ਦੁਬਈ : ਕੋਰੋਨਾ ਮਹਾਂਮਾਰੀ ਕਾਰਨ ਹਵਾਈ ਯਾਤਰਾ ‘ਤੇ ਰੋਕ ਲਗਾਈ ਗਈ ਸੀ ਪਰ ਹੁਣ ਸੰਯੁਕਤ ਅਰਬ ਅਮੀਰਾਤ ਵਿਚ ਕੰਮ ਕਰਨ ਵਾਲੇ ਲੱਖਾਂ ਭਾਰਤੀਆਂ ਲਈ ਚੰਗੀ ਖ਼ਬਰ ਹੈ। ਦੁਬਈ ਦੀ ਹਵਾਈ ਹਵਾਬਾਜ਼ੀ ਸੇਵਾ ਪ੍ਰਦਾਤਾ ਕੰਪਨੀ ਅਮੀਰਾਤ ਏਅਰਲਾਈਨਜ਼ ਨੇ 23 ਜੂਨ ਤੋਂ ਭਾਰਤ ਤੋਂ ਉਡਾਣਾਂ ਮੁੜ ਚਾਲੂ ਕਰਨ ਦਾ ਐਲਾਨ ਕੀਤਾ ਹੈ। ਉਡਾਣਾਂ ਵਿਚ ਨਿਯਮਾਂ ਵਿਚ ਤਬਦੀਲੀ ਦੇ ਬਾਅਦ ਦੁਬਈ ਦੀ ਆਫਤ ਪ੍ਰਬੰਧਨ ਕਮੇਟੀ ਨੇ ਕੋਰੋਨਾ ਵੈਕਸੀਨ ਲਗਵਾ ਚੁੱਕੇ ਭਾਰਤੀਆਂ ਨੂੰ ਯੂ.ਏ.ਈ. ਵਿਚ ਆਪਣੇ ਘਰ ਆਉਣ ਦੀ ਆਗਿਆ ਦੇ ਦਿੱਤੀ ਹੈ।

ਭਾਰਤ ਤੇ ਇਲਾਵਾ ਦੱਖਣੀ ਅਫਰੀਕਾ ਅਤੇ ਨਾਈਜੀਰੀਆ ਦੇ ਲੋਕਾਂ ਨੂੰ ਯਾਤਰਾ ਦੀ ਆਗਿਆ ਦਿੱਤੀ ਗਈ ਹੈ।ਅਮੀਰਾਤ ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਭਾਰਤ ਤੋਂ ਯਾਤਰੀਆਂ ਨੂੰ ਇਜਾਜ਼ਤ ਦਿੱਤੇ ਜਾਣ ਦੇ ਫ਼ੈਸਲੇ ਦਾ ਸਵਾਗਤ ਕਰਦੀ ਹੈ। ਕੰਪਨੀ ਨੇ ਕਿਹਾ ਕਿ ਪ੍ਰੋਟੋਕਾਲ ਦਾ ਪਾਲਣ ਕਰਦੇ ਹੋਏ 23 ਜੂਨ ਨੂੰ ਯਾਤਰੀ ਉਡਾਣਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਯੂ.ਏ.ਈ. ਨੇ ਬੀਤੀ 24 ਅਪ੍ਰੈਲ ਨੂੰ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਭਾਰਤ ਤੋਂ ਯਾਤਰੀਆਂ ਦੇ ਆਉਣ ‘ਤੇ ਰੋਕ ਲਗਾ ਦਿੱਤੀ ਸੀ।

ਇਸ ਫੈਸਲੇ ਨਾਲ ਯੂ.ਏ.ਈ. ਵਿਚ ਕੰਮ ਕਰ ਰਹੇ ਲੱਖਾਂ ਭਾਰਤੀਆਂ ਨੂੰ ਵੱਡੀ ਰਾਹਤ ਮਿਲੀ ਹੈ।ਇਸ ਪਾਬੰਦੀ ਕਾਰਨ ਵੱਡੀ ਗਿਣਤੀ ਵਿਚ ਵਰਕਰ ਖਾਸ ਤੌਰ ‘ਤੇ ਸਿਹਤ ਸੈਕਟਰ ਵਿਚ ਕੰਮ ਕਰਨ ਵਾਲੇ ਲੋਕ ਭਾਰਤ ਵਿਚ ਫਸ ਗਏ ਸਨ। ਅਜਿਹੇ ਭਾਰਤੀ ਵਰਕਰ ਹੁਣ ਯੂ.ਏ.ਈ. ਵਾਪਸ ਆ ਸਕਣਗੇ। ਭਾਵੇਂਕਿ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਲਈ ਕੁਝ ਨਿਯਮ ਬਣਾਏ ਗਏ ਹਨ।ਸਿਰਫ ਉਹਨਾਂ ਭਾਰਤੀਆਂ ਨੂੰ ਆਉਣ ਦੀ ਅਗਿਆ ਦਿੱਤੀ ਜਾਵੇਗੀ ।ਜਿਨ੍ਹਾਂ ਨੇ ਯੂ.ਏ.ਈ. ਵਿਚ ਮਨਜ਼ੂਰਸ਼ੁਦਾ ਕੋਰੋਨਾ ਵੈਕਸੀਨ ਲਗਵਾਈ ਹੈ।

ਭਾਰਤੀ ਨਾਗਰਿਕਾਂ ਨੂੰ ਆਪਣੀ ਉਡਾਣ ਤੋਂ 48 ਘੰਟੇ ਦੇ ਅੰਦਰ ਲਈ ਗਏ ਨੈਗੇਟਿਵ ਕੋਵਿਡ ਰਿਪੋਰਟ ਨੂੰ ਦਿਖਾਉਣਾ ਹੋਵੇਗਾ। ਇਸ ਵਿਚ ਯੂ.ਏ.ਈ. ਦੇ ਨਾਗਰਿਕਾਂ ਨੂੰ ਛੋਟ ਦਿੱਤੀ ਗਈ ਹੈ। ਸਿਰਫ ਕਿਊ.ਆਰ ਕੋਡ ਵਾਲੇ ਪੀ.ਸੀ.ਆਰ. ਨਤੀਜੇ ਸਰਟੀਫਿਕੇਟ ਨੂੰ ਹੀ ਸਵੀਕਾਰ ਕੀਤਾ ਜਾਵੇਗਾ। ਸਾਰੇ ਯਾਤਰੀਆਂ ਨੂੰ ਯਾਤਰਾ ਤੋਂ 4 ਘੰਟੇ ਪਹਿਲਾਂ ਰੈਪਿਡ ਪੀ.ਸੀ.ਆਰ. ਟੈਸਟ ਕਰਾਉਣਾ ਹੋਵੇਗਾ। ਦੁਬਈ ਹਵਾਈ ਅੱਡੇ ‘ਤੇ ਪਹੁੰਚਣ ਵਾਲੇ ਸਾਰੇ ਯਾਤਰੀਆਂ ਨੂੰ ਲਾਜ਼ਮੀ ਤੌਰ ‘ਤੇ ਪੀ.ਸੀ.ਆਰ. ਟੈਸਟ ਕਰਾਉਣਾ ਹੋਵੇਗਾ। ਯਾਤਰੀਆਂ ਨੂੰ ਪੀ.ਸੀ.ਆਰ.ਟੈਸਟ ਦਾ ਨਤੀਜਾ ਆਉਣ ਤੱਕ ਸੰਸਥਾਗਤ ਕੁਆਰੰਟੀਨ ਵਿਚ ਰਹਿਣਾ ਹੋਵੇਗਾ। ਇਸ ਵਿਚ ਕਰੀਬ 24 ਘੰਟੇ ਦਾ ਸਮਾਂ ਲੱਗ ਸਕਦਾ ਹੈ।

 

 

LEAVE A REPLY

Please enter your comment!
Please enter your name here