ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ।ਇਸ ਦੌਰਾਨ ਮਰੀਜ਼ਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਰ ਹੁਣ ਇਸਤੋਂ ਥੋੜੀ ਰਾਹਤ ਮਿਲੀ ਹੈ।ਕਿਉਂਕਿ ਹੁਣ ਇਸ ਬਿਮਾਰੀ ਨਾਲ ਸੰਬੰਧਿਤ ਦਵਾਈਆਂ ‘ਤੇ ਜੀਐੱਸਟੀ ਟੈਕਸ ਦਰ ਘਟਾ ਦਿੱਤੀ ਗਈ ਹੈ।

ਜੀਐੱਸਟੀ ਕੌਂਸਲ ਨੇ ਕੋਵਿਡ-19 ਦੀਆਂ ਦਵਾਈਆਂ ਜਿਵੇਂ ਕਿ ਰੈਮਡੇਸਿਵਿਰ ਤੇ ਹੋਰ ਉਪਕਰਨਾਂ- ਆਕਸੀਜਨ ਕੰਸਨਟਰੇਟਰਾਂ ਤੇ ਮੈਡੀਕਲ ਗਰੇਡ ਆਕਸੀਜਨ ਤੋਂ ਟੈਕਸ ਦਰ ਘਟਾ ਦਿੱਤੀ ਹੈ। ਟੋਸਿਲਿਜੁਮੈਬ ਟੀਕੇ ਤੇ ਐਮਫੋਟੈਰੀਸਿਨ ਬੀ ਉਤੇ ਹੁਣ ਕੋਈ ਜੀਐੱਸਟੀ ਨਹੀਂ ਲੱਗੇਗਾ,ਜਦਕਿ ਇਸਤੋਂ ਪਹਿਲਾਂ ਪੰਜ ਪ੍ਰਤੀਸ਼ਤ ਟੈਕਸ ਲੱਗ ਰਿਹਾ ਸੀ। ਇਸੇ ਤਰ੍ਹਾਂ ਰੈਮਡੇਸਿਵਿਰ ਤੇ ਹੇਪਰਿਨ ਉਤੇ ਟੈਕਸ ਦਰ ਵੀ 12 ਫੀਸਦ ਤੋਂ ਘਟਾ ਕੇ ਪੰਜ ਫੀਸਦ ਕਰ ਦਿੱਤੀ ਗਈ ਹੈ।

ਮੈਡੀਕਲ ਗਰੇਡ ਆਕਸੀਜਨ, ਆਕਸੀਜਨ ਕੰਸਨਟਰੇਟਰਾਂ, ਵੈਂਟੀਲੇਟਰਾਂ, ਬਾਇਪੈਪ ਮਸ਼ੀਨਾਂ ਤੇ ਨੇਜ਼ਲ ਕੈਨੁਲਾ  ਉਪਕਰਨਾਂ ’ਤੇ ਵੀ ਟੈਕਸ ਦਰ ਘਟ ਕੇ ਪੰਜ ਪ੍ਰਤੀਸ਼ਤ ਰਹਿ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ ਟੈਸਟਿੰਗ ਕਿੱਟ ਉਤੇ ਟੈਕਸ 12 ਤੋਂ ਘੱਟ ਕੇ ਪੰਜ ਪ੍ਰਤੀਸ਼ਤ ਰਹਿ ਗਿਆ ਹੈ। ਪਲਸ ਆਕਸੀਮੀਟਰ, ਹੈਂਡ ਸੈਨੇਟਾਈਜ਼ਰ, ਤਾਪਮਾਨ ਮਾਪਣ ਵਾਲੇ ਉਪਕਰਨਾਂ ਤੇ ਐਂਬੂਲੈਂਸਾਂ ਉਤੇ ਵੀ ਟੈਕਸ ਪੰਜ ਪ੍ਰਤੀਸ਼ਤ ਹੀ ਲੱਗੇਗਾ।

ਕੌਂਸਲ ਨੇ ਵੱਖ-ਵੱਖ ਰਾਜਾਂ ਦੇ ਮੰਤਰੀਆਂ ਦੇ ਗਰੁੱਪ ਦੀਆਂ ਸਿਫਾਰਿਸ਼ਾਂ ਉਤੇ ਅਮਲ ਕਰਦਿਆਂ ਇਹ ਫ਼ੈਸਲਾ ਲਿਆ ਹੈ। ਕੋਵਿਡ ਵੈਕਸੀਨ ਉਤੇ ਜੀਐੱਸਟੀ ਹਾਲਾਂਕਿ ਪੰਜ ਫੀਸਦ ਹੀ ਰਹੇਗਾ ਕਿਉਂਕਿ ਕੌਂਸਲ ਮੁਤਾਬਕ ਜ਼ਿਆਦਾਤਰ ਵੈਕਸੀਨ ਕੇਂਦਰ ਸਰਕਾਰ ਖ਼ਰੀਦ ਕੇ ਲੋਕਾਂ ਨੂੰ ਮੁਫ਼ਤ ਵਿਚ ਦੇ ਰਹੀ ਹੈ। ਘਟਾਏ ਗਏ ਜੀਐੱਸਟੀ ਬਾਰੇ ਨੋਟੀਫਿਕੇਸ਼ਨ ਸਰਕਾਰ ਇਕ-ਦੋ ਦਿਨ ਵਿਚ ਜਾਰੀ ਕਰੇਗੀ। ਕਰੀਬ 18 ਵਸਤਾਂ ਹਨ ਜਿਨ੍ਹਾਂ ’ਤੇ ਜੀਐੱਸਟੀ ਘਟਾਇਆ ਗਿਆ ਹੈ। ਘਟਾਈਆਂ ਗਈਆਂ ਦਰਾਂ ਜਿਸ ਮੰਤਰੀ ਸਮੂਹ ਦੀਆਂ ਸਿਫਾਰਿਸ਼ਾਂ ਉਤੇ ਅਧਾਰਿਤ ਹਨ ਉਸ ਦੀ ਅਗਵਾਈ ਮੇਘਾਲਿਆ ਦੇ ਉਪ ਮੁੱਖ ਮੰਤਰੀ ਕੋਨਰਾਡ ਸੰਗਮਾ ਕਰ ਰਹੇ ਸਨ।

ਟੈਕਸ ਬਾਰੇ ਜਾਰੀ ਹਦਾਇਤਾਂ 30 ਸਤੰਬਰ ਤੱਕ ਲਾਗੂ ਰਹਿਣਗੀਆਂ। ਕੌਂਸਲ ਦੀ 44ਵੀਂ ਬੈਠਕ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ 75 ਪ੍ਰਤੀਸ਼ਤ ਵੈਕਸੀਨ ਖ਼ਰੀਦ ਰਹੀ ਹੈ ਤੇ ਜੀਐੱਸਟੀ ਵੀ ਦੇ ਰਹੀ ਹੈ। ਪਰ ਲੋਕਾਂ ਉਤੇ ਇਸ ਜੀਐੱਸਟੀ ਦਾ ਕੋਈ ਬੋਝ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਵੈਕਸੀਨ ਮੁਫ਼ਤ ਮਿਲੇਗਾ। ਇਸ ਮੌਕੇ ਕੇਂਦਰ ਸਰਕਾਰ ਦੇ ਰੈਵੇਨਿਊ ਸਕੱਤਰ ਤਰੁਣ ਬਜਾਜ ਵੀ ਮੌਜੂਦ ਸਨ। ਗੈਸ/ਇਲੈਕਟ੍ਰਿਕ ਸ਼ਮਸ਼ਾਨਘਾਟਾਂ ਦੀਆਂ ਭੱਠੀਆਂ ਖ਼ਰੀਦਣ ਉਤੇ ਵੀ ਹੁਣ ਪੰਜ ਪ੍ਰਤੀਸ਼ਤ ਟੈਕਸ ਹੀ ਲੱਗੇਗਾ।

 

LEAVE A REPLY

Please enter your comment!
Please enter your name here