ਖੰਨਾ, 15 ਅਕਤੂਬਰ 2026 : ਪੰਜਾਬ ਦੇ ਸ਼ਹਿਰ ਖੰਨਾ ਦੇ ਨੇੜਲੇ ਪਿੰਡ ਰੋਹਣੋਕਲਾਂ ਦੇ ਵਿਦਿਆਰਥੀ ਵਲੋਂ ਗ੍ਰੀਕੋ ਰੋਮਨ ਕੁਸ਼ਤੀ (Greco-Roman wrestling) ਮੁਕਾਬਲਿਆਂ ਵਿਚ ਚਾਂਦੀ ਦਾ ਤਮਗਾ ਜਿੱਤਿਆ ਗਿਆ ਹੈ ।
ਕੌਣ ਹੈ ਇਹ ਵਿਦਿਆਰਥੀ
ਮਿਲੀ ਜਾਣਕਾਰੀ ਅਨੁਸਾਰ ਪਿੰਡ ਰੋਹਣੋ ਕਲਾਂ ਦੇ ਹੋਣਹਾਰ ਜਿਸ ਵਿਦਿਆਰਥੀ ਵਲੋਂ ਅੰਡਰ-17 ਵਿਚ ਇੰਟਰ ਸਟੇਟ ਸਕੂਲੀ ਖੇਡਾਂ (Inter-State School Games) ਦੌਰਾਨ ਗ੍ਰੀਕੋ ਰੋਮਨ ਕੁਸ਼ਤੀ (80 ਕਿਲੋ ਭਾਰ) ਵਿੱਚ ਸਿਲਵਰ ਮੈਡਲ ਜਿੱਤ ਕੇ ਆਪਣੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ ਦੀ ਪਛਾਣ ਦਿਲਕਸ਼ ਬੈਨੀਪਾਲ ਪੁੱਤਰ ਜਸਵੀਰ ਸਿੰਘ ਬੈਨੀਪਾਲ ਦੇ ਤੌਰ ‘ਤੇ ਹੋਈ ਹੈ ।
ਕੀ ਦੱਸਿਆ ਖਿਡਾਰੀ ਬੈਨੀਪਾਲ ਨੇ
ਪ੍ਰਾਪਤ ਸੂਚਨਾ ਮੁਤਾਬਕ ਦਿਲਕਸ਼ ਬੈਨੀਪਾਲ ਦੇ ਪਿਤਾ ਜਸਵੀਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਦਿਲਕਸ਼ ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਚੰਡੀਗੜ੍ਹ (ਸੈਕਟਰ 45) ਦੇ +1 ਦਾ ਵਿਦਿਆਰਥੀ ਹੈ । ਉਸ ਦੀ ਜਿੱਤ ਲਗਨ, ਮਿਹਨਤ ਅਤੇ ਕੋਚ ਸਾਹਿਬਾਨ ਦੀ ਕਰਵਾਈ ਸਖਤ ਮਿਹਨਤ ਦਾ ਨਤੀਜਾ ਹੈ । ਦਿਲਕਸ਼ ਬੈਨੀਪਾਲ ਸਰਕਾਰੀ ਸਪੋਰਟਸ ਅਕੈਡਮੀ ਚੰਡੀਗੜ੍ਹ ’ਚ ਰੋਜਾਨਾ ਸਵੇਰੇ ਸ਼ਾਮ ਕੋਚ ਪ੍ਰਵੀਨ ਕੁਮਾਰ ਕੋਲੋਂ ਗ੍ਰੀਕੋ ਕੁਸ਼ਤੀ ਦੇ ਦਾਅ ਪੇਚ ਸਿੱਖ ਰਿਹਾ ਹੈ। ਉਹਨਾਂ ਅੱਗੇ ਦੱਸਿਆ ਕਿ ਉਹ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵਿੱਚ ਵੀ ਨਾਮਣਾ ਖੱਟ ਰਿਹਾ ਹੈ ।
ਕੀ ਆਖਿਆ ਸਕੂਲ ਪ੍ਰਿੰਸੀਪਲ ਨੇ
ਸਕੂਲ ਦੇ ਪ੍ਰਿੰਸੀਪਲ ਪਾਮਿਲਾ ਕੌਰ ਨੇ ਕਿਹਾ ਕਿ ਅਜਿਹੇ ਹੋਣਹਾਰ ਖਿਡਾਰੀਆਂ ’ਤੇ ਸਾਨੂੰ ਮਾਣ ਹੈ, ਜੋ ਸਕੂਲ ਦਾ ਨਾਂ ਰੋਸ਼ਨ ਕਰ ਰਹੇ ਹਨ। ਇਸ ਜਿੱਤ ਦੀ ਖੁਸ਼ੀ ਵਿੱਚ ਦਿਲਕਸ਼ ਬੈਨੀਪਾਲ ਦੇ ਪਰਿਵਾਰ ਨੂੰ ਰਿਸ਼ਤੇਦਾਰਾਂ, ਸਕੇ ਸਬੰਧੀਆਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ ।









