ਚੌਕੀ ਲੁਥੇਰੀ (ਹੁਣ ਮ੍ਰਿਤਕ) ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਐਫਆਈਆਰ ਦੀ ਜਾਂਚ ਲਈ ਹਾਈਕੋਰਟ ਵੱਲੋਂ 10 ਮਾਰਚ ਨੂੰ ਐਸਆਈਟੀ ਦਾ ਗਠਨ ਕੀਤਾ ਗਿਆ ਸੀ। ਐਨਕਾਊਂਟਰ ‘ਚ ਸ਼ਾਮਲ ਅਧਿਕਾਰੀਆਂ ਵੱਲੋਂ ਝੂਠ ਦੇ ਆਧਾਰ ’ਤੇ ਕੇਸ ਦਰਜ ਕੀਤਾ ਗਿਆ ਸੀ। ਇਸ ਲਈ ਉਕਤ ਐਫਆਈਆਰ ਨੂੰ ਰੱਦ ਕਰਨ ਦੀ ਅਰਜ਼ੀ 2 ਦਸੰਬਰ ਨੂੰ ਇਲਾਕਾ ਮੈਜਿਸਟਰੇਟ ਰੋਪੜ ਨੂੰ ਦਿੱਤੀ ਗਈ ਹੈ।
ਭਾਖੜਾ ਨਹਿਰ ‘ਚ ਮੁੰਡਾ-ਕੁੜੀ ਨੇ ਮਾਰੀ ਛਾ.ਲ, ਗੋਤਾਖੋਰਾਂ ਨੇ ਕੁੜੀ ਦੀ ਦੇ.ਹ ਕੀਤੀ ਬਰਾਮਦ
ਪਟਿਆਲਾ ਵਿਚ ਭਾਖੜਾ ਨਹਿਰ ‘ਚ ਮੁੰਡਾ-ਕੁੜੀ ਨੇ ਛਾਲ ਮਾਰ ਦਿੱਤੀ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਕੁੜੀ ਦੀ ਦੇਹ ਨੂੰ ਤਾਂ ਬਰਾਮਦ ਕਰ ਲਿਆ ਹੈ ਜਦੋਂ ਕਿ ਮੁੰਡੇ ਦੀ ਭਾਲ ਜਾਰੀ ਹੈ।
ਥਾਣਾ ਪਸਿਆਣਾ ਇੰਚਾਰਜ ਕਰਨਬੀਰ ਸਿੰਘ ਸੰਧੂ ਮੁਤਾਬਕ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਕੁੜੀ ਦੀ ਪਛਾਣ 24 ਸਾਲਾ ਸਰਬਜੀਤ ਕੌਰ ਵਾਸੀ ਟੋਹਾਣਾ (ਹਰਿਆਣਾ) ਵਜੋਂ ਹੋਈ ਹੈ ਦੂਜੇ ਪਾਸੇ ਮੁੰਡਾ ਦੀਵਾਨੂਰ ਸਿੰਘ ਵਾਸੀ ਪਟਿਆਲਾ ਵਜੋਂ ਹੋਈ ਹੈ।
ਡਾਇਵਰਸ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਦੁਪਹਿਰ ਲਗਭਗ 2 ਵਜੇ ਸੂਚਨਾ ਮਿਲੀ ਕਿ ਪਟਿਆਲਾ-ਸੰਗਰੂਰ ‘ਤੇ ਭਾਖੜਾ ਨਹਿਰ ਵਿਚ ਕੁੜੀ ਨੇ ਛਾਲ ਮਾਰ ਦਿੱਤੀ ਹੈ।ਇਸ ਦੇ ਬਾਅਦ ਇਕ ਨੌਜਵਾਨ ਨੇ ਵੀ ਨਹਿਰ ਵਿਚ ਛਾਲ ਮਾਰ ਦਿੱਤੀ। ਤੁਰੰਤ ਗੋਤਾਖੋਰਾਂ ਦੀ ਟੀਮ ਮੌਕੇ ‘ਤੇ ਪਹੁੰਚੀ ਤੇ ਨਹਿਰ ਵਿਚ ਭਾਲ ਸ਼ੁਰੂ ਕੀਤੀ। ਮੌਕੇ ‘ਤੇ ਮੌਜੂਦ ਲੋਕਾਂ ਮੁਤਬਾਕ ਦੁਪਹਿਰ ਨੂੰ ਦੋਵੇਂ ਨਹਿਰ ਕਿਨਾਰੇ ਪਹੁੰਚੇ ਤੇ ਗੱਲਬਾਤ ਦੌਰਾਨ ਲੜਕੀ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਤੇ ਇਸ ਤੋਂ ਬਾਅਦ ਮੁੰਡੇ ਨੇ ਵੀ ਛਲਾਂਗ ਲਗਾ ਦਿੱਤੀ।
BSF ਨੇ ਨਸ਼ਾ ਤਸਕਰਾਂ ਦੀ ਕੋਸ਼ਿਸ਼ ਕੀਤੀ ਨਾਕਾਮ, ਫ਼ਿਰੋਜ਼ਪੁਰ ਸਰਹੱਦ ਨੇੜੇ ਡਰੋਨ ਕੀਤਾ ਬਰਾਮਦ
ਫ਼ਿਰੋਜ਼ਪੁਰ: ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਸਰਹੱਦ ਅੰਦਰ ਡ੍ਰੋਨ ਰਾਹੀਂ ਨਸ਼ਾ ਭੇਜੇ ਜਾਣ ਦਾ ਸਿਲਸਿਲਾ ਜਾਰੀ ਹੈ। ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਵੱਲੋਂ ਕੀਤੀਆਂ ਜਾ ਰਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿਚ ਕਾਫੀ ਵਾਧਾ ਹੋਇਆ ਹੈ। ਪਾਕਿ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਬੀਐੱਸਐੱਫ ਜਵਾਨਾਂ ਵੱਲੋਂ ਲਗਾਤਾਰ ਜਾਰੀ ਹੈ। ਇਸੇ ਤਹਿਤ BSF ਜਵਾਨਾਂ ਵੱਲੋਂ ਗਸ਼ਤ ਕੀਤੀ ਜਾਂਦੀ ਰਹੀ ਹੈ।
ਇਸੇ ਤਹਿਤ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ‘ਤੇ ਬੀਤੀ ਰਾਤ ਕਰੀਬ 10:10 ਵਜੇ ਬੀਐਸਐਫ ਨੇ ਪਿੰਡ ਮਾਬੋਕੇ, ਵਿਖੇ ਡਰੋਨ ਗਤੀਵਿਧੀ ਨੂੰ ਨਾਕਾਮ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਬੀਐਸਐਫ ਦੇ ਜਵਾਨਾਂ ਵੱਲੋਂ ਇਸ ਡਰੋਨ ਨੂੰ ਰੋਕਣ ਲਈ ਫਾਇਰਿੰਗ ਕੀਤੀ ਗਈ।
ਇਸ ਦੇ ਤੁਰੰਤ ਬਾਅਦ ਬੀਐੱਸਐੱਫ ਵੱਲੋਂ ਸਰਚ ਮੁਹਿੰਮ ਚਲਾਈ ਗਈ ਤੇ ਸਰਚ ਮੁਹਿੰਮ ਦੌਰਾਨ ਸਵੇਰੇ 07:25 ਵਜੇ ਦੇ ਕਰੀਬ ਬੀਐਸਐਫ ਦੇ ਜਵਾਨਾਂ ਨੇ ਪਿੰਡ-ਰੋਹਿਲਾ ਹਾਜੀ, ਜ਼ਿਲ੍ਹਾ-ਫ਼ਿਰੋਜ਼ਪੁਰ ਦੇ ਨਾਲ ਲੱਗਦੇ ਇੱਕ ਖੇਤ ਵਿੱਚੋਂ ਇੱਕ ਛੋਟਾ ਡਰੋਨ ਅਤੇ ਇੱਕ ਹੋਲਡ ਅਤੇ ਰੀਲੀਜ਼ ਮਕੈਨਿਜ਼ਮ ਬਰਾਮਦ ਕੀਤਾ ਹੈ। ਬਰਾਮਦ ਕੀਤਾ ਗਿਆ ਡਰੋਨ ਇੱਕ ਕਵਾਡਕਾਪਟਰ ਹੈ।
ਐਲੋਨ ਮਸਕ ਨੇ AI ਚੈਟਬੋਟ Grok ਕੀਤਾ ਲਾਂਚ
ਐਲੋਨ ਮਸਕ ਨੇ ਐਕਸ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ ਗ੍ਰੋਕ ਲਾਂਚ ਕੀਤੀ ਹੈ, ਫਿਲਹਾਲ ਗ੍ਰੋਕ ਦੇ ਲਾਭ X ਦੇ ਪ੍ਰੀਮੀਅਮ ਗਾਹਕਾਂ ਲਈ ਉਪਲਬਧ ਹੋਣਗੇ। ਐਲੋਨ ਮਸਕ ਨੇ ਗ੍ਰੋਕ ਨੂੰ ਅਜਿਹੇ ਸਮੇਂ ‘ਚ ਲਾਂਚ ਕੀਤਾ ਹੈ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ OpenAI ਦਾ ਚੈਟਜੀਪੀਟੀ, ਗੂਗਲ ਦਾ ਬਾਰਡ ਅਤੇ ਐਂਥਰੋਪਿਕ ਦਾ ਕਲਾਉਟ ਚੈਟਬੋਟ ਪਹਿਲਾਂ ਹੀ ਬਾਜ਼ਾਰ ‘ਚ ਮੌਜੂਦ ਹੈ।
ਤੁਹਾਨੂੰ ਦੱਸ ਦੇਈਏ ਕਿ ਐਲੋਨ ਮਸਕ ਨੇ ਗ੍ਰੋਕ ਦੀ ਲਾਂਚਿੰਗ ਨੂੰ ਲੈ ਕੇ ਐਕਸ ‘ਤੇ ਇਕ ਪੋਸਟ ਕੀਤੀ ਸੀ। ਟਵਿੱਟਰ ਦੀ ਪ੍ਰਾਪਤੀ ਤੋਂ ਬਾਅਦ, ਐਲੋਨ ਮਸਕ ਨੇ ਇਸਦਾ ਨਾਮ ਬਦਲ ਕੇ ਇਜ਼ ਚਾਰਜਡ ਫਾਰ ਕਰ ਦਿੱਤਾ। Grok xAI ਦਾ ਪਹਿਲਾ ਉਤਪਾਦ ਹੈ ਜਿਸ ਬਾਰੇ ਮਸਕ ਦਾ ਕਹਿਣਾ ਹੈ ਕਿ OpenAI ਦੇ ChatGPT ਨੂੰ ਸਖ਼ਤ ਮੁਕਾਬਲਾ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਮਸਕ ਨੇ 4 ਨਵੰਬਰ 2023 ਨੂੰ ਪਹਿਲੀ ਵਾਰ Grok ਬਾਰੇ ਐਲਾਨ ਕੀਤਾ ਸੀ। Grok-1 ਨਾਮ ਦਾ ਇਹ ਪਹਿਲਾ AI ਮਾਡਲ ਹੈ।
ਫਿਰੋਜ਼ਪੁਰ ਪੁਲਿਸ ਦਾ ਵੱਡਾ ਐਕਸ਼ਨ, ਨਸ਼ਾ ਤਸਕਰ ਦਾ ਘਰ ਕੀਤਾ ਸੀਲ
ਫ਼ਿਰੋਜ਼ਪੁਰ ਸਿਟੀ ਪੁਲਿਸ ਨੇ ਨਸ਼ਾ ਤਸਕਰ ਵਿੱਕੀ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਵਿੱਕੀ ਦੇ ਪਿੰਡ ਖਲਚੀਆਂ ਜੱਦੀ ਵਿਖੇ ਸਥਿਤ 1220 ਵਰਗ ਫੁੱਟ ਦੇ ਮਕਾਨ ‘ਤੇ ਪੁਲਿਸ ਵੱਲੋਂ ਜ਼ਬਤੀ ਦੀ ਸੂਚਨਾ ਚਿਪਕਾਈ ਗਈ। ਪੁਲਿਸ ਵੱਲੋਂ ਜ਼ਬਤ ਕੀਤੀ ਗਈ ਨਸ਼ਾ ਤਸਕਰ ਵਿੱਕੀ ਦੀ ਜੋ ਜਾਇਦਾਦ ਹੈ, ਉਹ ਨਸ਼ਾ ਤਸਕਰੀ ਤੋਂ ਕਮਾਏ ਪੈਸਿਆਂ ਤੋਂ ਬਣੀ ਦੱਸੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਵਿੱਕੀ ਨੂੰ 6 ਸਤੰਬਰ 2021 ਨੂੰ ਫ਼ਿਰੋਜ਼ਪੁਰ ਸਿਟੀ ਪੁਲਿਸ ਨੇ ਡੇਢ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਫਿਲਹਾਲ ਦੋਸ਼ੀ ਜੇਲ੍ਹ ਵਿੱਚ ਹੈ। ਉਸ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਇਸ ਸਾਲ ਹੁਣ ਤੱਕ ਫਿਰੋਜ਼ਪੁਰ ਪੁਲਿਸ 30 ਤੋਂ ਵੱਧ ਨਸ਼ਾ ਤਸਕਰਾਂ ਦੀ 14 ਕਰੋੜ ਰੁਪਏ ਤੋਂ ਵੱਧ ਦੀ ਚੱਲ-ਅਚੱਲ ਜਾਇਦਾਦ ਜ਼ਬਤ ਕਰ ਚੁੱਕੀ ਹੈ।
ਪੁਲਿਸ ਵੱਲੋਂ ਜ਼ਬਤ ਕੀਤੇ ਗਏ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨਾ ਤਾਂ ਕਿਸੇ ਦੇ ਨਾਂਅ ‘ਤੇ ਟਰਾਂਸਫਰ ਕੀਤੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਵੇਚੀਆਂ ਜਾ ਸਕਦੀਆਂ ਹਨ | ਦੱਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ‘ਚ ਫ਼ਿਰੋਜ਼ਪੁਰ ਜ਼ਿਲ੍ਹਾ ਪੰਜਾਬ ‘ਚ ਪਹਿਲੇ ਨੰਬਰ ‘ਤੇ ਹੈ। ਇਸ ਸਮੇਂ 9 ਦੇ ਕਰੀਬ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਕਾਰਵਾਈ ਜਾਰੀ ਹੈ।












