ਅਮਰੀਕਾ ’ਚੋਂ ਡਿਪੋਰਟ ਭਾਰਤੀਆਂ ’ਚ ਸੁਲਤਾਨਪੁਰ ਲੋਧੀ ਦੇ ਪਿੰਡ ਤਰਫ ਬਹਿਬਲ ਬਹਾਦਰ ਦਾ ਵੀ ਨੌਜਵਾਨ, ਸੁਪਨੇ ਹੋਏ ਚੂਰ ਚੂਰ
ਸੁਲਤਾਨਪੁਰ ਲੋਧੀ, 15 ਫਰਵਰੀ: ਡੋਨਾਲਡ ਟਰੰਪ ਸਰਕਾਰ ਇੱਕ ਵਾਰ ਫਿਰ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨਾਲ ਭਰਿਆ ਜਹਾਜ਼ ਅਮਰੀਕਾ ਤੋਂ ਭਾਰਤ ਭੇਜ ਰਹੀ ਹੈ। ਪਹਿਲਾ ਜਹਾਜ਼ ਸ਼ਨੀਵਾਰ ਰਾਤ 10.15 ਵਜੇ ਅੰਮ੍ਰਿਤਸਰ ‘ਚ ਉਤਰੇਗਾ। 119 ਗੈਰ-ਕਾਨੂੰਨੀ ਪਰਵਾਸੀ ਭਾਰਤੀਆਂ ਵਾਲੇ ਇਸ ਜਹਾਜ਼ ਵਿੱਚ ਪੰਜਾਬ ਦੇ 67, ਹਰਿਆਣਾ ਦੇ 33, ਗੁਜਰਾਤ ਦੇ 8, ਯੂਪੀ ਦੇ 3, ਮਹਾਰਾਸ਼ਟਰ-ਰਾਜਸਥਾਨ ਤੋਂ 2-2 ਅਤੇ ਹਿਮਾਚਲ-ਜੰਮੂ-ਕਸ਼ਮੀਰ ਤੋਂ 1-1 ਲੋਕ ਸਵਾਰ ਹੋਣਗੇ।
ਸੁਲਤਾਨਪੁਰ ਲੋਧੀ ਦੇ ਪਿੰਡ ਤਰਫ ਬਹਿਬਲ ਬਹਾਦਰ ਦਾ ਵੀ ਨੌਜਵਾਨ
ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਸਾਹਿਲਪ੍ਰੀਤ ਸਿੰਘ ਵੀ ਸ਼ਾਮਲ ਹੈ। ਸੁਲਤਾਨਪੁਰ ਲੋਧੀ ਦੇ ਪਿੰਡ ਤਰਫ ਬਹਿਬਲ ਬਹਾਦਰ ਦੇ ਰਹਿਣ ਵਾਲੇ ਸਹਿਲਪ੍ਰੀਤ ਸਿੰਘ ਦੇ ਪਰਿਵਾਰ ਨੇ ਸੁਨਹਿਰੀ ਭਵਿੱਖ ਦਾ ਸੁਪਨਾ ਦੇਖਦਿਆਂ ਉਸ ਨੂੰ ਅਮਰੀਕਾ ਭੇਜਿਆ ਸੀ ਤੇ ਆਸ ਕੀਤੀ ਸੀ ਕਿ ਉਹ ਪਰਿਵਾਰ ਦੀ ਵਿੱਤੀ ਹਾਲਤ ਸੁਧਾਰੇਗਾ।
ਸਿਰ ਤੇ ਚੜ ਗਈ ਕਰਜੇ ਦੀ ਪੰਡ
ਸਾਹਿਲ ਪ੍ਰੀਤ ਦੇ ਦਾਦਾ ਗੁਰਮੀਤ ਸਿੰਘ ਨੇ ਦੱਸਿਆ ਕਿ ਪੋਤੇ ਨੂੰ ਅਮਰੀਕਾ ਭੇਜਣ ਲਈ ਉਸ ਨੇ ਘਰ-ਜਮੀਨ ਸਭ ਕੁਝ ਗਹਿਣੇ ਰੱਖ ਦਿੱਤਾ, ਸਭ ਜਮੀਨ ਵੀ ਵੇਚ ਦਿੱਤੀ ਅਤੇ ਰਿਸ਼ਤੇਦਾਰਾਂ ਕੋਲੋਂ ਵਿਤੀ ਸਹਾਇਤਾ ਵੀ ਲਈ ਸੀ। ਇਸ ਲਈ ਉਨ੍ਹਾਂ ਨੇ ਕਰੀਬ 40-45 ਲੱਖ ਰੁਪਏ ਦਾ ਕਰਜ਼ਾ ਲਿਆ। ਕਰੀਬ 20 ਦਿਨ ਪਹਿਲਾਂ ਪਰਿਵਾਰ ਦੀ ਸਾਹਿਲ ਨਾਲ ਗੱਲਬਾਤ ਹੋਈ ਸੀ। ਉਸ ਤੋਂ ਬਾਅਦ ਅੱਜ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਉਸਦਾ ਪੁੱਤਰ ਡਿਪੋਰਟ ਹੋ ਕੇ ਘਰ ਵਾਪਸ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੀਡੀਆ ਰਾਹੀਂ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਉਸਦੇ ਡਿਪੋਰਟ ਹੋਣ ਦੀ ਜਾਣਕਾਰੀ ਅੱਜ ਮਿਲੀ ਹੈ। ਖਬਰ ਮਿਲਣ ਤੋਂ ਬਾਅਦ ਪਰਿਵਾਰ ਬੇਵਦ ਭਾਵਕ ਹੋ ਗਿਆ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਕਰਜ਼ੇ ਦੀ ਪੰਡ ਚੁੱਕ ਕੇ ਉਸ ਨੂੰ ਅਮਰੀਕਾ ਭੇਜਿਆ ਸੀ ਤੇ ਬਹੁਤ ਸਾਰੇ ਸੁਪਨੇ ਦੇਖੇ ਸਨ ਕਿ ਸ਼ਾਇਦ ਉਹ ਘਰ ਦੇ ਹਾਲਾਤ ਸੁਧਾਰੇਗਾ ਪਰ ਕਿਸਮਤ ਨੂੰ ਕੁਝ ਹੋਰ ਮਨਜੂਰ ਸੀ। ਪਰਿਵਾਰ ਵੱਲੋਂ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ਤੇ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ।