ਕਾਂਗਰਸ ਦੇ ਆਗੂ ਰਾਹੁਲ ਗਾਂਧੀ ਅੱਜ ਲਾਲ ਰੰਗ ਦੀ ਦਸਤਾਰ ਸਜਾ ਕੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਚ ਨਤਮਸਤਕ ਹੋਏ। ਅੱਜ ਤੋਂ ਭਾਰਤ ਜੋੜੋ ਯਾਤਰਾ ਦੀ ਪੰਜਾਬ ਵਿਚ ਰਸਮੀ ਸ਼ੁਰੂਆਤ ਹੋਈ ਹੈ। ਇਸਦੀ ਸ਼ੁਰੂਆਤ ਸਰਹਿੰਦ ਤੋਂ ਹੋਈ ਹੈ ਤੇ ਇਹ ਯਾਤਰਾ 10 ਦਿਨ ਤੱਕ ਪੰਜਾਬ ਵਿਚ ਰਹੇਗੀ।
ਉਹਨਾਂ ਸਰਹਿੰਦ ਵਿਚ ਰੋਜ਼ਾ ਸ਼ਰੀਫ ਵਿਖੇ ਵੀ ਮੱਥਾ ਟੇਕਿਆ। ਪਹਿਲੇ ਦਿਨ ਸਰਹੰਦ ਤੋਂ ਖੰਨਾ ਤੱਕ ਯਾਤਰਾ ਹੋਵੇਗੀ।
ਪੰਜਾਬ ਦੇ ਵੱਖ-ਵੱਖ ਭਾਗਾਂ ਤੋਂ ਹੁੰਦੀ ਹੋਈ ਇਹ ਯਾਤਰਾ 10 ਜਨਵਰੀ ਨੂੰ ਜੰਮੂ ਕਸ਼ਮੀਰ ਵਿਚ ਪ੍ਰਵੇਸ਼ ਕਰੇਗੀ।

ਰਾਹੁਲ ਗਾਂਧੀ ਨੇ ਅੱਜ ਫਤਿਹਗੜ੍ਹ ਸਾਹਿਬ ਵਿਖੇ ਆਖਿਆ ਕਿ ਇਕ ਜਾਤ ਦੇ ਲੋਕਾਂ ਨੂੰ ਦੂਜੀ ਜਾਤ ਦੇ ਲੋਕਾਂ ਨਾਲ ਲੜਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਬਗੈਰ ਭਾਜਪਾ ਦਾ ਨਾਂ ਲਏ ਕਿਹਾ ਕਿ ਉਹਨਾਂ ਨੇ ਦੇਸ਼ ਦਾ ਮਾਹੌਲ ਖਰਾਬ ਕਰ ਦਿੱਤਾ ਹੈ। ਅਸੀਂ ਦੇਸ਼ ਨੂੰ ਪਿਆਰ, ਏਕਤਾ ਤੇ ਭਾਈਚਾਰਕ ਸਾਂਝ ਦਾ ਰਾਹ ਵਿਖਾ ਰਹੇ ਹਾਂ। ਇਸੇ ਲਈ ਅਸੀਂ ਇਹ ਯਾਤਰਾ ਸ਼ੁਰੂ ਕੀਤੀ ਹੈ।