ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਹੁਣ ਕੁੱਝ ਦਿਨਾਂ ਤੋਂ ਘੱਟ ਹੋ ਰਿਹਾ ਹੈ। ਪਰ ਕੋਰੋਨਾ ਦੇ ਨਾਲ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਵਾਲੀ ਬਲੈਕ ਫੰਗਸ, ਵ੍ਹਾਈਟ ਫੰਗਸ, ਯੈਲੋ ਫੰਗਸ ਤੋਂ ਬਾਅਦ ਹੁਣ ਦੇਸ਼ ਵਿੱਚ ਇੱਕ ਨਵਾਂ ਵਾਇਰਸ ਆ ਗਿਆ ਹੈ। ਇਸ ਵਾਇਰਸ ਦਾ ਨਾਂ ਗ੍ਰੀਨ ਫੰਗਸ ਹੈ।

ਗ੍ਰੀਨ ਫੰਗਸ ਦਾ ਪਹਿਲਾ ਮਰੀਜ਼ ਮੱਧ ਪ੍ਰਦੇਸ਼ (ਐਮਪੀ) ਦੇ ਇੰਦੌਰ ਸ਼ਹਿਰ ਵਿੱਚ ਮਿਲਿਆ ਹੈ। ਇਸ ਮਰੀਜ਼ ਦਾ ਇਲਾਜ ਮੁੰਬਈ ਵਿੱਚ ਚੱਲ ਰਿਹਾ ਹੈ। ਮਾਹਿਰਾਂ ਨੇ ਇਸ ਫੰਗਸ ਨੂੰ ਬਲੈਕ-ਵ੍ਹਾਈਟ ਫੰਗਸ ਨਾਲੋਂ ਕਿਤੇ ਜ਼ਿਆਦਾ ਖ਼ਤਰਨਾਕ ਦੱਸਿਆ ਹੈ। ਇੰਦੌਰ ਦੇ ਮਾਣਿਕ ਬਾਗ ਰੋਡ ਖੇਤਰ ਵਿੱਚ ਰਹਿਣ ਵਾਲੇ 34 ਸਾਲਾ ਵਿਸ਼ਾਲ ਸ੍ਰੀਧਰ ਨੂੰ ਕੁੱਝ ਦਿਨ ਪਹਿਲਾਂ ਕੋਰੋਨਾ ਹੋਇਆ ਸੀ ਅਤੇ ਉਸ ਨੂੰ ਹਸਪਤਾਲ ‘ਚ ਦਾਖਲ ਹੋਣਾ ਪਿਆ ਸੀ। ਕੁੱਝ ਦਿਨਾਂ ਬਾਅਦ ਉਹ ਠੀਕ ਹੋ ਗਿਆ ਅਤੇ ਘਰ ਵਾਪਸ ਆ ਗਿਆ, ਪਰ ਦੁਬਾਰਾ ਇਸ ਨਵੀਂ ਮੁਸੀਬਤ ਕਾਰਨ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ।

Aurobindo Hospital (SAIMS) ਦੇ ਛਾਤੀ ਰੋਗਾਂ ਦੇ ਵਿਭਾਗ ਦੇ ਮੁਖੀ ਡਾ: ਰਵੀ ਡੋਸੀ ਨੇ ਕਿਹਾ ਕਿ ਪਹਿਲਾਂ ਸਾਨੂੰ ਸ਼ੱਕ ਸੀ ਕਿ ਮਰੀਜ਼ ਨੂੰ ਬਲੈਕ ਫੰਗਸ ਦੀ ਬਿਮਾਰੀ ਹੈ। ਜਾਂਚ ਕਰਨ ‘ਤੇ, ਇਹ ਪਾਇਆ ਗਿਆ ਕਿ ਉਸਨੂੰ ਉਸਦੇ ਸਾਈਨਸ, ਫੇਫੜਿਆਂ ਅਤੇ ਖੂਨ ਵਿੱਚ ਗ੍ਰੀਨ ਫੰਗਸ ਦੀ ਇਨਫੈਕਸ਼ਨ ਹੋ ਗਈ ਹੈ। ਮਰੀਜ਼ ਦੀ ਸਿਹਤ ਵਿੱਚ ਸੁਧਾਰ ਨਾ ਹੋਣ ਕਾਰਨ ਉਸ ਨੂੰ ਚਾਰਟਰਡ ਜਹਾਜ਼ ਰਾਹੀਂ ਮੁੰਬਈ ਭੇਜਿਆ ਗਿਆ ਹੈ ਅਤੇ ਹੁਣ ਉਸ ਦਾ ਇਲਾਜ ਹਿੰਦੂਜਾ ਹਸਪਤਾਲ ਵਿਖੇ ਚੱਲ ਰਿਹਾ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਗ੍ਰੀਨ ਫੰਗਸ ਦਾ ਇਹ ਪਹਿਲਾ ਕੇਸ ਹੈ।