ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਦੋਂ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਤਾਂ ਉਸ ਸਮੇਂ ਪੰਦਰਾਂ ਭਗਤ ਸਾਹਿਬਾਨਾਂ ਦੀ ਬਾਣੀ ਦਰਜ਼ ਕੀਤੀ । ਪੰਦਰਾਂ ਭਗਤ ਸਾਹਿਬਾਨਾਂ ਵਿੱਚੋਂ ਭਗਤ ਕਬੀਰ ਜੀ ਦੀ ਸਭ ਤੋਂ ਅੱਗੇ ਅਤੇ ਸਭ ਤੋਂ ਵੱਧ ਮਾਤਰਾ ਵਿੱਚ ਬਾਣੀ ਦਰਜ਼ ਹੈ । ਭਗਤ ਕਬੀਰ ਜੀ ਦਾ ਜਨਮ 1398 ਈਸਵੀ ਵਿਚ ਕਾਸ਼ੀ , ਬਨਾਰਸ ਵਿਖੇ ਪਿਤਾ ਨੀਰੂ ਜੀ ਦੇ ਘਰ ਮਾਤਾ ਨੀਮਾ ਜੀ ਦੀ ਕੁੱਖੋਂ ਹੋਇਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਜੀ ਦੇ ਬਾਣੀ ਸਭ ਤੋਂ ਵਧੇਰੇ ਪ੍ਰਮਾਣਿਕ ਮੰਨੀ ਜਾਂਦੀ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਜੀ ਦੀ ਬਾਣੀ 17 ਰਾਗਾਂ ਵਿੱਚ 298 ਸ਼ਬਦ ਤੇ ਪਦੇ ਅਤੇ 243 ਸਲੋਕ ਦਰਜ਼ ਹਨ ।
ਭਗਤ ਕਬੀਰ ਜੀ ਦੀ ਬਾਣੀ ਦੀ ਬਹੁਤ ਸਾਰੀ ਸ਼ਬਦਾਵਲੀ ਸਿੱਖੀ ਦੀ ਪਛਾਣ ਦੀ ਸ਼ਬਦਾਵਲੀ ਹੈ , ਜਿਵੇਂ ਗੁਰਮਤਿ , ਗੁਰਮੁਖ , ਨਾਮ , ਸਾਧਸੰਗਤ, ਅੰਮ੍ਰਿਤ , ਸਿਮਰਨ ਆਦਿ । ਅੱਜ ਇਹ ਨਿਰੋਲ ਸਿੱਖੀ ਦੇ ਸ਼ਬਦ ਜਾਪਦੇ ਜਾਂ ਸਮਝੇ ਜਾਂਦੇ ਹਨ , ਜੋ ਕਿ ਗੁਰੂ ਸਾਹਿਬਾਨ ਤੋਂ ਪਹਿਲਾਂ ਕਬੀਰ ਬਾਣੀ ਵਿੱਚ ਕਈ ਕਈ ਵਾਰ ਵਰਤੇ ਗਏ ਹਨ । ਕਬੀਰ ਬਾਣੀ ਦੀ ਸ਼ਬਦਾਵਲੀ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਗੁਰੂ ਸਾਹਿਬਾਨ ਜੀ ਦੁਆਰਾ ਉਚਾਰੀ ਅਤੇ ਪ੍ਰਚਾਰੀ ਬਾਣੀ ਦੀ ਸ਼ਬਦਾਵਲੀ ਬਣੀ । ਗੁਰੂ ਸਾਹਿਬਾਨ ਨੇ ਖੁਲਦਿਲੀ ਨਾਲ ਕਬੀਰ ਜੀ ਦੇ ਵਡੱਪਣ ਨੂੰ ਅਮਲੀ ਰੂ ਵਿੱਚ ਤਸਲੀਮ ਕੀਤਾ । ਭਗਤ ਕਬੀਰ ਅਨੁਸਾਰ ਓਅੰਕਾਰ ਦੀ ਇਕਲੌਤੀ ਸੱਤਾ ਸਭ ਅੰਦਰ ਬਰਾਬਰ ਵਿਦਮਾਨ ਹੈ ।ਕਿਸੇ ਰਾਜੇ ਦੀ ਅਧੀਨ ਨਹੀਂ ਹਨ ।
ਕੋਊ ਹਰਿ ਸਮਾਨਿ ਨਹੀ ਰਾਜਾ ||
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ ||
ਨਿਰੰਕਾਰ ਦੀ ਇਕਲੌਤੀ ਸੱਤਾ ਮਨੁੱਖੀ ਸਮਾਜ ਅੰਦਰ ਏਕਤਾ , ਇਕਸੁਰਤਾ ਅਤੇ ਸਾਂਝੀਵਾਲਤਾ ਦੀ ਲਖਾਇਕ ਹੈ । ਕਬੀਰ ਜੀ ਨੇ ਆਪਣੀ ਬਾਣੀ ਅੰਦਰ ਇਨ੍ਹਾਂ ਸਾਰੇ ਰਾਜਿਆਂ ਨੂੰ ਸਥਾਪਿਤ ਸੱਤਾ ਤੋਂ ਹੇਠਾਂ ਖਿੱਚ ਕੇ ਆਮ ਬੰਦੇ ਦੇ ਪੱਧਰ ਤੇ ਜਾਂ ਆਮ ਬੰਦੇ ਨੂੰ ਰਾਜਿਆਂ ਦੇ ਬਰਾਬਰ ਹੋਣ ਦਾ ਵਿਸ਼ਵਾਸ ਦਿੱਤਾ । ਬਰਾਬਰੀ ਵਾਲੇ ਜਾਂ ਸਾਂਝੀਵਾਲਤਾ ਵਾਲੇ ਸਮਾਜ ਦੇ ਨਿਰਮਾਣ ਅਤੇ ਸੰਚਾਲਨ ਲਈ ਹਰ ਬੰਦੇ ਦਾ ਗਿਆਨੀ ਹੋਣਾ ਜਰੂਰੀ ਹੈ ਭਾਵ ਕਿ ਗਿਆਨਵਾਨ ਹੋਣਾ ਜਰੂਰੀ ਹੈ । ਮਨੁੱਖੀ ਜੀਵਨ ਦੀ ਸੱਚੀ ਸਫਲਤਾ ਅਤੇ ਵਿਕਾਸ ਲਈ ਵਿਦਿਆ ਨੂੰ ਵਪਾਰ ਦੇ ਤਹਿਤ ਖਰੀਦਣ ਵੇਚਣ ਵਾਲਾ ਧੰਦਾ ਨਹੀਂ ਬਣਾਇਆ ਜਾ ਸਕਦਾ।
ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ ||
ਕਬੀਰ ਸਾਹਿਬ ਜੀ ਨੇ ਧਰਮ ਦੇ ਬਾਹਰੀ ਚਿੰਨ੍ਹਾਂ ਦੇ ਅਡੰਬਰ ਦੀ ਬਜਾਏ ਮਨੁੱਖ ਦੇ ਆਚਾਰ , ਵਿਹਾਰ ਅਤੇ ਕਿਰਦਾਰ ਦੀ ਸ਼ੁੱਧਤਾ ਤੇ ਜ਼ੋਰ ਦਿੱਤਾ |
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨ ਕਰੈ ||
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ||
ਕਬੀਰ ਜੀ ਮੁਤਾਬਕ ਧਰਮ ਭੇਖ ਦਾ ਨਹੀਂ ਅਮਲ ਦਾ ਵਿਸ਼ਾ ਹੈ ਉਹ ਦਿਖਾਵੇ ਦੀ ਥਾਂ ਅਮਲ ਦੇ ਧਾਰਨੀ ਬਣੇ । ਕਬੀਰ ਸਾਹਿਬ ਜੀ ਦੀ ਬਾਣੀ ਹਰ ਮਨੁੱਖ ਦੇ ਸਿੱਧੇ ਰੂਪ ਵਿੱਚ ਸੌਖਿਆਂ ਹੀ ਸਮਝ ਲੱਗ ਜਾਂਦੀ ਹੈ। ਕਬੀਰ ਬਾਣੀ ਅਨੁਸਾਰ ਸਾਨੂੰ ਆਪਣਾ ਜੀਵਨ ਅਕਾਲ ਪੁਰਖ ਦੇ ਹੁਕਮ ਅੰਦਰ ਰਹਿ ਕੇ ਅਤੇ ਕਰਮਕਾਂਡਾ ਤੋਂ ਉਪਰ ਉੱਠ ਕੇ ਜੀਵਨ ਬਤੀਤ ਕਰਨ ਦੀ ਸਿੱਖਿਆ ਮਿਲਦੀ ਹੈ।