ਸਾਬਕਾ ਵਿਧਾਇਕ ਮਹਿਤਾਬ ਸਿੰਘ ਆਪਣੇ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

0
45

ਬਠਿੰਡਾ ਦੇ ਸਮਾਜਸੇਵੀ ਜੋਗਿੰਦਰ ਕਾਕਾ ਨੇ ਵੀ ਫੜਿਆ ਆਪ ਦਾ ਪੱਲਾ

ਮੋਦੀ ਤੇ ਕੈਪਟਨ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਰਾਜਨੀਤਕ ਆਗੂ, ਖਿਡਾਰੀ, ਵਕੀਲ, ਪੱਤਰਕਾਰ ਤੇ ਸਮਾਜ ਸੇਵੀ ਆਪ ਨਾਲ ਜੁੜ ਰਹੇ ਨੇ : ਜਰਨੈਲ ਸਿੰਘ

ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਵਿੱਚ ਕੀਤੇ ਵਿਕਾਸਮਈ ਕੰਮਾਂ ਅਤੇ ਨੀਤੀਆਂ ਤੋਂ ਹੋਏ ਹਾਂ ਪ੍ਰਭਾਵਿਤ: ਮਹਿਤਾਬ ਸਿੰਘ

ਚੰਡੀਗੜ੍ਹ : ਲੰਮਾ ਸਮਾਂ ਪੰਜਾਬ ਦੀ ਰਾਜਨੀਤੀ ਵਿੱਚ ਸਰਗਰਮ ਰਹੇ ਅਤੇ ਤਿੰਨ ਵਾਰ ਜਲਾਲਾਬਾਦ ਤੋਂ ਵਿਧਾਇਕ ਰਹੇ ਮਹਿਤਾਬ ਸਿੰਘ ਅੱਜ ਆਪਣੇ ਸੈਂਕੜੇ ਸਾਥੀਆਂ ਨਾਲ ਆਮ ਆਦਮੀ ਪਾਰਟੀ (ਆਪ) ਪੰਜਾਬ ਵਿੱਚ ਸ਼ਾਮਲ ਹੋ ਗਏ। ਇਸੇ ਤਰਾਂ ਬਠਿੰਡਾ ਦੇ ਸਮਾਜਸੇਵੀ ਜੋਗਿੰਦਰ ਕਾਕਾ ਨੇ ਆਪ ਵਿੱਚ ਸ਼ਮੂਲੀਅਤ ਕੀਤੀ। ਆਪ ਦੇ ਦਿੱਲੀ ਦੇ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਮੈਡਮ ਨੀਨਾ ਮਿੱਤਲ ਨੇ ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ ਵਿਖੇ ਮਹਿਤਾਬ ਸਿੰਘ, ਜੋਗਿੰਦਰ ਕਾਕਾ ਅਤੇ ਉਨਾਂ ਦੇ ਸਾਥੀਆਂ ਦਾ ਰਸਮੀ ਤੌਰ ‘ਤੇ ਪਾਰਟੀ ‘ਚ ਸਵਾਗਤ ਕੀਤਾ।

ਇਸ ਸਮੇਂ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਅੱਜ ਮੋਦੀ ਤੇ ਕੈਪਟਨ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਸੂਬੇ ਦੇ ਆਗੂ, ਖਿਡਾਰੀ, ਵਕੀਲ, ਪੱਤਰਕਾਰ ਤੇ ਸਮਾਜ ਸੇਵੀ ਭਾਵ ਸਮਾਜ ਦਾ ਹਰ ਵਰਗ ਆਪ ਨਾਲ ਜੁੜ ਰਿਹਾ ਹੈ, ਪੰਜਾਬ ਦੇ ਸਾਬਕਾ ਵਿਧਾਇਕ ਅਤੇ ਰਾਜਨੀਤੀ ਦੇ ਜਾਣਕਾਰ ਮਹਿਤਾਬ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਦੇ ਕਾਫ਼ਲੇ ਵਿੱਚ ਭਾਰੀ ਵਾਧਾ ਹੋਇਆ ਹੈ। ਜਰਨੈਲ ਸਿੰਘ ਨੇ ਬਠਿੰਡਾ ਦੇ ਉਘੇ ਸਮਾਜਸੇਵੀ ਜੋਗਿੰਦਰ ਕਾਕਾ ਦਾ ਸਵਾਗਤ ਕਰਦਿਆਂ ਕਿਹਾ ਕਿ ਸਮਾਜਸੇਵੀਆਂ ਦੇ ਆਪ ਵਿੱਚ ਆਉਣ ਨਾਲ ਪਾਰਟੀ ਵਰਕਰਾਂ ਦਾ ਹੌਸਲਾ ਵੱਧਦਾ ਹੈ ਕਿਉਂਕਿ ਆਪ ਨੇ ਆਪਣਾ ਰਾਜਨੀਤਿਕ ਸਫ਼ਰ ਹੀ ਸਮਾਜ ਸੇਵਾ ਦੇ ਉਦੇਸ਼ ਨਾਲ ਸ਼ੁਰੂ ਕੀਤਾ ਹੈ।

ਆਪ ਵਿੱਚ ਸ਼ਾਮਲ ਹੋਏ ਸਾਬਕਾ ਸੀ.ਪੀ.ਆਈ ਆਗੂ ਅਤੇ ਵਿਧਾਇਕ ਮਹਿਤਾਬ ਸਿੰਘ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਵੇਂ ਸਰੀਰਕ ਤੌਰ ‘ਤੇ ਉਹ ਅੱਜ ਪਾਰਟੀ ਨਾਲ ਜੁੜੇ ਹਨ, ਪਰ ਆਤਮਿਕ ਤੌਰ ‘ਤੇ ਕੇਜਰੀਵਾਲ ਦੀਆਂ ਨੀਤੀਆਂ ਨਾਲ ਬਹੁਤ ਸਮਾਂ ਪਹਿਲਾਂ ਹੀ ਜੁੜ ਗਏ ਸਨ। ਉਨਾਂ ਦੱਸਿਆ ਕਿ ਦਿੱਲੀ ਦੀਆਂ ਚੋਣਾਂ ਸਮੇਂ ਉਨਾਂ ਦੇ ਪੁੱਤਰ ਨੇ ਆਪ ਉਮੀਦਵਾਰਾਂ ਲਈ ਵਿਸ਼ੇਸ਼ ਤੌਰ ‘ਤੇ ਕੰਮ ਕੀਤਾ ਅਤੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਈ। ਆਪ ‘ਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਕੰਮ ਕਰਨਗੇ। ਇਸ ਸਮੇਂ ਨਾਭਾ ਹਲਕੇ ਤੋਂ ਇੰਚਾਰਜ ਦੇਵ ਮਾਨ ਨਾਭਾ, ਕੁਲਵੰਤ ਸਿੰਘ, ਭੁਪਿੰਦਰ ਸਿੰਘ ਕੱਲਰ ਮਾਜਰੀ, ਮਨਪ੍ਰੀਤ ਕਾਲੀਆ ਅਤੇ ਬਲਵਿੰਦਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here