ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਜਲਦ ਹੀ ਆਪਣੀ ਪਹਿਲੀ ਸਮਾਰਟਵਾਚ ਲਾਂਚ ਕਰਨ ਵਾਲੀ ਹੈ। ਖ਼ਬਰਾਂ ਅਨੁਸਾਰ ਫੇਸਬੁੱਕ ਦੀ ਸਮਾਰਟਵਾਚ ਦੀ ਲਾਂਚਿੰਗ ਅਗਲੇ ਸਾਲ ਪਹਿਲੀ ਤਿਮਾਹੀ ’ਚ ਆਏਗੀ। ਫੇਸਬੁੱਕ ਦੀ ਸਮਾਰਟਵਾਚ ’ਚ ਡਿਸਪਲੇਅ ਦੇ ਨਾਲ ਦੋ ਕੈਮਰੇ ਮਿਲਣਗੇ। ਇਕ ਕੈਮਰੇ ਦੀ ਵਰਤੋਂ ਫੋਟੋ ਅਤੇ ਦੂਜੇ ਦੀ ਫੇਸਬੁੱਕ ’ਤੇ ਵੀਡੀਓ ਸ਼ੇਅਰ ਕਰਨ ਲਈ ਹੋਵੇਗਾ।
ਸਮਾਰਟਵਾਚ ਦੇ ਨਾਲ ਮਿਲਣ ਵਾਲੇ ਫਰੰਟ ਕੈਮਰੇ ਨਾਲ ਤੁਸੀਂ ਵੀਡੀਓ ਕਾਲਿੰਗ ਵੀ ਕਰ ਸਕੋਗੇ। ਕੈਮਰੇ ਦੇ ਨਾਲ ਆਟੋ-ਫੋਕਸ ਹੋਵੇਗਾ ਅਤੇ ਵੀਡੀਓ ਦੀ ਕੁਆਲਿਟੀ 1080 ਪਿਕਸਲ ਹੋਵੇਗੀ। ਉਥੇ ਹੀ ਬੈਕ ਪੈਨਲ ਵਾਲੇ ਕੈਮਰੇ ਦੀ ਵਰਤੋਂ ਵੀਡੀਓ ਰਿਕਾਰਡਿੰਗ ਲਈ ਹੋਵੇਗੀ। ਬੈਕ ਪੈਨਲ ਸਟੇਨਲੈੱਸ ਸਟੀਲ ਦਾ ਹੋਵੇਗਾ। ਰਿਪੋਰਟ ਅਨੁਸਾਰ , ਫੇਸਬੁੱਕ ਆਪਣੀ ਪਹਿਲੀ ਸਮਾਰਟਵਾਚ ਲਈ ਬੈਕਪੈਕਸ ਵਰਗੀਆਂ ਕੰਪਨੀਆਂ ਨਾਲ ਗੱਲ ਕਰ ਰਹੀ ਹੈ।
ਇਸ ਸਮਾਰਟਵਾਚ ਨੂੰ ਲਾਂਚ ਕਰਨ ਦੇ ਪਿੱਛੇ ਦਾ ਮਕਸਦ ਸਮਾਰਟਵਾਚ ਦਾ ਇਸਤੇਮਾਲ ਸਮਾਰਟਫੋਨ ਦੀ ਤਰ੍ਹਾਂ ਕਰਨਾ ਹੈ। ਫੇਸਬੁੱਕ ਦੀ ਸਮਾਰਟਵਾਚ ਦਾ ਮੁਕਾਬਲਾ ਐਪਲ ਅਤੇ ਗੂਗਲ ਵਰਗੀਆਂ ਕੰਪਨੀਆਂ ਨਾਲ ਹੋਵੇਗਾ, ਹਾਲਾਂਕਿ, ਫੇਸਬੁੱਕ ਨੇ ਅਧਿਕਾਰਤ ਤੌਰ ’ਤੇ ਆਪਣੀ ਸਮਾਰਟਵਾਚ ਨੂੰ ਲੈ ਕੇ ਅਜੇ ਕੁਝ ਨਹੀਂ ਕਿਹਾ। ਕੁਝ ਰਿਪੋਰਟਾਂ ’ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਫੇਸਬੁੱਕ ਦੀ ਸਮਾਰਟਵਾਚ ’ਚ ਐੱਲ.ਟੀ.ਈ. ਕੁਨੈਕਟੀਵਿਟੀ ਵੀ ਮਿਲੇਗੀ। ਇਸ ਲਈ ਕੰਪਨੀ ਕਈ ਅਮਰੀਕੀ ਕੰਪਨੀਆਂ ਨਾਲ ਸੰਪਰਕ ’ਚ ਹੈ। ਇਸ ਦਾ ਦੂਜਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਫੇਸਬੁੱਕ ਦੀ ਸਮਾਰਟਵਾਚ ਦੀ ਵਿਕਰੀ ਟੈਲੀਕਾਮ ਕੰਪਨੀਆਂ ਦੇ ਪਲੇਟਫਾਰਮ ਰਾਹੀਂ ਹੋਵੇ। ਫੇਸਬੁੱਕ ਦੀ ਸਮਾਰਟਵਾਚ ਚਿੱਟੇ, ਕਾਲੇ ਅਤੇ ਗੋਲਡ ਰੰਗ ’ਚ ਲਾਂਚ ਹੋ ਸਕਦੀ ਹੈ। ਲੀਕ ਰਿਪੋਰਟ ਅਨੁਸਾਰ, ਫੇਸਬੁੱਕ ਦੀ ਸਮਾਰਟਵਾਚ ਦੀ ਕੀਮਤ 400 ਡਾਲਰ ਦੇ ਕਰੀਬ ਹੋ ਸਕਦੀ ਹੈ। ਸਮਾਰਟਵਾਚ ਦੇ ਨਾਂ ਨੂੰ ਲੈ ਕੇ ਅਜੇ ਵੀ ਕੁਝ ਸਾਫ਼ ਨਹੀਂ ਹੈ।