ਰਵੀ ਸਿੰਘ ਨੂੰ ਦੁਨੀਆ ਭਰ ਦੇ ਲੋਕ ਜਾਣਦੇ ਹਨ ਅਤੇ ਖਾਲਸਾ ਏਡ ਨੂੰ ਜਨਮ ਦੇਣ ਵਾਲੇ ਅੱਜ ਖ਼ੁਦ ਆਪਣੀ ਸਿਹਤ ਲਈ ਲੜ ਰਹੇ ਹਨ। ਰਵੀ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਦੋਵੇਂ ਗੁਰਦੇ ਹੁਣ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਅਤੇ ਹੁਣ ਅਪ੍ਰੇਸ਼ਨ ਕਰਵਾਉਣਾ ਪਵੇਗਾ। ਉਹਨਾਂ ਨੇ ਇਸਦਾ ਕਾਰਨ ਵੀ ਦੱਸਿਆ ਹੈ ਅਤੇ ਕਿਹਾ ਕੇ ਲਗਾਤਾਰ ਵੱਖਰੇ ਮੁਲਕਾਂ ‘ਚ ਜਾ ਕੇ ਸੇਵਾ ਕਰਦਿਆਂ ਕਈ ਤਰ੍ਹਾਂ ਦੀਆਂ ਚੀਜਾਂ ਖਾਦੀਆਂ ਜਿਸ ਕਾਰਨ ਹੁਣ ਉਹਨਾਂ ਦੀ ਸਿਹਤ ਵਿਗੜ ਰਹੀ ਹੈ। ਰਵੀ ਸਿੰਘ ਲਿਖਦੇ ਹਨ ਕਿ “ਪਿਛਲੇ 22 ਸਾਲਾਂ ਤੋਂ ਗੁਰੂ ਸਾਹਬ ਕ੍ਰਿਪਾ ਕਰਕੇ ਸੇਵਾ ਲੈ ਰਹੇ ਹਨ। ਪਰ ਸੇਵਾ ਦੇ ਪਹਿਲੇ ਦਸ ਸਾਲ ਵਿੱਚ ਹੋਈ ਦੌੜ ਭੱਜ ਅਤੇ ਦੁਨੀਆਂ ਦੇ ਅਲੱਗ ਅਲੱਗ ਥਾਵਾਂ ਦੇ ਹਾਲਾਤਾਂ ਅਨੁਸਾਰ ਮੈਂ ਆਪਣੇ ਖਾਣ ਪੀਣ ਅਤੇ ਸਿਹਤ ਦਾ ਚੰਗੀ ਤਰ੍ਹਾਂ ਧਿਆਨ ਨਹੀਂ ਰੱਖ ਸਕਿਆ। ਜਿਸ ਦਾ ਨਤੀਜਾ ਅੱਜ ਵਿਗੜੀ ਹੋਈ ਸਿਹਤ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।”

ਉਹਨਾਂ ਨੇ ਦੱਸਿਆ ਕਿ “ਪਿਛਲੇ 2 ਸਾਲਾਂ ਤੋਂ ਦੋਵੇਂ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਹਨ। ਮੇਰਾ ਪਹਿਲਾ ਓਪਰੇਸ਼ਨ ਹੈ। ਮੈਨੂੰ ਉਮੀਦ ਹੈ ਗੁਰੂ ਸਾਹਬ ਦੀ ਕ੍ਰਿਪਾ ਨਾਲ ਮੈਨੂੰ ਜਲਦੀ ਠੀਕ ਹੋ ਜਾਵਾਂਗਾ। ਕ੍ਰਿਪਾ ਕਰਕੇ ਕੋਈ ਫਿਕਰ ਨਾ ਕਰਿਓ, ਸਾਨੂੰ ਸਤਿਗੁਰੂ ਜੀ ਰਜ਼ਾ ਵਿੱਚ ਰਹਿਣ ਦਾ ਬਲ ਬਖ਼ਸ਼ਣ। ਅਸੀਂ ਸਾਰੇ ਇਸ ਫ਼ਾਨੀ ਸੰਸਾਰ ਦੇ ਪੈਂਡੇ ਦੇ ਰਾਹੀਂ ਹਾਂ ਅਤੇ ਮੇਰੀ ਜ਼ਿੰਦਗੀ ਦਾ ਇਹ ਪੈਂਡਾ ਗੁਰੂ ਸਾਹਬ ਮੈਨੂੰ ਸੇਵਾ ਵਿੱਚ ਲਾ ਕੇ ਆਪ ਤਹਿ ਕਰਵਾ ਰਹੇ ਹਨ। ਮੈਂ ਹਮੇਸ਼ਾ ਤੁਹਾਡੇ ਪਿਆਰ ਅਤੇ ਅਸੀਸਾਂ ਲਈ ਰਿਣੀ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਇਸੇ ਤਰ੍ਹਾਂ ਪਿਆਰ ਅਤੇ ਅਸੀਸਾਂ ਬਖ਼ਸ਼ਦੇ ਰਹੋਗੇ। ਤੁਹਾਡੀ ਕੀਤੀ ਅਰਦਾਸ ਹੀ ਮੇਰੇ ਲਈ ਸਭ ਕੁਝ ਹੈ।”

 

ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਕਿਹਾ ਹੈ ਕਿ ਉਹ ਆਪ੍ਰੇਸ਼ਨ ਤੋਂ ਬਾਅਦ ਅਗਲੇ 48 ਘੰਟਿਆਂ ਵਿੱਚ ਆਪਣੀ ਸਿਹਤ ਬਾਰੇ ਹੋਰ ਜਾਣਕਾਰੀ ਸਾਂਝੀ ਕਰਨਗੇ। ਰਵੀ ਸਿੰਘ ਕਾਰਨ ਸਿੱਖ ਕੌਮ ਨੂੰ ਦੁਨੀਆ ਭਰ ਵਿੱਚ ਹੋਰ ਉੱਚਾ ਮੁਕਾਮ ਹਾਸਿਲ ਹੋਇਆ ਹੈ। ਖਾਲਸਾ ਏਡ ਤਕਰੀਬਨ ਦੁਨੀਆ ਦੇ ਹਰ ਕੋਨੇ ਵਿੱਚ ਜਾ ਕੇ ਸੇਵਾ ਕਰਦਾ ਹੈ ਚਾਹੇ ਫ਼ਿਰ ਕੀਤੇ ਹੜ ਆਇਆ ਹੋਣ, ਕੀਤੇ ਅੱਗ ਲੱਗੀ ਹੋਵੇ, ਭੁੱਖਮਰੀ ਹੋਵੇ ਜਾਂ ਫ਼ਿਰ ਕੋਈ ਹੋਰ ਕੁਦਰਤੀ ਆਪਦਾ ਆਈ ਹੋਵੇ। ਰਵੀ ਸਿੰਘ ਦੀ ਸਿਹਤ ਦੀ ਤੰਦਰੁਸਤੀ ਲਈ ਵੀ ਲੋਕ ਅਰਦਾਸਾਂ ਕਰ ਰਹੇ ਹਨ ਅਤੇ ਜਲਦ ਸਭ ਦੇ ਸਾਹਮਣੇ ਆਉਣਗੇ ਇਸ ਤਰ੍ਹਾਂ ਦੀਆਂ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ।

Author