ਬੇਸ਼ੱਕ ਨਸ਼ਾ ਤਸਕਰਾਂ ਦੇ ਵਲੋਂ ਲੰਬੀਆਂ ਉਡਾਰੀਆਂ ਭਰੀਆਂ ਜਾ ਰਹੀਆਂ ਹਨ ਪਰ ਪੰਜਾਬ ਪੁਲਿਸ ਵੀ ਉਨਾਂ ਦੇ ਖੰਭ ਕੁਤਰਨ ਵਿੱਚ ਕਿਸੇ ਨਾਲੋਂ ਘੱਟ ਨਜ਼ਰ ਨਹੀਂ ਆ ਰਹੀ | ਜਿਲ੍ਹਾ ਮੁਖੀ ਡਾ. ਸਿਮਰਤ ਕੌਰ ਦੀ ਰਹਿਨੁਮਾਈ ਹੇਠ ਨਸ਼ਿਆ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਦੌਰਾਨ ਮਲੇਰਕੋਟਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ। ਜਾਣਕਾਰੀ ਮਿਲੀ ਹੈ ਕਿ ਮਲੇਰਕੋਟਲਾ ਦੇ ਰਾਏਕੋਟ ਪੁੱਲ ਦੇ ਨੇੜੇ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਤੇ ਉੱਥੇ ਹੀ ਪੁੱਲ ਨੇੜੇ ਇੱਕ ਸ਼ੱਕੀ ਟਰੱਕ ਖੜਾ ਸੀ,ਜਿੱਥੇ ਇੱਕ ਵਿਅਕਤੀ ਟਰੱਕ ਦੀ ਤਰਪਾਲ ਸਹੀ ਕਰ ਰਿਹਾ ਸੀ ਅਤੇ ਦੂਜਾ ਡਰਾਈਵਰ ਸੀਟ ਉੱਤੇ ਬੈਠਾ ਸੀ |
ਜਦੋਂ ਹੀ ਉਹਨਾਂ ਨੇ ਪੁਲਿਸ ਨੂੰ ਦੇਖਿਆ ਤਾਂ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ | ਜਦੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਸ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਇਸਦੇ ਵਿੱਚੋਂ ਤਕਰੀਬਨ ਦੋ ਕੁਇੰਟਲ ਵੀਹ ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ। ਦਸ ਦਈਏ ਕਿ ਪੁਲਿਸ ਦੇ ਵੱਲੋਂ ਟਰੱਕ ਡਰਾਈਵਰ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਦੋਸ਼ੀਆਂ ਦੀ ਪਹਿਚਾਣ ਸਤਨਾਮ ਸਿੰਘ ਪੁੱਤਰ ਪਾਲ ਸਿੰਘ ਅਤੇ ਦੂਜਾ ਵਿਅਕਤੀ ਗੁਰਦੀਪ ਸਿੰਘ ਪੁੱਤਰ ਮਾਲ ਸਿੰਘ ਵਜੋਂ ਹੋਈ ਹੈ | ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਨੂੰ 5 ਦਿਨਾਂ ਦੇ ਰਿਮਾਂਡ ਉੱਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ |