ਵਿਦੇਸ਼ ਜਾਣ ਵਾਲੇ ਲੋਕਾਂ ਦੀ Cowin App ਰਾਹੀਂ ਹੋਵੇਗੀ ਵੈਕਸੀਨੇਸ਼ਨ

0
35

ਅੰਮ੍ਰਿਤਸਰ : ਵਿਦੇਸ਼ ਜਾਣ ਵਾਲੇ 18 ਤੋਂ 45 ਸਾਲ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਸਿਹਤ ਵਿਭਾਗ ਵਲੋਂ ਵਿਦੇਸ਼ ਜਾਣ ਵਾਲੇ ਲੋਕਾਂ ਦੀ ਸਹੂਲਤ ਲਈ ਕੋਵਿੰਨ ਐਪ ਰਾਹੀਂ ਵੈਕਸੀਨੇਸ਼ਨ ਲਗਾਉਣ ਦਾ ਫ਼ੈਸਲਾ ਲਿਆ ਹੈ। ਇਸ ਦੇ ਇਲਾਵਾ ਵਿਭਾਗ ਵਲੋਂ ਜ਼ਿਲ੍ਹੇ ਦੇ ਸਾਰੇ ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਅਧਿਕਾਰ ਦੇ ਦਿੱਤੇ ਹਨ ਕਿ ਉਹ ਵਿਦੇਸ਼ ਜਾਣ ਦੇ ਇੱਛੁਕ ਲੋਕਾਂ ਨੂੰ ਆਪਣੇ ਪੱਧਰ ’ਤੇ ਸਰਟੀਫ਼ਿਕੇਟ ਦੇ ਸਕਦੇ ਹਨ। ਵਿਭਾਗ ਦੁਆਰਾ ਅੰਮ੍ਰਿਤਸਰ ਦੇ ਢਾਬੇ, ਰੈਸਟੋਰੈਂਟਸ, ਸਿਨੇਮਾ ਅਤੇ ਜਿੰਮ ਸੰਚਾਲਕਾਂ ਨੂੰ ਸਿਹਤ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਵਿਭਾਗ ਉਨ੍ਹਾਂ ਲਈ ਵੈਕਸੀਨੇਸ਼ਨ ਕੈਂਪ ਲਗਾਵੇਗਾ।

ਜਾਣਕਾਰੀ ਅਨੁਸਾਰ ਵਿਦੇਸ਼ ਜਾਣ ਦੇ ਇੱਛੁਕ ਲੋਕ ਵੈਕਸੀਨੇਸ਼ਨ ਦਾ ਸਰਟੀਫ਼ਿਕੇਟ ਹਾਸਲ ਕਰਨ ਲਈ ਇੱਧਰ-ਉੱਧਰ ਭਟਕ ਰਹੇ ਸਨ। ਸਿਵਲ ਸਰਜਨ ਦਫ਼ਤਰ ’ਚ ਉਨ੍ਹਾਂ ਨੂੰ ਪਹਿਲਾਂ ਮਨਜ਼ੂਰੀ ਲੈਣ ਆਉਣਾ ਪੈਂਦਾ ਸੀ ਅਤੇ ਬਾਅਦ ’ਚ ਵੈਕਸੀਨ ਲਗਵਾਉਣ ਲਈ ਇੱਧਰ-ਉੱਧਰ ਜਾਣਾ ਪੈਂਦਾ ਸੀ। ਕਈ ਵਾਰ ਜਿਨ੍ਹਾਂ ਲੋਕਾਂ ਨੇ ਪੰਜਾਬ ਸਰਕਾਰ ਦੀ ਐਪ ਡਾਊਨਲੋਡ ਕਰ ਕੇ ਵੈਕਸੀਨ ਲਗਵਾਈ ਸੀ, ਬਾਅਦ ’ਚ ਉਨ੍ਹਾਂ ਨੂੰ ਕੇਂਦਰ ਸਰਕਾਰ ਦੀ ਐਪ ਡਾਊਨਲੋਡ ਕਰ ਕੇ ਵੈਕਸੀਨ ਲਗਵਾਉਣ ਲਈ ਆਪਣਾ ਨਾਂ ਰਜਿਸਟਰ ਨਾ ਹੋਣ ਦੇ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਣਾ ਪੈ ਰਿਹਾ ਸੀ। ਹੁਣ ਸਿਹਤ ਵਿਭਾਗ ਨੇ 21 ਜੂਨ ਤੋਂ ਕੋਵਿਨ ਐਪ ਰਾਹੀਂ ਸਾਰਿਆਂ ਨੂੰ ਵੈਕਸੀਨ ਲਗਾਉਣ ਦਾ ਫ਼ੈਸਲਾ ਕੀਤਾ ਹੈ।

ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ’ਚ 18 ਤੋਂ 45 ਸਾਲ ਦੇ ਲੋਕਾਂ ਦੀ ਗਿਣਤੀ 10 ਲੱਖ 30 ਹਜ਼ਾਰ ਦੇ ਕਰੀਬ ਹੈ, ਜਿਨ੍ਹਾਂ ’ਚੋਂ ਇਕ ਲੱਖ 80 ਹਜ਼ਾਰ ਦੇ ਕਰੀਬ ਲੋਕ ਕਵਰ ਹੋ ਗਏ ਹਨ। ਬਾਕੀ ਲੋਕਾਂ ਨੂੰ ਵੈਕਸੀਨੇਸ਼ਨ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ, ਲੋਕਾਂ ਨੂੰ ਪ੍ਰੇਸ਼ਾਨੀ ਨਾ ਆਏ ਇਸਦੇ ਲਈ ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਆਪਣੇ ਪੱਧਰ ’ਤੇ ਲੋਕਾਂ ਨੂੰ ਸਰਟੀਫ਼ਿਕੇਟ ਦੇ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਜਿਸ ਸੰਸਥਾਨ ’ਚ 100 ਤੋਂ ਜ਼ਿਆਦਾ ਕਰਮਚਾਰੀ ਹਨ ਉਨ੍ਹਾਂ ਦਾ ਟੀਕਾਕਰਨ ਕੈਂਪ ’ਚ ਕੀਤਾ ਜਾਵੇਗਾ। ਉਪਰੋਕਤ ਸੰਸਥਾਨਾਂ ਨਾਲ ਸੰਬੰਧਤ ਐਸੋਸੀਏਸ਼ਨ ਦੇ ਅਹੁਦੇਦਾਰ ਸਿਵਲ ਸਰਜਨ ਨਾਲ ਸੰਪਰਕ ਕਰ ਸਰਕਾਰੀ ਹਸਪਤਾਲਾਂ ’ਚ ਵੀ ਵੈਕਸੀਨ ਲਗਵਾ ਸਕਦੇ ਹਨ। ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ’ਚ 22000 ਕੋਵਿਸ਼ੀਲਡ ਅਤੇ 6 ਹਜ਼ਾਰ ਕੋਵੈਕਸੀਨ ਦਾ ਸਟਾਕ ਹੈ। ਸਰਕਾਰ ਲਗਾਤਾਰ ਵੈਕਸੀਨ ਭੇਜ ਰਹੀ ਹੈ।

ਇਸ ਦੇ ਇਲਾਵਾ ਪੇਂਡੂ ਖੇਤਰਾਂ ’ਚ ਵੈਕਸੀਨੇਸ਼ਨ ਨੂੰ ਰਫ਼ਤਾਰ ਪ੍ਰਦਾਨ ਕਰਨ ਲਈ ਬੁੱਧਵਾਰ ਨੂੰ ਸਿਵਲ ਸਰਜਨ ਦਫ਼ਤਰ ’ਚ ਬੈਠਕ ਹੋਈ। ਬੈਠਕ ’ਚ ਪੇਂਡੂ ਖੇਤਰਾਂ ’ਚ ਕਾਰਜ਼ਸ਼ੀਲ ਕਮਿਊਨਿਟੀ ਹੈਲਥ ਅਫ਼ਸਰ ਸ਼ਾਮਿਲ ਹੋਏ। ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ 147 ਕਮਿਊਨਿਟੀ ਹੈਲਥ ਅਫ਼ਸਰ ਹਨ। ਹਰ ਇਕ ਨੂੰ ਰੋਜ਼ਾਨਾ 100 ਵੈਕਸੀਨ ਲਗਾਉਣ ਦਾ ਟੀਚਾ ਦਿੱਤਾ ਗਿਆ ਹੈ ।

LEAVE A REPLY

Please enter your comment!
Please enter your name here