ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਕਰਵਾਏ ਲੱਖਾਂ ਕੈਸ਼ਲੈੱਸ ਇਲਾਜ ਮੁਹੱਈਆ

0
25
Health Minister

ਚੰਡੀਗੜ੍ਹ, 10 ਅਗਸਤ 2026 : ਮੁੱਖ ਮੰਤਰੀ ਸਿਹਤ ਯੋਜਨਾ (Chief Minister’s Health Scheme) ਤਹਿਤ ਸਿਖਰਲੀਆਂ ਪ੍ਰਕਿਰਿਆਵਾਂ ਅਧੀਨ ਕਰੋੜਾਂ ਦੀ ਲਾਗਤ ਨਾਲ ਲੱਖਾਂ ਕੈਸ਼ਲੈਸ ਇਲਾਜ ਮੁਹੱਈਆ ਕਰਵਾਏ ਗਏ ਹਨ ।

ਮਹਿੰਗੇ ਡਾਕਟਰੀ ਇਲਾਜ ਖਰਚ ਦੀ ਚਿੰਤਾ ਤੋਂ ਮੁਕਤ ਕਰ ਰਹੀ ਹੈ ਮੁੱਖ ਮੰਤਰੀ ਸਿਹਤ ਯੋਜਨਾ

ਗੰਭੀਰ ਬੀਮਾਰੀ ਸਿਰਫ਼ ਮਰੀਜ਼ ਦੀ ਸਿਹਤ ਦੀ ਹੀ ਅਜ਼ਮਾਇਸ਼ ਨਹੀਂ ਕਰਦੀ ਸਗੋਂ ਇਹ ਪੂਰੇ ਪਰਿਵਾਰ ਦੀ ਆਰਥਿਕ ਸਥਿਤੀ ਦਾ ਵੀ ਇਮਤਿਹਾਨ ਲੈਂਦੀ ਹੈ । ਭਗਵੰਤ ਮਾਨ (Bhagwant Mann) ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਵਿੱਚ ਇਸ ਸਥਿਤੀ ਨੂੰ ਲਗਾਤਾਰ ਬਦਲ ਰਹੀ ਹੈ ਅਤੇ ਪਰਿਵਾਰਾਂ ਨੂੰ ਮਹਿੰਗੇ ਡਾਕਟਰੀ ਇਲਾਜ ਦੇ ਖ਼ਰਚੇ ਦੀ ਚਿੰਤਾ ਤੋਂ ਮੁਕਤ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ ।

ਕਿੰਨੇ ਕਰੋੜ ਖਰਚ ਕਰਕੇ ਕਰਵਾਏ ਗਏ ਇਲਾਜ ਮੁਹੱਈਆ

ਅੰਕੜੇ ਆਪ-ਮੁਹਾਰੇ ਸਾਰੀ ਕਹਾਣੀ ਬਿਆਨ ਕਰਦੇ ਹਨ । ਯੋਜਨਾ ਤਹਿਤ ਸਭ ਤੋਂ ਵੱਧ ਕਰਵਾਈਆਂ ਜਾਣ ਵਾਲੀਆਂ 10 ਡਾਕਟਰੀ ਪ੍ਰਕਿਰਿਆਵਾਂ ਅਧੀਨ ਹੀ ਹੁਣ ਤੱਕ 316.50 ਕਰੋੜ ਰੁਪਏ ਤੋਂ ਵੱਧ ਦੇ ਖ਼ਰਚ ਨਾਲ 2,44,468 ਕੈਸ਼ਲੈੱਸ ਇਲਾਜ ਮੁਹੱਈਆ ਕਰਵਾਏ ਜਾ ਚੁੱਕੇ ਹਨ । ਹਫ਼ਤੇ ਵਿੱਚ ਕਈ ਵਾਰ ਡਾਇਲਸਿਸ ਦੀ ਲੋੜ ਵਾਲੇ ਮਰੀਜ਼ਾਂ ਤੋਂ ਲੈ ਕੇ ਦਿਲ ਦੀ ਸਰਜਰੀ, ਗੋਡੇ ਬਦਲਣ ਦੀ ਸਰਜਰੀ ਜਾਂ ਐਮਰਜੈਂਸੀ ਸੀਜ਼ੇਰੀਅਨ ਡਿਲਿਵਰੀ ਕਰਵਾਉਣ ਵਾਲੇ ਮਰੀਜ਼ਾਂ ਤੱਕਯੋਜਨਾ ਅਜਿਹੇ ਸਾਰੇ ਇਲਾਜਾਂ ਨੂੰ ਕਵਰ ਕਰ ਰਹੀ ਹੈ, ਜਿਨ੍ਹਾਂ ਦੇ ਖ਼ਰਚ ਲਈ ਕਈ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ।

ਡਬਲਿਊ. ਐਚ. ਓ. ਮੁਤਾਬਕ ਬਿਮਾਰੀਆਂ ਵਿਚ ਹੋ ਰਿਹਾ ਤੇਜੀ ਨਾਲ ਵਾਧਾ

ਇਹ ਰੁਝਾਨ ਕੋਈ ਇਤਫ਼ਾਕ ਨਹੀਂ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ, ਦੁਨੀਆ ਭਰ ਵਿੱਚ ਦਿਲ ਦੀਆਂ ਬੀਮਾਰੀਆਂ, ਸ਼ੂਗਰ ਅਤੇ ਗੁਰਦਿਆਂ ਸਬੰਧੀ ਸਮੱਸਿਆਵਾਂ ਵਰਗੀਆਂ ਗੁੰਝਲਦਾਰ ਬੀਮਾਰੀਆਂ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਜਾ ਰਿਹਾ ਹੈ । ਪੰਜਾਬ ਵੀ ਇਸ ਤੋਂ ਅਲੱਗ ਨਹੀਂ ਹੈ । ਯੋਜਨਾ ਤਹਿਤ ਡਾਇਲਸਿਸ, ਦਿਲ ਦੇ ਇਲਾਜ ਅਤੇ ਜੋੜ ਬਦਲਣ ਦੀ ਸਰਜਰੀ ਦੀ ਵਧਦੀ ਮੰਗ ਅਜਿਹੀ ਸਿਹਤ ਪ੍ਰਣਾਲੀ ਨੂੰ ਦਰਸਾਉਂਦੀ ਹੈ ,ਜੋ ਉਨ੍ਹਾਂ ਬੀਮਾਰੀਆਂ ਨਾਲ ਨਜਿੱਠ ਸਕੇ, ਜਿਹੜੀਆਂ ਇੱਕ ਵਾਰ ਹਸਪਤਾਲ ਜਾਣ ਨਾਲ ਖ਼ਤਮ ਨਹੀਂ ਹੁੰਦੀਆਂ ਸਗੋਂ ਇਨ੍ਹਾਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਨਿਰੰਤਰ, ਮਾਹਿਰ ਅਤੇ ਅਕਸਰ ਮਹਿੰਗੇ ਇਲਾਜ ਦੀ ਲੋੜ ਹੁੰਦੀ ਹੈ ।

ਕਿੰਨੇ ਡਾਇਲਸਿਸ ਸੈਸ਼ਨ ਕੀਤੇ ਜਾ ਚੁੱਕੇ ਹਨ

ਸਟੇਟ ਹੈਲਥ ਏਜੰਸੀ (ਐਸ. ਐਚ.ਏ.) ਪੰਜਾਬ ਦੇ ਅੰਕੜਿਆਂ ਅਨੁਸਾਰ, ਕ੍ਰੌਨਿਕ ਹੀਮੋਡਾਇਲਸਿਸ ਯੋਜਨਾ ਤਹਿਤ ਹੁਣ ਤੱਕ ਸਭ ਤੋਂ ਵੱਧ ਕਰਵਾਈ ਜਾਣ ਵਾਲੀ ਪ੍ਰਕਿਰਿਆ ਹੈ । ਕੁੱਲ 1,87,656 ਡਾਇਲਸਿਸ ਸੈਸ਼ਨ, ਜਿਨ੍ਹਾਂ ਦੀ ਲਾਗਤ 30.65 ਕਰੋੜ ਰੁਪਏ ਤੋਂ ਵੱਧ ਹੈ, ਮੁਹੱਈਆ ਕਰਵਾਏ ਜਾ ਚੁੱਕੇ ਹਨ । ਇਸ ਨਾਲ ਗੁਰਦਿਆਂ ਦੀ ਬਿਮਾਰੀ ਨਾਲ ਲੰਬੇ ਸਮੇਂ ਤੋਂ ਜੂਝ ਰਹੇ ਮਰੀਜ਼ਾਂ ਲਈ ਹਰ ਵਾਰ ਹਸਪਤਾਲ ਜਾਣ ’ਤੇ ਪੈਸੇ ਦਾ ਪ੍ਰਬੰਧ ਕਰਨ ਦੀ ਚਿੰਤਾ ਤੋਂ ਬਿਨਾਂ ਆਪਣਾ ਇਲਾਜ ਜਾਰੀ ਰੱਖਣਾ ਯਕੀਨੀ ਬਣਾਇਆ ਗਿਆ ਹੈ ।

ਕਿੰਨੇ ਗਾਲ ਬਲੈਡਰ ਦੀਆਂ ਲੋਪ੍ਰੋਸਕੋਪਿਕ ਸਰਜਰੀਆਂ ਕੀਤੀਆਂ ਗਈਆਂ

ਯੋਜਨਾ ਤਹਿਤ ਗਾਲ ਬਲੈਡਰ ਦੀਆਂ 17,698 ਲੈਪ੍ਰੋਸਕੋਪਿਕ ਸਰਜਰੀਆਂ ਵੀ ਕੀਤੀਆਂ ਗਈਆਂ ਹਨ, ਜੋ ਦੂਜੀ ਸਭ ਤੋਂ ਵੱਧ ਕਰਵਾਈ ਜਾਣ ਵਾਲੀ ਪ੍ਰਕਿਰਿਆ ਹੈ । ਇਸ ਤੋਂ ਬਾਅਦ 10,751 ਗੋਡੇ ਬਦਲਣ ਦੀਆਂ ਸਰਜਰੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਹਜ਼ਾਰਾਂ ਬਜ਼ੁਰਗ ਮਰੀਜ਼ਾਂ ਨੂੰ ਮੁੜ ਤੁਰਨ-ਫਿਰਨ ਅਤੇ ਆਤਮਨਿਰਭਰਤਾ ਹਾਸਲ ਕਰਨ ਵਿੱਚ ਮਦਦ ਮਿਲੀ ਹੈ । ਇਸ ਤੋਂ ਇਲਾਵਾ 9,317 ਔਰਤਾਂ ਦੀਆਂ ਕੈਸ਼ਲੈੱਸ ਸੀਜ਼ੇਰੀਅਨ ਡਿਲਿਵਰੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਪਰਿਵਾਰਾਂ ’ਤੇ ਉਸ ਮਹੱਤਵਪੂਰਨ ਸਮੇਂ ਦੌਰਾਨ ਪੈਣ ਵਾਲਾ ਆਰਥਿਕ ਬੋਝ ਘਟਿਆ ਹੈ ।

ਕਿੰਨੀਆਂ ਰੈਡੀਕਲ ਸਰਜੀਕਲ ਪ੍ਰਕਿਰਿਆਵਾਂ ਕਵਰ ਕੀਤੀਆਂ ਗਈਆਂ

ਯੋਜਨਾ ਤਹਿਤ ਗੁਰਦੇ ਦੀ ਪਥਰੀ ਦੇ ਇਲਾਜ ਲਈ 5,770 ਪਰਕਿਊਟੇਨੀਅਸ ਨੇਫਰੋਲਿਥੋਟੋਮੀ (ਪੀ.ਸੀ. ਐਨ. ਐਲ.) ਪ੍ਰਕਿਰਿਆਵਾਂ, 2,247 ਲੋਅਰ ਯੂਰੇਟਰ ਸਰਜਰੀਆਂ, 911 ਸੀਮੈਂਟਲੈੱਸ ਟੋਟਲ ਹਿਪ ਰਿਪਲੇਸਮੈਂਟ ਸਰਜਰੀਆਂ ਅਤੇ 830 ਰੈਡੀਕਲ ਸਰਜੀਕਲ (Radical surgical) ਪ੍ਰਕਿਰਿਆਵਾਂ ਵੀ ਕਵਰ ਕੀਤੀਆਂ ਗਈਆਂ ਹਨ । ਇਹ ਵੱਖ-ਵੱਖ ਮੈਡੀਕਲ ਵਿਸ਼ੇਸ਼ਤਾਵਾਂ ਵਿੱਚ ਉੱਨਤ ਅਤੇ ਮਹਿੰਗੇ ਇਲਾਜ ਮੁਹੱਈਆ ਕਰਵਾਉਣ ਦੀ ਯੋਜਨਾ ਦੀ ਸਮਰੱਥਾ ਨੂੰ ਦਰਸਾਉਂਦਾ ਹੈ ।

ਕੀ ਆਖਿਆ ਸਿਹਤ ਮੰਤਰੀ ਪੰਜਾਬ ਨੇ

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਕਿਹਾ ਕਿ ਕਿਸੇ ਵੀ ਸਿਹਤ ਪ੍ਰੋਗਰਾਮ ਦੀ ਅਸਲ ਸਫ਼ਲਤਾ ਦਾ ਪੈਮਾਨਾ ਕਾਗਜ਼ਾਂ ’ਤੇ ਦਰਜ ਲਾਭਪਾਤਰੀਆਂ ਦੀ ਗਿਣਤੀ ਨਹੀਂ, ਸਗੋਂ ਉਨ੍ਹਾਂ ਪਰਿਵਾਰਾਂ ਦੀ ਗਿਣਤੀ ਹੈ ਜਿਨ੍ਹਾਂ ਨੂੰ ਬਿਨਾਂ ਕਿਸੇ ਆਰਥਿਕ ਸੰਕਟ ਤੋਂ ਸਮੇਂ ਸਿਰ ਇਲਾਜ ਮਿਲਿਆ ਹੈ। ਕਿਸੇ ਸਿਹਤ ਯੋਜਨਾ ਦੀ ਸਫ਼ਲਤਾ ਉਨ੍ਹਾਂ ਜ਼ਿੰਦਗੀਆਂ ਵਿੱਚ ਨਜ਼ਰ ਆਉਂਦੀ ਹੈ ਜਿਨ੍ਹਾਂ ਨੂੰ ਇਹ ਬਦਲਦੀ ਹੈ ।

ਆਰਥਿਕ ਮਜਬੂਰੀਆਂ ਸਿਹਤ ਸੇਵਾ ਹਾਸਲ ਕਰਨ ਵਿਚ ਕਦੇ ਰੁਕਾਵਟ ਨਹੀਂ ਬਣਨੀਆਂ ਚਾਹੀਦੀਆਂ

ਇਹ ਅੰਕੜੇ ਉਨ੍ਹਾਂ ਹਜ਼ਾਰਾਂ ਪਰਿਵਾਰਾਂ ਦੀ ਤਸਵੀਰ ਪੇਸ਼ ਕਰਦੇ ਹਨ ਜਿਨ੍ਹਾਂ ਨੂੰ ਹਸਪਤਾਲ ਦੇ ਬਿਲਾਂ ਦੀ ਚਿੰਤਾ ਕੀਤੇ ਬਿਨਾਂ ਮਿਆਰੀ ਇਲਾਜ ਮਿਲਿਆ । ਭਾਵੇਂ ਜੀਵਨ ਭਰ ਡਾਇਲਸਿਸ ਦੀ ਲੋੜ ਵਾਲਾ ਮਰੀਜ਼ ਹੋਵੇ, ਨੀ ਰਿਪਲੇਸਮੈਂਟ ਕਰਵਾਉਣ ਵਾਲਾ ਬਜ਼ੁਰਗ ਵਿਅਕਤੀ ਹੋਵੇ, ਸੁਰੱਖਿਅਤ ਸੀਜ਼ੇਰੀਅਨ ਡਿਲਿਵਰੀ ਦੀ ਲੋੜ ਵਾਲੀ ਔਰਤ ਹੋਵੇ ਜਾਂ ਐਮਰਜੈਂਸੀ ਦਿਲ ਦੇ ਇਲਾਜ ਦੀ ਲੋੜ ਵਾਲਾ ਮਰੀਜ਼ ਹੋਵੇ ਮੁੱਖ ਮੰਤਰੀ (Chief Minister) ਸਿਹਤ ਯੋਜਨਾ ਇਹ ਯਕੀਨੀ ਬਣਾ ਰਹੀ ਹੈ ਕਿ ਆਰਥਿਕ ਮਜਬੂਰੀਆਂ ਸਿਹਤ ਸੇਵਾ ਹਾਸਲ ਕਰਨ ਵਿੱਚ ਕਦੇ ਰੁਕਾਵਟ ਨਾ ਬਣਨ ।

LEAVE A REPLY

Please enter your comment!
Please enter your name here