ਤੁਸੀਂ ਵੀ ਜਾਣੋ ਕਿੱਥੇ ਮਿਲਦਾ ਹੈ ਮਹਿਜ਼ 10 ਰੁਪਏ ‘ਚ ਪੇਟ ਭਰ ਖਾਣਾ | Punjab News
ਦੇਸ਼ ਵਿੱਚ ਅਲੱਗ -ਅਲੱਗ ਥਾਵਾਂ ‘ਤੇ ਲੋਕਾਂ ਦੀ ਸੇਵਾ ਲਈ ਕਈ ਸੰਸਥਾਵਾਂ ਵੱਲੋਂ ਵੱਖੋ -ਵੱਖਰੇ ਅਤੇ ਆਪਣੇ ਪੱਧਰ ‘ਤੇ ਉਪਰਾਲੇ ਕੀਤੇ ਜਾਂਦੇ ਹਨ | ਅਜਿਹਾ ਹੀ ਉਪਰਾਲਾ ਬਟਾਲਾ ਦੇ ਕੁਝ ਨੌਜਵਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ | ਜਿੱਥੇ ਬਟਾਲਾ ਦੇ ਨੌਜਵਾਨਾਂ ਨੇ ਲੰਗਰ ਪ੍ਰਥਾ ਦੇ ਤਰਜ਼ ਤੇ ਇਕ ਵੱਖਰੀ ਤਰ੍ਹਾਂ ਦੀ ਪਹਿਲ ਕੀਤੀ ਹੈ |
ਜਿੱਥੇ ਲੋੜਵੰਦ ਅਤੇ ਬਿਨਾ ਕਿਸੇ ਭੇਦਭਾਵ ਦੇ ਹਰ ਵਰਗ ਦੇ ਲੋਕਾਂ ਲਈ ਇਕ ਰਸੋਈ ਸੇਵਾ ਸ਼ੁਰੂ ਕੀਤੀ ਗਈ ਹੈ | ਜਿਸ ‘ਚ ਇੱਕ ਵਿਅਕਤੀ ਨੂੰ ਮਹਿਜ਼ 10 ਰੁਪਏ ‘ਚ ਖਾਣਾ ਖਾਣ ਲਈ ਥਾਲੀ ਦਿੱਤੀ ਜਾ ਰਹੀ ਹੈ , ਸੰਸਥਾ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਵਿਸ਼ੇਸ ਤੌਰ ‘ਤੇ ਇਸ ਮਕਸਦ ਨਾਲ ਸੇਵਾ ਸ਼ੁਰੂ ਕੀਤੀ ਗਈ ਹੈ ਕਿ ਕੋਈ ਭੁੱਖਾ ਪੇਟ ਨਾ ਰਹੇ ਅਤੇ 10 ਰੁਪਏ ਦੀ ਪਰਚੀ ਇਸ ਲਈ ਹੈ ਕਿ ਕਿਸੇ ਨੂੰ ਮਹਿਸੂਸ ਨਾ ਹੋਵੇ ਕਿ ਉਹ ਮੁਫ਼ਤ ‘ਚ ਖਾਣਾ ਖਾ ਰਿਹਾ ਹੈ ਉੱਥੇ ਹੀ ਇਸ ਰਸੋਈ ਦੀ ਥਾਲੀ ‘ਚ ਇਕ ਟਾਈਮ ਦੇ ਖਾਣੇ ਲਈ ਦੋ ਸਬਜ਼ੀਆਂ ,ਚਾਵਲ ਅਤੇ ਰੋਟੀ ਹੈ ਅਤੇ ਕਿਸੇ ਨੂੰ ਇਹ ਰੋਕ ਨਹੀਂ ਕਿ ਉਹ ਕਿੰਨਾ ਭੋਜਨ ਕਰੇ ਆਪਣੀ ਲੋੜ ਅਨੁਸਾਰ ਉਹ ਆਪਣਾ ਖਾਣਾ ਲੈ ਸਕਦਾ ਹੈ |
ਉੱਥੇ ਹੀ ਜੋ ਲੋਕ ਆਲੇ-ਦੁਆਲੇ ਦਿਹਾੜੀ ਕਰ ਰਹੇ ਹਨ ਉਹ ਵੀ ਇਸ ਸੇਵਾ ਦਾ ਲਾਭ ਲੈ ਰਹੇ ਹਨ | ਇਲਾਕੇ ਦੇ ਲੋਕ ਵੀ ਇਸ ਸੇਵਾ ਦੀ ਪ੍ਰਸ਼ੰਸ਼ਾ ਕਰ ਰਹੇ ਹਨ | ਜੋ ਨੌਜਵਾਨ ਇਸ ਕਾਰਜ ਨੂੰ ਚਲਾ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹ ਕਰੀਬ ਰੋਜ਼ਾਨਾ 70 – 80 ਲੋਕਾਂ ਦੇ ਖਾਣਾ ਖਾਣ ਲਈ ਤਿਆਰੀ ਕਰਦੇ ਹਨ ਅਤੇ ਇਸ ਟੀਚੇ ਨੂੰ ਉਹ ਹੋਰ ਵਧਾਉਣਗੇ | ਇਸ ਰਸੋਈ ਨੂੰ ਚਲਾਉਣ ਲਈ 4 ਦੇ ਕਰੀਬ ਲੋਕਾਂ ਨੂੰ ਰੋਜ਼ਗਾਰ ਵੀ ਦਿੱਤਾ ਗਿਆ ਹੈ ਜੋ ਰੋਜ਼ਾਨਾ ਇਹ ਖਾਣਾ ਤਿਆਰ ਕਰਦੇ ਹਨ ਅਤੇ ਇਹ ਸੇਵਾ ਉਹਨਾਂ ਨੌਜਵਾਨਾਂ ਦੇ ਵੱਲੋਂ ਇੱਕ ਸੰਸਥਾ ਦੇ ਤਹਿਤ ਚਲਾਈ ਜਾ ਰਹੀ ਹੈ |









