ਚੰਡੀਗੜ੍ਹ, 10 ਨਵੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਆਖਿਆ ਹੈ ਕਿ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਧੁਨਿਕ ਤਕਨੀਕ ਨਾਲ ਜੋੜਿਆ ਜਾ ਰਿਹੈ ।
ਕਿੰਨੇ ਵਿਦਿਆਰਥੀਆਂ ਨੂੰ ਡੈਸਕਟੌਪ ਕੰਪਿਊਟਰ ਮੁਹੱਈਆ ਕਰਵਾਉਣ ਦਾ ਰੱਖਿਆ ਟੀਚਾ
ਪੰਜਾਬ ਸਰਕਾਰ (Government of Punjab) ਨੇ ਸਰਕਾਰੀ ਸਕੂਲਾਂ ‘ਚ ਡਿਜੀਟਲ ਸਿੱਖਿਆ ਦਾ ਵਿਸਥਾਰ ਸਮੇਂ ਕਰਨ ਲਈ `ਪੰਜਾਬ ਸਿੱਖਿਆ ਕ੍ਰਾਂਤੀ`(Punjab Education Revolution) ਤਹਿਤ ਇਕ ਸਾਲ ‘ਚ ਵਿਦਿਆਰਥੀਆਂ ਨੂੰ ਕੁੱਲ 56 ਹਜ਼ਾਰ 183 ਡੈਸਕਟੌਪ ਕੰਪਿਊਟਰ ਮੁਹੱਈਆ ਕਰਵਾਉਣ ਦਾ ਟੀਚਾ ਰੱਖਿਆ ਹੈ । ਪਹਿਲੇ ਪੜਾਅ ‘ਚ 396 ਕਰੋੜ ਰੁਪਏ ਦੀ ਲਾਗਤ ਨਾਲ 40,003 ਕੰਪਿਊਟਰ ਮੁਹੱਈਆ ਕਰਵਾਏ ਜਾ ਚੁੱਕੇ ਹਨ, ਜਦਕਿ ਦੂਜੇ ਪੜਾਅ ‘ਚ 1 ਦਸੰਬਰ ਤੱਕ 16,180 ਹੋਰ ਕੰਪਿਊਟਰ ਸਕੂਲਾਂ `ਚ ਪਹੁੰਚਾਏ ਜਾਣਗੇ ।
ਦਸੰਬਰ ਤੱਕ ਕਿੰਨੀਆਂ ਕੰਪਿਊਟਰ ਲੈਬ ਕੀਤੀਆਂ ਜਾਣਗੀਆਂ ਸਥਾਪਤ
ਸਰਕਾਰ ਅਨੁਸਾਰ, ਦੂਜੇ ਪੜਾਅ ਤਹਿਤ ਕੰਪਿਊਟਰਾਂ ਦੀ ਸਪਲਾਈ ਅਤੇ ਸਥਾਪਨਾ ਦੀ ਪ੍ਰਕਿਰਿਆ 2 ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ । ਇਸ ਦੇ ਨਾਲ ਹੀ ਦਸੰਬਰ ਤੱਕ 2,004 ਹੋਰ ਸਰਕਾਰੀ ਸਕੂਲਾਂ ‘ਚ ਕੰਪਿਊਟਰ ਲੈਬ ਸਥਾਪਤ ਕੀਤੀਆਂ ਜਾਣਗੀਆਂ । ਇਸ ਤੋਂ ਪਹਿਲਾਂ 5,064 ਸਰਕਾਰੀ ਸਕੂਲਾਂ ‘ਚ ਕੰਪਿਊਟਰ ਲੈਬ ਦੀ ਸਹੂਲਤ ਮੁਹੱਈਆ ਕਰਵਾਈ ਜਾ ਚੁੱਕੀ ਹੈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹਰੇਕ ਬੱਚੇ ਨੂੰ ਉਸ ਦੀ ਸਮਾਜਿਕ ਅਤੇ ਆਰਥਿਕ ਪਿਛੋਕੜ ਤੋਂ ਪਰ੍ਹੇ ਗੁਣਵੱਤਾਪੂਰਨ ਸਿੱਖਿਆ ਅਤੇ ਆਧੁਨਿਕ ਤਕਨੀਕ ਤੱਕ ਸਮਾਨ ਪਹੁੰਚ ਮਿਲਣੀ ਚਾਹੀਦੀ ਹੈ ।
ਕੀ ਆਖਿਆ ਸਿੱਖਿਆ ਮੰਤਰੀ ਨੇ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Harjot Singh Bains) ਨੇ ਕਿਹਾ ਕਿ `ਪੰਜਾਬ ਸਿੱਖਿਆ ਕ੍ਰਾਂਤੀ` ਤਹਿਤ ਸਕੂਲਾਂ ਦੇ ਬੁਨਿਆਦੀ ਢਾਂਚੇ ‘ਚ ਬਦਲਾਅ ਦੇ ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਧੁਨਿਕ ਟੈਕਨਾਲੋਜੀ ਨਾਲ ਜੋੜਿਆ ਜਾ ਰਿਹਾ ਹੈ । ਡਿਜੀਟਲ ਸਿੱਖਿਆ ਦੇ ਵਿਸਥਾਰ ਦੇ ਤਹਿਤ ਇਸ ਸਾਲ 3694 ਸਰਕਾਰੀ ਸਕੂਲਾਂ ‘ਚ 8,268 ਇੰਟਰਐਕਟਿਵ ਫਲੈਟ ਪੈਨਲ (ਆਈ.ਐੱਫ.ਪੀ.) ਵੀ ਸਥਾਪਤ ਕੀਤੇ ਗਏ ਹਨ ।









