ਲੁਧਿਆਣਾ – ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ, ਭਾਰਤ ਸਰਕਾਰ ਵਲੋਂ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (ਪੀ.ਐਮ.ਆਰ.ਬੀ.ਪੀ.) ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਜੈਨ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ, ਇਸਤਰੀ ਤੇ ਬਾਲ ਵਿਕਾਸ ਮੰਤਰਾਲੇ, ਨਵੀਂ ਦਿੱਲੀ ਵੱਲੋ 18 ਸਾਲ ਤੋਂ ਘੱਟ ਉਮਰ ਦੇ ਹੋਣਹਾਰ ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਸਨਮਾਨਿਤ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ ਉਹਨਾ ਬੱਚਿਆਂ ਨੂੰ ਦਿੱਤਾ ਜਾਣਾ ਹੈ ਜਿਨ੍ਹਾਂ ਬਹਾਦਰੀ ਦੇ ਨਾਲ ਦੂਜਿਆਂ ਲਈ ਕੰਮ ਕੀਤੇ ਹਨ, ਛੋਟੇ ਬੱਚਿਆਂ ਲਈ ਰੋਲ ਮਾਡਲ ਹਨ ਜਾਂ ਖੇਡਾਂ ਦੇ ਖੇਤਰ, ਸਮਾਜ ਸੇਵਾ, ਵਿਗਿਆਨ ਤਕਨਾਲੋਜੀ, ਵਾਤਾਵਰਣ ਅਤੇ ਕਲਾ ‘ਤੇ ਪ੍ਰਭਾਵ ਪਾਇਆ ਹੈ।
ਉਨ੍ਹਾਂ ਦੱਸਿਆ ਕਿ ਕੋਈ ਵੀ ਬੱਚਾ ਜਿਹੜਾ ਕਿ ਭਾਰਤ ਦਾ ਨਾਗਰਿਕ ਹੋਵੇ ਅਤੇ ਉਸਦੀ ਉਮਰ 18 ਸਾਲ ਤੋਂ ਘੱਟ ਹੈ, ਇਸ ਐਵਾਰਡ ਲਈ ਯੋਗ ਹੈ। ਯੋਗ ਬੱਚਿਆਂ ਨੂੰ ਨਾਮਜਦ ਕਰਨ ਲਈ ਆਨਲਾਈਨ ਪੋਰਟਲ http://awards.gov.in ‘ਤੇ 31 ਜੁਲਾਈ, 2025 ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸਦੀ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਸ਼ਿਮਲਾਪੁਰੀ, ਨੇੜੇ ਗਿੱਲ ਨਹਿਰ, ਲੁਧਿਆਣਾ, ਫੋਨ ਨੰਬਰ 0161-5126456 ਨੂੰ ਵੀ ਦਿੱਤੀ ਜਾਵੇ ਤਾਂ ਜੋ ਇਸਦੀ ਸੂਚਨਾ ਡਾਇਰੈਕਟੋਰੇਟ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ, ਚੰਡੀਗੜ੍ਹ ਨੂੰ ਭੇਜੀ ਜਾ ਸਕੇ।