ਪੰਜਾਬ ਵਿੱਚ ਐਸ. ਆਈ. ਆਰ. ਸਫਲਤਾ ਨਾਲ ਨੇਪਰੇ ਚੜ੍ਹਿਆ : ਅਨਿੰਦਿਤਾ ਮਿਤਰਾ

0
27
Anindita Mitra

ਚੰਡੀਗੜ੍ਹ, 5 ਅਗਸਤ 2026 : ਪੰਜਾਬ ਦੇ 23 ਜਿਲਿਆਂ ਅਤੇ 117 ਵਿਧਾਨ ਸਭਾ ਹਲਕਿਆਂ ਵਿਚ ਐਸ. ਆਈ. ਆਰ. (S. I. R.) 2026 ਦਾ ਘਰ-ਘਰ ਗਣਨਾ ਪੜ੍ਹਾਅ ਸਫਲਤਾ ਨਾਲ ਨੇਪਰੇ ਚੜ੍ਹਿਆ ਹੈ ।

ਐਸ. ਆਈ. ਆਰ. ਚੋਣ ਪ੍ਰਕਿਰਿਆ ਵਿਚ ਪਾਰਦਰਸ਼ਤਾ ਲਿਆਉਣ ਵਿਚ ਅਹਿਮ ਉਪਲਬੱਧੀ

ਪੰਜਾਬ ਦੇ ਸਾਰੇ 23 ਜਿ਼ਲ੍ਹਿਆਂ ਅਤੇ 117 ਵਿਧਾਨ ਸਭਾ ਹਲਕਿਆਂ (Assembly constituencies) ਵਿੱਚ ਵਿਸ਼ੇਸ਼ ਗਹਿਰੀ ਸੁਧਾਈ (ਐਸ. ਆਈ. ਆਰ.) 2026 ਦਾ ਘਰ-ਘਰ ਗਣਨਾ ਪੜਾਅ ਸਫਲਤਾਪੂਰਵਕ ਮੁਕੰਮਲ ਹੋ ਗਿਆ ਹੈ। ਇਹ ਸਾਰੇ ਯੋਗ ਤੇ ਅਸਲ ਵੋਟਰਾਂ ਨੂੰ ਸ਼ਾਮਲ ਕਰਨ, ਅਯੋਗ ਐਂਟਰੀਆਂ ਨੂੰ ਹਟਾਉਣ ਅਤੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਲਿਆਉਣ ਦੀ ਦਿਸ਼ਾ ਵਿੱਚ ਇਕ ਅਹਿਮ ਉਪਲੱਬਧੀ ਹੈ ।

ਕਿੰਨੇ ਅਧਿਕਾਰੀਆਂ ਦੇ ਸਹਿਯੋਗ ਨਾਲ ਚੜ੍ਹਿਆ ਹੈ ਐਸ. ਆਈ. ਆਰ. ਦਾ ਕੰਮ

ਇਸ ਪੜਾਅ ਨੂੰ 23 ਜਿ਼ਲ੍ਹਾ ਚੋਣ ਅਧਿਕਾਰੀਆਂ (District Election Officers) (ਡੀ. ਈ. ਓ.), 117 ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (ਈ. ਆਰ. ਓ.), 234 ਸਹਾਇਕ ਚੋਣ ਰਜਿਸਟ੍ਰੇਸ਼ਨ ਅਧਿਕਾਰੀਆਂ (ਏ. ਈ. ਆਰ. ਓ.), 2501 ਸੁਪਰਵਾਈਜ਼ਰਾਂ ਅਤੇ 24,453 ਬੂਥ ਲੈਵਲ ਅਫਸਰਾਂ (ਬੀ. ਐਲ. ਓ.) ਦੇ ਸਮਰਪਿਤ ਯਤਨਾਂ ਸਦਕਾ ਨੇਪਰੇ ਚਾੜਿਆ ਗਿਆ ਹੈ ਜੋ ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਫ਼ਤਰ ਦੇ ਸਮੁੱਚੇ ਚੋਣ ਢਾਂਚੇ ਅਧੀਨ ਕੰਮ ਕਰ ਰਹੇ ਹਨ । ਸਾਰੀਆਂ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ, ਖਾਸ ਕਰਕੇ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਗਏ 87966 ਬੂਥ ਲੈਵਲ ਏਜੰਟਾਂ (ਬੀ. ਐਲ. ਏ.) ਨੇ ਵੀ ਅਹਿਮ ਭੂਮਿਕਾ ਨਿਭਾਈ ।

ਕਿੰਨੇ ਘਰਾਂ ਵਿਚ ਗਏ ਬੀ. ਐਲ. ਓ. ਫਾਰਮ ਵੰਡਣ ਲਈ

ਘਰ-ਘਰ ਗਣਨਾ ਪੜਾਅ ਦੌਰਾਨ ਬੀ. ਐਲ. ਓ. ਗਣਨਾ ਫਾਰਮ ਵੰਡਣ ਲਈ 2,14,61,043 ਵੋਟਰਾਂ ਦੇ ਰਿਕਾਰਡ ਕੀਤੇ ਪਤਿਆਂ `ਤੇ ਗਏ, ਜਿਨ੍ਹਾਂ ਦੇ ਨਾਮ 9 ਜੂਨ 2026 ਨੂੰ ਵੋਟਰ ਸੂਚੀ ਵਿੱਚ ਦਰਸਾਏ ਗਏ ਸਨ। ਇਸ ਤੋਂ ਬਾਅਦ, ਉਹ ਭਰੇ ਹੋਏ ਫਾਰਮ ਇਕੱਠੇ ਕਰਨ ਲਈ ਘੱਟੋ-ਘੱਟ ਤਿੰਨ ਵਾਰ ਵੋਟਰਾਂ ਦੇ ਘਰ ਗਏ । ਇਸ ਦੌਰਾਨ ਜਿਹੜੇ ਵੋਟਰ ਘਰ ਮੌਜੂਦ ਨਹੀਂ ਸਨ, ਉਨ੍ਹਾਂ ਦੇ ਘਰਾਂ `ਤੇ ਸੂਚਨਾ ਸਟਿੱਕਰ ਲਗਾਏ ਗਏ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵੀ ਯੋਗ ਵੋਟਰ ਦਾ ਨਾਂ ਵੋਟਰ ਸੂਚੀ ਤੋਂ ਬਾਹਰ ਨਾ ਰਹੇ ।

ਸਵੀਪ ਯੋਜਨਾ ਨੂੰ ਕੀਤਾ ਗਿਆ ਮਲਟੀ ਚੈਨਲ ਆਉਟਰੀਚ ਰਾਹੀਂ ਲਾਗੂ

ਮਹੀਨਾ ਭਰ ਚੱਲਣ ਵਾਲੇ ਸਵੀਪ (ਸਿਸਟਮੈਟਿਕ ਵੋਟਰਜ਼ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸੀਪੇਸ਼ਨ) ਯੋਜਨਾ ਨੂੰ ਮਲਟੀ ਚੈਨਲ ਆਊਟਰੀਚ ਜ਼ਰੀਏ ਲਾਗੂ ਕੀਤਾ ਗਿਆ। ਮੁੱਖ ਪਹਿਲ ਕਦਮੀਆਂ ਵਿੱਚ 23 ਜੂਨ ਨੂੰ ਐਸ. ਆਈ. ਆਰ. 2026 ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ 2,000 ਤੋਂ ਵੱਧ ਨੌਜਵਾਨਾਂ ਨੇ ਇੱਕ ਮਨੁੱਖੀ ਲੜੀ ਬਣਾਈ, ਮੁੱਖ ਤਾਰੀਖਾਂ `ਤੇ ਐਸ. ਐਮ. ਐਸ. ਅਲਰਟ, ਰੇਡੀਓ ਜਿੰਗਲ, ਈ-ਰਿਕਸ਼ਾ ਰਾਹੀਂ ਆਡੀਓ ਸੁਨੇਹੇ ਅਤੇ ਬੀ. ਐਲ. ਓ. ਫੀਲਡ ਅਨਾਊਂਸਮੈਂਟਾਂ ਸ਼ਾਮਲ ਸਨ ।

ਕਿਸ ਕਿਸ ਤਰੀਕੇ ਨਾਲ ਵਧਾਈ ਗਈ ਨਾਗਰਿਕਾਂ ਦੀ ਸ਼ਮੂਲੀਅਤ

ਇਲੈਕਟੋਰਲ ਲਿਟਰੇਸੀ ਕਲੱਬਾਂ ਨੇ ਪੋਸਟਰ ਬਣਾਉਣ, ਵਿਚਾਰ-ਚਰਚਾਵਾਂ, ਸੈਮੀਨਾਰਾਂ ਅਤੇ ਰੰਗੋਲੀ ਮੁਕਾਬਲਿਆਂ ਰਾਹੀਂ ਨਾਗਰਿਕਾਂ ਦੀ ਸ਼ਮੂਲੀਅਤ ਵਧਾਈ, ਜਦੋਂ ਕਿ ਬੈਂਕਾਂ ਵਿੱਚ ਆਈ. ਈ. ਸੀ. ਸਮੱਗਰੀ ਪ੍ਰਦਰਸਿ਼ਤ ਕੀਤੀ ਗਈ ਅਤੇ ਸੋਸ਼ਲ ਮੀਡੀਆ ਮੁਹਿੰਮਾਂ ਵਿੱਚ ਸਵੀਪ ਆਈਕਨ ਅਤੇ ਉੱਘੀਆਂ ਸ਼ਖਸੀਅਤਾਂ ਸ਼ਾਮਲ ਕੀਤੀਆਂ ਗਈਆਂ । ਡੀ. ਈ. ਓ. /ਈ. ਆਰ. ਓ. ਦਫ਼ਤਰਾਂ ਵਿੱਚ ਹੈਲਪ ਡੈਸਕ ਸਥਾਪਤ ਕੀਤੇ ਗਏ ਅਤੇ ਸੀਨੀਅਰ ਅਧਿਕਾਰੀਆਂ ਨੇ ਸੁਚਾਰੂ ਅਤੇ ਸਮੁੱਚੇ ਅਮਲ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਫੀਲਡ ਦੌਰੇ ਕੀਤੇ ।

ਕੀ ਆਖਿਆ ਮੁੱਖ ਚੋਣ ਅਧਿਕਾਰੀ ਨੇ

ਮੁੱਖ ਚੋਣ ਅਫ਼ਸਰ (Chief Electoral Officer) ਅਨਿੰਦਿਤਾ ਮਿਤਰਾ (ਆਈ. ਏ. ਐਸ.) ਨੇ ਕਿਹਾ ਕਿ ਹਰੇਕ ਰਜਿਸਟਰਡ ਵੋਟਰ ਤੱਕ ਪਹੁੰਚ ਕਰਨ ਲਈ ਹਰ ਸੰਭਵ ਯਤਨ ਕੀਤਾ ਗਿਆ ਹੈ । ਹਾਲਾਂਕਿ ਜੇਕਰ ਕਿਸੇ ਵਿਅਕਤੀ ਦਾ ਨਾਮ ਡਰਾਫਟ ਵੋਟਰ ਸੂਚੀ ‘ਚ ਦਰਜ ਹੋਣ ਤੋਂ ਰਹਿ ਗਿਆ ਹੈ ਤਾਂ ਉਹ 13 ਅਗਸਤ 2026 ਤੋਂ 12 ਸਤੰਬਰ 2026 ਦਰਮਿਆਨ ਫਾਰਮ ਨੰਬਰ 6 ਭਰ ਕੇ ਆਨਲਾਈਨ ਜਾਂ ਦਸਤੀ ਰੂਪ ਵਿੱਚ ਵਿੱਚ ਆਪਣਾ ਕਲੇਮ ਦਰਜ ਕਰ ਸਕਦੇ ਹਨ ।

ਕਿੰਨੇ ਫੀਸਦੀ ਵੋਟਰਾਂ ਦੀ ਕੀਤੀ ਗਈ ਵੋਟਰ ਸੂਚੀਆਂ ਨਾਲ ਮੈਪਿੰਗ

ਉਨ੍ਹਾਂ ਅੱਗੇ ਦੱਸਿਆ ਕਿ ਫੀਲਡ ਪੱਧਰ ਦੀ ਚੋਣ ਮਸ਼ੀਨਰੀ, ਵਿਸ਼ੇਸ਼ ਤੌਰ `ਤੇ ਬੀ. ਐਲ. ਓਜ਼ ਦੇ ਸਮਰਪਿਤ ਯਤਨਾਂ ਅਤੇ ਵੋਟਰਾਂ ਦੇ ਸਹਿਯੋਗ ਨਾਲ, ਡਰਾਫਟ ਵੋਟਰ ਸੂਚੀ ਵਿੱਚ ਸ਼ਾਮਲ 93.40 ਫੀਸਦੀ ਵੋਟਰਾਂ ਦੀ 2003 ਜਾਂ ਇਸ ਤੋਂ ਪਿਛਲੀ ਐਸ. ਆਈ. ਆਰ. ਦੀਆਂ ਵੋਟਰ ਸੂਚੀਆਂ ਨਾਲ ਮੈਪਿੰਗ ਕਰ ਲਈ ਗਈ ਹੈ। ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਣ-ਮੈਪਡ ਵੋਟਰਾਂ ਨੂੰ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ 13 ਅਗਸਤ, 2026 ਤੋਂ ਸ਼ੁਰੂ ਕੀਤੀ ਜਾਵੇਗੀ । ਘਰ-ਘਰ ਗਣਨਾ ਪੜਾਅ ਦੇ ਪੂਰਾ ਹੋਣ `ਤੇ ਮੁੱਖ ਚੋਣ ਅਫ਼ਸਰ, ਪੰਜਾਬ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਐਸ. ਆਈ. ਆਰ. 2026 ਦੇ ਤਹਿਤ ਘਰ-ਘਰ ਗਣਨਾ ਦਾ ਸਫਲਤਾਪੂਰਵਕ ਪੂਰਾ ਹੋਣਾ ਸਾਡੀ ਚੋਣ ਮਸ਼ੀਨਰੀ ਦੀ ਸਮੂਹਿਕ ਵਚਨਬੱਧਤਾ ਅਤੇ ਰਾਜਨੀਤਿਕ ਪਾਰਟੀਆਂ ਤੇ ਨਾਗਰਿਕਾਂ ਦੇ ਸਰਗਰਮ ਸਹਿਯੋਗ ਨੂੰ ਦਰਸਾਉਂਦਾ ਹੈ ।

ਵੋਟਰਾਂ ਨੂੰ ਕੀਤੀ ਗਈ ਵੈਰੀਫਿਕੇਸ਼ਨ ਕਰਨ ਦੀ ਅਪੀਲ

ਉਨ੍ਹਾਂ ਅੱਗੇ ਕਿਹਾ ਕਿ “ਮੈਂ ਸਾਰੇ ਵੋਟਰਾਂ ਨੂੰ 13 ਅਗਸਤ 2026 ਨੂੰ ਪ੍ਰਕਾਸਿ਼ਤ ਹੋਣ ਵਾਲੀ ਡਰਾਫਟ ਸੂਚੀ ਦੀ ਜਾਂਚ ਅਤੇ ਵੈਰੀਫਿਕੇਸ਼ਨ ਕਰਨ ਦੀ ਅਪੀਲ ਕਰਦੀ ਹਾਂ ਅਤੇ ਜੇਕਰ ਕਿਸੇ ਕਾਰਨ ਕਰਕੇ ਕੋਈ ਯੋਗ ਵੋਟਰ ਰਹਿ ਗਿਆ ਹੈ ਤਾਂ ਉਹ ਦਾਅਵੇ ਅਤੇ ਇਤਰਾਜ਼ ਦਰਜ ਕਰਾਉਣ ਦੀ ਮਿਆਦ (13 ਅਗਸਤ ਤੋਂ 12 ਸਤੰਬਰ 2026) ਦੇ ਪੜਾਅ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਤਾਂ ਜੋ ਅੰਤਿਮ ਵੋਟਰ ਸੂਚੀ ਵਿੱਚ ਉਨ੍ਹਾਂ ਦੇ ਨਾਮ ਸ਼ਾਮਲ ਹੋ ਸਕਣ । ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 13 ਅਗਸਤ ਤੋਂ 8 ਅਕਤੂਬਰ 2026 ਤੱਕ ਕੀਤਾ ਜਾਵੇਗਾ ਅਤੇ ਅੰਤਿਮ ਵੋਟਰ ਸੂਚੀ 12 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ ।

ਪੰਜਾਬ ਵਿੱਚ ਕਿੰਨੇ ਪੋਲਿੰਗ ਸਟੇਸ਼ਨਾਂ ਦੀ ਕੀਤੀ ਗਈ ਰੈਸ਼ਨਲਾਈਜੇਸ਼ਨ

ਵਿਸ਼ੇਸ਼ ਗਹਿਰੀ ਸੁਧਾਈ (ਐਸ. ਆਈ. ਆਰ.) 2026 ਦੇ ਹਿੱਸੇ ਵਜੋਂ, ਵੋਟਰਾਂ ਲਈ ਵਧੇਰੇ ਪਹੁੰਚਯੋਗਤਾ ਅਤੇ ਸੁਵਿਧਾ ਯਕੀਨੀ ਬਣਾਉਣ ਲਈ ਪੰਜਾਬ ਦੇ ਸਾਰੇ ਜਿ਼ਲ੍ਹਿਆਂ ਵਿੱਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਕੀਤੀ ਗਈ ਹੈ । ਰੈਸ਼ਨਲਾਈਜ਼ੇਸ਼ਨ ਤੋਂ ਬਾਅਦ ਰਾਜ ਵਿੱਚ ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ 24,453 ਤੋਂ ਵਧ ਕੇ 25,332 ਹੋ ਗਈ ਹੈ। ਇਹ ਅਭਿਆਸ ਪ੍ਰਤੀ ਪੋਲਿੰਗ ਸਟੇਸ਼ਨ ਵੋਟਰ ਸਮਰੱਥਾ ਨੂੰ ਸੰਤੁਲਿਤ ਕਰਨ, ਵੋਟਰ ਸੁਵਿਧਾਵਾਂ ਵਿੱਚ ਸੁਧਾਰ ਕਰਨ ਅਤੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਨੂੰ ਮਜ਼ਬੂਤ ਕਰਨ ਲਈ ਕੀਤਾ ਗਿਆ ਹੈ । ਉਹਨਾਂ ਅੱਗੇ ਕਿਹਾ ਕਿ ਇਸ ਸਮੇਂ ਦੌਰਾਨ ਹਰੇਕ ਪੋਲਿੰਗ ਬੂਥ ਦੀ ਭੌਤਿਕ ਤਸਦੀਕ ਕੀਤੀ ਗਈ ਅਤੇ ਨਿਸ਼ਚਿਤ ਘੱਟੋ-ਘੱਟ ਸੁਵਿਧਾਵਾਂ (ਏ. ਐਮ. ਐਫ.) ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਗਿਆ ।

LEAVE A REPLY

Please enter your comment!
Please enter your name here