ਦਿੱਲੀ ਸਰਕਾਰ ਨੇ ਰਾਜਧਾਨੀ ਦੇ 6 ਪਰਿਵਾਰਾਂ ਨੂੰ ਹਰੇਕ ਲਈ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇੱਕ ਕਰੋੜ ਰੁਪਏ ਦਾ ਇਹ ਮੁਆਵਜ਼ਾ ਡਿਊਟੀ ਦੌਰਾਨ ਆਪਣੀ ਜਾਨ ਗਵਾ ਚੁੱਕੇ ਛੇ ਸੈਨਿਕ, ਪੁਲਿਸ ਅਤੇ ਸਿਵਲ ਡਿਫੈਂਸ ਦੇ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ।

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ ਹੈ। ਇਸ ਸਮੇਂ 6 ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਇਨ੍ਹਾਂ ਵਿੱਚ 3 ਹਵਾਈ ਫੌਜ, 2 ਦਿੱਲੀ ਪੁਲਿਸ ਅਤੇ ਸਿਵਲ ਡਿਫੈਂਸ ਦਾ ਇੱਕ ਜਵਾਨ ਹੈ। ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਬਣਦੇ ਹੀ ਇਹ ਯੋਜਨਾ ਸਭ ਤੋਂ ਪਹਿਲਾਂ ਘੋਸ਼ਿਤ ਕੀਤੀ ਗਈ ਸੀ।

ਜਦੋਂ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਮੁੱਖ ਮੰਤਰੀ ਬਣੇ, ਤਾਂ ਖ਼ਬਰ ਆਈ ਕਿ ਸ਼ਰਾਬ ਮਾਫੀਆ ਨੇ ਇੱਕ ਪੁਲਿਸ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਿੱਤੇ ਜਾਣਗੇ ਕਿਉਂਕਿ ਡਿਊਟੀ ਦੌਰਾਨ ਉਸਦੀ ਜਾਨ ਗਈ ਹੈ। ਇਸ ਯੋਜਨਾ ਨੂੰ ਹੀ ਅੱਗੇ ਸਾਰਿਆਂ ‘ਤੇ ਲਾਗੂ ਕੀਤਾ ਗਿਆ, ਆਰਮੀ ਸੀਆਰਪੀਐਫ, ਦਿੱਲੀ ਪੁਲਿਸ ਦੇ ਆਪਣੀ ਜਾਨ ਗੁਆਉਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਇਸ ਸਕੀਮ ਅਧੀਨ ਇੱਕ ਕਰੋੜ ਰੁਪਏ ਦਿੱਤੇ ਗਏ।

ਇਸ ਯੋਜਨਾ ਦਾ ਵਿਸਤਾਰ ਕਰਦਿਆਂ ਜਿਵੇਂ ਹੀ ਕੋਰੋਨਾ ਮਹਾਂਮਾਰੀ ਆਈ। ਕੇਜਰੀਵਾਲ ਸਰਕਾਰ ਨੇ ਐਲਾਨ ਕੀਤਾ ਕਿ ਜਿਸਦੀ ਵੀ ਕੋਰੋਨਾ ਡਿਊਟੀ ਦੌਰਾਨ ਮੌਤ ਹੁੰਦੀ ਹੈ, ਦਿੱਲੀ ਸਰਕਾਰ ਉਸ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੇਵੇਗੀ, ਭਾਵੇਂ ਉਹ ਇੱਕ ਡਾਕਟਰ ਹੈ, ਚਾਹੇ ਉਹ ਨਰਸ, ਪੁਲਿਸ ਕਰਮਚਾਰੀ ਹੋਵੇ ਜਾਂ ਇੱਕ ਸਫ਼ਾਈ ਕਰਨ ਵਾਲਾ।