ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਵਿੱਚ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕੜੀ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਪਹੁੰਚੇ ਹਨ।

ਅਰਵਿੰਦ ਕੇਜਰੀਵਾਲ ਆਪਣੇ ਇਸ ਪੰਜਾਬ ਦੌਰੇ ਦੌਰਾਨ ਕੁੱਝ ਵੱਡੇ ਸਿਆਸੀ ਧਮਾਕੇ ਵੀ ਕਰ ਰਹੇ ਹਨ। ਪੰਜਾਬ ਦੀ ਸਿਆਸਤ ਵਿੱਚ ਅੱਜ ਇੱਕ ਵੱਡਾ ਧਮਾਕਾ ਕਰਦਿਆਂ ਉਨ੍ਹਾਂ ਨੇ ਪਹਿਲਾ ਸਾਬਕਾ ਆਈਜੀ ਵਿਜੇ ਪ੍ਰਤਾਪ ਸਿੰਘ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਵੱਡਾ ਧਮਾਕਾ ਕਰਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਉਮੀਦਵਾਰ ਬਾਰੇ ਕਿਹਾ ਕਿ ਜੇ ਆਪ ਪੰਜਾਬ ਵਿੱਚ ਜਿੱਤਦੀ ਹੈ ਤਾਂ ਪੰਜਾਬ ਵਿੱਚ ਮੁੱਖ ਮੰਤਰੀ ਸਿੱਖ ਸਮਾਜ ਤੋਂ ਹੀ ਹੋਵੇਗਾ। ਪੰਜਾਬ ਵਿਚ ਪਿਛਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਇਕ ਵੱਡੀ ਤਾਕਤ ਵਜੋਂ ਉੱਭਰੀ ਸੀ, ਇਸ ਲਈ ਇਸ ਵਾਰ ਵੀ ‘ਆਪ’ ਨੂੰ ਪੰਜਾਬ ਤੋਂ ਵੱਡੀਆਂ ਉਮੀਦਾਂ ਹਨ।

ਪੰਜਾਬ ‘ਚ ਆਪ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਸੀਂ ਪਾਰਟੀ ਵਿੱਚ ਇਸ ‘ਤੇ ਮੰਥਨ ਕਰ ਰਹੇ ਹਾਂ, ਪਰ ਜੋ ਵੀ ਹੋਵੇਗਾ, ਉਹ ਸਿੱਖ ਚਿਹਰਾ ਹੋਵੇਗਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡਾ ਉਮੀਦਵਾਰ ਉਹੀ ਹੋਵੇਗਾ ਜਿਸ ‘ਤੇ ਹਰ ਇੱਕ ਨੂੰ ਮਾਣ ਹੋਵੇਗਾ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਬਕਾ ਆਈਪੀਐਸ ਕੁੰਵਰ ਜੀ ਕੋਈ ਨੇਤਾ ਨਹੀਂ ਹਨ ਅਤੇ ਨਾ ਹੀ ਮੈਂ ਕੋਈ ਨੇਤਾ ਹਾਂ। ਉਹ ਇਮਾਨਦਾਰੀ ਨਾਲ ਕੰਮ ਕਰਨ ਲਈ ਸਾਡੇ ਨਾਲ ਆਏ ਹਨ। ਉਨ੍ਹਾਂ ਨੇ ਮੌਜੂਦਾ ਕੈਪਟਨ ਸਰਕਾਰ ਬਾਰੇ ਕਿਹਾ ਕਿ ਪੰਜਾਬ ਸਰਕਾਰ ਇੱਥੇ ਤਬਦੀਲੀ ਨਹੀਂ ਲਿਆ ਸਕਦੀ, ਸਾਡੀ ਪਾਰਟੀ ਇਥੇ ਬਦਲਾਵ ਕਰਕੇ ਦਿਖਾਏਗੀ। ਜਦੋਂ ਕਿਸੇ ਨਾਲ ਗੱਠਜੋੜ ‘ਤੇ ਸਵਾਲ ਪੁੱਛਿਆ ਗਿਆ ਤਾਂ ਕੇਜਰੀਵਾਲ ਨੇ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਉਹ ਮੀਡੀਆ ਨੂੰ ਜ਼ਰੂਰ ਦੱਸ ਦੇਣਗੇ।