ਜੰਮੂ ਏਅਰਪੋਰਟ ਦੇ ਤਕਨੀਕੀ ਖੇਤਰ ਵਿਚ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਾਕੇ ਵਿਚ ਕਿੰਨਾ ਨੁਕਸਾਨ ਹੋਇਆ ਹੈ। ਧਮਾਕੇ ਦੀ ਸੂਚਨਾ ਮਿਲਦੇ ਹੀ ਜੰਮੂ-ਕਸ਼ਮੀਰ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਦੱਸਿਆ ਜਾ ਰਿਹਾ ਹੈ ਕਿ ਜੰਮੂ ਏਅਰਪੋਰਟ ਦੇ ਤਕਨੀਕੀ ਖੇਤਰ ਵਿੱਚ ਹੋਏ ਧਮਾਕੇ ਦੀ ਜਾਂਚ ਲਈ ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ।

ਭਾਰਤੀ ਹਵਾਈ ਫੌਜ ਦੇ ਜੰਮੂ ਸਥਿਤ ਅੱਡੇ ’ਤੇ ਬੀਤੀ ਦੇਰ ਰਾਤ ਪੰਜ ਮਿੰਟਾਂ ਵਿਚ ਦੋ ਧਮਾਕੇ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕੇ ਤੜਕੇ ਕਰੀਬ 2.15 ਵਜੇ ਹੋਏ। ਧਮਾਕੇ ਕਰਨ ਲਈ ਕਥਿਤ ਤੌਰ ’ਤੇ ਡਰੋਨ ਵਰਤੇ ਗਏ। ਪਹਿਲੇ ਧਮਾਕੇ ਕਾਰਨ ਹਵਾਈ ਅੱਡੇ ਦੇ ਤਕਨੀਕੀ ਖੇਤਰ ਵਿਚ ਇਮਾਰਤ ਦੀ ਛੱਤ ਢਹਿ ਗਈ।

ਹਵਾਈ ਅੱਡੇ ਦੇ ਕੰਪਲੈਕਸ ਵਿਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਸਾਵਧਾਨੀ ਦੇ ਤੌਰ ‘ਤੇ ਬੰਬ ਡਿਸਪੋਜ਼ਲ ਟੀਮ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਜਾਣਕਾਰੀ ਦੇ ਅਨੁਸਾਰ, ਇਸ ਧਮਾਕੇ ਦੀ ਆਵਾਜ਼ ਬਹੁਤ ਦੂਰ ਤੱਕ ਸੁਣਾਈ ਦਿੱਤੀ। ਭਾਰਤੀ ਹਵਾਈ ਸੈਨਾ ਦਾ ਸਟੇਸ਼ਨ ਹੈੱਡਕੁਆਰਟਰ ਅਤੇ ਜੰਮੂ ਦਾ ਮੁੱਖ ਹਵਾਈ ਅੱਡਾ ਵੀ ਇਸ ਕੰਪਲੈਕਸ ਵਿੱਚ ਆਉਂਦਾ ਹੈ। ਇਸ ਘਟਨਾ ਤੋਂ ਬਾਅਦ ਆਸ ਪਾਸ ਦੇ ਖੇਤਰ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ। ਹਵਾਈ ਸੈਨਾ, ਭਾਰਤੀ ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।

ਪੁਲਿਸ ਜਾਂ ਕਿਸੇ ਹੋਰ ਏਜੰਸੀ ਵੱਲੋਂ ਅਜੇ ਇਸ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਇਹ ਜਲਦ ਹੀ ਸਭ ਕੁੱਝ ਸਾਹਮਣੇ ਆ ਜਾਵੇਗਾ।