ਰੰਗਮੰਚ ਦੇ ਗੁਰਚਰਨ ਸਿੰਘ ਚੰਨੀ ਦਾ ਕੋਰੋਨਾ ਕਾਰਨ ਹੋਇਆ ਦਿਹਾਂਤ

0
110

ਚੰਡੀਗੜ੍ਹ:
ਕੋਰੋਨਾ ਮਹਾਂਮਾਰੀ ਕਾਰਨ ਅਦਾਕਾਰ, ਨਿਰਦੇਸ਼ਕ, ਕਾਮੇਡੀਅਨ ਤੇ ਨੁੱਕੜ ਨਾਟਕਕਾਰ ਗੁਰਚਰਨ ਸਿੰਘ ਚੰਨੀ ਦਾ ਅੱਜ ਦਿਹਾਂਤ ਹੋ ਗਿਆ ਹੈ।ਉਹ 70 ਸਾਲਾਂ ਦੇ ਸਨ।ਉਨ੍ਹਾਂ ਦਾ ਜੀਵਨ ਰੰਗਮੰਚ ਨਾਲ ਜੁੜਿਆ ਹੋਇਆ ਸੀ।ਨੁੱਕੜ ਨਾਟਕ ਨਾਲ ਚੰਡੀਗੜ੍ਹ ਦੀ ਜਾਣ-ਪਛਾਣ ਕਰਵਾਉਣ ਲਈ ਜਾਣੇ ਜਾਂਦੇ ਚੰਨੀ ਕਰੋਨਾਵਾਇਰਸ ਹੋਣ ਮਗਰੋਂ ਪਿਛਲੇ ਕੁਝ ਸਮੇਂ ਤੋਂ ਮੁਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਵੈਂਟੀਲੇਟਰ ’ਤੇ ਸਨ। ਉਨ੍ਹਾਂ ਦੀ ਪਤਨੀ ਹਰਲੀਨ ਕੋਹਲੀ ਦਾ ਵੀ ਕਰੋਨਾ ਦਾ ਇਲਾਜ ਚੱਲ ਰਿਹਾ ਹੈ। ਪੰਜਾਬ ਯੂਨੀਵਰਸਿਟੀ ਦੇ ਥੀਏਟਰ ਵਿਭਾਗ ਤੋਂ ਪੜ੍ਹਾਈ ਕਰਨ ਵਾਲੇ ਗੁਰਚਰਨ ਸਿੰਘ ਚੰਨੀ ਦੋ ਵਾਰ (1999-2007 ਅਤੇ 2013-15) ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਚੇਅਰਮੈਨ ਵੀ ਰਹੇ। ਉਨ੍ਹਾਂ ਨੂੰ ਨੁੱਕੜ ਨਾਟਕ ਲਈ ਸੰਗੀਤ ਨਾਟਕ ਅਕੈਡਮੀ ਵੱਲੋਂ ਕੌਮੀ ਪੁਰਸਕਾਰ ਵੀ ਮਿਲ ਚੁੱਕਾ ਹੈ।

ਉਹ ਇੱਕ ਵਧੀਆ ਨਾਟਕਕਾਰ ਵੀ ਸਨ।‘ਦਫ਼ਾ 144’, ‘ਜ਼ਿੰਦਗੀ ਰਿਟਾਇਰ ਨਹੀਂ ਹੋਤੀ’, ‘ਰੌਕੇਟ ਹੋ ਯਾ ਬੌਂਬ’ ਉਨ੍ਹਾਂ ਦੇ ਕੁਝ ਮਸ਼ਹੂਰ ਨਾਟਕ ਹਨ। ਉਨ੍ਹਾਂ ਜਿੱਥੇ ਆਪਣੇ ਨਾਟਕਾਂ ਤੇ ਨੁੱਕੜ ਨਾਟਕਾਂ ਵਿਚ ਸਮਾਜਿਕ ਸਰੋਕਾਰਾਂ ਤੇ ਦੱਬੇ-ਕੁਚਲੇ ਵਰਗ ਦੇ ਮਸਲੇ ਉਠਾਏ ਉਥੇ ਹੀ ਬਤੌਰ ਅਦਾਕਾਰ ਜਲੰਧਰ ਤੇ ਦਿੱਲੀ ਦੂਰਦਰਸ਼ਨ ਲਈ ਟੈਲੀ ਫਿਲਮਾਂ ਵੀ ਬਣਾਈਆਂ। ਕੇਂਦਰੀ ਪੰਜਾਬੀ ਲੇਖਕ ਸਭਾ ਨੇ ਰੰਗਕਰਮੀ ਗੁਰਚਰਨ ਸਿੰਘ ਚੰਨੀ ਅਤੇ ਸਾਹਿਤ ਸਭਾ ਖੰਨਾ ਦੇ ਫਾਊਂਡਰ ਮੈਂਬਰ ਤੇ ਪੰਜਾਬੀ ਸਾਹਿਤ ਸਭਾ ਪਾਇਲ ਦੇ ਪ੍ਰਧਾਨ ਗੀਤਕਾਰ ਦਰਸ਼ਨ ਸਿੰਘ ਗਿੱਲ ਦੇ ਸਦੀਵੀਂ ਵਿਛੋੜੇ ਉਤੇ ਦੁੱਖ ਪ੍ਰਗਟ ਕੀਤਾ ਹੈ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਦੋਵਾਂ ਸਾਥੀਆਂ ਦੇ ਵਿਛੋੜੇ ਨਾਲ ਲੋਕ ਰੰਗ-ਮੰਚ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੰਜਾਬ ਸਾਹਿਤ ਅਕਾਦਮੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਨਾਟਕਕਾਰ ਸਾਹਿਬ ਸਿੰਘ, ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਬਲਕਾਰ ਸਿੱਧੂ ਤੇ ਕੰਵਲ ਨੈਣ ਸਿੰਘ ਸੇਖੋਂ ਤੇ ਸਮੂਹ ਇਪਟਾ ਕਾਰਕੁਨ ਤੋਂ ਇਲਾਵਾ ਸਰਘੀ ਪਰਿਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਸੰਜੀਵ ਦੀਵਾਨ ‘ਕੁੱਕੂ, ਸੈਵੀ ਸਤਵਿੰਦਰ ਕੌਰ ਅਤੇ ਰਿਤੂਰਾਗ ਨੇ ਚੰਨੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਸਦੇ ਨਾਲ ਹੀ ਇਸ ਗੱਲ ਦਾ ਦੁੱਖ ਵੀ ਪ੍ਰਗਟ ਕੀਤਾ ਕਿ ਉਨ੍ਹਾਂ ਦੇ ਜਾਣ ਨਾਲ ਰੰਗਮੰਚ ਨੂੰ ਇੱਕ ਵੱਡਾ ਘਾਟਾ ਪੈ ਗਿਆ ਹੈ।

LEAVE A REPLY

Please enter your comment!
Please enter your name here